
72 ਸਾਲਾ ਅਨੁਸੂਯਾਬਾਈ ਪੈਰੀਂ ਚੱਪਲਾਂ ਪਾਈ ਹਰੀਸ਼ਚੰਦਰਗੜ ਪਹਾੜੀ ਦੇ ਪਥਰੀਲੇ ਰਾਹ ਨੂੰ ਵੱਧਦੀ ਚਲੀ ਜਾਂਦੀ ਹਨ। ਪਿਛਲੇ ਦਹਾਕੇ ਤੋਂ ਇਹ ਟ੍ਰੈਕਰ 72ਵੇਂ ਵਰ੍ਹੇ ਦੀ ਹੋਣ ਦੇ ਬਾਵਜੂਦ ਵੀ ਪੱਛਮੀ ਘਾਟ ਵਿਖੇ 4,710 ਫੁੱਟ ਦੀ ਉੱਚਾਈ ‘ਤੇ ਸਥਿਤ ਕਿਲ੍ਹੇ ਦੀ ਚੜ੍ਹਾਈ ਕਰਦੀ ਆਈ ਹਨ। ਉਨ੍ਹਾਂ ਦੀ ਚੜ੍ਹਾਈ ਉਦੋਂ ਸ਼ੁਰੂ ਹੋਈ ਜਦੋਂ ਪਰਿਵਾਰ ਨੇ 2012 ਵਿੱਚ ਪਹਾੜੀ ਦੀ ਟੀਸੀ ‘ਤੇ ਇੱਕ ਭੋਜਨਾਲੇ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਤੇ ਉੱਥੇ ਅਪੜਨ ਲਈ ਚੜ੍ਹਾਈ ਕਰਨੀ ਜ਼ਰੂਰੀ ਹੈ। ਰਸਤੇ ਦੀਆਂ ਪਥਰੀਲੀਆਂ ਚੱਟਾਨਾਂ ਦੀ ਢਲ਼ਾਣ 60-80 ਡਿਗਰੀ ਹੋਣ ਕਾਰਨ ਤਿੰਨ ਕਿਲੋਮੀਟਰ (ਇੱਕ ਪਾਸੇ ਦਾ) ਦਾ ਇਹ ਪੈਂਡਾ ਤੈਅ ਕਰਨ ਵਿੱਚ 3 ਘੰਟੇ ਲੱਗ ਜਾਂਦੇ।
ਬਾਅਦ ਵਿੱਚ, ਅਨੁਸੂਯਾਬਾਈ ਦੇ ਪਰਿਵਾਰ ਨੇ ਹੇਠਾਂ ਪਠਾਰ ‘ਤੇ ਇੱਕ ਹੋਮਸਟੇਅ (ਘਰਨੁਮਾ ਹੋਟਲ) ਵੀ ਸਥਾਪਤ ਕੀਤਾ ਤਾਂ ਜੋ ਸੈਲਾਨੀਆਂ ਦੀ ਵੱਧ ਰਹੀ ਆਮਦ ਤੋ ਥੋੜ੍ਹਾ ਫ਼ਾਇਦਾ ਲਿਆ ਜਾ ਸਕੇ। ਅੱਜ ਅਨੁਸੂਯਾਬਾਈ ਚੜ੍ਹਾਈ ਦੇ ਆਪਣੇ ਹੁਨਰਾਂ ਕਰਕੇ ਤੇ ਦੋਵੇਂ ਥਾਵੀਂ ਘਰ ਜਿਹਾ ਲਜੀਜ਼ ਖਾਣਾ ਪਰੋਸੇ ਜਾਣ ਕਾਰਨ ਪੂਰੇ ਟ੍ਰੈਕਿੰਗ ਭਾਈਚਾਰੇ ਅੰਦਰ ਬਹੁਤ ਮਸ਼ਹੂਰ ਹਨ।



ਤਸਵੀਰਾਂ: ਸ਼ੁਭਾਸ਼ ਰਸਾਲ
