ਇੱਕ ਫਲ, ਜਿਹਦੇ ਤਿੰਨ ਰੰਗ ਹੁੰਦੇ ਹਨ ਤੇ ਤਿੰਨ ਹੀ ਵੱਖਰੇ ਸੁਆਦ ਹਨ: ਕੌੜਾ, ਮਿੱਠਾ ਤੇ ਖੱਟਾ।

”ਇਹ ਗ਼ੁਲਾਬੀ, ਲਾਲ ਤੇ ਪੀਲ਼ੇ ਰੰਗ ਦਾ ਹੁੰਦਾ ਹੈ। ਗ਼ੁਲਾਬੀ ਰੰਗ ਦਾ ਮੂਟੀ ਪਾਰਮ ਕੌੜਾ, ਲਾਲ ਵਾਲ਼ਾ ਮਿੱਟਾ ਤੇ ਪੀਲ਼ੇ ਵਾਲ਼ਾ ਮਿੱਠਾ ਤੇ ਖੱਟਾ ਦੋਵੇਂ ਹੁੰਦਾ ਹੈ,” ਕੇਰਲ ਦੇ ਇਡੁੱਕੀ ਜ਼ਿਲ੍ਹੇ ਦੇ ਬਨਸਪਤੀ ਕਿਸਾਨ ਬੇਬੀ ਅਬ੍ਰਾਹਮ ਕਹਿੰਦੇ ਹਨ। ਗੱਲ ਜਾਰੀ ਰੱਖਦਿਆਂ ਉਹ ਕਹਿੰਦੇ ਹਨ,”ਜੋ ਬਹੁਤੇ ਕੌੜੇ ਤੇ ਖੱਟੇ ਹੁੰਦੇ ਹਨ ਉਨ੍ਹਾਂ ਅੰਦਰ ਇਲਾਜ ਪੱਖੋਂ ਸਭ ਤੋਂ ਵੱਧ ਗੁਣ ਹੁੰਦੇ ਹਨ। ਇਹ ਸ਼ੂਗਰ (ਮਧੂਮੇਹ) ਦੇ ਮਰੀਜ਼ਾਂ ਲਈ ਕਾਫ਼ੀ ਫ਼ਾਇਦੇਮੰਦ ਹੈ। ਆਦਿਵਾਸੀ ਇਹਦਾ ਇਸਤੇਮਾਲ ਪੇਟ ਅਤੇ ਗਲ਼ੇ ਸਬੰਧੀ ਬੀਮਾਰੀਆਂ ਨੂੰ ਦੂਰ ਕਰਨ ਲਈ ਕਰਦੇ ਹਨ।”

ਇਸ ਫਲ ਦਾ ਨਾਮ ਮੂਟੀ ਪਾਰਮ ਹੈ ਜੋ ਕਿ ਸ਼ਬਦ ‘ਮੂਟੀ’ (ਹੇਠਾਂ) ਅਤੇ ‘ਪਾਰਮ’ (ਫਲ) ਤੋਂ ਲਿਆ ਗਿਆ ਹੈ। ਕਿਉਂਕਿ ਇਹ ਫਲ ਤਣੇ ਅਤੇ ਟਹਿਣੀਆਂ ਦੋਵੀਂ ਥਾਈਂ ਲੱਗਦੇ ਹਨ। ਦੇਖਣ ਨੂੰ ਲਿਸ਼ਕਣਾ ਹੋਣ ਕਾਰਨ ਜੰਗਲੀ ਜਾਨਵਰ ਇਹਦੇ ਵੱਲ ਖਿੱਚੇ ਆਉਂਦੇ ਹਨ। ਬੇਬੀ ਸਾਨੂੰ ਦੱਸਦੇ ਹਨ ਕਿ ਜੰਗਲਾਂ ਅੰਦਰ ਮੂਟੀ ਪਾਰਮ ਰੁੱਖਾਂ ‘ਤੇ ਬਹੁਤੀ ਦੇਰ ਲੱਗਿਆ ਤੇ ਬਚਿਆ ਨਹੀਂ ਰਹਿ ਸਕਦਾ ਕਿਉਂਕਿ ਇਹਨੂੰ ਭਾਲੂ, ਬਾਂਦਰ ਤੇ ਹਾਥੀ ਖਾ ਜਾਂਦੇ ਹਨ। ਇੱਥੋਂ ਤੱਕ ਕਿ ਕਛੂਆ ਵੀ ਖਾਂਦਾ ਹੈ।

