
ਕਲੀਨ ਵਾਨ (ਕਾਲੀਨ ਬੁਣਨ ਵਾਲ਼ੀ ਖੱਡੀ) ਨੂੰ ਬੰਨ੍ਹ ਕੇ ਰੱਖ ਦਿੱਤਾ ਗਿਆ ਹੈ। ਫ਼ਾਤਿਮਾ ਬੇਗਮ ਦੇ ਘਰ ਜਿੱਥੇ ਕਾਲੀਨ ਬੁਣਨ ਦੀ ਖੱਡੀ ਰੱਖੀ ਰਹਿੰਦੀ ਸੀ, ਹੁਣ ਉੱਥੇ ਉਨ੍ਹਾਂ ਦੇ ਭਰਾ ਮੁਹੰਮਦ ਦਾ ਪਰਿਵਾਰ ਰਹਿਣ ਲੱਗਿਆ ਹੈ, ਕਿਉਂਕਿ ਉਹ ਵੱਖਰੇ ਘਰ ਦਾ ਖਰਚਾ ਨਹੀਂ ਚੁੱਕ ਸਕਦੇ। ਫ਼ਾਤਿਮਾ ਬੇਗਮ ਕਹਿੰਦੀ ਹਨ,”ਮਈ 2021 ਵਿੱਚ ਮੇਰੇ ਭਰਾ ਦੇ ਕੋਵਿਡ ਪੌਜੀਟਿਵ ਹੋਣ ਤੋਂ ਬਾਅਦ ਅਸੀਂ ਬੁਣਾਈ ਬੰਦ ਕਰ ਦਿੱਤੀ ਸੀ।” ਫ਼ਾਤਿਮਾ ਬੇਗਮ ਤੇ ਉਨ੍ਹਾਂ ਦੇ ਪਤੀ ਨਜ਼ੀਰ ਅਹਿਮਦ ਭਟ ਕਸ਼ਮੀਰ ਦੇ ਬਾਂਦੀਪੁਰ ਜ਼ਿਲ੍ਹੇ ਦੇ ਗੁੰਡ ਪ੍ਰਾਂਗ ਪਿੰਡ ਵਿੱਚ ਸਥਿਤ ਆਪਣੇ ਘਰ ਵਿੱਚ ਕਰੀਬ 25 ਸਾਲਾਂ ਤੋਂ ਕਾਲੀਨ ਬੁਣਾਈ ਦਾ ਕੰਮ ਕਰ ਰਹੇ ਹਨ।
ਫ਼ਾਤਿਮਾ ਦਾ ਛੋਟੇ ਭਰਾ, 32 ਸਾਲਾ ਮੁਹੰਮਦ ਅਸ਼ਰਫ ਮਹਾਂਮਾਰੀ ਤੋਂ ਪਹਿਲਾਂ ਇੱਕ ਟੈਕਸੀ ਡਰਾਈਵਰ ਸਨ ਤੇ ਬਾਅਦ ਵਿੱਚ ਤਾਲਾਬੰਦੀ ਵਿੱਚ ਉਨ੍ਹਾਂ ਦਾ ਕੰਮ ਠੱਪ ਪੈ ਗਿਆ। ਉਹ ਸਥਾਨਕ ਟੈਕਸੀ ਸਟੈਂਡ ‘ਤੇ ਕੰਮ ਕਰਦੇ ਸਨ ਅਤੇ ਮਹੀਨੇ ਦਾ 6,000 ਰੁਪਏ ਕਮਾਉਂਦੇ ਸਨ। ”ਉਨ੍ਹਾਂ ਨੇ 2019 ਵਿੱਚ ਆਪਣੀ ਟਾਟਾ ਸੂਮੋ ਵੇਚ ਦਿੱਤੀ ਸੀ, ਕਿਉਂਕਿ ਪੁਰਾਣੇ ਵਾਹਨ ਬੰਦ ਕਰਨ ਦਾ ਆਦੇਸ਼ ਸੀ,” ਮੁਹੰਮਦ ਦੀ ਪਤਨੀ ਸ਼ਹਿਜ਼ਾਦਾ ਹੀ ਸਾਨੂੰ ਸਾਰੀਆਂ ਗੱਲਾਂ ਦੱਸਦੀ ਹਨ, ਉਨ੍ਹਾਂ ਦੇ ਪਤੀ ਨੂੰ ਬੋਲਣ ਵਾਸਤੇ ਸੰਘਰਸ਼ ਕਰਨਾ ਪੈਂਦਾ ਹੈ, ਕਿਉਂਕਿ ਪਹਿਲਾਂ ਉਨ੍ਹਾਂ ਨੂੰ ਦਮੇ ਦੀ ਸ਼ਿਕਾਇਤ ਸੀ ਤੇ ਹੁਣ ਕੋਵਿਡ ਦੇ ਲੱਛਣ ਵੀ ਹਨ।
