“ਮੈਂ ਹੱਡ-ਭੰਨ੍ਹਵੀਂ ਮਿਹਨਤ ਕਰਦਾ ਹਾਂ, ਫਿਰ ਵੀ ਮੇਰੇ ਕੋਲ਼ ਇੱਕ ਦਵਾਨੀ ਤੱਕ ਨਹੀਂ।”

ਤੂਫਾਨੀ ਰਾਜਭਰ ਇੱਕ ਖੇਤ ਮਜ਼ਦੂਰ ਹਨ ਅਤੇ ਨਾਲ਼-ਨਾਲ਼ ਬੱਕਰੀਆਂ ਵੀ ਚਾਰਦੇ ਹਨ। “ਖੇਤੀ ਸਾਡੇ ਪੱਲੇ ਕੁਝ ਨਹੀਂ ਪਾਉਂਦੀ ਇਸੇ ਲਈ ਪੈਸੇ ਕਮਾਉਣ ਲਈ ਮੈਂ ਦਿਹਾੜੀ ਮਜ਼ਦੂਰੀ (ਦਿਹਾੜੀ ਧੱਪਾ) ਕਰਦਾ ਹਾਂ।”

ਆਖਰ ਪਿੰਡ ਵਿਖੇ ਰਾਜਭਰ ਜਿਹੜੀ ‘ਖੇਤੀ’ ਦੀ ਗੱਲ ਕਰ ਰਹੇ ਹਨ, ਉਹ ਦਰਅਸਲ ਇੱਕ ਅਜਿਹਾ ਅਸੰਗਠਤ ਢਾਂਚਾ ਹੈ ਜਿਹਨੂੰ ਅਪਣਾਉਣਾ ਹਰ ਬੇਜ਼ਮੀਨੇ ਕਿਸਾਨ ਲਈ ਮਜ਼ਬੂਰੀ ਦਾ ਬਾਇਸ ਬਣਿਆ ਹੋਇਆ ਹੈ ਜਿਵੇਂ ਉੱਤਰ ਪ੍ਰਦੇਸ਼ ਦੇ ਬਲਿਆ ਦੇ ਇਸ ਕਾਸ਼ਕਤਕਾਰ ਨਾਲ਼ ਹੋਇਆ ਹੈ। ਉਹ ਹਰ ਸਾਲ ਲਗਾਨ ਕਹਾਉਣ ਵਾਲ਼ੀ ਸਲਾਨਾ ਕਾਸ਼ਤਕਾਰੀ ਪ੍ਰਬੰਧ ਹੇਠ ਕਰੀਬ ਇੱਕ ਵਿਘਾ ਜਾਂ ਅੱਧੀ ਏਕੜ ਜ਼ਮੀਨ ਨੂੰ ਪਟੇ ‘ਤੇ ਲੈਂਦੇ ਹਨ। “ਹੋਲੀ ਦੇ ਸਮੇਂ (ਮਾਰਚ/ਅਪ੍ਰੈਲ ਮਹੀਨੇ ਵਿੱਚ) ਮੈਂ ਬਾਣੀਏ ਕੋਲ਼ੋਂ 10 ਪ੍ਰਤੀਸ਼ਤ ਵਿਆਜ ਦੀ ਦਰ ਨਾਲ਼ 14-15 ਹਜ਼ਾਰ ਰੁਪਏ ਦਾ ਕਰਜ਼ਾ ਲੈਂਦਾ ਹਾਂ। ਮੈਂ ਬੈਂਕ ਤੋਂ ਕਰਜ਼ਾ ਨਹੀਂ ਚੁੱਕ ਸਕਦਾ ਕਿਉਂਕਿ ਮੇਰੇ ਕੋਲ਼ ਆਪਣੀ ਕੋਈ ਸਥਾਈ ਸੰਪੱਤੀ ਤਾਂ ਹੈ ਨਹੀਂ,” ਉਹ ਖੋਲ੍ਹ ਕੇ ਦੱਸਦੇ ਹਨ। ਉਨ੍ਹਾਂ ਕੋਲ਼ ਇਸ ਕਾਸ਼ਤਕਾਰੀ ਦਾ ਕੋਈ ਲਿਖਤੀ ਇਕਰਾਰਨਾਮਾ ਵੀ ਨਹੀਂ ਹੈ, ਉਹ ਕਹਿੰਦੇ ਹਨ ਅਤੇ ਮੇਰੇ ਨਾਲ਼ ਗੱਲਾਂ ਕਰਦੇ ਵੇਲ਼ੇ ਵੀ ਉਨ੍ਹਾਂ ਨੇ ਆਪਣੀਆਂ ਛੇ ਬੱਕਰੀਆਂ ‘ਤੇ ਬਾਜ਼ ਨਜ਼ਰ ਟਿਕਾਈ ਹੋਈ ਹੈ ਜੋ ਨੇੜੇ ਹੀ ਘਾਹ ਚਰ ਰਹੀਆਂ ਹਨ।

