
“ਔਰਤਾਂ ਨੇ ਮੈਨੂੰ ਦੱਸਿਆ ਕਿ ਜਦੋਂ ਉਹ ਸ਼ਬਦ-ਕੀਰਤਨ ਕਰਦੀਆਂ ਸਨ ਤਾਂ ਗੁਰਦੁਆਰਾ-ਪ੍ਰਬੰਧਨ ਕਿਵੇਂ ਸਪੀਕਰ ਨੂੰ ਬੰਦ ਕਰ ਦਿਆ ਕਰਦਾ ਸੀ। ਉਨ੍ਹਾਂ ਦੀ ਢੋਲਕੀ ਨੂੰ ਗੁਰਦੁਆਰੇ ਦੇ ਹਾਲ ‘ਚੋਂ ਬਾਹਰ ਕੱਢ ਦਿੱਤਾ ਜਾਂਦਾ ਸੀ,” ਨਰਿੰਦਰ ਕੌਰ ਕਹਿੰਦੇ ਹਨ ਜੋ ਗੁਰਦਾਸਪੁਰ ਜ਼ਿਲ੍ਹੇ ਦੇ ਕਾਹਨੂਵਾਨ ਤੋਂ ਆ ਕੇ ਦਿੱਲੀ ਵੱਸ ਗਏ ਤੇ ਹੁਣ 41 ਸਾਲਾਂ ਤੋਂ ਇੱਥੇ ਹੀ ਰਹਿ ਰਹੇ ਹਨ।
63 ਸਾਲਾ ਇਹ ਬੀਬੀ ਨਵੀਂ ਦਿੱਲੀ ਦੀ ਮੰਨੀ-ਪ੍ਰਮੰਨੀ ਕੀਰਤਨੀਆ ਹਨ। ਉਹ ਪਵਿੱਤਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦਾਂ ਦਾ ਕੀਰਤਨ ਕਰਦੀ ਹਨ ਤੇ ਹੋਰਨਾਂ ਸਿੱਖ ਬੀਬੀਆਂ ਨੂੰ ਸਿਖਾਉਂਦੀ ਵੀ ਹਨ। ਗੁਰਦੁਆਰਿਆਂ ਵਿੱਚ ਕੀਤੇ (ਉਚਾਰੇ) ਜਾਣ ਵਾਲ਼ੇ ਇਸ ਗੁਰਮਤ ਸੰਗੀਤ ਨੂੰ ਹੀ ਸ਼ਬਦ ਕੀਰਤਨ ਕਿਹਾ ਜਾਂਦਾ ਹੈ।
ਕੀਰਤਨ ਵਿੱਚ ਪਰਿਪੱਕ ਹੋਣ ਦੇ ਬਾਵਜੂਦ ਵੀ, ਕੌਰ ਦਾ ਕਹਿਣਾ ਹੈ ਕਿ ਬਹੁਤ ਸਾਰੀਆਂ ਹੋਰਨਾਂ ਸਿੱਖ ਬੀਬੀਆਂ ਵਾਂਗਰ ਉਨ੍ਹਾਂ ਨੇ ਵੀ ਸਿੱਖ ਧਾਰਮਿਕ ਅਸਥਾਨਾਂ ਵਿਖੇ ਆਪਣੇ ਸੰਗੀਤਕ ਹੁਨਰ ਲਈ ਮਾਨਤਾ ਹਾਸਲ ਕਰਨ ਲਈ ਸੰਘਰਸ਼ ਕੀਤਾ ਹੈ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕੀ ਕਮੇਟੀ ਦੀ 2022 ਦੀ ਡਾਇਰੈਕਟਰੀ ਵਿੱਚ ਉਨ੍ਹਾਂ ਨਿਯੁਕਤੀਆਂ ਦੀ ਸੂਚੀ ਦਿੱਤੀ ਗਈ ਹੈ ਜਿਸ ਵਿੱਚ ਦੱਸਿਆ ਗਿਆ ਕਿ ਕਮੇਟੀ ਦੁਆਰਾ ਪ੍ਰਬੰਧਤ ਗੁਰਦੁਆਰਿਆਂ ਵਿੱਚ ਕੀਰਤਨ ਕੌਣ ਕਰਨਗੇ, ਕੌਣ ਸਾਜ ਵਜਾਉਣਗੇ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪਾਠ ਕੌਣ ਕਰਨਗੇ। ਨਰਿੰਦਰ ਕੌਰ ਦੇ ਤਜ਼ਰਬੇ ਦੀ ਰੌਸ਼ਨੀ ਵਿੱਚ ਦੇਖੀਏ ਤਾਂ ਇਨ੍ਹਾਂ 62 ਰਾਗੀਆਂ ਤੇ ਢਾਡੀਆਂ ਵਿੱਚੋਂ ਕਿਸੇ ਵੀ ਔਰਤ ਰਾਗੀ ਨੂੰ ਥਾਂ ਨਹੀਂ ਮਿਲ਼ੀ; ਕਵੀਆਂ ਦੀ ਹਾਲਤ ਥੋੜ੍ਹੀ ਬਿਹਤਰ ਰਹੀ ਜਿੱਥੇ 20 ਅਸਾਮੀਆਂ ਵਿੱਚੋਂ 8 ਵਿੱਚ ਔਰਤਾਂ ਨੂੰ ਥਾਂ ਮਿਲ਼ੀ।