ਆਪਣੀ ਟੈਕਸੀ ਵੇਚਣ ਬਦਲੇ ਜੋ 1 ਲੱਖ ਰੁਪਏ ਮਿਲ਼ੇ ਸਨ ਉਹਦੇ ਸਹਾਰੇ ਹੀ ਉਨ੍ਹਾਂ ਨੇ ਮਾਰਚ 2020 ਵਿੱਚ ਲੱਗੀ ਤਾਲਾਬੰਦੀ ਤੋਂ ਬਾਅਦ ਦੇ ਪੂਰੇ ਇੱਕ ਸਾਲ ਦਾ ਡੰਗ ਟਪਾਇਆ ਸੀ ਕਿਉਂਕਿ ਉਸ ਸਮੇਂ ਮੁਹੰਮਦ ਟੈਕਸੀ ਨਹੀਂ ਚਲਾ ਸਕਦੇ ਸਨ। ਉਨ੍ਹਾਂ ਦੇ ਪੁੱਤ- 12 ਸਾਲਾ ਮੁਨੀਰ, 10 ਸਾਲਾ ਅਰਸਲਾਨ ਅਤੇ 6 ਸਾਲਾ ਆਦਿਲ ਆਪਣੇ ਪਿੰਡ ਵਿੱਚ ਟਿਊਸ਼ਨ ਪੜ੍ਹਦੇ ਹਨ, ਜੋ ਇੱਕ ਪੋਸਟਗ੍ਰੈਜੂਏਟ ਵਿਦਿਆਰਥੀ ਪੜ੍ਹਾਉਂਦਾ ਹੈ। ਤਿੰਨੋਂ ਬੱਚਿਆਂ ਦੀ ਟਿਊਸ਼ਨ ਫੀਸ, ਕਾਪੀਆਂ ਅਤੇ ਪੈਨਸ਼ਲਾਂ ਵਗੈਰਾ ਦਾ ਕੁੱਲ ਖਰਚਾ 3000 ਰੁਪਏ ਬਣਦਾ ਹੈ।


ਮੁਹੰਮਦ ਨੇ ਆਪਣਾ ਖਰਚਾ ਚਲਾਉਣ ਲਈ ਜੇਹਲਮ ਨਦੀ ਕੰਢੇ ਦਿਹਾੜੀ ਮਜ਼ਦੂਰੀ (ਰੇਤ ਇਕੱਠੀ ਕਰਨ) ਕਰਨ ਦੀ ਕੋਸ਼ਿਸ਼ ਕੀਤੀ, ਜਿਹਦੇ ਬਦਲੇ ਉਨ੍ਹਾਂ ਨੂੰ 500 ਰੁਪਏ ਦਿਹਾੜੀ ਮਿਲ਼ਦੀ ਸੀ। ਦਮੇ ਦੀ ਸਮੱਸਿਆ ਕਾਰਨ ਉਨ੍ਹਾਂ ਲਈ ਨਿਰੰਤਰ ਕੰਮ ਕਰਨਾ ਮੁਸ਼ਕਲ ਹੋ ਰਿਹਾ ਸੀ।
21 ਮਈ, 2021 ਦੇ ਦਿਨ ਜਦੋਂ ਮੁਹੰਮਦ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋਣ ਲੱਗੀ ਤਾਂ ਸ਼ਹਿਜ਼ਾਦਾ ਮਦਦ ਲਈ ਫ਼ਾਤਿਮਾ ਅਤੇ ਨਜ਼ੀਰ ਦੇ ਘਰ ਪੁੱਜੀ। ਉਹ ਐਂਬੂਲੈਂਸ ਬੁਲਾਉਣ ਲਈ, ਹਾਜਿਨ ਦੇ ਸਥਾਨਕ ਸੀਐੱਚਸੀ (ਕਮਿਊਨਿਟੀ ਸਿਹਤ ਕੇਂਦਰ) ਵਿੱਚ ਕਿਸੇ ਨਾਲ਼ ਸੰਪਰਕ ਨਹੀਂ ਕਰ ਸਕੇ। ਇੱਕ ਬੀਮਾਰ ਆਦਮੀ ਦੇ ਨਾਲ਼ ਕੀਤੀ ਗਈ ਉਸ ਲੰਬੀ ਯਾਤਰਾ ਨੂੰ ਚੇਤੇ ਕਰਦਿਆਂ ਫ਼ਾਤਿਮਾ ਕਹਿੰਦੀ ਹਨ,”ਮੇਰੇ ਪਤੀ, ਬੇਟੇ ਅਤੇ ਭਰਾ ਨੂੰ ਤਿੰਨ ਤੋਂ ਚਾਰ ਕਿਲੋਮੀਟਰ ਪੈਦਲ ਚੱਲਣ ਤੋਂ ਬਾਅਦ ਲਿਫ਼ਟ ਮਿਲ਼ ਸਕੀ ਅਤੇ ਉਹ ਸੀਐੱਚਸੀ ਪਹੁੰਚ ਪਾਏ।”