ਚੁੱਕੇ ਗਏ ਕਰਜੇ ਦੇ ਪੈਸੇ ਬੀਜ, ਖਾਦ ਅਤੇ ਵਾਹੀ ਕਰਨ ਲਈ ਮੰਗਾਏ ਗਏ ਟਰੈਕਟਰ ਦਾ ਕਿਰਾਇਆ ਦੇਣ ਵਿੱਚ ਕੰਮ ਆਉਂਦੇ ਹਨ। ਸਤੰਬਰ 2021 ਨੂੰ ਜਦੋਂ ਮੈਂ ਰਾਜਭਰ ਨੂੰ ਬਲਿਆ ਜ਼ਿਲ੍ਹੇ ਦੇ ਦੁਬਹਰ ਬਲਾਕ ਵਿੱਚ ਪੈਂਦੇ ਉਨ੍ਹਾਂ ਦੇ ਪਿੰਡ ਵਿੱਚ ਮਿਲ਼ਿਆ ਸਾਂ ਤਾਂ ਉਹ ਝੋਨੇ ਦੀ ਆਪਣੀ ਫ਼ਸਲ ਦੀ ਵਾਢੀ ਦੀਆਂ ਤਿਆਰੀਆਂ ਵਿੱਚ ਰੁੱਝੇ ਸਨ। “ਪੂਰੇ ਸਾਲ ਦੀ ਮੇਰੀ ਕਮਾਈ ਅਤੇ ਬਚਤ, ਕਰਜੇ ਦੇ ਪੈਸੇ ਅਤੇ ਲਗਾਨ ਦੇ 8,000 ਰੁਪਏ ਚੁਕਾਉਣ ਵਿੱਚ ਹੀ ਖਰਚ ਹੋ ਗਏ,” ਰਾਜਭਰ ਨੇ ਕਿਹਾ। ਉਹ ਜਿਸ ਭਾਈਚਾਰੇ (ਜਾਤੀ) ਨਾਲ਼ ਤਾਅਲੁੱਕ ਰੱਖਦੇ ਹਨ ਉਹਦਾ ਨਾਮ ਵੀ ਰਾਜਭਰ ਹੀ ਹੈ ਜੋ ਕਿ ਉੱਤਰ ਪ੍ਰਦੇਸ਼ ਵਿਖੇ ਪਿਛੜੀ ਜਾਤੀ ਵਜੋਂ ਸੂਚੀਬੱਧ ਹੈ।

“ਮੈਂ ਹੱਡ-ਭੰਨ੍ਹਵੀਂ ਮਿਹਨਤ ਕਰਦਾ ਹਾਂ, ਫਿਰ ਵੀ ਮੇਰੇ ਕੋਲ਼ ਇੱਕ ਦਵਾਨੀ ਤੱਕ ਨਹੀਂ,” ਤੂਫਾਨੀ ਰਾਜਭਰ ਕਹਿੰਦੇ ਹਨ ਜੋ ਉੱਤਰ ਪ੍ਰਦੇਸ਼ ਦੇ ਬਲਿਆ ਜ਼ਿਲ੍ਹੇ ਵਿਖੇ ਪੈਂਦੇ ਆਖਰ ਪਿੰਡ ਦੇ ਖੇਤ ਮਜ਼ਦੂਰ ਅਤੇ ਆਜੜੀ ਹਨ. ਫ਼ੋਟੋ: ਆਰਯਨ ਪਾਂਡੇ

ਉੱਤਰ ਪ੍ਰਦੇਸ਼ ਦੇ ਪੂਰਬੀ ਕੰਢੇ ‘ਤੇ ਸਥਿਤ ਬਲਿਆ ਇਲਾਕੇ ਨੂੰ ਗੰਗਾ ਨਦੀ ਗੁਆਂਢੀ ਰਾਜ ਬਿਹਾਰ ਨਾਲ਼ੋਂ ਅੱਡ ਕਰਦੀ ਹੈ। ਖੇਤੀ ਇੱਥੋਂ ਦਾ ਮੁੱਖ ਪੇਸ਼ਾ ਹੈ ਅਤੇ ਇਸ ਜ਼ਿਲ੍ਹੇ ਦੀ 38 ਫ਼ੀਸਦ ਅਬਾਦੀ ਖੇਤੀ ਨਾਲ਼ ਜੁੜੇ ਕੰਮਾਂ ਵਿੱਚ ਲੱਗੀ ਹੋਈ ਹੈ। ਰਾਜਭਰ ਵਰਗੇ ਕਈ ਕਿਸਾਨ ਹਨ ਜਿਨ੍ਹਾਂ ਕੋਲ਼ ਆਪਣੀ ਕੋਈ ਜ਼ਮੀਨ ਨਹੀਂ ਹੈ, ਜਿਵੇਂ ਕਿ ਉਹ ਦੱਸਦੇ ਹਨ,”ਅਸੀਂ ਪੂਰਾ ਸਾਲ ਖੇਤਾਂ ਵਿੱਚ ਮਿੱਟੀ ਨਾਲ਼ ਮਿੱਟੀ ਹੁੰਦੇ ਹਾਂ ਪਰ ਫਿਰ ਵੀ ਸਾਨੂੰ ਕਿਸਾਨ ਨਹੀਂ ਮੰਨਿਆਂ ਜਾਂਦਾ ਕਿਉਂਕਿ ਸਾਡੇ ਕੋਲ਼ ਆਪਣੀ ਜ਼ਮੀਨ ਜੋ ਨਹੀਂ ਹੈ।”