ਮਹਾਰਾਸ਼ਟਰ ਦੀ ਪਰੰਪਰਾਗਤ ਨੌਵਾਰੀ (ਨੌ ਗਜ਼ ਦੀ ਸਾੜੀ) ਵਿੱਚ ਮਲਬੂਸ ਅਨੁਸੂਯਾਬਾਈ ਬਾਦਦ ਕਹਿੰਦੀ ਹਨ,”ਲੋਕੀਂ ਮੈਨੂੰ ਪੁੱਛਦੇ ਕਿ ਮੈਨੂੰ ਬੂਟ ਚਾਹੀਦੇ ਨੇ, ਪਰ ਮੈਨੂੰ ਤਾਂ ਚੱਪਲਾਂ ਹੀ ਵੱਧ ਅਰਾਮਦਾਇਕ ਲੱਗਦੀਆਂ ਨੇ।” ਉਹ ਅਕਸਰ ਆਪਣੇ ਨਾਲ਼ ਕੋਈ ਨਾ ਕੋਈ ਹੈਲਪਰ ਲੈ ਜਾਂਦੀ ਹਨ ਜੋ ਉਨ੍ਹਾਂ ਦੇ ਭੋਜਨਾਲੇ ਵਾਸਤੇ ਰਾਸ਼ਨ ਪਹੁੰਚਾਉਣ ਦਾ ਕੰਮ ਕਰਦਾ ਹੈ। ਇੱਥੇ ਇਹ ਇਕਲੌਤੀ ਥਾਂ ਹੈ ਜੋ ਟੀਸੀ ‘ਤੇ ਅਪੜਨ ਵਾਲ਼ੇ ਯਾਤਰੀਆਂ ਦਾ ਨਾ ਸਿਰਫ਼ ਸਵਾਗਤ ਕਰਦੀ ਹੈ ਸਗੋਂ ਲਜੀਜ਼ ਖਾਣਾ ਖੁਆ ਕੇ ਢਿੱਡ ਵੀ ਭਰਦੀ ਹੈ।
ਉਨ੍ਹਾਂ ਦਾ ਇਹ ਮਸ਼ਹੂਰ ਭੋਜਨਾਲੇ ਗਾਰੇ ਤੇ ਲੱਕੜਾਂ ਨਾਲ਼ ਬਣੀ ਇੱਕ ਝੌਂਪੜੀ ਵਿੱਚ ਹੈ। ਹਰ ਭਾਰੇ ਮੀਂਹ ਤੋਂ ਬਾਅਦ ਇਸ ਕਮਜ਼ੋਰ ਜਿਹੇ ਢਾਂਚੇ ਨੂੰ ਮੁੜ-ਉਸਾਰੀ ਦੀ ਲੋੜ ਪੈਂਦੀ ਹੈ। ਅਨੁਸੂਯਾਬਾਈ ਕਹਿੰਦੀ ਹਨ,”ਸਾਨੂੰ ਪਤਾ ਰਹਿੰਦਾ ਹੈ ਕਿ ਕਦੋਂ-ਕਦੋਂ ਮੀਂਹ ਤਬਾਹੀ ਮਚਾ ਸਕਦਾ ਹੁੰਦਾ ਹੈ। ਅਜਿਹਾ ਕੁਝ ਵਾਪਰਨ ਤੋਂ ਪਹਿਲਾਂ ਹੀ ਅਸੀਂ ਆਪਣਾ ਹੋਟਲ ਬੰਦ ਕਰ ਦਿੰਦੇ ਹਾਂ ਤੇ ਇੰਝ ਸਾਡੇ ਮਹਿਮਾਨ ਸੁਰੱਖਿਅਤ ਰਹਿੰਦੇ ਨੇ।” ਇਸ ਢਾਂਚੇ ਨੂੰ ਦੋਬਾਰਾ ਬਣਾਉਣ ਵਿੱਚ ਦੋ ਹਫ਼ਿਤਆਂ ਦਾ ਸਮਾਂ ਲੱਗਦਾ ਹੈ।
ਪਰਿਵਾਰ ਨੇ ਹਰੀਸ਼ਚੰਦਰਗੜ ਪਹਾੜੀ ਦੇ ਪੈਰਾਂ ਵਿੱਚ ਸੈਲਾਨੀਆਂ ਦੇ ਰੁੱਕਣ ਲਈ ਠ੍ਹਾਰ ਬਣਾਈ ਹੋਈ ਹੈ। ਇਹ ਪਿੰਡ ਪਚਨਾਈ ਦੇ ਅਹਿਮਦਨਗਰ ਜ਼ਿਲ੍ਹੇ ਦੇ ਅਕੋਲਾ ਬਲਾਕ ਵਿੱਚ ਸਥਿਤ ਹੈ, ਜਿਸ ਦੇ ਇੱਕ ਪਾਸੇ ਇੱਕ ਕਿਲ੍ਹਾ ਅਤੇ ਦੂਜੇ ਪਾਸੇ ਜੰਗਲ ਹੈ।