ਜਦੋਂ ਉਹ ਹਾਜਿਨ ਸੀਐੱਚਸੀ ਪਹੁੰਚੇ- ਜੋ ਬਾਂਦੀਪੁਰ ਜ਼ਿਲ੍ਹੇ ਦੇ ਤਿੰਨ ਸੀਐੱਚਸੀ ਵਿੱਚੋਂ ਇੱਕ ਹੈ ਜਿਹਦੀ (ਜ਼ਿਲ੍ਹੇ ਦੀ) ਅਬਾਦੀ 3 ਲੱਖ ਹੈ- ਕੋਈ ਸਹਾਇਤਾ ਨਹੀਂ ਮਿਲ ਰਹੀ ਸੀ; ਇੱਥੋਂ ਤੱਕ ਕਿ ਮੁਹੰਮਦ ਦੀ ਕੋਵਿਡ ਜਾਂਚ ਪੋਜੀਟਿਵ ਆਈ ਸੀ ਤਾਂ ਵੀ ਇਹੀ ਹਾਲਤ ਸੀ। ਨਜ਼ੀਰ ਕਹਿੰਦੇ ਹਨ,”ਡਾਕਟਰ ਮਰੀਜ਼ਾਂ ਦੇ ਨੇੜੇ ਵੀ ਨਹੀਂ ਆ ਰਹੇ ਸਨ।” ਮੁਹੰਮਦ ਨੂੰ ਅਗਲੇ ਦਿਨ ਆਕਸੀਜਨ ਸਪੋਰਟ ਦੀ ਲੋੜ ਸੀ। ਉਨ੍ਹਾਂ ਦੇ ਪਰਿਵਾਰ ਨੇ ਫੌਰਨ ਉਨ੍ਹਾਂ ਨੂੰ ਬਾਂਦੀਪੁਰ ਸ਼ਹਿਰ ਦੇ ਆਕਸੀਜਨ ਸਪੋਰਟ ਵਾਲੇ ਇਕਲੌਤੇ ਸਰਕਾਰੀ ਹਸਪਤਾਲ- ਜ਼ਿਲ੍ਹਾ ਹਸਪਤਾਲ, ਬਾਂਦੀਪੁਰ (ਡੀਐੱਚਬੀ) ਲਿਜਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ।


”ਆਪਣੇ ਸਾਲੇ (ਪਤਨੀ ਦੇ ਭਰਾ) ਮੁਹੰਮਦ ਦੇ ਨਾਲ਼ ਡੀਐੱਚਬੀ ਦਾ 22 ਕਿਲੋਮੀਟਰ ਦਾ ਪੈਂਡਾ ਤੈਅ ਕਰਨ ਵਾਲ਼ੇ ਨਜ਼ੀਰ ਕਹਿੰਦੇ ਹਨ,”ਮੈਂ ਐਂਬੂਲੈਂਸ ਵਿੱਚ ਕੁਰਾਨ ਦੀਆਂ ਆਇਤਾਂ ਪੜ੍ਹ ਰਿਹਾ ਸਾਂ। ਇਹ ਮੇਰੇ ਜੀਵਨ ਦੀ ਸਭ ਤੋਂ ਔਖੀ ਅਤੇ ਲੰਮੇਰੀ ਯਾਤਰਾ ਵਿੱਚੋਂ ਇੱਕ ਸੀ।”
ਮੁਹੰਮਦ ਦੀ ਪਤਨੀ ਸ਼ਹਿਜ਼ਾਦਾ ਨੌ ਮਹੀਨਿਆਂ ਦੀ ਗਰਭਵਤੀ ਹਨ ਅਤੇ ਹੁਣ ਕਿਸੇ ਵੀ ਦਿਨ ਬੱਚਾ ਜੰਮ ਸਕਦਾ ਹੈ। ਆਪਣੇ ਪਤੀ ਬਾਰੇ ਪਰੇਸ਼ਾਨ ਅਤੇ ਚਿੰਤਤ ਹਨ, ਉਹ ਕਹਿੰਦੀ ਹਨ,”ਜਦੋਂ ਉਨ੍ਹਾਂ ਨੂੰ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ ਤਾਂ ਮੈਂ ਅਗਲੇ ਹੀ ਦਿਨ ਆਪਣੀਆਂ ਵਾਲ਼ੀਆਂ ਵੇਚ ਦਿੱਤੀਆਂ, ਕਿਉਂਕਿ ਸਾਨੂੰ ਬੱਚਿਆਂ ਵਾਸਤੇ, ਘਰ ਵਾਸਤੇ ਅਤੇ ਹਸਪਤਾਲ ਦੀਆਂ ਲੋੜਾਂ ਪੂਰੀਆਂ ਕਰਨ ਲਈ ਪੈਸੇ ਦੀ ਲੋੜ ਸੀ।” ਘਰ ਚਲਾਉਣ ਲਈ ਸੰਘਰਸ਼ ਕਰ ਰਹੀ ਸ਼ਹਿਜ਼ਾਦਾ, ਆਪਣੇ ਚਾਰ ਛੋਟੇ ਬੇਟਿਆਂ ਅਤੇ ਮੁਹੰਮਦ ਦੀ ਬਜ਼ੁਰਗ ਮਾਂ, ਰਾਜਾ ਬੇਗਮ ਦੇ ਨਾਲ਼ ਫ਼ਾਤਿਮਾ ਅਤੇ ਨਜ਼ੀਰ ਦੇ ਘਰ ਰਹਿਣ ਚਲੀ ਗਈ।