ਆਪਣੀ ਜ਼ਮੀਨ ਨਾ ਹੋਣ ਜਾਂ ਪਟੇ ਦੀ ਜ਼ਮੀਨ ਦਾ ਕੋਈ ਇਕਰਾਰਨਾਮਾ ਨਾ ਹੋਣ ਦੀ ਸੂਰਤ ਵਿੱਚ ਉਹ (ਰਾਜਭਰ) ਆਪਣੀ ਉਪਜ ਨੂੰ ਖ਼ੁਦ ਮੰਡੀ ਵਿੱਚ ਨਹੀ ਵੇਚ ਸਕਦੇ ਕਿਉਂਕਿ ਉਨ੍ਹਾਂ ਨੂੰ ਬਤੌਰ ਕਿਸਾਨ ਮਾਨਤਾ ਜੋ ਨਹੀਂ ਮਿਲ਼ੀ ਹੋਈ। “ਸਾਨੂੰ ਆਪਣੀ ਪੈਦਾਵਾਰ ਨੂੰ ਸ਼ਹਿਰ ਦੇ ਦੁਕਾਨਦਾਰਾਂ ਨੂੰ ਮੰਡੀ ਨਾਲ਼ੋਂ ਅੱਧੀ ਕੀਮਤ ‘ਤੇ ਵੇਚਣਾ ਪੈਂਦਾ ਹੈ, ਕਈ ਵਾਰੀ ਅੱਧੀ ਕੀਮਤ ਵੀ ਨਹੀਂ ਮਿਲ਼ਦੀ। ਸਾਨੂੰ ਇੰਝ ਕਰਨਾ ਹੀ ਪੈਂਦਾ ਹੈ ਜੇ ਨਾ ਕਰੀਏ ਤਾਂ ਅਨਾਜ ਸੜਨ ਲੱਗਦਾ ਹੈ।” ਬਲਿਆ ਵਿਖੇ ਮੰਡੀ ਵਿੱਚ ਮਿਲ਼ਣ ਵਾਲ਼ੀਆਂ ਕੀਮਤਾਂ ਕਰੀਬ ਦੋਗੁਣੀਆਂ ਹਨ ਅਤੇ ਪ੍ਰਤੀ ਕੁਵਿੰਟਲ ਅਨਾਜ (ਚੌਲ਼) 1,940 ਰੁਪਏ ਵਿਕਦਾ ਹੈ, ਪਰ ਰਾਜਭਰ ਇਸ ਲਾਭ ‘ਤੇ ਕੋਈ ਦਾਅਵਾ ਨਹੀਂ ਠੋਕ ਸਕਦੇ।

“ਮੈਨੂੰ ਮਹੀਨੇ ਦੇ 15-20 ਦਿਨ ਨਿਰਮਾਣ-ਥਾਵਾਂ ‘ਤੇ ਕੰਮ ਮਿਲ਼ ਜਾਂਦਾ ਹੈ ਜਿੱਥੇ ਮੈਨੂੰ 300-350 ਰੁਪਏ ਦਿਹਾੜੀ ਮਿਲ਼ਦੀ ਹੈ। ਮੈਂ ਤਾਉਮਰ ਬਤੌਰ ਮਜ਼ਦੂਰ ਹੀ ਕੰਮ ਕੀਤਾ ਹੈ ਕਦੇ ਖੇਤਾਂ ਵਿੱਚ ਅਤੇ ਕਦੇ ਨਿਰਮਾਣ ਥਾਵਾਂ ‘ਤੇ। ਹੁਣ ਮੇਰੇ ਦੋ ਬੇਟੇ ਵੀ ਇਹੀ ਕੁਝ ਕਰਦੇ ਹਨ,” ਤੂਫਾਨੀ ਰਾਜਭਰ ਨੇ ਕਿਹਾ।