“ਅਗਲੇ ਮਹੀਨੇ ਇਸ ਗੱਲ ਨੂੰ ਪੂਰਾ ਸਾਲ ਹੋ ਜਾਣਾ ਜਦੋਂ ਨਿਯੁਕਤੀ ਦੇ ਬਾਵਜੂਦ ਵੀ ਦਿੱਲੀ ਦੇ ਗੁਰਦੁਆਰਿਆਂ ਵਿਖੇ ਮੈਨੂੰ ਸ਼ਾਇਦ ਹੀ ਕੋਈ ਸੇਵਾ ਕਰਨਾ ਦਾ ਮੌਕਾ ਦਿੱਤਾ ਗਿਆ ਹੋਵੇ,” ਬੀਬੀ ਰਜਿੰਦਰ ਕੌਰ ਕਹਿੰਦੀ ਹਨ, ਜਿਨ੍ਹਾਂ ਨੂੰ 2022 ਦੇ ਸ਼ੁਰੂ ਵਿੱਚ ਬਤੌਰ ਕਵੀ ਨਿਯੁਕਤ ਕੀਤਾ ਗਿਆ।


ਖੱਬੇ ਹੱਥ: ਕੀਰਤਨ ਮੁਕਾਬਲ਼ਿਆ ਵਿੱਚ ਹਿੱਸਾ ਲੈਣ ਲਈ ਨਰਿੰਦਰ ਕੌਰ ਔਰਤ ਜਥਿਆਂ ਨੂੰ ਇੱਕ ਮੰਚ ‘ਤੇ ਲਿਆਉਂਦੀ ਹਨ। ਸੱਜੇ ਹੱਥ: ਦਿੱਲੀ ਫ਼ਤਹਿ ਦਿਵਸ ਮੌਕੇ ਨਰਿੰਦਰ ਕੌਰ ਆਪਣੇ ਜੱਥੇ ਦੀਆਂ ਬਾਕੀ ਬੀਬੀਆਂ ਦੇ ਨਾਲ਼ ਕੀਰਤਨ ਕਰਦਿਆਂ ਹੋਇਆਂ। ਤਸਵੀਰਾਂ: ਨਰਿੰਦਰ ਕੌਰ
ਸਿੱਖ ਪੰਥ ਦੇ ਅਧਿਕਾਰਕ ਇਖ਼ਲਾਕ ਤੇ ਪਰੰਪਰਾ ਸੰਚਿਤਾ ਅਨੁਸਾਰ ਰਹਿਣ ਦੀ ਕ੍ਰਿਆ – ਭਾਵ ਸਿੱਖ ਰਹਿਤ ਮਰਿਯਾਦਾ ਅਨੁਸਾਰ ਗੁਰੂ ਦਾ ਕੋਈ ਵੀ ਸਿੱਖ ਗੁਰਦੁਆਰੇ ਅੰਦਰ ਕੀਰਤਨ ਕਰ ਸਕਦਾ ਹੈ, ਫਿਰ ਭਾਵੇਂ ਉਹ ਔਰਤ ਹੋਵੇ ਜਾਂ ਮਰਦ। ਇੱਥੋਂ ਤੱਕ ਕਿ ਇਤਿਹਾਸਕ ਗੁਰਦੁਆਰਿਆਂ ਦਾ ਪ੍ਰਬੰਧਨ ਦੇਖਣ ਵਾਲ਼ੀ ਸੁਪਰੀਮੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਨੇ ਵੀ ਔਰਤ ਕੀਰਤਨੀਆ ਦੀ ਸ਼ਮੂਲੀਅਤ ਨੂੰ ਸਹੀ ਮੰਨਿਆ ਹੈ। ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਚੰਡੀਗੜ੍ਹ ਦੇ ਗੁਰਦੁਆਰਿਆਂ ਵਿੱਚ ਉਨ੍ਹਾਂ (ਕਮੇਟੀ) ਦਾ ਹੀ ਫ਼ਰਮਾਨ ਚੱਲਦਾ ਹੈ।
ਇੰਨੇ ਤਾਕਤਵਰ ਸਮਰਥਨ ਦੇ ਬਾਵਜੂਦ ਵੀ, ਬਹੁਤ ਸਾਰੇ ਸਿੱਖ ਇਸ ਗੱਲ ਨਾਲ਼ ਸਹਿਮਤ ਨਹੀਂ ਹਨ ਕਿ ਔਰਤਾਂ ਨੂੰ ਗੁਰਦੁਆਰਿਆਂ ਅੰਦਰ ਗੁਰਮਤ (ਧਾਰਮਿਕ) ਸੇਵਾਵਾਂ ਨਿਭਾਉਣ ਦੀ ਆਗਿਆ ਦਿੱਤੀ ਜਾਣੀ ਚਾਹੀਦੀ ਹੈ, ਇਹੀ ਕਾਰਨ ਹੈ ਕਿ ਔਰਤ ਕੀਰਤਨੀਏ ਜੱਥੇ ਹਾਸ਼ੀਏ ‘ਤੇ ਧੱਕੇ ਰਹਿੰਦੇ ਹਨ।