ਖੱਬੇ: ਬਾਂਦੀਪੁਰ ਜ਼ਿਲ੍ਹੇ ਦੇ ਸੀਐੱਚਸੀ ਹਾਜਿਨ ਵਿੱਚ ਸ਼ਹਿਜ਼ਾਦਾ ਬਾਨੋ ਆਪਣੇ ਗਰਭਅਵਸਥਾ ਦੌਰਾਨ ਜਾਂਚ ਕਰਾਉਂਦੀ ਹੋਈ। ਸਭ ਤੋਂ ਉਤਾਂਹ ਸੱਜੇ: ਦਸ ਸਾਲਾ ਅਰਸਲਾਨ, ਸ਼ਹਿਜ਼ਾਦਾ ਅਤੇ ਮੁਹੰਮਦ ਦੇ ਚਾਰੇ ਬੇਟਿਆਂ ਵਿੱਚੋਂ ਇੱਕ ਹੈ। ਸਭ ਤੋਂ ਹੇਠਾਂ: ਸ਼ਹਿਜ਼ਾਦਾ ਆਪਣੇ ਦੋ ਸਾਲ ਦੇ ਬੇਟੇ ਅਜ਼ਾਨ ਦੇ ਨਾਲ਼। ਤਸਵੀਰਾਂ: ਉਮਰ ਪਾਰਾ
ਜ਼ਿਲ੍ਹਾ ਹਸਪਤਾਲ ਵਿੱਚ ਨਜ਼ੀਰ ਹੀ ਮੁਹੰਮਦ ਦੀ ਦੇਖਭਾਲ਼ ਕਰ ਰਹੇ ਹਨ। ਨਜ਼ੀਰ ਦੇ ਬੇਟੇ, 21 ਸਾਲਾ ਵਾਸੀਮ ਕਹਿੰਦੇ ਹਨ,”ਜਦੋਂ ਉਨ੍ਹਾਂ ਨੇ ਵਾਸ਼ਰੂਮ ਜਾਣਾ ਹੁੰਦਾ ਹੈ ਤਾਂ ਕਿਸੇ ਇੱਕ ਨੂੰ ਉਨ੍ਹਾਂ ਦਾ ਆਕਸੀਜਨ ਪੰਪ ਨਾਲ਼ ਜੁੜਿਆ ਸਾਰਾ ਸਮਾਨ ਚੁੱਕ ਕੇ ਨਾਲ਼-ਨਾਲ਼ ਤੁਰਨਾ ਪੈਂਦਾ ਹੈ। ਸਾਨੂੰ ਹੀ ਉਨ੍ਹਾਂ ਨੂੰ ਖਾਣਾ ਖੁਆਉਣਾ ਪੈਂਦਾ ਹੈ, ਦਵਾਈ ਦੇਣੀ ਪੈਂਦੀ ਹੈ ਅਤੇ ਡਾਕਟਰਾਂ ਨਾਲ਼ ਵੀ ਗੱਲਬਾਤ ਕਰਨੀ ਪੈਂਦੀ ਹੈ।” ਬਾਂਦੀਪੁਰ ਦੇ ਸੁੰਬਲ ਕਸਬੇ ਵਿੱਚ ਸਥਿਤ ਸਰਕਾਰੀ ਡਿਗਰੀ ਕਾਲਜ ਦੇ ਦੂਸਰੇ ਸਾਲ ਦੇ ਵਿਦਿਆਰਥੀ, ਵਾਸੀਮ ਪਿਛਲੇ ਇੱਕ ਮਹੀਨੇ ਤੋਂ ਇੱਕ ਵੀ ਆਨਲਾਈਨ ਕਲਾਸ ਵਿੱਚ ਸ਼ਾਮਲ ਨਹੀਂ ਹੋ ਸਕੇ ਹਨ। ਉਹ ਕਹਿੰਦੇ ਹਨ,”ਮੇਰੇ ਵੱਡੇ ਭਰਾ ਮਾਸ਼ੂਕ ਨੂੰ 10ਵੀਂ ਤੋਂ ਬਾਅਦ ਹੀ ਸਕੂਲ ਛੱਡਣਾ ਪਿਆ ਤਾਂ ਕਿ ਕਮਾਈ ਕਰਕੇ ਪਰਿਵਾਰ ਦੀ ਮਦਦ ਕਰ ਸਕੇ। ਜਮਸ਼ੀਦਾ (ਭੈਣ) ਆਂਸ਼ਿਕ ਤੌਰ ‘ਤੇ ਦੇਖਣ ਤੋਂ ਅਸਮਰੱਥ ਹੈ ਅਤੇ ਉਹ 9ਵੀਂ ਜਮਾਤ ਤੋਂ ਅੱਗੇ ਨਹੀਂ ਪੜ੍ਹ ਸਕੀ। ਸਿਰਫ਼ ਸਭ ਤੋਂ ਛੋਟੀ ਭੈਣ ਆਸਿਫਾ ਅਤੇ ਮੈਂ ਹੀ ਪੜ੍ਹਾਈ ਕਰ ਰਹੇ ਹਾਂ।”