ਆਖਰ ਪਿੰਡ ਦੇ ਹੀ ਰਾਮਚੰਦਰ ਯਾਦਵ ਨੇ ਵੀ 7,000 ਰੁਪਏ ਪ੍ਰਤੀ ਵਿਘਾ ਲਗਾਨ ਦੀ ਦਰ ‘ਤੇ ਚਾਰ ਵਿਘੇ ਜ਼ਮੀਨ ਪਟੇ ‘ਤੇ ਲਈ ਹੈ, ਪਰ ਹਰ ਵੇਲ਼ੇ ਉਹ ਬੇਮੌਸਮੀ ਬਰਸਾਤ ਅਤੇ ਅਵਾਰਾ ਨੀਲ ਗਾਂ ਦੇ ਹਮਲੇ ਤੋਂ ਸਹਿਮੇ ਰਹਿੰਦੇ ਹਨ, ਦੋਵੇਂ ਹੀ ਮਿੰਟਾਂ-ਸਕਿੰਟਾਂ ਵਿੱਚ ਪੂਰੀ ਦੀ ਪੂਰੀ ਫ਼ਸਲ ਤਬਾਹ ਕਰ ਸੁੱਟਦੇ ਹਨ। “ਪਿਛਲੇ 8-10 ਸਾਲਾਂ ਤੋਂ, ਮੀਂਹ ਦਾ ਕੋਈ ਪੱਕਾ ਖ਼ਾਸਾ ਰਿਹਾ ਹੀ ਨਹੀਂ। ਕਈ ਵਾਰੀ ਤਾਂ ਸਿਆਲ ਰੁੱਤੇ ਹੀ ਰੱਜ ਕੇ ਮੀਂਹ ਪੈ ਜਾਂਦਾ ਹੈ। ਹੁਣ ਤਾਂ ਮੀਂਹ ਦੇ ਆਉਣ ਜਾਂ ਨਾ ਆਉਣ ਦਾ ਕੋਈ ਕਿਆਸ ਲਾਇਆਂ ਨਹੀਂ ਲੱਗਦਾ। ਝੋਨੇ ਦੇ ਸ਼ੁਰੂਆਤੀ ਸਮੇਂ ਦੌਰਾਨ ਮੀਂਹ ਦਾ ਪੈਣਾ ਫ਼ਸਲ ਲਈ ਚੰਗਾ ਹੁੰਦਾ ਹੈ, ਪਰ ਫ਼ਸਲ ਦੇ ਪੱਕਣ ਵੇਲ਼ੇ ਜੇਕਰ ਮੀਂਹ ਪੈ ਜਾਵੇ ਤਾਂ ਪੂਰੇ ਦਾ ਪੂਰਾ ਝਾੜ ਤਬਾਹ ਹੋ ਜਾਂਦਾ ਹੈ। ਇੱਥੋਂ ਤੱਕ ਕਿ ਮਿੱਟੀ ਵੀ ਪਾਣੀ ਸੋਖਣਾ ਬੰਦ ਕਰ ਦਿੰਦੀ ਹੈ ਕਿਉਂਕਿ ਉਹ ਤਾਂ ਪਹਿਲਾਂ ਹੀ ਵੱਤਰ ਹੋਈ ਹੁੰਦੀ ਹੈ,” 60 ਸਾਲਾ ਰਾਮਚੰਦਰ ਨੇ ਕਿਹਾ। ਇੱਕ ਹੋਰ ਗੱਲ ਨਾਲ਼ ਜੋੜਦਿਆਂ ਉਹ ਕਹਿੰਦੇ ਹਨ ਕਿ ਕਈ ਵਾਰੀ ਸਿਆਲ ਰੁੱਤੇ ਉਸ ਇਲਾਕੇ ਵਿੱਚ ਵੀ ਮੀਂਹ ਪੈ ਜਾਂਦਾ ਹੈ ਜਿੱਥੇ ਮੀਂਹ ਪੈਣ ਦੀ ਕੋਈ ਭਵਿੱਖਬਾਣੀ ਜਾਂ ਪੂਰਵ-ਸੂਚਨਾ ਦਿੱਤੀ ਹੀ ਨਹੀਂ ਗਈ ਹੁੰਦੀ।

ਯਾਦਵ ਨੇ ਦੱਸਿਆ ਕਿ ਆਪਣੀ ਚਾਰ ਵਿਘੇ ਜ਼ਮੀਨ, ਜੋ ਮੋਟਾ-ਮੋਟੀ ਦੋ ਏਕੜ ਜ਼ਮੀਨ ਦੇ ਬਰਾਬਰ ਹੁੰਦੀ ਹੈ, ਨੂੰ ਵਾਹੁਣ ਲਈ 10,000 ਰੁਪਏ ਖਰਚਾ ਆਉਂਦਾ ਹੈ। ਵਾਹੀ ਵਾਸਤੇ ਉਨ੍ਹਾਂ ਨੂੰ ਡਰਾਈਵਰ ਅਤੇ ਟਰੈਕਟਰ ਕਿਰਾਏ ‘ਤੇ ਲੈਣਾ ਪੈਂਦਾ ਹੈ। “ਮੈਂ ਝੋਨੇ ਦੀ ਲਵਾਈ (ਬਿਜਾਈ) ‘ਤੇ 3,000 ਰੁਪਏ ਖਰਚਦਾ ਹਾਂ ਅਤੇ ਵਾਢੀ ਅਤੇ ਝੋਨੇ ਨੂੰ ਬੋਰੀਆਂ ਵਿੱਚ ਭਰਨ ਵਾਲ਼ੇ ਮਜ਼ਦੂਰਾਂ ਨੂੰ ਮਜ਼ਦੂਰੀ ਦੇ ਬਦਲੇ ਵਿੱਚ ਵੱਢੀ ਗਈ ਫ਼ਸਲ ਦਾ ਇੱਕ ਤਿਹਾਈ ਹਿੱਸਾ ਦਿੰਦਾ ਹਾਂ,” ਉਹ ਕਹਿੰਦੇ ਹਨ।

ਬਿਜਾਈ ਦਾ ਮੁੱਖ ਕੰਮ ਟਰੈਕਟਰਾਂ ਰਾਹੀਂ ਹੁੰਦਾ ਹੈ ਜੋ ਕਿਸਾਨਾਂ ਦੇ ਖ਼ਰਚੇ ਵਿੱਚ ਵਾਧਾ ਕਰਨ ਮਗਰਲਾ ਇੱਕ ਹੋਰ ਕਾਰਨ ਬਣਦਾ ਹੈ। ਰਾਮ ਚੰਦਰ ਕਹਿੰਦੇ ਹਨ,”ਦੋ ਸਾਲ ਪਹਿਲਾਂ ਇੱਕ ਵਿਘਾ ਜ਼ਮੀਨ ਵਿੱਚ ਝੋਨੇ ਦੀ ਬਿਜਾਈ ਮਗਰ 500 ਰੁਪਿਆ ਖਰਚਾ ਆਉਂਦਾ ਸੀ। ਹੁਣ ਮੈਨੂੰ ਹਰੇਕ ਏਕੜ ਮਗਰ 700 ਰੁਪਏ ਖਰਚਣੇ ਪੈਂਦੇ ਹਨ।” ਇੱਕ ਵਾਰ ਦੀ ਫਸਲ ਦੌਰਾਨ ਉਨ੍ਹਾਂ ਨੂੰ ਸਿਰਫ਼ ਬਿਜਾਈ ‘ਤੇ ਹੀ 2800 ਰੁਪਏ ਖਰਚੇ ਪੈਂਦੇ ਹਨ ਅਤੇ ਡੀਜ਼ਲ ਦੀਆਂ ਵੱਧਦੀਆਂ ਕੀਮਤਾਂ ਇਸ ਖਰਚੇ ਨੂੰ ਹੋਰ ਵਧਾ ਸਕਦੀਆਂ ਹਨ।