ਮਰਦ ਤੇ ਔਰਤ ਨੂੰ ਲੈ ਕੇ ਇਸ ਵਖਰੇਵੇਂ ਖ਼ਿਲਾਫ਼ ਬੋਲਦਿਆਂ ਕੀਰਤਨਕਾਰ ਜਸਵਿੰਦਰ ਕੌਰ ਪੁੱਛਦੀ ਹਨ,”ਇੱਕ ਗੁਰੂ ਸਿੱਖ, ਰਹਿਤ-ਮਰਿਯਾਦਾ ਦੀ ਧਾਰਨੀ ਤੇ ਸਿਖਲਾਈ-ਪ੍ਰਾਪਤ ਰਾਗੀ ਔਰਤ ਨੂੰ ਹਰਿਮੰਦਰ ਸਾਹਿਬ ਦੇ ਮੇਨ ਹਾਲ ਵਿੱਚ ਕੀਰਤਨ ਕਰਨ ਦੀ ਆਗਿਆ ਕਿਉਂ ਨਹੀਂ ਦਿੱਤੀ ਜਾ ਸਕਦੀ, ਜਦੋਂਕਿ ਹਰਿਮੰਦਰ ਸਾਹਿਬ ਕੈਂਪਸ ਵਿੱਚ ਬਣੇ ਦੂਸਰੇ ਗੁਰਦੁਆਰਿਆਂ ਅੰਦਰ ਉਹ ਕੀਰਤਨ ਕਰ ਸਕਦੀਆਂ ਹਨ?” 69 ਸਾਲਾ ਇਹ ਬੀਬੀ ਨਵੀਂ ਦਿੱਲੀ ਦੇ ਮਾਤਾ ਸੁੰਦਰੀ ਕਾਲਜ ਵਿਖੇ ਗੁਰਮਤ ਸੰਗੀਤ ਦੀ ਪ੍ਰੋਫ਼ੈਸਰ ਹਨ। ਉਹ ਵਿਦਿਆਰਥੀਆਂ ਨੂੰ ਗੁਰਮਤ ਸੰਗੀਤ ਸਿਖਾਉਂਦੀ ਹਨ ਜੋ ਸਿੱਖ ਪੰਥ ਦਾ ਰਵਾਇਤੀ ਸੰਗੀਤ ਹੈ।
ਸਿੱਖਾਂ ਦੇ ਧਾਰਮਿਕ ਪਵਿੱਤਰ ਅਸਥਾਨ ਸਚਖੰਡ ਸ਼੍ਰੀ ਹਰਿਮੰਦਰ ਸਾਹਿਬ ਅੰਦਰ ਔਰਤਾਂ ਕੀਰਤਨ ਨਹੀਂ ਕਰਦੀਆਂ। ਸਿਆਸਤਦਾਨ ਇਸ ਮੁੱਦੇ ਨੂੰ ਲੈ ਕੇ ਓਦੋਂ ਵੀ ਚੁੱਪ ਵੱਟੀ ਰਹੇ ਜਦੋਂ ਐੱਸਜੀਪੀਸੀ ਦੀ ਪ੍ਰਧਾਨ ਇੱਕ ਔਰਤ, ਬੀਬੀ ਜਗੀਰ ਕੌਰ ਸਨ। ਉਨ੍ਹਾਂ ਨੇ 2004-05 ਵਿੱਚ ਇਹ ਮੁੱਦਾ ਚੁੱਕਿਆ ਤੇ ਉਨ੍ਹਾਂ ਦੇ ਹਵਾਲੇ ਨਾਲ਼ ਕਿਹਾ ਗਿਆ ਕਿ ਉਨ੍ਹਾਂ ਨੇ ਔਰਤਾਂ ਨੂੰ ਕੀਰਤਨ ਕਰਨ ਲਈ ਸੱਦਾ ਦਿੱਤਾ ਸੀ। ਉਹ ਕਹਿੰਦੀ ਹਨ ਕਿ (ਉਨ੍ਹਾਂ ਨੂੰ) ਪ੍ਰਾਪਤ ਹੋਈਆਂ ਅਰਜ਼ੀਆਂ ਕੋਈ ਬਹੁਤੀਆਂ ਵਧੀਆਂ ਨਹੀਂ ਸਨ ਤੇ ਮਾਮਲਾ ਥਾਏਂ ਮੁੱਕ ਗਿਆ।
ਬੀਬੀ ਜਗੀਰ ਕੌਰ ਦੇ ਇਸ ਕਦਮ ਦਾ ਵਿਰੋਧ ਕੱਟੜਪੰਥੀ ਸਿੱਖ ਡੇਰੇ ਦਮਦਮੀ ਟਕਸਾਲ ਵੱਲੋਂ ਵੀ ਕੀਤਾ ਗਿਆ, ਜਿਸ ਦੀ ਸਥਾਪਨਾ ਸਿੱਖਾਂ ਦੇ ਦਸਵੇਂ ਗੁਰੂ, ਸ਼੍ਰੀ ਗੁਰੂ ਗੋਬਿੰਦ ਸਿੰਘ ਦੁਆਰਾ ਕੀਤੀ ਗਈ ਸੀ। ਉਹ ਪਹਿਲੇ ਗੁਰੂ ਸਨ ਜਿਨ੍ਹਾਂ ਨੇ ਸਿੱਖਾਂ ਨੂੰ ਇਖ਼ਲਾਕੀ (ਖਾਲਸੇ ਦਾ) ਰੂਪ ਦਿੱਤਾ। ਟਕਸਾਲ ਦਾ ਮੰਨਣਾ ਹੈ ਕਿ ਜੇਕਰ ਔਰਤਾਂ ਨੂੰ ਹਰਿਮੰਦਰ ਸਾਹਿਬ ਦੇ ਅੰਦਰ ਕੀਰਤਨ ਕਰਨ ਦੀ ਆਗਿਆ ਦਿੱਤੀ ਜਾਂਦੀ ਹੈ ਤਾਂ ਉਹ ਉਸ ਪਰੰਪਰਾ ਦਾ ਅਪਮਾਨ ਹੋਵੇਗਾ ਜਿਸਦਾ ਪਾਲਣ ਗੁਰੂਆਂ ਦੇ ਸਮੇਂ ਤੋਂ ਹੁੰਦਾ ਆਇਆ ਹੈ, ਜਿੱਥੇ ਪੁਰਸ਼ ਰਾਗੀਆਂ ਨੂੰ ਹੀ ਕੀਰਤਨ ਕਰਨ ਦੀ ਆਗਿਆ ਹੈ।