ਮੁਹੰਮਦ ਦੀ ਹਾਲਤ ਵਿਗੜਨ ਜਾਣ ‘ਤੇ ਉਨ੍ਹਾਂ ਨੂੰ ਸ਼੍ਰੀਨਗਰ ਦੇ ਸ਼ੇਰ-ਏ-ਕਸ਼ਮੀਰ ਮੈਡੀਕਲ ਸਾਇੰਸ (SKIMS) ਵਿੱਚ ਲਿਜਾਇਆ ਗਿਆ। ਜਿੱਥੇ ਤਿੰਨ ਹਫ਼ਤੇ ਇਲਾਜ ਚੱਲਣ ਤੋਂ ਬਾਅਦ ਉਨ੍ਹਾਂ ਨੂੰ ਛੁੱਟੀ ਮਿਲ਼ ਈ। ਹਸਪਤਾਲੋਂ ਛੁੱਟੀ ਮਿਲ਼ਣ ਦੇ ਬਾਵਜੂਦ, ਪਰਿਵਾਰ ਦੇ ਖਰਚਿਆਂ ਦਾ ਬੋਝ ਘਟਿਆ ਨਹੀਂ ਹੈ। ਮਈ ਵਿੱਚ ਪਰਿਵਾਰ ਨੇ ਗੁਆਂਢੀਆਂ ਪਾਸੋਂ 25,000 ਰੁਪਏ ਉਧਾਰ ਚੁੱਕੇ ਸਨ ਅਤੇ ਰਿਸ਼ਤੇਦਾਰਾਂ ਨੇ ਵੀ ਉਨ੍ਹਾਂ ਦੀ ਕੁਝ ਮਦਦ ਕੀਤੀ ਹੈ। ”ਅਸੀਂ ਮਾਮੂ ਦੇ ਇਲਾਜ ‘ਤੇ 57,000 ਰੁਪਏ ਤੋਂ ਵੱਧ ਪੈਸੇ ਹਸਪਤਾਲ ਦੇ ਬਿੱਲ ਵਜੋਂ ਅਦਾ ਕੀਤੇ ਹਨ ਅਤੇ ਉਨ੍ਹਾਂ ਵਿੱਚੋਂ ਕੁਝ ਅਜੇ ਵੀ ਬਕਾਇਆ ਹਨ,” ਉਹ ਕਹਿੰਦੇ ਹਨ, ਕਰਜ਼ੇ ਦੇ ਬੋਝ ਦੀਆਂ ਲਕੀਰਾਂ ਉਨ੍ਹਾਂ ਦੇ ਚਿਹਰੇ ‘ਤੇ ਸਾਫ਼ ਦੇਖੀਆਂ ਜਾ ਸਕਦੀਆਂ ਹਨ।
ਕੋਵਿਡ ਤੋਂ ਬਾਅਦ ਮਰੀਜ਼ ਦੀ ਲਗਾਤਾਰ ਦੇਖਭਾਲ ਦਾ ਪੂਰਾ ਬੰਦੋਬਸਤ ਨਜ਼ੀਰ ਅਤੇ ਉਨ੍ਹਾਂ ਦਾ ਪਰਿਵਾਰ ਹੀ ਕਰ ਰਿਹਾ ਹੈ। ਨਜ਼ੀਰ ਕਹਿੰਦੇ ਹਨ,”ਪਿੰਡ ਔਕਾਫ਼ (ਜਾਂ ਵਕਫ਼) ਦੀ ਕਮੇਟੀ ਨੇ ਉਨ੍ਹਾਂ ਲਈ ਇੱਕ ਆਕਸੀਜਨ ਸਿਲੰਡਰ ਦੀ ਮਦਦ ਕੀਤੀ ਹੈ, ਕਿਉਂਕਿ ਉਨ੍ਹਾਂ ਨੂੰ ਦਿਨ-ਰਾਤ ਇਹਦੀ ਲੋੜ ਪੈਂਦੀ ਹੈ। ਪਰ, ਸਾਨੂੰ ਇੱਥੇ ਹਰ ਦੋ ਤੋਂ ਤਿੰਨ ਘੰਟਿਆਂ ਬਾਅਦ ਬਿਜਲੀ ਕਟੌਤੀ ਦਾ ਸਾਹਮਣਾ ਕਰਨਾ ਪੈਂਦਾ ਹੈ, ਇਸਲਈ ਸਾਨੂੰ ਰੋਜ਼ 500 ਰੁਪਏ ਕਿਰਾਏ ਦੇ ਹਿਸਾਬ ਨਾਲ਼ ਜਰਨੇਟਰ ਲੈਣਾ ਪੈਂਦਾ ਹੈ। ਇਸ ਤੋਂ ਇਲਾਵਾ ਸਾਨੂੰ ਡੀਜ਼ਲ ਵਾਸਤੇ 1,200 ਰੁਪਏ ਅਲੱਗ ਤੋਂ ਖਰਚਣੇ ਪੈਂਦੇ ਹਨ,” ਨਜ਼ੀਰ ਕਹਿੰਦੇ ਹਨ।