ਨਾਕਾਫ਼ੀ ਅਤੇ ਬੇਮੌਸਮੀ ਬਰਸਾਤ ਇਨ੍ਹਾਂ ਬਿਪਤਾਮਾਰੇ ਕਿਸਾਨਾਂ ਦੀਆਂ ਚਿੰਤਾਵਾਂ ਨੂੰ ਹੋਰ ਵਧਾਉਣ ਦਾ ਕੰਮ ਕਰਦੀ ਹੈ। “ਬਹੁਤੇ ਮੀਂਹ (ਮੋਹਲੇਧਾਰ) ਕਾਰਨ ਸਾਡੇ ਖੇਤਾਂ ਵਿੱਚ ਪਾਣੀ ਖੜ੍ਹਾ ਹੋ ਜਾਂਦਾ ਹੈ। ਅਜਿਹੇ ਸਮੇਂ ਸਾਨੂੰ ਪਾਣੀ ਨਿਤਰਣ ਦੀ ਉਡੀਕ ਕੀਤੇ ਬਗ਼ੈਰ ਹੀ ਵਾਢੀ ਕਰਨੀ ਪੈਂਦੀ ਹੈ ਤਾਂਕਿ ਫ਼ਸਲ ਸੜਨੋਂ ਬਚ ਜਾਵੇ,” ਰਾਮਚੰਦਰ ਨੇ ਕਿਹਾ।

ਅਵਾਰਾ ਡੰਗਰ ਅਤੇ ਨੀਲ ਗਾਂ ਵੀ ਇਸ ਇਲਾਕੇ ਦੇ ਕਿਸਾਨਾਂ ਦੀਆਂ ਚਿੰਤਾਵਾਂ ਦਾ ਇੱਕ ਵੱਡਾ ਕਾਰਨ ਹਨ। ਇਸਲਈ ਜਿਓਂ ਹੀ ਫ਼ਸਲ ਉੱਗਣ ਲੱਗਦੀ ਹੈ, ਕਿਸਾਨ ਵਾਢੀ ਤੱਕ ਆਪਣੀ ਫ਼ਸਲ ਦੀ ਆਪ ਹੀ ਰਾਖੀ ਬੈਠੇ ਰਹਿੰਦੇ ਹਨ; ਕਈ ਤਾਂ ਰਾਖੇ ਵੀ ਭਾੜੇ ‘ਤੇ ਲੈ ਲੈਂਦੇ ਹਨ।

ਰਾਮਚੰਦਰ ਜਿਹੇ ਕਾਸ਼ਤਕਾਰ ਕਿਸਾਨਾਂ ਦੇ ਅੰਦਰ ਰੋਸ ਹੋਣ ਦਾ ਵੱਡਾ ਕਾਰਨ ਇਹ ਵੀ ਹੈ ਕਿ ਉਹ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਸਾਲ ਵਿੱਚ ਤਿੰਨ ਵਾਰੀ ਮਿਲ਼ਣ ਵਾਲ਼ੀ 2,000 ਰੁਪਏ ਦੀ ਰਾਸ਼ੀ ਪਾਉਣ ਦੇ ਹੱਕਦਾਰ ਵੀ ਨਹੀਂ ਹਨ। “ਉਹ ਪੈਸਾ ਭੂ-ਮਾਲਕਾਂ ਦੇ ਖਾਤੇ ਵਿੱਚ ਚਲਾ ਜਾਂਦਾ ਹੈ। ਪਰ ਜੇ ਖੇਤਾਂ ਵਿੱਚ ਹੜ੍ਹ ਆ ਜਾਵੇ ਜਾਂ ਫ਼ਸਲ ਤਬਾਹ ਹੋ ਜਾਵੇ ਤਾਂ ਬਰਬਾਦੀ ਸਾਡੀ ਹੁੰਦੀ ਹੈ ਭੂ-ਮਾਲਕਾਂ (ਜਿਨ੍ਹਾਂ ਨੂੰ ਬੈਠੇ-ਬਿਠਾਏ ਪੈਸੇ ਆਉਂਦੇ ਹਨ) ਦੀ ਨਹੀਂ,” ਇਸ ਨੁਕਤੇ ਵੱਲ ਉਹ ਹਿਰਖੇ ਮਨ ਨਾਲ਼ ਮੇਰਾ ਧਿਆਨ ਦਵਾਉਂਦੇ ਹਨ।