ਇਸ ਵਰਤਾਰੇ ਨੂੰ ਬਦਲਣ ਵਾਸਤੇ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ, ਜਿਨ੍ਹਾਂ ਦੀ ਸ਼ੁਰੂਆਤ 1940 ਵਿੱਚ ਐੱਸਜੀਪੀਸੀ ਵੱਲੋਂ ਗੁਰ-ਸਿੱਖ ਔਰਤਾਂ ਨੂੰ ਕੀਰਤਨ ਕਰਨ ਦਾ ਅਧਿਕਾਰ ਦੇਣ ਦੇ ਫ਼ੈਸਲੇ ਨਾਲ਼ ਹੋਈ। ਇਹ ਅਕਾਲ ਤਖ਼ਤ ਦੁਆਰਾ 1996 ਵਿੱਚ ਆਪਣੇ ਤਾਜ਼ਾ ਹੁਕਮਨਾਮੇ ਵਿੱਚ ਦਹੁਰਾਇਆ ਗਿਆ, ਪਰ ਔਰਤ-ਮਰਦ ਨੂੰ ਲੈ ਕੇ ਪੱਖਪਾਤ ਤਾਂ ਜਾਰੀ ਹੈ।
ਨਵੰਬਰ 2019 ਨੂੰ ਪੰਜਾਬ ਵਿਧਾਨ ਸਭਾ ਨੇ ਅਕਾਲ ਤਖ਼ਤ (ਸਿੱਖਾਂ ਦੀ ਅਸਥਾਈ ਸੰਸਥਾ) ਤੇ ਐੱਸਜੀਪੀਸੀ ਨੂੰ ਬਿਨੈ ਕਰਦਾ ਇੱਕ ਮਤਾ ਪਾਸ ਕੀਤਾ ਜਿਸ ਵਿੱਚ ਕਿਹਾ ਗਿਆ ਕਿ ਔਰਤਾਂ ਨੂੰ ਸ਼੍ਰੀ ਹਰਿਮੰਦਰ ਸਾਹਿਬ ਦੇ ਪਵਿੱਤਰ ਅਸਥਾਨ ਦੇ ਮੇਨ ਹਾਲ ਵਿੱਚ ਕੀਰਤਨ ਕਰਨ ਦੀ ਆਗਿਆ ਦਿੱਤੀ ਜਾਵੇ। ਇਸ ਮਤੇ ਦੇ ਪਾਸ ਹੋਣ ਤੋਂ ਪਹਿਲਾਂ ਰਾਜ ਨੂੰ ਵਿਧਾਨ ਸਭਾ ਦੇ ਕਈ ਮੈਂਬਰਾਂ ਵੱਲੋਂ ਧਾਰਮਿਕ ਦਖ਼ਲਅੰਦਾਜ਼ੀ ਨੂੰ ਜ਼ਮੀਨ ਬਣਾ ਕੇ ਕੀਤੇ ਗਏ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ।
ਵਿਆਹ ਤੋਂ ਪਹਿਲਾਂ ਸਿਮਰਨ ਕੌਰ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਸੋਹੀਆਂ ਦੇ ਗੁਰਦੁਆਰੇ ਗੁਰੂ ਰਵਿਦਾਸ ਜੀ ਵਿਖੇ ਆਪਣੀਆਂ ਭੈਣਾਂ (ਚਚੇਰੀਆਂ) ਦੇ ਨਾਲ਼ ਘੰਟਿਆਂਬੱਧੀ ਕੀਰਤਨ ਕਰਿਆ ਕਰਦੀ ਸਨ। 27 ਸਾਲਾ ਸਿਮਰਨ ਹਰ ਰੋਜ਼ ਸੰਤ ਬਾਬਾ ਮੀਹਾਂ ਸਿੰਘ ਗੁਰਦੁਆਰੇ ਜਾਇਆ ਕਰਦੀ। ਉੱਥੇ ਉਹ ਔਰਤ ਰਾਗੀਆਂ ਨੂੰ ਕੀਰਤਨ ਕਰਦਿਆਂ ਦੇਖਦੀ ਜੋ ਉਨ੍ਹਾਂ ਨੂੰ ਕੋਈ ਅਲੋਕਾਰੀ ਗੱਲ ਨਹੀਂ ਲੱਗਦੀ ਸੀ। ਛੋਟੇ ਤੇ ਸਥਾਨਕ ਗੁਰਦੁਆਰੇ ਐੱਸਜੀਪੀਸੀ ਦੇ ਅਧੀਨ ਨਹੀਂ ਆਉਂਦੇ ਤੇ ਸਿਮਰਨ ਨੂੰ ਇੰਝ ਜਾਪਦਾ ਹੈ ਕਿ ਇਹੀ ਕਾਰਨ ਹੈ ਕਿ ਉੱਥੋਂ ਦਾ ਪ੍ਰਬੰਧਨ ਤੇ ਢੰਗ-ਤਰੀਕੇ ਥੋੜ੍ਹੇ ਘੱਟ ਕੱਟੜ ਹਨ।