ਕਿਹਾ ਜਾਂਦਾ ਹੈ ਕਿ ਹਰੀਸ਼ਚੰਦਰਗੜ ਕਿਲ੍ਹਾ 6ਵੀਂ ਸਦੀ ਦਾ ਹੈ ਅਤੇ ਇਸ ਖੇਤਰ ਵਿੱਚ ਆਉਣ ਵਾਲ਼ੇ ਸੈਲਾਨੀਆਂ ਦੇ ਆਕਰਸ਼ਣ ਦਾ ਵੱਡਾ ਕੇਂਦਰ ਹੈ। ਹਫ਼ਤੇ ਦੇ ਅੰਤ ਵਿੱਚ ਆਏ ਸੈਲਾਨੀਆਂ ਨੂੰ ਭੋਜਨ ਪਰੋਸੇ ਜਾਣ ਲਈ ਟੀਸੀ ਵੱਲ ਨੂੰ ਚੜ੍ਹਾਈ ਕਰਦੀ ਅਨੁਸੂਯਾਬਾਈ ਕਹਿੰਦੀ ਹਨ,”ਜੁਲਾਈ ਤੋਂ ਦਸੰਬਰ ਤੱਕ ਦੇ ਸੀਜ਼ਨ ਦੌਰਾਨ ਸਾਡੇ ਕੋਲ਼ ਹਰ ਹਫ਼ਤੇ ਦੇ ਅੰਤ ਵਿੱਚ 100-150 ਸੈਲਾਨੀ ਆਉਂਦੇ ਨੇ। ਲੋਕ ਸਾਲ ਦੇ ਇਸ ਸਮੇਂ ਐਡਵੈਂਚਰ ਸਪੋਰਟਸ ਤੇ ਝਰਨੇ ਦੇ ਮੌਸਮ ਦਾ ਲੁਤਫ਼ ਮਾਣਨ ਲਈ ਆਉਂਦੇ ਨੇ। ਵੈਸੇ ਤਾਂ ਕਿਲ੍ਹੇ ਦੀ ਯਾਤਰਾ ਕਰਨ ਲਈ ਮਾਰਚ ਤੱਕ ਸਮਾਂ ਵਧੀਆ ਰਹਿੰਦਾ ਹੈ ਪਰ ਉਸ ਤੋਂ ਬਾਅਦ, ਕੋਈ ਵਿਰਲਾ ਹੀ ਸੈਲਾਨੀ ਆਉਂਦਾ ਹੈ।”
ਪਿੰਡ ਦੇ ਬਹੁਤੇਰੇ ਘਰ ਕਾਨਿਆਂ ਤੇ ਇੱਟਾਂ ਨਾਲ਼ ਬਣੇ ਹਨ ਜਿਨ੍ਹਾਂ ਨੂੰ ਗੋਹੇ ਨਾਲ਼ ਲਿੰਬਿਆ ਹੋਇਆ ਹੈ। ਬਦਾਦ ਦੇ ਘਰ ਵਿੱਚ ਰਸੋਈ ਤੇ ਗੁਸਲਖ਼ਾਨੇ ਨੂੰ ਇੱਕੋ ਹੀ ਬਲਬ ਰੁਸ਼ਨਾਉਂਦਾ ਹੈ, ਉਨ੍ਹਾਂ ਦਾ ਘਰ ਵੀ ਕੱਚਾ ਹੀ ਹੈ। ਘਰ ਦਾ ਇੱਕ ਹਿੱਸਾ ਪੱਕਾ ਬਣਿਆ ਹੈ ਜਿੱਥੇ ਆਏ ਮਹਿਮਾਨਾਂ ਦੇ ਖਾਣ ਤੇ ਸੌਣ ਦਾ ਬੰਦੋਬਸਤ ਹੈ। ਦੁਪਹਿਰ ਦੀ ਰੋਟੀ ਦੀ ਥਾਲੀ 150 ਰੁਪਏ ਦੀ ਹੈ ਜਿਸ ਵਿੱਚ ਸਬਜ਼ੀ, ਚੌਲ਼, ਦਾਲ ਤੇ ਅਚਾਰ ਦੇ ਨਾਲ਼ ਜਿੰਨੀਆਂ ਮਰਜ਼ੀ ਰੋਟੀਆਂ ਖਾ ਸਕਦੇ ਹੋ। ਸਾਰੇ ਖਰਚੇ ਕੱਢ ਕੇ ਪਰਿਵਾਰ ਇੱਕ ਹਫ਼ਤੇ ਵਿੱਚ 5,000 ਰੁਪਏ ਤੋਂ 8,000 ਰੁਪਏ ਤੱਕ ਕਮਾ ਲੈਂਦਾ ਹੈ।