67 ਸਾਲਾ ਅਬ੍ਰਾਹਮ ਨੂੰ ਪਹਿਲੀ ਦਫ਼ਾ ਇਹ ਦੋ ਪੌਦੇ ਉਨ੍ਹਾਂ ਦੇ ਭਰਾ ਨੇ ਕਰੀਬ 36 ਸਾਲ ਪਹਿਲਾਂ ਤੋਹਫ਼ੇ ਵਿੱਚ ਦਿੱਤੇ ਸਨ। ਉਨ੍ਹਾਂ ਦੇ ਭਰਾ ਨੂੰ ਇਹ ਪੌਦੇ ਪੱਛਮੀ ਘਾਟ ਦੇ ਜੰਗਲਾਂ ਵਿੱਚ ਰਹਿਣ ਵਾਲ਼ੇ ਇੱਕ ਆਦਿਵਾਸੀ ਬਜ਼ੁਰਗ ਮੁਪਾਨ ਪਾਸੋਂ ਮਿਲ਼ੇ ਸਨ। ਅੱਜ ਉਨ੍ਹਾਂ ਕੋਲ਼ ਇਹਦੇ 200 ਤੋਂ ਵੱਧ ਵੱਡੇ ਤੇ ਛੋਟੇ ਬੂਟੇ ਹਨ। ਬੂਟਿਆਂ ਦੀ ਪਹਿਲੀ ਜੋੜੀ ਨੂੰ ਇੰਨੀ ਨੇੜੇ ਬੀਜ ਦਿੱਤਾ ਗਿਆ ਕਿ ਉਨ੍ਹਾਂ ਦੀਆਂ ਟਹਿਣੀਆਂ ਹੀ ਆਪਸ ਵਿੱਚ ਟਕਰਾਉਣ ਲੱਗੀਆਂ। ਲੋਕਾਂ ਨੇ ਇਹਦੀ ਚੰਗੀ ਫ਼ਸਲ ਵਾਸਤੇ ਅਬ੍ਰਾਹਮ ਨੂੰ ਇਨ੍ਹਾਂ ਨੂੰ ਆਪਸ ਵਿੱਚ ਪੰਜ ਮੀਟਰ ਦੀ ਦੂਰੀ ‘ਤੇ ਬੀਜਣ ਅਤੇ ਹਰੇਕ ਬੂਟੇ ਨੂੰ ਦੋ ਫੁੱਟ ਡੂੰਘੇ ਟੋਏ ਵਿੱਚ ਬੀਜਣ ਦੀ ਸਲਾਹ ਦਿੱਤੀ। ਇਸ ਬੂਟੇ ਨੂੰ ਕਿਸੇ ਵੀ ਮੌਸਮ ਵਿੱਚ ਬੀਜਿਆ ਜਾ ਸਕਦਾ ਹੈ, ਹਾਲਾਂਕਿ ਬਹੁਤੇ ਲੋਕ ਇਨ੍ਹਾਂ ਨੂੰ ਮਾਨਸੂਨ ਤੋਂ ਬਾਅਦ ਬੀਜਦੇ ਹਨ। ਉਨ੍ਹਾਂ ਨੇ ਸਾਨੂੰ ਦੱਸਿਆ,”ਤਿੰਨ ਤੋਂ ਚਾਰ ਸਾਲ ਬਾਅਦ ਸਾਰੇ ਪੌਦਿਆਂ ਨੂੰ ਫੁੱਲ ਲੱਗਣਗੇ। ਇੱਕ ਪੂਰੀ ਤਰ੍ਹਾਂ ਵਿਕਸਤ ਬੂਟਾ 50 ਕਿਲੋ ਫਲ ਪੈਦਾ ਕਰਦਾ ਹੈ, ਉੱਥੇ ਇੱਕ ਛੋਟਾ ਬੂਟਾ 15 ਕਿਲੋ ਫਲ ਦਿੰਦਾ ਹੈ।”