“ਪਿੰਡੀਂ ਥਾਈਂ ਤਾਂ ਜ਼ਿਆਦਾਤਰ ਔਰਤਾਂ ਹੀ ਗੁਰਦੁਆਰਿਆਂ ਦੀ ਸਾਂਭ-ਸੰਭਾਲ਼ ਕਰਦੀਆਂ ਹਨ। ਪੁਰਸ਼ ਤਾਂ ਸਵੇਰੇ ਹੀ ਕੰਮਾਂ ‘ਤੇ ਨਿਕਲ਼ ਜਾਂਦੇ ਨੇ। ਸਾਜਰੇ ਵੇਲ਼ੇ ਜੋ ਕੋਈ ਵੀ ਸਭ ਤੋਂ ਪਹਿਲਾਂ ਗੁਰੂ ਘਰ ਪਹੁੰਚਦਾ ਹੈ ਓਹੀ ਪਾਠ ਕਰਨਾ ਸ਼ੁਰੂ ਕਰ ਦਿੰਦਾ ਏ,” ਇਸ ਪਾਸੇ ਧਿਆਨ ਦਵਾਉਂਦਿਆਂ ਸਿਮਰਨ ਕਹਿੰਦੀ ਹਨ।
ਹੋ ਸਕਦਾ ਹੈ ਸਭ ਪਿੰਡੀਂ ਥਾਈਂ ਇੰਝ ਨਾ ਹੀ ਹੁੰਦਾ ਹੋਵੇ ਪਰ ਹਰਮਨਪ੍ਰੀਤ ਕੌਰ ਦੇ ਤਜ਼ਰਬੇ ਮੁਤਾਬਕ ਚੀਜ਼ਾਂ ਬਦਲ ਰਹੀਆਂ ਹਨ। ਤਰਨ ਤਾਰਨ ਜ਼ਿਲ੍ਹੇ ਦੀ ਤਹਿਸੀਲ ਪੱਟੀ ਦੀ ਰਹਿਣ ਵਾਲ਼ੀ 19 ਸਾਲਾ ਹਰਮਨ ਨੌਜਵਾਨ ਕੀਰਤਨਕਾਰ ਹਨ ਜਿਨ੍ਹਾਂ ਨੇ ਇੱਥੋਂ ਦੇ ਗੁਰਦੁਆਰੇ- ਬੀਬੀ ਰਜਨੀ ਜੀ ਵਿਖੇ ਪਹਿਲਾਂ ਕਦੇ ਕਿਸੇ ਮਹਿਲਾ ਕੀਰਤਨੀਆ ਨੂੰ ਕੀਰਤਨ ਕਰਦਿਆਂ ਨਹੀਂ ਦੇਖਿਆ ਸੀ। ਉਨ੍ਹਾਂ ਦੇ ਪਿਤਾ, ਜੋ ਗੁਰਦੁਆਰਾ ਸਾਹਿਬ ਵਿਖੇ ਗ੍ਰੰਥੀ ਹਨ, ਨੇ ਹੀ ਆਪਣੀ ਧੀ ਨੂੰ ਕੀਰਤਨ ਕਰਨ ਦੀ ਸੇਧ ਦਿੱਤੀ। ਹੁਣ ਉਹ ਖ਼ਾਸ ਮੌਕਿਆਂ ‘ਤੇ ਕੀਰਤਨ ਕਰਦੀ ਹਨ।


ਖੱਬੇ ਹੱਥ: 2006 ਵਿੱਚ ਸਿਮਰਨ ਕੌਰ ਦੀ ਭੂਆ ਗੁਰੂ ਰਵੀਦਾਸ ਦੇ ਜਨਮ ਦਿਹਾੜੇ ਮੌਕੇ ਆਪਣੀ ਧੀ ਨਾਲ਼ ਕੀਰਤਨ ਕਰਦੀ ਹੋਈ। ਤਸਵੀਰ: ਜਸਵਿੰਦਰ ਕੌਰ ਸੱਜੇ ਹੱਥ: ਵਿਆਹ ਹੋਣ ਤੋਂ ਬਾਅਦ ਸਿਮਰਨ ਕੌਰ ਕੀਰਤਨ ਕਰਨਾ ਜਾਰੀ ਨਾ ਰੱਖ ਸਕੀ ਪਰ ਉਹ ਨੇੜਲੇ ਗੁਰਦੁਆਰਾ ਸਾਹਿਬ ਵਿਖੇ ਦੋਬਾਰਾ ਕੀਰਤਨ ਕਰਨਾ ਸ਼ੁਰੂ ਕਰ ਰਹੀ ਹਨ। ਤਸਵੀਰ: ਜਸਵਿੰਦਰ ਕੌਰ
100 ਕਿਲੋਮੀਟਰ ਦੂਰ, ਪਠਾਨਕੋਟ ਵਿਖੇ 54 ਸਾਲਾ ਦਿਲਬਾਗ਼ ਸਿੰਘ ਦਾ ਕਹਿਣਾ ਹੈ ਕਿ ਸ਼ਹਿਰ ਦੀਆਂ ਔਰਤਾਂ ਇੱਥੇ ਸਥਿਤ ਗੁਰਦੁਆਰਾ ਗੁਰੂ ਸਿੰਘ ਸਭਾ ਵਿੱਚ ਹਰ ਸ਼ਨੀਵਾਰ ਨੂੰ ਕੁਝ ਕੁ ਘੰਟੇ ਕੀਰਤਨ ਤੇ ਅਰਦਾਸ ਕਰਦੀਆਂ ਹਨ। ਇੱਥੇ ਔਰਤਾਂ ਦੇ ਆਪਣੇ ਜੱਥੇ (ਸੰਗੀਤਕ) ਵੀ ਹਨ ਜੋ ਗੁਰਪੁਰਬ ਤੇ ਹੋਰਨਾਂ ਸਮਾਗ਼ਮਾਂ ਦੌਰਾਨ ਕੀਰਤਨ ਕਰਨ ਲਈ ਬੁਲਾਏ ਜਾਂਦੇ ਹਨ।