ਨਜ਼ੀਰ ਦੇ ਸਭ ਤੋਂ ਵੱਡੇ ਬੇਟੇ, 25 ਸਾਲਾ ਮਾਸ਼ੂਕ ਨੂੰ ਦਿਹਾੜੀ ‘ਤੇ ਜੋ ਵੀ ਕੰਮ ਮਿਲ਼ਦਾ ਹੈ ਉਹ ਕਰਦੇ ਹਨ-ਅਕਸਰ ਉਨ੍ਹਾਂ ਨੂੰ ਆਪਣੇ ਪਿੰਡ ਵਿੱਚ ਅਤੇ ਨੇੜੇ-ਤੇੜੇ ਦੇ ਨਿਰਮਾਣ ਸਥਲਾਂ ‘ਤੇ ਕੰਮ ਮਿਲਦਾ ਹੈ। ਇਸ ਕੰਮ ਬਦਲੇ ਉਨ੍ਹਾਂ ਨੂੰ 200 ਰੁਪਏ ਦਿਹਾੜੀ ਮਿਲ਼ਦੀ ਹੈ। 10 ਲੋਕਾਂ ਦਾ ਟੱਬਰ ਇਸ ਕਮਾਈ ਅਤੇ ਰਿਸ਼ਤੇਦਾਰਾਂ ਤੋਂ ਮਿਲ਼ੀ ਮਦਦ ਦੇ ਸਹਾਰੇ ਗੁਜ਼ਾਰਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਫ਼ਾਤਿਮਾ ਦਾ ਕਹਿਣਾ ਹੈ ਕਿ ਉਨ੍ਹਾਂ ਲਈ ਹਰ ਦਿਨ ਇੱਕ ਨਵੀਂ ਚੁਣੌਤੀ ਬਣ ਕੇ ਆਉਂਦਾ ਹੈ।


ਜਦੋਂ ਮੁਹੰਮਦ ਦਾ ਪਰਿਵਾਰ ਇੱਥੇ ਰਹਿਣ ਆਇਆ ਤਾਂ ਤਿੰਨ ਕਮਰਿਆਂ ਵਿੱਚੋਂ ਇੱਕ ਵਿੱਚ ਰੱਖੀ ਖੱਡੀ ਨੂੰ ਉੱਥੋਂ ਹਟਾ ਦਿੱਤਾ ਗਿਆ ਤਾਂ ਕਿ ਉਨ੍ਹਾਂ ਦੇ ਰਹਿਣ ਲਈ ਥਾਂ ਬਣਾਈ ਜਾ ਸਕੇ। ਇਹਦੇ ਬਾਅਦ, ਫ਼ਾਤਿਮਾ ਅਤੇ ਨਜ਼ੀਰ ਦਾ ਕਾਲੀਨ ਬੁਣਨ ਵਾਲ਼ਾ ਕੰਮ ਠੱਪ ਪੈ ਗਿਆ। ਉਹ ਕਹਿੰਦੀ ਹਨ,”ਅਸੀਂ ਪਿਛਲੇ ਸਾਲ ਇੱਕ ਕਾਲੀਨ ਬਣਾਉਣਾ ਸ਼ੁਰੂ ਕੀਤਾ ਸੀ ਅਤੇ ਇਹਨੂੰ ਪੂਰਾ ਕਰਕੇ ਭੇਜਣ ਤੋਂ ਬਾਅਦ ਹੀ ਇਹਦੇ ਪੈਸੇ ਹੱਥ ਵਿੱਚ ਆਉਣਗੇ।” ਇਸ ਕਾਲੀਨ ਤੋਂ ਉਨ੍ਹਾਂ ਨੂੰ ਕਰੀਬ 28,000 ਰੁਪਏ ਮਿਲ਼ਣਗੇ। ਉਹ ਸ਼੍ਰੀਨਗਰ ਦੇ ਇੱਕ ਦੁਕਾਨ-ਮਾਲਕ ਲਈ ਠੇਕੇ ‘ਤੇ ਕੰਮ ਕਰਦੇ ਹਨ, ਜੋ ਸ਼੍ਰੀਨਗਰ ਤੋਂ ਕਾਰ ਰਾਹੀਂ ਆਉਂਦੇ ਹਨ ਅਤੇ ਆਪਣੇ ਨਾਲ਼ ਨਕਸ਼ੀ (ਡਿਜਾਇਨ), ਕੱਚਾ ਮਾਲ਼ ਪਨ (ਸੂਤ ਦੇ ਧਾਗੇ ਅਤੇ ਭੇਡ ਦੀ ਉਨ ਦਾ ਰਲੇਵਾਂ) ਤੇ ਰੰਗ (ਡਾਈ) ਲਿਆਉਂਦੇ ਹਨ।