ਕਿਸਾਨ ਆਪਣੇ ਕੋਲ਼ ਇੰਨਾ ਕੁ ਵਾਧੂ ਅਨਾਜ (ਝੋਨਾ) ਰੱਖਦੇ ਹਨ, ਜਿਸ ਵਿੱਚੋਂ ਇੱਕ ਹਿੱਸੇ ਨਾਲ਼ ਉਹ ਪੂਰਾ ਸਾਲ ਆਪਣੇ ਪਰਿਵਾਰ ਦਾ ਢਿੱਡ ਭਰਦੇ ਅਤੇ ਬਾਕੀ ਬਚਿਆ ਅਨਾਜ ਵੇਚ ਦਿੰਦੇ ਹਨ। “ਮੈਂ ਮਹੀਨੇ ਦੇ ਅੰਦਰ ਅੰਦਰ ਤਕਰੀਬਨ 30 ਕੁਵਿੰਟਲ ਝੋਨੇ ਦੀ ਵਾਢੀ ਕਰ ਲਵਾਂਗਾ। ਜਿਸ ਵਿੱਚੋਂ 15 ਕੁਵਿੰਟਲ ਦੇ ਕਰੀਬ ਮੈਂ ਆਪਣੇ ਪਰਿਵਾਰ ਨੂੰ ਖੁਆਉਣ ਜੋਗੀ ਰੱਖ ਲਵਾਂਗਾ,” ਰਾਮਚੰਦਰ ਨੇ ਅਕਤੂਬਰ ਦੇ ਮਹੀਨੇ ਹੋਈ ਗੱਲਬਾਤ ਦੌਰਾਨ ਕਿਹਾ। ਇਹ ਝੋਨੇ ਦੀ ਫ਼ਸਲ 1,000 ਰੁਪਏ ਤੋਂ 1,200 ਰੁਪਏ ਪ੍ਰਤੀ ਕੁਵਿੰਟਲ ਦੇ ਹਿਸਾਬ ਨਾਲ਼ ਵੇਚ ਦਿੱਤੀ ਜਾਵੇਗੀ, ਜਿਸ ਨਾਲ਼ ਯਾਦਵ ਨੂੰ ਮੋਟਾ-ਮੋਟੀ 16,000-17,000 ਰੁਪਏ ਦੀ ਆਮਦਨੀ ਹੋਵੇਗੀ- ਅਜੇ ਖਰਚੇ ਘਟਾਉਣੇ ਬਾਕੀ ਹਨ। “ਇੱਕ ਵਾਰ ਦੀ ਫ਼ਸਲ ਲਈ ਪੂਰੀ ਜ਼ਮੀਨ ਨੂੰ ਢੰਗ ਨਾਲ਼ ਵਾਹੁਣ ਦਾ ਖਰਚਾ ਕੋਈ 10,000 ਰੁਪਏ ਆਉਂਦਾ ਹੈ,” ਰਾਮਚੰਦਰ ਨੇ ਅਖ਼ੀਰ ਹਿਸਾਬ ਲਾਉਂਦਿਆਂ ਕਿਹਾ।

ਦੋਵਾਂ ਵਿਅਕਤੀਆਂ ਨੇ ਦੱਸਿਆ ਕਿ ਲਗਾਨ ਬੰਦੋਬਸਤ ਵਿੱਚ ਇੰਨੀ ਘੱਟ ਆਮਦਨੀ ਪੱਲੇ ਪੈਂਦੀ ਹੈ ਕਿ ਸਾਨੂੰ ਦਿਹਾੜੀ-ਧੱਪੇ ਲਾਉਣੇ ਪੈਂਦੇ ਹਨ, ਜੇ ਸਿਰਫ਼ ਖੇਤੀ ਵੱਲ ਦੇਖੀਏ ਤਾਂ ਭੁੱਖੇ ਮਰ ਜਾਈਏ। “ਮਹਾਂਮਾਰੀ ਨੇ ਸਾਡੀਆਂ ਮੁਸ਼ਕਲਾਂ ਨੂੰ ਹੋਰ ਵਧਾ ਦਿੱਤਾ ਹੈ। ਕੋਵਿਡ-19 ਤੋਂ ਪਹਿਲਾਂ ਮੈਨੂੰ ਮਹੀਨੇ ਦੇ 15-20 ਦਿਨ ਕੰਮ ਮਿਲ਼ ਜਾਇਆ ਕਰਦਾ ਸੀ, ਪਰ ਹੁਣ ਮੁਸ਼ਕਲ ਹੀ ਕੋਈ ਕੰਮ ਮਿਲ਼ਦਾ ਹੈ।” ਹੁਣ ਤਾਂ ਉਨ੍ਹਾਂ ਦਾ ਚਾਰ ਮੈਂਬਰੀ ਪਰਿਵਾਰ-ਜਿਸ ਵਿੱਚ ਪਤੀ-ਪਤਨੀ ਅਤੇ ਦੋ ਬੱਚੇ ਸ਼ਾਮਲ ਹਨ- ਜਿਵੇਂ ਕਿਵੇਂ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ (PMGKAY) ਤਹਿਤ ਮਿਲ਼ਣ ਵਾਲ਼ੇ ਮਹੀਨੇ ਦੇ ਰਾਸ਼ਨ, ਜਿਸ ਵਿੱਚ 20 ਕਿਲੋ ਕਣਕ ਅਤੇ 15 ਕਿਲੋ ਚੌਲ਼ ਮਿਲ਼ਦੇ ਹਨ- ਨਾਲ਼ ਹੀ ਗ਼ੁਜ਼ਾਰਾ ਕਰ ਰਿਹਾ ਹੈ।