ਆਪਣੀ ਇੱਕ ਏਕੜ ਦੀ ਜ਼ਮੀਨ ‘ਤੇ ਅਬ੍ਰਾਹਮ ਨੇ ਰਬੜ ਅਤੇ ਨੀਲ਼ ਜਿਹੀਆਂ ਨਗਦੀ ਫ਼ਸਲਾਂ ਦੇ ਨਾਲ਼ ਨਾਲ਼ ਮੂਟੀ ਪਾਰਮ ਦੇ ਫਲਦਾਰ ਬੂਟੇ, ਮੈਂਗੋਸਟੀਨ, ਰਾਮਬੁਤਾਨ, ਨਿੰਬੂ ਅਤੇ ਭਾਰਤੀ ਔਲ਼ੇ, ਟੈਪਿਓਕਾ (ਸਾਬੂ ਦਾਣਾ) ਜਿਹੀਆਂ ਖ਼ੁਰਾਕੀ ਜੜ੍ਹਾਂ, ਹਲਦੀ, ਅਰਾਰੋਟ ਅਤੇ ਜੈਫਲ ਜਿਹੇ ਮਸਾਲੇ ਵੀ ਬੀਜੇ ਹਨ। ਉਨ੍ਹਾਂ ਨੇ ਕਿਹਾ,”ਮੇਰਾ ਪਰਿਵਾਰ, ਮੇਰੀ ਪਤਨੀ ਅਤੇ ਦੋਵੇਂ ਬੇਟੇ ਜੇਰਿਨ ਅਤੇ ਬੇਟੀ ਜੇਂਟੀਨਾ, ਖੇਤੀ ਵਿੱਚ ਮੇਰੀ ਮਦਦ ਕਰਦੇ ਹਨ। ਅਸੀਂ ਮਜ਼ਦੂਰਾਂ ਨੂੰ ਕੰਮ ‘ਤੇ ਨਹੀਂ ਰੱਖਦੇ। ਨਰਸਰੀ ਵਿੱਚ ਸ਼ੈੱਡ ਬਣਾਉਣ ਤੋਂ ਲੈ ਕੇ ਚੱਟਾਨਾਂ ਨੂੰ ਇੱਕ ਪਾਸੇ ਕਰਨ ਤੱਕ, ਸਾਰਾ ਕੁਝ ਅਸੀਂ ਹੱਥੀਂ ਹੀ ਕਰਦੇ ਹਾਂ।”

ਕਿਉਂਕਿ ਮੂਟੀ ਦੇ ਰੁੱਖਾਂ ਦਾ ਇਲਾਜ ਪੱਖੋਂ ਬੜਾ ਮਹੱਤਵ ਹੈ, ਇਸਲਈ ਅਬ੍ਰਾਹਮ ਇਨ੍ਹਾਂ ਬੂਟਿਆਂ ਨੂੰ ਸਾਲ ਵਿੱਚ ਦੋ ਵਾਰ ਜੈਵਿਕ ਖਾਦ ਪਾਉਂਦੇ ਹਨ। ਆਮ ਤੌਰ ‘ਤੇ ਇਹ ਕੰਮ ਉਹ ਸਤੰਬਰ ਦੀ ਮਹੀਨੇ ਕਰਦੇ ਹਨ। ”ਅਸੀਂ ਬਹੁਤੀ ਵਾਰ ਗਾਂ ਦੇ ਗੋਹੇ, ਵਰਮੀਕੰਪੋਸਟ ਅਤੇ ਕਦਨਾਪਿਨਾਕੂ ਦਾ ਇਸਤੇਮਾਲ ਕਰਦੇ ਹਾਂ, ਜੋ ਮੂੰਗਫਲੀ ਦਾ ਤੇਲ ਬਣਨ ਤੋਂ ਬਾਅਦ ਬਚੀ ਖਲ਼ ਹੁੰਦੀ ਹੈ। ਇੱਕ ਵਾਰ ਫੁੱਲ ਆਉਣ ਤੋਂ ਬਾਅਦ, ਮੂਟੀ ਦੇ ਬੂਟਿਆਂ ਦੀ ਜ਼ਿਆਦਾ ਤੋਂ ਜ਼ਿਆਦਾ ਸਿੰਚਾਈ ਕਰਨੀ ਪੈਂਦੀ ਹੈ। ਇਸਲਈ, ਅਸੀਂ ਗਰਮੀਆਂ ਵਿੱਚ ਇਨ੍ਹਾਂ ਬੂਟਿਆਂ ਨੂੰ ਤਿੰਨ ਦਿਨ ਵਿੱਚ ਇੱਕ ਵਾਰੀ ਪਾਣੀ ਦਿੰਦੇ ਹਾਂ,” ਉਨ੍ਹਾਂ ਨੇ ਦੱਸਿਆ ਅਤੇ ਇਨ੍ਹਾਂ ਬੂਟਿਆਂ ਨੂੰ ਚਮਗਿੱਦੜਾਂ ਤੋਂ ਬਚਾਉਣ ਵਾਸਤੇ ਚੁਫ਼ੇਰੇ ਜਾਲ਼ ਵਲ਼ ਦਿੰਦੇ ਹਨ।