25 ਸਾਲਾ ਸੁਖਦੀਪ ਕੌਰ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲੇ ਤੋਂ ਸਿੱਖ ਸਟੱਡੀਜ਼ ਤੇ ਧਾਰਮਿਕ ਸਟੱਡੀ ਵਿੱਚ ਡਬਲ ਮਾਸਟਰ ਕੀਤਾ ਹੋਇਆ ਹੈ। ਉਹ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਲਸੋਈ ਵਿੱਚ ਰਹਿੰਦੀ ਹਨ ਤੇ ਉਨ੍ਹਾਂ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦੀ ਲਿੰਗ ਦਰਜੇਬੰਦੀ ਵਾਸਤੇ ਸਿਰਫ਼ ਪੁਰਸ਼ਾਂ ਨੂੰ ਹੀ ਦੋਸ਼ ਦੇਣਾ ਸਹੀ ਨਹੀਂ ਹੈ। ਉਨ੍ਹਾਂ ਦੀ ਦਲੀਲ ਇਹ ਹੈ ਕਿ ਔਰਤਾਂ ਵਾਸਤੇ ਗੁਰਦੁਆਰੇ ਅੰਦਰ ਪੂਰਾ ਸਮਾਂ ਸੇਵਾ ਨਿਭਾਉਣਾ ਮੁਸ਼ਕਲ ਹੋ ਜਾਂਦਾ ਹੈ। ਸੁਖਦੀਪ ਇਹ ਵੀ ਮਹਿਸੂਸ ਕਰਦੀ ਹਨ ਕਿ ਇੱਕ ਔਰਤ “ਸ਼ਬਦ ਕੀਰਤਨ ਕਰਨ ਦੀ ਬਜਾਇ ਆਪਣੇ ਬੱਚਿਆਂ ਤੇ ਘਰ ਬਾਰ ਨੂੰ ਤਰਜੀਹ ਦੇਵੇਗੀ।”
ਨਰਿੰਦਰ ਕੌਰ ਦਾ ਮੰਨਣਾ ਹੈ ਕਿ ਔਰਤਾਂ ਲਈ ਇਹ ਸਭ ਔਖ਼ਾ ਨਹੀਂ ਹੈ। 2012 ਵਿੱਚ, ਉਨ੍ਹਾਂ ਨੇ ਅਜਿਹੀਆਂ ਔਰਤਾਂ ਨੂੰ ਨਾਲ਼ ਲੈ ਕੇ ਗੁਰਬਾਣੀ ਵਿਰਸਾ ਸੰਭਾਲ਼ ਸਤਿਸੰਗ ਜੱਥਾ ਸ਼ੁਰੂ ਕੀਤਾ, ਜੋ ਰਿਆਜ਼ ਕਰਨ ਲਈ ਕੁਝ ਘੰਟੇ ਕੱਢ ਲੈਂਦੀਆਂ ਸਨ ਤੇ ਜੋ ਗੁਰਦੁਆਰਿਆਂ ਅੰਦਰ ਸ਼ਬਦ-ਕੀਰਤਨ ਕਰਨ ਲਈ ਉਤਸੁਕ ਸਨ। “ਉਸ ਵੇਲ਼ੇ ਉਨ੍ਹਾਂ ਨੇ ਆਪਣੇ ਬੱਚੇ ਵੀ ਸਾਂਭੇ ਤੇ ਘਰ ਵੀ। ਉਨ੍ਹਾਂ ਦੀ ਸੇਵਾ ਕਿਸੇ ਵੀ ਸਿੰਘ (ਸਿੱਖ ਪੁਰਸ਼) ਨਾਲ਼ੋਂ ਦੋਗੁਣੀ ਹੈ,” ਉਹ ਗੱਲ ਜਾਰੀ ਰੱਖਦੀ ਹਨ।
ਸਿੱਖ ਘੱਟ ਗਿਣਤੀ ਕਾਲਜਾਂ ਅੰਦਰ ਡਿਵਨਿਟੀ ਸੋਸਾਇਟੀਆਂ ਸਿੱਖ ਵਿਦਿਆਰਥੀਆਂ ਨੂੰ ਗੁਰਮਤ ਸੰਗੀਤ ਦੀ ਸਿਖਲਾਈ ਦੇਣ ਦਾ ਧਰਾਤਲ ਬਣ ਰਹੀਆਂ ਹਨ। ਕਾਜਲ ਚਾਵਲਾ, ਜੋ ਹੁਣ ਕਿਰਪਾ ਕੌਰ ਦੇ ਨਾਮ ਨਾਲ਼ ਜਾਣੀ ਜਾਂਦੀ ਹਨ, ਨੇ 2018 ਵਿੱਚ ਦਿੱਲੀ ਯੂਨੀਵਰਸਿਟੀ (ਡੀਯੂ) ਦੇ ਗੁਰੂ ਗੋਬਿੰਦ ਸਿੰਘ ਕਾਲਜ ਤੋਂ ਅਰਥ ਸ਼ਾਸਤਰ ਆਨਰਜ਼ ਵਿੱਚ ਗ੍ਰੈਜੂਏਸ਼ਨ ਕੀਤੀ ਸੀ। ਕਾਲਜ ਪੜ੍ਹਦਿਆਂ 24 ਸਾਲਾ ਕਿਰਪਾ ਕੌਰ ਕਾਲਜ ਦੀ ਡਿਵਨਿਟੀ ਸੋਸਾਇਟੀ- ਵਿਸਮਾਦ ਦੀ ਸਰਗਰਮ ਮੈਂਬਰ ਸਨ। ਉਹ ਅੱਜ ਵੀ ਸੋਸਾਇਟੀ ਨਾਲ਼ ਜੁੜੀ ਹੋਈ ਹਨ ਤੇ ਕਹਿੰਦੀ ਹਨ,”ਸਾਡੇ ਮੈਂਬਰ ਹਰ ਤਰ੍ਹਾਂ ਦੀ ਪਿੱਠਭੂਮੀ ਤੋਂ ਆਉਂਦੇ ਹਨ ਤੇ ਕੀਰਤਨ, ਕਵਿਤਾ ਤੇ ਕਥਾ ਮੁਕਾਬਲਿਆਂ ਲਈ ਤਿਆਰ ਕੀਤੇ ਜਾਂਦੇ ਹਨ। ਇਹ ਕਾਲਜ ਦੇ ਤਿਓਹਾਰ ਹੀ ਹਨ ਜੋ ਸਾਨੂੰ ਘੜ੍ਹਦੇ ਹਨ ਤੇ ਸਾਡੇ ਅੰਦਰ ਸਵੈ-ਭਰੋਸਾ ਭਰਦੇ ਹਨ।”