ਅਗਸਤ ਦਾ ਮਹੀਨਾ ਹੈ ਤੇ ਉਤਸ਼ਾਹ-ਲੱਦੇ ਟ੍ਰੈਕਰਾਂ ਦੀ ਭਰੀ ਇੱਕ ਬੱਸ ਅੱਧੀ ਰਾਤੀਂ ਪਹਾੜੀ ਦੇ ਹੇਠਾਂ ਬਣੇ ਹੋਮਸਟੇਅ ਦੀ ਪਾਰਕਿੰਗ ਵਿੱਚ ਆਣ ਖਲ੍ਹੋਂਦੀ ਹੈ। ਆਈ ਦਾ ਵੱਡਾ ਬੇਟਾ, ਭਾਸਕਰ ਬਦਾਦ ਆਣ ਪੁੱਜੇ ਮਹਿਮਾਨਾਂ ਦੇ ਸੁਆਗਤ ਲਈ ਬੂਹੇ ਵੱਲ ਭੱਜਦਾ ਹੈ ਤੇ ਹਨ੍ਹੇਰੇ ਵਿੱਚ ਟ੍ਰੈਕਰਾਂ ਨੂੰ ਆਪੋ-ਆਪਣਾ ਸਮਾਨ ਲਾਹੁਣ, ਜੁੱਤੀਆਂ ਲਾਹੁਣ ਤੇ ਘਰਨੁਮਾ ਹੋਟਲ ਅੰਦਰ ਜਾਣ ਦਾ ਰਾਹ ਦਰਸਾਉਂਦਾ ਹੈ। ਆਈ ਦੀ ਛੋਟੀ ਨੂੰਹ, ਆਸ਼ਾ ਟ੍ਰੈਕਰਾਂ ਦੇ ਬੈਠਣ ਵਾਸਤੇ ਚਟਾਈਆਂ ਵਿਛਾਉਣ ਵਿੱਚ, ਉਨ੍ਹਾਂ ਲਈ ਪੀਣ ਵਾਲ਼ੇ ਪਾਣੀ ਦੇ ਨਾਲ਼ ਨਾਲ਼ ਗਰਮਾ-ਗਰਮ ਚਾਹ ਤਿਆਰ ਵਿੱਚ ਆਈ ਦੀ ਮਦਦ ਕਰਦੀ ਹੈ। ਜਿਵੇਂ ਹੀ ਟ੍ਰੈਕਰ ਆਪੋ-ਆਪਣੀ ਥਾਂ ‘ਤੇ ਬਹਿ ਜਾਂਦੇ ਹਨ, ਅਨੁਸੂਯਾਬਾਈ ਦੇ ਪਤੀ, ਨਾਥੂ ਬਦਾਦ ਮਹਿਮਾਨਾਂ ਨਾਲ਼ ਗੱਲਬਾਤ ਸ਼ੁਰੂ ਕਰਦੇ ਹੋਏ ਉਨ੍ਹਾਂ ਦੇ ਸਾਰੇ ਸਵਾਲਾਂ ਦੇ ਜਵਾਬ ਦੇਣ ਵਿੱਚ ਰੁੱਝ ਜਾਂਦੇ ਹਨ, ਜਦੋਂਕਿ ਭਾਸਕਰ ਸਵੇਰ ਦੇ ਨਾਸ਼ਤੇ ਵਿੱਚ ਦਿੱਤਾ ਜਾਣ ਵਾਲ਼ਾ ਪੋਹਾ ਪਰੋਸਣ ਵਿੱਚ ਮਦਦ ਕਰਦੇ ਹਨ। ”2011-12 ਤੋਂ ਸੈਲਾਨੀਆਂ ਦੀ ਆਮਦ ਵਿੱਚ ਵਾਧਾ ਹੋਇਆ ਹੈ,” ਭਾਸਕਰ ਕਹਿੰਦੇ ਹਨ।