ਅਬ੍ਰਾਹਮ ਦੀ ਨਰਸਰੀ ਵਿੱਚ ਮੂਟੀ ਪਾਰਮ ਦੀ ਇੱਕ ਜੋੜੀ ਬੂਟੇ ਦੀ ਕੀਮਤ 250 ਰੁਪਏ ਹੈ। ਮੂਟੀ ਪਾਰਮ (ਲੈਟਿਨ ਨਾਮ ਬਕਾਊਰਿਆ ਕੋਰਟਲੈਂਸਿਸ) ਨੂੰ ਦੂਸਰੇ ਸਥਾਨਕ ਨਾਵਾਂ ਨਾਲ਼ ਵੀ ਸੱਦਿਆ ਜਾਂਦਾ ਹੈ, ਜਿਵੇਂ ਮੂਟੀ ਕਾਯਪਨ, ਮੂਟੀ ਪੁਲੀ ਅਤੇ ਮੇਰਾਟਕਾ ਆਦਿ। ਇੱਕ ਵਾਰ ਤੋੜੇ ਜਾਣ ਤੋਂ ਬਾਅਦ ਮੂਟੀ ਦੋ ਮਹੀਨੇ ਤਰੋ-ਤਾਜ਼ਾ ਰਹਿੰਦਾ ਹੈ, ਹਾਲਾਂਕਿ ਅੰਦਰਲਾ ਗੁੱਦਾ ਥੋੜ੍ਹਾ ਸੁੰਗੜ ਜ਼ਰੂਰ ਜਾਂਦਾ ਹੈ। ਸਥਾਨਕ ਲੋਕ ਇਹਦੇ ਗੁੱਦੇ ਦਾ ਅਚਾਰ ਬਣਾਉਂਦੇ ਹਨ ਤੇ ਇਹਦੀ ਛਿੱਲੜ ਨਾਲ਼ ਸ਼ਰਾਬ ਬਣਾਉਂਦੇ ਹਨ। ਇਸ ਤੋਂ ਇਲਾਵਾ, ਆਦਿਵਾਸੀ ਇਸ ਵਿੱਚ ਸ਼ਹਿਰ ਰਲ਼ਾ ਕੇ ਤੇਨ ਮੂਟੀ ਬਣਾਉਂਦੇ ਹਨ, ਜਿਹਦਾ ਸਵਾਦ ਮਿੱਠਾ ਹੁੰਦਾ ਹੈ।