ਔਰਤ ਖੇਤ ਮਜ਼ਦੂਰਾਂ ਦੀ ਹਾਲਤ ਹੋਰ ਵੀ ਖ਼ਸਤਾ ਹੈ। ਉਹੀ ਹਨ ਜੋ ਖੇਤਾਂ ਦੀ ਗੋਡੀ ਅਤੇ ਸਾਫ਼-ਸਫ਼ਾਈ ਕਰਕੇ ਜ਼ਮੀਨ ਤਿਆਰ ਕਰਦੀਆਂ ਹਨ ਫਿਰ ਝੋਨੇ ਦੀ ਪਨੀਰੀ ਲਾਉਂਦੀਆਂ, ਵਾਢੀ ਕਰਦੀਆਂ ਹਨ ਅਤੇ ਝਾੜ ਦੀ ਛਟਾਈ ਕਰਕੇ ਬੋਰੀਆਂ ਵਿੱਚ ਭਰਦੀਆਂ ਹਨ। ਇਨ੍ਹਾਂ ਸਾਰੇ ਕੰਮਾਂ ਨੂੰ ਕਰਨ ਬਦਲੇ ਵੀ ਉਨ੍ਹਾਂ ਨੂੰ 100-120 ਰੁਪਏ ਦਿਹਾੜੀ ਹੀ ਮਿਲ਼ਦੀ ਹੈ, ਜੋ ਉੱਤਰ ਪ੍ਰਦੇਸ਼ ਵਿਖੇ ਮਨਰੇਗਾ ਦੁਆਰਾ ਔਰਤ ਅਤੇ ਪੁਰਸ਼ ਦੀ ਤੈਅ ਕੀਤੀ ਉਜਰਤ 201 ਰੁਪਏ ਨਾਲ਼ੋਂ ਵੀ ਅੱਧੀ ਬਣਦੀ ਹੈ।

“ਕੋਵਿਡ-19 ਤੋਂ ਬਾਅਦ ਤੋਂ ਸਾਨੂੰ ਅੱਧਾ ਮਹੀਨਾ ਹੀ ਕੰਮ ਮਿਲ਼ਦਾ ਹੈ ਅਤੇ ਪੈਸੇ ਦੀ ਕਿੱਲਤ ਕਾਰਨ ਅਸੀਂ ਘਰੇ ਹੀ ਤੜੇ ਰਹਿਣ ਨੂੰ ਮਜ਼ਬੂਰ ਹਾਂ,” 35 ਸਾਲਾ ਖੇਤ ਮਜ਼ਦੂਰ ਊਸ਼ਾ ਦੇਵੀ ਨੇ ਕਿਹਾ। ਉਹ ਪੰਜ ਧੀਆਂ ਦੀ ਮਾਂ ਹਨ ਅਤੇ ਉਨ੍ਹਾਂ ਦੀ ਵੱਡੀ ਧੀ ਰਾਣੀ ਬਿੰਦ ਮਹਿਜ 13 ਸਾਲਾਂ ਦੀ ਹੈ। ਊਸ਼ਾ ਦੇ ਪਤੀ ਇੱਕ ਨਿਰਮਾਣ ਮਜ਼ਦੂਰ ਹਨ ਅਤੇ ਉਨ੍ਹਾਂ ਨੂੰ ਵੀ ਫਿਲਹਾਲ ਕੰਮ ਮਿਲ਼ਣ ਵਿੱਚ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ”ਸਾਨੂੰ ਕੋਵਿਡ ਕਾਰਨ ਕੰਮ ਨਹੀਂ ਮਿਲ਼ ਰਿਹਾ ਸੀ ਅਤੇ ਜਿਵੇਂ-ਕਿਵੇਂ ਅਸੀਂ ਆਪਣਾ ਗੁਜ਼ਾਰਾ ਚਲਾਉਣ ਵਿੱਚ ਸਫ਼ਲ ਰਹੇ। ਸਾਰੇ ਸਕੂਲ ਬੰਦ ਸਨ ਇਸਲਈ ਮੇਰੀ ਧੀ ਨੂੰ ਮਿਡ-ਡੇਅ ਮੀਲ ਵੀ ਨਹੀਂ ਸੀ ਮਿਲ ਸਕਿਆ,” ਉਨ੍ਹਾਂ ਕਿਹਾ।