ਹਫ਼ਤੇ ਦੇ ਅਖ਼ੀਰਲੇ ਦਿਨੀਂ ਉਨ੍ਹਾਂ ਦੇ ਦੋਵੇਂ ਭੋਜਨਾਲੇ ਰਫ਼ਤਾਰ ਫੜ੍ਹ ਲੈਂਦੇ ਹਨ ਪਰ ਬਾਕੀ ਦਿਨੀਂ ਅਨੁਸੂਯਾਬਾਈ ਤੇ ਉਨ੍ਹਾਂ ਦਾ ਪਰਿਵਾਰ ਆਪਣੀ 2.5 ਏਕੜ ਭੋਇੰ ‘ਤੇ ਬੀਜੇ ਝੋਨੇ ਦੀ ਦੇਖਭਾਲ਼ ਕਰਦਾ ਹੈ। 40 ਸਾਲਾ ਭਾਸਕਰ ਕਹਿੰਦੇ ਹਨ,”ਪਹਿਲਾਂ-ਪਹਿਲ ਸਾਨੂੰ ਸਿਰਫ਼ ਚਾਰ ਤੋਂ ਪੰਜ ਬੋਰੀਆਂ ਹੀ ਝਾੜ ਮਿਲ਼ਦਾ। ਪਰ ਅੱਜ, ਵੱਧ ਮਿਹਨਤ ਕਰਨ ਤੇ ਹਾਈਬ੍ਰਿਡ ਬੀਜਾਂ ਦੇ ਇਸਤੇਮਾਲ ਨਾਲ਼ ਸਾਨੂੰ ਆਪਣੀ ਭੋਇੰ ਤੋਂ 20-30 ਬੋਰੀਆਂ ਝਾੜ ਮਿਲ਼ਣ ਲੱਗਿਆ ਹੈ। ਇਸ ਉਪਜ ਦਾ ਬਹੁਤੇਰੇ ਹਿੱਸਾ ਆਉਣ ਵਾਲ਼ੇ ਟ੍ਰੈਕਰਾਂ ਦੇ ਭੋਜਨ ਵਿੱਚ ਇਸਤੇਮਾਲ ਹੁੰਦਾ ਹੈ।” ਬਾਕੀ ਦੀ ਉਪਜ ਪਰਿਵਾਰ ਆਪਣੀ ਖਪਤ ਲਈ ਰੱਖ ਲੈਂਦਾ ਹੈ।


ਹਫਤੇ ਦੇ ਅੰਤ ਵਿੱਚ ਆਉਣ ਵਾਲ਼ੇ ਮਹਿਮਾਨਾਂ ਲਈ ਲੋੜੀਂਦਾ ਸਮਾਨ ਲਿਆਉਣ ਲਈ, ਅਨੁਸੂਯਾਬਾਈ ਸੋਮਵਾਰ ਅਤੇ ਵੀਰਵਾਰ ਨੂੰ ਭਾਸਕਰ ਨਾਲ਼ ਰਾਜੁਰ ਦੀ ਯਾਤਰਾ ਕਰਦੀ ਹਨ। ਰਾਜੁਰ, ਪਚਨਾਈ ਦਾ ਸਭ ਤੋਂ ਨੇੜਲਾ ਸ਼ਹਿਰ ਹੈ, ਜਿੱਥੋਂ ਤੱਕ ਜਾਂਦੀਆਂ ਸੜਕਾਂ ਟੋਇਆਂ ਨਾਲ਼ ਭਰੀਆਂ ਹਨ। ਭਾਸਕਰ ਕਹਿੰਦੇ ਹਨ, “ਦੋਵਾਂ ਥਾਵਾਂ ਵਿਚਲੀ ਦੂਰੀ ਸਿਰਫ 25 ਕਿਲੋਮੀਟਰ ਹੈ ਪਰ ਮੋਟਰਸਾਈਕਲ ਰਾਹੀਂ ਉੱਥੇ ਪਹੁੰਚਣ ਲਈ ਸਾਨੂੰ ਡੇਢ ਘੰਟੇ ਤੋਂ ਵੱਧ ਦਾ ਸਮਾਂ ਲੱਗਦਾ ਹੈ।”