ਫ਼ਾਤਿਮਾ ਕਹਿੰਦੇ ਹਨ ਕਿ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਤੀ ਨੂੰ 5’X6′ ਦੇ ਕਾਲੀਨ ਨੂੰ ਪੂਰਿਆਂ ਕਰਨ ਵਿੱਚ, ਹਰ ਦਿਨ ਦੇ ਅੱਠ ਘੰਟੇ, ਹਫਤੇ ਦੇ ਛੇ ਦਿਨ ਕੰਮ ਕਰਦੇ ਹੋਏ ਵੀ ਕਰੀਬ ਇੱਕ ਸਾਲ ਲੱਗਦਾ ਹੈ। ਫ਼ਾਤਿਮਾ ਚੇਤੇ ਕਰਦੀ ਹਨ,”ਇਹ ਕੰਮ ਮੈਂ ਵਿਆਹ ਤੋਂ ਬਾਅਦ ਨਜ਼ੀਰ ਤੋਂ ਸਿੱਖਿਆ। ਮੈਂ 15 ਸਾਲ ਦੀ ਸਾਂ ਅਤੇ ਉਹ ਉਸ ਵੇਲੇ 16 ਸਾਲ ਦੇ ਸਨ।” ਨਜ਼ੀਰ ਕਹਿੰਦੇ ਹਨ,”ਮੈਂ ਕਾਲੀਨ ਬੁਣਾਈ ਦਾ ਕੰਮ ਉਦੋਂ ਤੋਂ ਕਰਦਾ ਆ ਰਿਹਾ ਹਾਂ, ਜਦੋਂ ਬੁਣਾਈ ਲਈ ਰੋਜ਼ਾਨਾ ਦੇ 5 ਰੁਪਏ ਮਿਲ਼ਦੇ ਹੁੰਦੇ ਸਨ। ਹੁਣ ਵੀ, ਅਸੀਂ ਜੋ ਕਮਾਉਂਦੇ (80 ਰੁਪਏ ਦਿਹਾੜੀ) ਹਾਂ, ਉਹ ਕਾਫੀ ਨਹੀਂ ਹੈ।”
2011 ਦੀ ਮਰਦਮਸ਼ੁਮਾਰੀ ਦੇ ਮੁਤਾਬਕ, ਹਾਜਿਨ ਕਸਬੇ ਵਿੱਚ ਬਣਨ ਵਾਲ਼ੇ ਅਤੇ ਨਿਰਯਾਤ ਕੀਤੇ ਜਾਣ ਵਾਲ਼ੇ ਇਹ ਕਾਲੀਨ, ਇਸ ਇਲਾਕੇ ਦੀਆਂ ਸਭ ਤੋਂ ਮਹੱਤਵਪੂਰਨ ਵਸਤਾਂ ਵਿੱਚੋਂ ਇੱਕ ਹਨ ਜੋ ਕਸਬਾ ਫ਼ਾਤਿਮਾ ਅਤੇ ਨਜ਼ੀਰ ਦੇ ਗੁੰਡ ਪ੍ਰਾਂਗ ਵਿੱਚ ਸਥਿਤ ਘਰ ਤੋਂ ਸਿਰਫ਼ 6 ਕਿਲੋਮੀਟਰ ਦੂਰ ਹੈ। ਫਿਰ ਵੀ, ਉਨ੍ਹਾਂ ਜਿਹੇ ਕਾਲੀਨ ਬੁਣਨ ਵਾਲ਼ੇ ਪਰਿਵਾਰ ਇਸ ਕੰਮ ਦੇ ਸਹਾਰੇ ਘਰ ਦਾ ਖਰਚਾ ਚਲਾਉਣ ਵਿੱਚ ਅਸਮਰੱਥ ਰਹਿੰਦੇ ਹਨ। ਸਤੰਬਰ ਵਿੱਚ ਜਦੋਂ ਸੇਬ ਦਾ ਮੌਸਮ ਸ਼ੁਰੂ ਹੁੰਦਾ ਹੈ ਤਾਂ ਨਜ਼ੀਰ ਬਤੌਰ ਖੇਤ ਮਜ਼ਦੂਰ ਕੰਮ ਕਰਕੇ 400 ਰੁਪੇ ਦਿਹਾੜੀ ਕਮਾ ਲੈਂਦੇ ਹਨ, ਪਰ ਇਹ ਕੰਮ ਸਿਰਫ਼ 10 ਦਿਨ ਹੀ ਚੱਲਦਾ ਹੈ। ਉਹ ਜੂਨ ਅਤੇ ਜੁਲਾਈ ਵਿੱਚ 4 ਤੋਂ 5 ਦਿਨ ਚੱਲਣ ਵਾਲ਼ੀ ਝੋਨੇ ਦੀ ਬਿਜਾਈ ਕਰਕੇ ਵੀ ਇੰਨਾ ਪੈਸਾ ਕਮਾ ਲੈਂਦੇ ਹਨ।