”ਮੂਟੀ ਦੀ ਇੱਕ ਖ਼ਾਸਿਅਤ ਹੈ। ਪਰਾਗਨ ਵਾਸਤੇ ਨਰ ਬੂਟਿਆਂ ਦੇ ਨੇੜੇ ਹੀ ਮਾਦਾ ਬੂਟਿਆਂ ਦਾ ਹੋਣਾ ਜ਼ਰੂਰੀ ਹੈ, ਨਹੀਂ ਤਾਂ ਫਲ ਅੰਦਰੋਂ ਖੋਖਲਾ ਰਹਿ ਜਾਂਦਾ ਹੈ। ਪਰਾਗਨ ਹਵਾ ਅਤੇ ਛੋਟੀਆਂ ਮਧੂਮੱਖੀਆਂ ਦੇ ਰਾਹੀਂ ਹੁੰਦਾ ਹੈ,” ਉਹ ਦੱਸਦੇ ਹਨ। ਕਰੀਬ ਚਾਰ ਸਾਲਾਂ ਵਿੱਚ, ਨਰ ਬੂਟੇ ‘ਤੇ ਫੁੱਲ ਅਤੇ ਥੋੜ੍ਹੇ ਹੀ ਸਮੇਂ ਬਾਅਦ ਮਾਦਾ ਬੂਟੇ ‘ਤੇ ਲਾਲ ਫਲ ਲੱਗ ਜਾਂਦੇ ਹਨ, ਜੋ ਅੰਗੂਰ ਦੇ ਗੁੱਛਿਆਂ ਜਿਹੇ ਜਾਪਦੇ ਹਨ। ਫਲ ਜਨਵਰੀ ਦੇ ਅਖੀਰ ਤੋਂ ਲੈ ਕੇ ਅਗਸਤ ਤੱਕ ਲੱਗਦੇ ਰਹਿੰਦੇ ਹਨ।

”ਲੋਕ (ਹੋਰ ਉਤਪਾਦਕ) ਅਕਸਰ ਮੈਨੂੰ ਇਹ ਦੱਸਣ ਵਾਸਤੇ ਫ਼ੋਨ ਕਰਦੇ ਹਨ ਕਿ ਉਨ੍ਹਾਂ ਦੇ ਰੁੱਖਾਂ ‘ਤੇ ਜੋ ਫਲ ਲੱਗਦੇ ਹਨ ਉਹ ਅੰਦਰੋਂ ਖੋਖਲੇ ਹੁੰਦੇ ਹਨ। ਇੰਝ ਇਸਲਈ ਹੁੰਦਾ ਹੈ ਕਿਉਂਕਿ ਉਨ੍ਹਾਂ ਦੇ ਆਸ-ਪਾਸ ਕੋਈ ਨਰ ਬੂਟਾ ਨਹੀਂ ਹੁੰਦਾ। ਮੈਂ ਬੀਜ ਦੇਖ ਦੇ ਦੱਸ ਸਕਦਾ ਹਾਂ ਕਿ ਉਹ ਨਰ ਹੈ ਜਾਂ ਮਾਦਾ। ਇੱਕ ਵਾਰ ਜਦੋਂ ਬੀਜ ਪੁੰਗਰ ਕੇ ਬੂਟਾ ਬਣ ਜਾਵੇ ਤਾਂ ਅੰਤਰ ਕਰਨਾ ਮੁਸ਼ਕਲ ਹੋ ਜਾਂਦਾ ਹੈ,” ਅਬ੍ਰਾਹਮ ਦੱਸਦੇ ਹਨ ਜੋ ਦੂਸਰੇ ਉਤਪਾਦਕਾਂ ਲਈ ਸਲਾਹਕਾਰ ਬਣ ਜਾਂਦੇ ਹਨ।