“ਜੋ ਜ਼ਿਆਦਾ ਰਿਆਜ਼ ਕਰੇਗਾ ਵੋ ਰਾਜ ਕਰੇਗਾ,” 24 ਸਾਲਾ ਬਕਸ਼ੰਦ ਸਿੰਘ ਕਹਿੰਦੇ ਹਨ, ਉਹ ਦਿੱਲੀ ਯੂਨੀਵਰਸਿਟੀ ਦੇ ਐੱਸਜੀਟੀਬੀ (SGTB) ਖ਼ਾਲਸਾ ਕਾਲਜ ਵਿਖੇ ਡਿਵਨਿਟੀ ਸੋਸਾਇਟੀ ਲਈ ਤਬਲਾ ਵਜਾਉਂਦੇ ਸਨ। ਇੱਥੋਂ ਦੇ ਤਿਆਰ ਵਿਦਿਆਰਥੀ ਪੂਰੀ ਦਿੱਲੀ ਦੇ ਗੁਰਦੁਆਰਿਆਂ ਅਤੇ ਸਮਾਗਮਾਂ ਵਿੱਚ ਸ਼ਬਦ ਕੀਰਤਨ ਕਰਦੇ ਹਨ ਅਤੇ ਇੱਥੋਂ ਤੱਕ ਕਿ ਕੀਰਤਨ ਕਰਨ ਲਈ ਦੂਜੇ ਰਾਜਾਂ ਵਿੱਚ ਵੀ ਜਾਂਦੇ ਹਨ।
ਪਰ ਸਿੱਖ ਨੌਜਵਾਨਾਂ ਦਾ ਇਹ ਜਜ਼ਬਾ ਉਨ੍ਹਾਂ ਵਾਸਤੇ ਬਿਹਤਰ ਸਥਿਤੀ ਤੇ ਮਾਨਤਾ ਵਿੱਚ ਤਬਦੀਲ ਨਹੀਂ ਹੋ ਰਿਹਾ। “ਭਾਵੇਂ ਕਿ ਗੁਰਦੁਆਰਿਆਂ ਅੰਦਰ ਕਈ ਬੀਬੀਆਂ ਕੀਰਤਨ ਕਰਦੀਆਂ ਹੋਣ, ਪਰ ਮੈਂ ਕਦੇ ਕਿਸੇ ਔਰਤ ਨੂੰ ਬਤੌਰ ਰਾਗੀ ਜਾਂ ਗ੍ਰੰਥੀ ਨਿਯੁਕਤ ਹੁੰਦੇ ਨਹੀਂ ਦੇਖਿਆ,” 54 ਸਾਲਾ ਚਮਨ ਸਿੰਘ ਕਹਿੰਦੇ ਹਨ, ਜੋ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (DSGMC) ਦੇ ਸਾਬਕਾ ਮੈਂਬਰ ਹਨ। ਉਹ ਕਹਿੰਦੇ ਹਨ ਕਿ ਔਰਤਾਂ ਦੀ ਸੇਵਾ ਕਲਰਕ ਅਤੇ ਲੇਖੇ-ਜੋਖੇ ਰੱਖਣ ਦੇ ਕੰਮ ਵਜੋਂ ਲਾਈ ਜਾਂਦੀ ਹੈ ਜਾਂ ਫਿਰ ਲੰਗਰ ਵਿੱਚ ਖਾਣਾ ਪਕਾਉਣ ਦੀ ਸੇਵਾ ਲਾਈ ਜਾਂਦੀ ਹੈ। ਕੀਰਤਨਕਾਰਾਂ ਨੂੰ ਸੇਵਾ ਨਿਭਾਉਣ ਲਈ ਮਹੀਨੇ ਦੇ 9,000 ਰੁਪਏ ਤੋਂ ਲੈ ਕੇ 16,000 ਰੁਪਏ ਤੱਕ ਦਿੱਤੇ ਜਾਂਦੇ ਹਨ।
ਦਿੱਲੀ ਦੀ ਵਾਸੀ ਪਰਮਪ੍ਰੀਤ ਕੌਰ ਪੁੱਛਦੀ ਹਨ,”ਗੁਰਦੁਆਰੇ ਦੀ ਪ੍ਰਬੰਧਕੀ ਕਮੇਟੀ ਕੋਲ਼ ਸਾਰੇ ਇਖ਼ਤਿਆਰ ਹੁੰਦੇ ਹਨ। ਜਦੋਂ ਉਹ ਗੁਰਪੁਰਬ ਜਾਂ ਕੋਈ ਸਮਾਗ਼ਮ ਸਜਾਉਂਦੇ ਹਨ ਤਾਂ ਉਹ ਨੌਜਵਾਨ ਵਿਦਿਆਰਥੀਆਂ ਤੇ ਔਰਤਾਂ ਨੂੰ ਕੀਰਤਨ ਕਰਨ ਲਈ ਸੱਦਣ ਦੀ ਬਜਾਇ ਪੱਕੇ ਰਾਗੀਆਂ ਨੂੰ ਹੀ ਤਰਜੀਹ ਕਿਉਂ ਦਿੰਦੇ ਹਨ?”