ਲਗਭਗ 155 ਘਰਾਂ ਅਤੇ 700 ਦੀ ਅਬਾਦੀ ਵਾਲ਼ੇ ਪਿੰਡ ਪਚਨਾਈ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਇੱਥੇ ਨਾਗਰਿਕ ਸਹੂਲਤਾਂ ਦੀ ਘਾਟ ਹੈ, ਇੱਥੋਂ ਤੱਕ ਕਿ ਇੱਥੇ ਜਨਤਕ ਵੰਡ ਪ੍ਰਣਾਲੀ ਦਾ ਰਾਸ਼ਨ ਵੀ ਨਹੀਂ ਆਉਂਦਾ। ”ਸਾਡੇ ਪਿੰਡ ਨੂੰ ਬੜਾ ਚਿਰ ਪਹਿਲਾਂ ਹੀ ਸਰਕਾਰੀ ਰਾਸ਼ਨ ਮਿਲ਼ਣਾ ਬੰਦ ਹੋ ਗਿਆ ਸੀ,” ਅਨੁਸੂਯਾਬਾਈ ਕਹਿੰਦੀ ਹਨ। ਇਸਲਈ ਪਿੰਡ ਵਾਸੀਆਂ ਨੇ ਮਾਮਲੇ ਨੂੰ ਆਪਣੇ ਹੱਥਾਂ ਵਿੱਚ ਲੈ ਲਿਆ। ਜਦੋਂ ਸਥਾਨਕ ਖ਼ੂਹ ਦਾ ਪਾਣੀ ਪੀਣ ਯੋਗ ਨਾ ਰਹਿੰਦਾ,”ਅਸੀਂ ਪਿੰਡ ਟ੍ਰੈਕਿੰਗ ਲਈ ਆਉਣ ਵਾਲ਼ੇ ਹਰੇਕ ਵਾਹਨ ਪਿੱਛੇ ਇੱਕ ਜਾਂ ਦੋ ਰੁਪਈਏ ਦਾ ਛੋਟਾ ਜਿਹਾ ਕਮਿਸ਼ਨ ਇਕੱਠਾ ਕੀਤਾ ਤੇ ਉਸ ਪੈਸੇ ਨਾਲ਼ ਨੇੜਲੇ ਝਰਨੇ ਤੋਂ ਪਾਣੀ ਖਿੱਚਣ ਵਾਸਤੇ ਮੋਟਰ ਤੇ ਪਾਈਪ ਖਰੀਦੇ,” ਨਾਥੂ ਕਹਿੰਦੇ ਹਨ। ਹਾਲੀਆ ਸਮੇਂ, ਜੰਗਲਾਤ ਵਿਭਾਗ ਵੱਲੋਂ ਕੁਝ ਜਨਤਕ ਪਖ਼ਾਨੇ ਬਣਾਏ ਗਏ ਸਨ।
ਅਨੁਸੂਯਾਬਾਈ ਦਾ ਜਨਮ ਗੁਆਂਢੀ ਪਿੰਡ ਕੋਠਾਲੇ ਵਿੱਚ ਹੋਇਆ ਸੀ। 16 ਸਾਲ ਦੀ ਉਮਰੇ ਉਨ੍ਹਾਂ ਦਾ ਵਿਆਹ ਨਾਥੂ ਨਾਲ਼ ਹੋ ਗਿਆ ਅਤੇ ਦੋਵੇਂ ਪਚਨਾਈ ਦੇ ਆਪਣੇ ਘਰ ਰਹਿਣ ਲੱਗੇ। ਸਮੇਂ ਦੇ ਨਾਲ਼ ਵੱਡਾ ਪਰਿਵਾਰ ਵੱਖ ਹੋਣਾ ਸ਼ੁਰੂ ਹੋ ਗਿਆ ਤੇ ਉਨ੍ਹਾਂ ਵਿਚੋਂ ਕੁਝ ਬਿਹਤਰ ਮੌਕਿਆਂ ਦੀ ਭਾਲ ਵਿਚ ਸ਼ਹਿਰਾਂ ਵੱਲ ਚਲੇ ਗਏ। ਭਾਸਕਰ ਆਪਣੇ ਭੋਜਨਾਲੇ ਤੋਂ ਪਹਿਲਾਂ ਦੀ ਜ਼ਿੰਦਗੀ ਬਾਰੇ ਦੱਸਦੇ ਹਨ, “ਆਈ ਸਾਡੇ ਖੇਤਾਂ ਵਿੱਚ ਕੰਮ ਕਰਦੀ ਅਤੇ ਨੇੜਲੇ ਪਿੰਡ ਨਾਰਾਇਣਗਾਓਂ ਵਿੱਚ ਵੀ ਖੇਤ ਮਜ਼ਦੂਰ ਵਜੋਂ ਦਿਹਾੜੀ ਲਾਇਆ ਕਰਦੀ। 