ਮੂਟੀ ਪਾਰਮ ਦੇ ਰੁੱਖ ਦੀ ਉੱਚਾਈ ਅੱਡ-ਅੱਡ ਹੁੰਦੀ ਹੈ। ਜੰਗਲ ਵਿੱਚ ਪਾਏ ਜਾਣ ਵਾਲ਼ੇ ਪੀਲ਼ੇ ਕਿਸਮ ਦੇ ਫਲਾਂ ਦੇ ਬੂਟਿਆਂ ਦੀ ਲੰਬਾਈ 10 ਤੋਂ 15 ਮੀਟਰ ਹੁੰਦੀ ਹੈ ਅਤੇ ਅਬ੍ਰਾਹਮ ਦੇ ਘਰ ਜਿਹੜੇ ਬੂਟੇ ਲੱਗੇ ਹਨ ਉਨ੍ਹਾਂ ਦੀ ਲੰਬਾਈ ਸੱਤ ਮੀਟਰ ਤੱਕ ਹੁੰਦੀ ਹੈ। ਇਹ ਬੂਟਾ ਇਡੁੱਕੀ ਜ਼ਿਲ੍ਹੇ ਦੇ ਅਰੱਕੁਲਮ ਪਿੰਡ ਅਤੇ ਕੋਲਮ ਜ਼ਿਲ੍ਹੇ ਦੇ ਪਠਾਨਪੁਰਮ ਤਾਲੁਕਾ ਵਿੱਚ ਪਾਇਆ ਜਾਂਦਾ ਹੈ। ਅਬ੍ਰਾਰਹਮ ਨੇ ਦੱਸਿਆ,”ਲੋਕਾਂ ਨੇ ਸਾਲ 2019 ਵਿੱਚ ਖੇਤੀ ਮੰਤਰੀ ਵੀ.ਐੱਸ. ਸੁਨੀਲ ਕੁਮਾਰ ਦੀ ਯਾਤਰਾ ਤੋਂ ਬਾਅਦ, ਮੂਟੀ ਪਾਰਮ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ।” ਮੰਤਰੀ ਦੀ ਯਾਤਰਾ ਤੋਂ ਬਾਅਦ ਖ਼ੋਜਾਰਥੀਆਂ ਨੇ ਫਲ ਬਾਰੇ ਹੋਰ ਜਾਣਨਾ ਚਾਹਿਆ। ਇਸ ਤੋਂ ਬਾਅਦ ਸਥਾਨਕ ਮੀਡਿਆ ਨੇ ਵੀ ਇਸ ਖ਼ਬਰ ਨੂੰ ਬੜੇ ਗਹੁ ਨਾਲ਼ ਵਾਚਿਆ।

”ਆਦਿਵਾਸੀ ਲੋਕ ਇਸ ਫਲ ਨੂੰ (ਕੇਰਲ ਵਿਖੇ) ਸੜਕ ਦੇ ਕੰਢੇ ਵੇਚਦੇ ਹਨ। ਇਹ ਤੁਹਾਨੂੰ ਬਜ਼ਾਰ ਵਿੱਚ ਨਹੀਂ ਮਿਲ਼ੇਗਾ।” ਅਬ੍ਰਾਹਮ ਦੱਸਦੇ ਹਨ। ਇਹਨੂੰ ਖਰੀਦਣ ਦੇ ਲਈ ਉਤਸੁਕ ਗਾਹਕ ਅਬ੍ਰਾਹਮ ਕੋਲ਼ ਆਉਂਦੇ ਹਨ ਅਤੇ ਇਹਨੂੰ ”100-150 ਰੁਪਏ ਕਿਲੋ ਦੇ ਹਿਸਾਬ ਨਾਲ਼ ਖਰੀਦਦੇ ਹਨ। ਗਾਹਕ ਦੱਸਦੇ ਹਨ ਕਿ ਇਹਦਾ ਸੁਆਦ ਰਾਮਬੁਤਾਨ, ਡ੍ਰੈਗਨ ਫਰੂਟ ਕਈ ਹੋਰ ਊਸ਼ਣਕਟੀ ਇਲਾਕਿਆਂ ਦੇ ਫਲਾਂ ਜਿਹਾ ਹੁੰਦਾ ਹੈ।” ਉਹ ਕੋਰੀਅਰ ਰਾਹੀਂ ਨੇੜੇ-ਤੇੜੇ ਦੇ ਰਾਜਾਂ ਵਿੱਚ ਵੀ ਇਹ ਫਲ ਭੇਜਦੇ ਹਨ।

ਕਿਉਂਕਿ ਮੂਟੀ ਨੂੰ ਵਧਣ-ਫੁੱਲਣ ਵਿੱਚ ਜ਼ਿਆਦਾ ਧੁੱਪ ਤੇ ਥਾਂ ਦੀ ਲੋੜ ਨਹੀਂ ਹੁੰਦੀ, ਇਹ ਉਨ੍ਹਾਂ ਲੋਕਾਂ ਲਈ ਵੀ ਢੁੱਕਵਾਂ ਰਹਿੰਦਾ ਹੈ ਜਿਨ੍ਹਾਂ ਕੋਲ਼ ਘੱਟ ਜ਼ਮੀਨ ਹੁੰਦੀ ਹੈ ਤੇ ਕਸਬਿਆਂ ਵਾਲ਼ੇ ਲੋਕਾਂ ਲਈ ਵੀ ਸਹੀ ਸਾਬਤ ਹੁੰਦਾ ਹੈ। ਅਬ੍ਰਾਹਮ ਨੂੰ ਉਮੀਦ ਹੈ ਕਿ ਹੁਣ ਹੋਰ ਕਿਸਾਨ ਵੀ ਇਨ੍ਹਾਂ ਲਿਸ਼ਕਵੇਂ ਫਲਾਂ ਨੂੰ ਬੀਜਣ ਲਈ ਅੱਗੇ ਆਉਂਗੇ।