ਹਸਪਤਾਲ ਦੇ ਖਰਚਿਆਂ ਲਈ ਕਈ ਉਧਾਰ ਚੁੱਕਣ ਕਾਰਨ ਅਤੇ ਆਪਣੀ ਰੋਜ਼ੀਰੋਟੀ ਚਲਾਉਣ ਵਾਲ਼ੇ ਬੁਣਾਈ ਦੇ ਪੱਕੇ ਸ੍ਰੋਤ ਖੱਡੀ ‘ਤੇ ਕੰਮ ਨਾ ਕਰਨ ਕਾਰਨ ਨਜ਼ੀਰ ਅਤੇ ਫ਼ਾਤਿਮਾ ਦੀ ਮਾਲੀ ਹਾਲਤ ਹੋਰ ਖਰਾਬ ਹੋ ਗਈ ਹੈ। ਸ਼ਹਿਜ਼ਾਦਾ ਆਪਣੇ ਪਤੀ ਨੂੰ ਹਸਪਤਾਲ ਤੋਂ ਵਾਪਸ ਘਰ ਲਿਆਉਣ ਅਤੇ ਹਰ ਖਿਦਮਤ ਕੀਤੇ ਜਾਣ ਲਈ ਉਨ੍ਹਾਂ ਦਾ ਸ਼ੁਕਰੀਆ ਅਦਾ ਕਰਦੀ ਹਨ। ਮੁਹੰਮਦ ਦੇ ਹੁਣ ਘਰ ਆਉਣ ਤੋਂ ਬਾਅਦ ਅਤੇ ਸ਼ਹਿਜ਼ਾਦਾ ਦੇ ਪ੍ਰਸਵ ਦੀ ਤਰੀਕ ਨੇੜੇ ਆਉਣ ਦੇ ਨਾਲ਼, ਉਨ੍ਹਾਂ ਦੇ ਕਰਜ਼ੇ ਦਾ ਬੋਝ ਵੱਧਦਾ ਹੀ ਜਾ ਰਿਹਾ ਹੈ।
Editor's note
ਉਮਰ ਪਾਰਾ, ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ (ਇਗਨੂ) ਤੋਂ ਜਰਨਲਾਜ਼ਿਮ ਵਿੱਚ ਅੰਡਰ-ਗ੍ਰੈਜੂਏਟ ਕੋਰਸ ਰ ਰਹੇ ਹਨ; ਉਹ ਕੁਝ ਵਰ੍ਹਿਆਂ ਤੋਂ ਫ਼ੋਟੋਗਰਾਫੀ ਵੀ ਕਰ ਰਹੇ ਹਨ। ਉਹ ਕਹਿੰਦੇ ਹਨ,''ਪਾਰੀ ਜਿਸ ਢੰਗ ਨਾਲ਼ ਕਹਾਣੀਆਂ ਨੂੰ ਉਜਾਗਰ ਕਰਦਾ ਹੈ ਉਹ ਮੇਰੇ ਲਈ ਸਿੱਖਣ ਦਾ ਸ੍ਰੋਤ ਸੀ। ਮੈਂ ਸਿੱਖਿਆ ਕਿ ਕਹਾਣੀਆਂ ਦੇ ਛੋਟੇ ਵੇਰਵੇ ਵੀ ਬੇਹੱਦ ਮਾਅਨੇ ਰੱਖਦੇ ਹਨ। ਮੈਨੂੰ ਕਿਸੇ ਦੇ ਨਾਮ ਦੀ ਸਪੈਲਿੰਗ/ਉਚਾਰਣ ਸ਼ੈਲੀ ਤੋਂ ਲੈ ਕੇ ਉਨ੍ਹਾਂ ਦੇ ਪਿੰਡ ਦੀ ਮਰਦਮਸ਼ੁਮਾਰੀ ਵਿੱਚ ਦਰਜ਼ ਕੀਤੇ ਜਾਣ ਦੀ ਜਾਣਕਾਰੀ ਤੱਕ, ਸਾਰਾ ਕੁਝ ਬਾਰ-ਬਾਰ ਜਾਂਚਣਾ ਪਿਆ। ਇਹ ਪ੍ਰਕਿਰਿਆ ਮੇਰੇ ਲਈ ਡੇਟਾ ਭਾਲਣ ਨਾਲ਼ ਜੁੜੇ ਕਿਸੇ ਅਧਿਆਇ ਵਾਂਗਰ ਸੀ, ਜਿਸ ਜ਼ਰੀਏ ਸੱਚੀ ਕਹਾਣੀ ਬਾਹਰ ਆਉਂਦੀ ਹੈ।''
ਤਰਜਮਾ: ਕਮਲਜੀਤ ਕੌਰ
ਕਮਲਜੀਤ ਕੌਰ ਪੰਜਾਬ ਤੋਂ ਹਨ ਅਤੇ ਇੱਕ ਸੁਤੰਤਰ ਤਰਜਮਾਕਾਰ ਹਨ। ਕਮਲਜੀਤ ਨੇ ਪੰਜਾਬੀ ਵਿੱਚ M.A. ਕੀਤੀ ਹੋਈ ਹੈ। ਉਹ ਇੱਕ ਨਿਰਪੱਖ ਅਤੇ ਬਰਾਬਰੀ ‘ਤੇ ਅਧਾਰਤ ਦੁਨੀਆਂ ਵਿੱਚ ਵਿਸ਼ਵਾਸ ਰੱਖਦੇ ਹਨ ਅਤੇ ਇਸ ਨੂੰ ਸੰਭਵ ਬਣਾਉਣ ਲਈ ਕੰਮ ਕਰਦੇ ਹਨ।