12 ਘੰਟਿਆਂ ਦੇ ਕੰਮ ਬਦਲੇ 40-50 ਰੁਪਏ ਕਮਾ ਲਿਆ ਕਰਦੀ।”


ਟ੍ਰੇਕਿੰਗ ਭਾਈਚਾਰੇ ਦੇ ਲੋਕੀਂ ਹਰੀਸ਼ਚੰਦਰਗੜ ਦੀ ਚੜ੍ਹਾਈ ਨੂੰ ਮੁਸ਼ਕਲ ਚੜ੍ਹਾਈ ਮੰਨਦੇ ਹਨ। ਇਹਦੀ ਚੜ੍ਹਾਈ ਕਾਫ਼ੀ ਸਿੱਧੀ ਹੈ ਤੇ ਵੱਡੇ-ਵੱਡੇ ਪੱਥਰਾਂ ਨਾਲ਼ ਭਰੀ ਹੋਈ ਹੈ ਤੇ ਰਸਤੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਪੌੜੀ ਵੀ ਨਹੀਂ ਹੈ; ਵਗਦੇ ਝਰਨੇ ਕਾਰਨ ਜਗ੍ਹਾ-ਜਗ੍ਹਾ ਕਾਫ਼ੀ ਤਿਲਕਣ ਬਣੀ ਰਹਿੰਦੀ ਹੈ। ਚੜ੍ਹਾਈ ਦਾ ਕੁਝ ਹਿੱਸਾ ਐਸਾ ਵੀ ਆਉਂਦਾ ਹੈ ਜਿੱਥੇ ਹਰ ਕਿਸੇ ਨੂੰ ਆਪਣੇ ਝੋਲ਼ੇ ਇੱਕ ਪਾਸੇ ਰੱਖ ਚੜ੍ਹਾਈ ਕਰਨ ਲਈ ਹੱਥਾਂ ਦੇ ਇਸਤੇਮਾਲ ਦੀ ਵੀ ਲੋੜ ਪੈਂਦੀ ਹੈ ਪਰ ਇੱਕ ਆਈ ਹਨ ਜੋ ਪੂਰੀ ਚੜ੍ਹਾਈ ਵੇਲ਼ੇ ਸਿਰ ‘ਤੇ ਵਜ਼ਨ ਰੱਖੇ ਹੋਣ ਦਾ ਬਾਵਜੂਦ ਤਵਾਜ਼ਨ ਬਰਕਰਾਰ ਰੱਖ ਕੇ ਚੜ੍ਹਾਈ ਪੂਰੀ ਕਰ ਲੈਂਦੀ ਹਨ।
ਇਸ ਸਾਲ ਦੇ ਸ਼ੁਰੂ ਵਿੱਚ, ਅਨੁਸੂਯਾਬਾਈ ਨੇ ਕਿਲ੍ਹੇ ਦੀ ਕੋਕਾਨਕੜਾ ਟੀਸੀ (1,800 ਫੁੱਟ) ਤੋਂ 500 ਫੁੱਟ ਹੇਠਾਂ ਤੱਕ ਛਲਾਂਗ ਲਾਈ। ਉਹ ਫ਼ਖਰ ਨਾਲ਼ ਕਹਿੰਦੀ ਹਨ,”ਮੈਂ ਬੜੇ ਚਿਰਾਂ ਤੋਂ ਇਹ ਛਲਾਂਗ ਮਾਰਨਾ ਚਾਹੁੰਦੀ ਸਾਂ ਪਰ ਬਜ਼ੁਗਰ ਔਰਤ ਦੀ ਗੱਲ ਨੂੰ ਗੰਭੀਰਤਾ ਨਾਲ਼ ਕੌਣ ਲੈਂਦਾ ਏ।”