32 ਸਾਲਾ ਪਰਮਪ੍ਰੀਤ ਕੌਰ ਹਿੰਦੁਸਤਾਨੀ ਸੰਗੀਤ ਵਿੱਚ ਸਿਖਲਾਈ-ਪ੍ਰਾਪਤ ਹਨ ਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਗੁਰਮਤ ਸੰਗੀਤ ਵਿੱਚ ਐੱਮ.ਏ. ਪਾਸ ਹਨ। ਪਰਮਪ੍ਰੀਤ ਦੀ ਅਵਾਜ਼, ਹੋਰਨਾਂ ਨੌਜਵਾਨ ਔਰਤਾਂ ਦੀਆਂ ਅਵਾਜ਼ਾਂ ਵਾਂਗਰ ਜ਼ੋਰ ਫੜ੍ਹਦੀ ਜਾ ਰਹੀ ਹੈ ਤੇ ਇੰਝ ਜਾਪਦਾ ਹੈ ਕਿ ਗੁਰਦੁਆਰਿਆਂ ਦਰਪੇਸ਼ ਇਹ ਮਸਲਾ ਹੁਣ ਬੱਸ ਥੋੜ੍ਹੇ ਸਮੇਂ ਦੀ ਗੱਲ ਰਹਿ ਗਿਆ ਹੈ, ਜਦੋਂ ਬਗ਼ੈਰ ਕਿਸੇ ਪੱਖਪਾਤ ਤੋਂ ਧਾਰਮਿਕ ਅਸਥਾਨਾਂ ਵਿਖੇ ਔਰਤ ਕੀਰਤਨੀਆਂ ਦੀਆਂ ਅਵਾਜ਼ਾਂ ਗੂੰਜਣਗੀਆਂ।
ਭੰਡਹੁ ਹੀ ਭੰਡੁ ਊਪਜੈ ਭੰਡੈ ਬਾਝੁ ਨ ਕੋਇ ॥
ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ ॥
ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਮਹਲਾ ੧ ਦਾ ਸਲੋਕ ਹੈ ਤੇ ਰਾਗ ਆਸਾ ਵਿੱਚ ਗਾਇਆ ਗਿਆ ਹੈ।
ਪਾਰੀ ਦੇ ਹੋਮਪੇਜ ‘ਤੇ ਮੁੜਨ ਲਈ ਇੱਥੇ ਕਲਿਕ ਕਰੋ।
Editor's note
ਹਰਮਨ ਖੁਰਾਣਾ ਨੇ ਹਾਲ ਹੀ ਵਿੱਚ ਸੋਸ਼ਲ ਕਮਿਊਨੀਕੇਸ਼ਨਜ਼ ਮੀਡੀਆ, ਸੋਫੀਆ ਕਾਲਜ ਫਾਰ ਵੂਮੈਨ, ਮੁੰਬਈ ਵਿੱਚ ਗ੍ਰੈਜੂਏਸ਼ਨ ਕੀਤੀ ਹੈ। ਉਨ੍ਹਾਂ ਨੇ ਇਸ ਪ੍ਰੋਜੈਕਟ ਨੂੰ ਸਿੱਖ ਧਾਰਮਿਕ ਸੰਸਥਾਵਾਂ ਵਿੱਚ ਔਰਤਾਂ ਦੀ ਭੂਮਿਕਾ ਦੀ ਪੜਚੋਲ ਕਰਨ ਦੇ ਇੱਕ ਸਾਧਨ ਵਜੋਂ ਦੇਖਿਆ।
ਉਹ ਕਹਿੰਦੀ ਹਨ:''ਰਿਪੋਰਟਿੰਗ ਦੇ ਤਜ਼ਰਬੇ ਨੇ ਮੈਨੂੰ ਇਸ ਤੱਥ ਨੂੰ ਸਮਝਣ ਬਾਰੇ ਮਹੱਤਵਪੂਰਣ ਸਮਝ ਦਿੱਤੀ ਕਿ ਕਿਵੇਂ ਲਿੰਗ ਭੇਦਭਾਵ ਉਨ੍ਹਾਂ ਸੰਸਥਾਵਾਂ ਵਿੱਚ ਫੈਲਦਾ ਹੈ ਜਿਨ੍ਹਾਂ ਦੀ ਬੁਨਿਆਦ ਹੀ ਸਮਾਨਤਾਵਾਦੀ ਹੈ। ਪੱਤਰਕਾਰੀ ਤੇ ਫ਼ਿਲਮ ਮੇਕਿੰਗ ਵਿੱਚ ਜੋ ਇੱਕ ਚੌਰਾਹਾ ਹੁੰਦਾ ਹੈ ਮੈਨੂੰ ਉਸ 'ਤੇ ਕੰਮ ਕਰਨਾ ਬੜਾ ਚੰਗਾ ਲੱਗਿਆ। ਇੱਕੋ ਵੇਲ਼ੇ ਪੱਤਰਕਾਰ ਤੇ ਕੈਮਰਾਮੈਨ ਦੀ ਭੂਮਿਕਾ ਵਿੱਚ ਰਹਿੰਦਿਆਂ ਮੈਂ ਉਨ੍ਹਾਂ ਔਰਤਾਂ ਨਾਲ਼ ਦਿਲੋਂ ਗੱਲਾਂ ਕੀਤੀਆਂ ਜੋ ਇਸ ਮੁੱਦੇ ਬਾਰੇ ਬੜੀ ਦ੍ਰਿੜਤਾ ਨਾਲ਼ ਸੋਚਦੀਆਂ ਹਨ। ਮੇਰਾ ਮੰਨਣਾ ਹੈ ਕਿ ਮੈਂ ਉਨ੍ਹਾਂ ਦੇ ਜਜ਼ਬਾਤਾਂ ਨੂੰ ਪੂਰੀ ਤਰ੍ਹਾਂ ਕਲਮਬੱਧ ਕਰਨ ਦੀ ਕੋਸ਼ਿਸ਼ ਕੀਤੀ ਹੈ।''
ਤਰਜਮਾ: ਕਮਲਜੀਤ ਕੌਰ
ਕਮਲਜੀਤ ਕੌਰ ਪੰਜਾਬ ਤੋਂ ਹਨ ਅਤੇ ਇੱਕ ਸੁਤੰਤਰ ਤਰਜਮਾਕਾਰ ਹਨ। ਕਮਲਜੀਤ ਨੇ ਪੰਜਾਬੀ ਵਿੱਚ M.A. ਕੀਤੀ ਹੋਈ ਹੈ। ਉਹ ਇੱਕ ਨਿਰਪੱਖ ਅਤੇ ਬਰਾਬਰੀ ‘ਤੇ ਅਧਾਰਤ ਦੁਨੀਆਂ ਵਿੱਚ ਵਿਸ਼ਵਾਸ ਰੱਖਦੇ ਹਨ ਅਤੇ ਇਸ ਨੂੰ ਸੰਭਵ ਬਣਾਉਣ ਲਈ ਕੰਮ ਕਰਦੇ ਹਨ।