Editor's note

ਜੋ ਪਾਲ ਸੀਐੱਸ, ਸ਼ਿਲਾਂਗ ਦੀ ਇੰਗਲਿਸ਼ ਐਂਡ ਫੌਰਨ ਲੈਂਗੂਏਜ਼ਜ਼ ਯੂਨੀਵਰਸਿਟੀ ਵਿਖੇ ਪੱਤਰਕਾਰਤਾ ਅਤੇ ਲੋਕ-ਸੰਚਾਰ ਦੇ ਅਖ਼ੀਰਲੇ ਸਾਲ ਦੇ ਵਿਦਿਆਰਥੀ ਹਨ। ਉਨ੍ਹਾਂ ਨੇ ਮੂਟੀ ਪਾਰਮ ਬਾਰੇ ਪਹਿਲੀ ਵਾਰੀਂ ਇੱਕ ਸਥਾਨਕ ਕਿਸਾਨ ਮੈਗ਼ਜ਼ੀਨ ਵਿੱਚ ਛਪੇ ਇੱਕ ਲੇਖ ਦੁਆਰਾ ਜਾਣਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹੋਰ ਜਾਣਨ ਦੀ ਇੱਛਾ ਪੈਦਾ ਹੋਈ। ਉਹ ਕਹਿੰਦੇ ਹਨ,''ਪਾਰੀ ਐਜੂਕੇਸ਼ਨ ਦੇ ਨਾਲ਼ ਕੰਮ ਕਰਦਿਆਂ ਮੈਨੂੰ ਜਾਪਿਆ ਜਿਉਂ ਜਿਨ੍ਹਾਂ ਕਹਾਣੀਆਂ ਨੂੰ ਅਸੀਂ ਅੱਖੋਂ-ਪਰੋਖੇ ਕਰ ਦਿੰਦੇ ਹਾਂ। ਉਨ੍ਹਾਂ ਅੰਦਰ ਤਾਂ ਬਹੁਤ ਸਾਰੀਆਂ ਜਾਣਕਾਰੀਆਂ ਤੇ ਪੇਚੀਦਗੀਆਂ ਲੁਕੀਆਂ ਰਹਿੰਦੀਆਂ ਹਨ। ਇਸ ਸਟੋਰੀ ਨੂੰ ਲਿਖਦੇ ਵੇਲ਼ੇ ਮੈਨੂੰ ਕਾਫ਼ੀ ਸਾਰੀਆਂ ਨਵੀਂਆਂ ਚੀਜ਼ਾਂ ਬਾਰੇ ਜਾਣਨ ਨੂੰ ਮਿਲ਼ਿਆ।''

ਤਰਜਮਾ: ਕਮਲਜੀਤ ਕੌਰ

ਕਮਲਜੀਤ ਕੌਰ ਪੰਜਾਬ ਤੋਂ ਹਨ ਅਤੇ ਇੱਕ ਸੁਤੰਤਰ ਤਰਜਮਾਕਾਰ ਹਨ। ਕਮਲਜੀਤ ਨੇ ਪੰਜਾਬੀ ਵਿੱਚ M.A. ਕੀਤੀ ਹੋਈ ਹੈ। ਉਹ ਇੱਕ ਨਿਰਪੱਖ ਅਤੇ ਬਰਾਬਰੀ ‘ਤੇ ਅਧਾਰਤ ਦੁਨੀਆਂ ਵਿੱਚ ਵਿਸ਼ਵਾਸ ਰੱਖਦੇ ਹਨ ਅਤੇ ਇਸ ਨੂੰ ਸੰਭਵ ਬਣਾਉਣ ਲਈ ਕੰਮ ਕਰਦੇ ਹਨ।