ਇਹ ਵਿਦਿਆਰਥੀ ਰਿਪੋਰਟਰ ਗਣੇਸ਼ ਗੀਧ ਤੇ ਭਾਸਕਰ ਬਦਾਦ ਨੂੰ ਇਸ ਸਟੋਰੀ ਦੀ ਰਿਪੋਰਟਿੰਗ ਵਿੱਚ ਮਦਦ ਦੇਣ ਲਈ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਹਨ।
ਪਾਰੀ ਦੇ ਹੋਮਪੇਜ ‘ਤੇ ਮੁੜਨ ਲਈ ਇੱਥੇ ਕਲਿਕ ਕਰੋ।
Editor's note
ਰੁਤੁਜਾ ਗਾਇਦਾਨੀ ਸੇਂਟ ਜੇਵੀਅਰਜ਼ ਕਾਲਜ (ਆਟੋਨੋਮਸ), ਮੁੰਬਈ ਵਿਖੇ ਮਾਸ ਕਮਿਊਨੀਕੇਸ਼ਨ ਐਂਡ ਜਰਨਲਿਜ਼ਮ ਦੇ ਆਖਰੀ ਸਾਲ ਦੀ ਵਿਦਿਆਰਥਣ ਹੈ। ਸ਼ੁਭਮ ਰਸਾਲ ਨੇ 2021 ਵਿੱਚ ਸਤੀਸ਼ ਪ੍ਰਧਾਨ ਗਿਆਨਧਨਾ ਕਾਲਜ, ਠਾਣੇ ਤੋਂ ਗ੍ਰੈਜੂਏਸ਼ਨ ਕੀਤੀ ਸੀ। ਉਹ ਕਹਿੰਦੇ ਹਨ, "ਇਸ ਕਹਾਣੀ ਨੇ ਸਾਡੇ ਸਾਹਮਣੇ ਇੱਕ ਅਜਿਹੀ ਦੁਨੀਆ ਦਾ ਬੂਹਾ ਖੋਲ੍ਹਿਆ ਜਿਸ ਨੂੰ ਅਸੀਂ ਜਾਣਦੇ ਤਾਂ ਸਾਂ, ਪਰ ਸਮਝ ਵਿੱਚ ਅਸਫਲ ਰਹੇ ਸਾਂ... ਪਿੰਡ ਵਾਸੀਆਂ ਨੇ [ਸਾਡੀ ਕਹਾਣੀ ਵਿਚ] ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਇਕ ਵੱਖਰੀ ਰੌਸ਼ਨੀ ਵਿਚ ਦੇਖਣ ਵਿਚ ਸਾਡੀ ਮਦਦ ਕੀਤੀ।"
ਤਰਜਮਾ: ਕਮਲਜੀਤ ਕੌਰ
ਕਮਲਜੀਤ ਕੌਰ ਪੰਜਾਬ ਤੋਂ ਹਨ ਅਤੇ ਇੱਕ ਸੁਤੰਤਰ ਤਰਜਮਾਕਾਰ ਹਨ। ਕਮਲਜੀਤ ਨੇ ਪੰਜਾਬੀ ਵਿੱਚ M.A. ਕੀਤੀ ਹੋਈ ਹੈ। ਉਹ ਇੱਕ ਨਿਰਪੱਖ ਅਤੇ ਬਰਾਬਰੀ ‘ਤੇ ਅਧਾਰਤ ਦੁਨੀਆਂ ਵਿੱਚ ਵਿਸ਼ਵਾਸ ਰੱਖਦੇ ਹਨ ਅਤੇ ਇਸ ਨੂੰ ਸੰਭਵ ਬਣਾਉਣ ਲਈ ਕੰਮ ਕਰਦੇ ਹਨ।