40 ਸਾਲਾ ਪਾਰਵਤੀ ਦੇਵੀ, ਇੱਕ ਖੇਤ ਮਜ਼ਦੂਰ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਕਿਉਂਕਿ ਮਾਲਕ ਲੋਕ ਸਾਰੇ ਪੁਰਸ਼ ਹੁੰਦੇ ਹਨ, ਇਸਲਈ ਉਹ ਪੁਰਸ਼ਾਂ ਨੂੰ ਵੱਧ ਮਜ਼ਦੂਰੀ ਦਿੰਦੇ ਹਨ। “ਔਰਤਾਂ ਦੀ ਮਿਹਨਤ ਨੂੰ ਮੁੱਲ ਪਾਉਣ ਵਾਲ਼ਾ ਕੋਈ ਨਹੀਂ ਹੁੰਦਾ,” ਉਹ ਕਹਿੰਦੀ ਹਨ। ਪਾਰਵਤੀ ਦੇਵੀ ਨੇੜਲੇ ਇੱਕ ਖੇਤ ਵਿੱਚ ਵਾਢੀ ਕਰਨ ਜਾ ਰਹੀ ਹਨ, ਜੋ ਉਨ੍ਹਾਂ ਦੇ ਘਰ ਤੋਂ ਕਰੀਬ 2 ਕਿਲੋਮੀਟਰ ਦੀ ਦੂਰੀ ‘ਤੇ ਹੈ। ਉਹ ਕਹਿੰਦੀ ਹਨ ਕਿ ਵੱਢੇ ਗਏ ਅਤੇ ਛਟਾਈ ਕੀਤੇ ਅਨਾਜ ਦੀ ਮਜ਼ਦੂਰੀ ਦੇ ਬਦਲੇ ਉਨ੍ਹਾਂ ਨੂੰ ਅਨਾਜ ਦਾ ਇੱਕ ਚੌਥਾਈ ਹਿੱਸਾ ਮਿਲ਼ੇਗਾ।

“ਮੇਰੇ ਪਿਤਾ ਇੱਕ ਖੇਤ ਮਜ਼ਦੂਰ ਸਨ, ਮੈਂ ਵੀ ਇੱਕ ਖੇਤ ਮਜ਼ਦੂਰ ਹਾਂ ਅਤੇ ਮੇਰੇ ਬੱਚੇ ਵੀ ਮਜ਼ਦੂਰੀ ਹੀ ਕਰਦੇ ਹਨ,” 81 ਸਾਲਾ ਮਨਈ ਪਾਸਵਾਨ ਕਹਿੰਦੇ ਹਨ। ਉਹ ਆਖਰ ਪਿੰਡ ਵਿਖੇ ਇੱਟ ਅਤੇ ਗਾਰੇ ਦੀ ਚਿਣਾਈ ਨਾਲ਼ ਬਣੇ ਆਪਣੇ ਘਰ ਵਿੱਚ ਆਪਣੀਆਂ ਪੰਜ ਬੱਕਰੀਆਂ ਦੇ ਨਾਲ਼ ਰਹਿੰਦੇ ਹਨ, ਜਿਨ੍ਹਾਂ ਨੂੰ ਉਹ ਦਿਨ ਵਿੱਚ ਦੋ ਵਾਰੀਂ ਚਰਾਉਣ ਲਈ ਬਾਹਰ ਲਿਜਾਂਦੇ ਹਨ। ਪਾਸਵਾਨ ਇੱਕ ਬੇਜ਼ਮੀਨੇ ਕਿਸਾਨ ਹਨ ਅਤੇ ਖੇਤੀ ਕਰਨ ਲਈ ਉਨ੍ਹਾਂ ਨੇ ਇੱਕ ਵਿਘਾ ਜ਼ਮੀਨ ਪਟੇ ‘ਤੇ ਲਈ ਹੋਈ ਹੈ, ਜਿਹਦੇ ਬਦਲੇ ਉਨ੍ਹਾਂ ਨੂੰ 7,000 ਰੁਪਏ ਲਗਾਨ ਦੇ ਰੂਪ ਵਿੱਚ ਦੇਣੇ ਪੈਂਦੇ ਹਨ। ਉਨ੍ਹਾਂ ਨੇ ਦੱਸਿਆ,”ਮੇਰੇ ਚਾਰ ਬੇਟੇ ਹਨ ਅਤੇ ਉਹ ਚਾਰੇ ਦਿਹਾੜੀ ਮਜ਼ਦੂਰ ਹਨ।”

ਬਲਿਆ ਦੇ ਜਿਨ੍ਹਾਂ ਕਿਸਾਨਾਂ ਕੋਲ਼ ਆਪਣਾ ਖੇਤ ਹੈ, ਉਨ੍ਹਾਂ ਕਿਸਾਨਾਂ ਦੀ ਵੀ ਹਾਲਤ ਕੋਈ ਬਹੁਤ ਚੰਗੀ ਨਹੀਂ ਹੈ। “ਸਿਰਫ਼ ਕਿਸਾਨ ਹੋਣ ਦਾ ਮਤਲਬ ਇਹ ਨਹੀਂ ਕਿ ਤੁਹਾਡਾ ਢਿੱਡ ਭਰੇਗਾ ਹੀ ਭਰੇਗਾ। ਜੇ ਤੁਸੀਂ ਸ਼ਹਿਰ ਵਿੱਚ ਮਜ਼ਦੂਰੀ ਕਰਦੇ ਹੋ ਤਾਂ ਸ਼ਾਮੀਂ ਤੁਹਾਡੇ ਹੱਥ ਦਿਹਾੜੀ ਦੇ ਪੈਸੇ ਆ ਜਾਂਦੇ ਹਨ। ਪਰ ਇੱਥੇ ਇੱਕ ਕਿਸਾਨ ਦੀ ਹਾਲਤ ਇਹ ਹੈ ਕਿ ਅਸੀਂ ਬਾਮੁਸ਼ਕਲ ਹੀ ਆਪਣਾ ਅਤੇ ਆਪਣੇ ਪਰਿਵਾਰ ਦਾ ਢਿੱਡ ਭਰ ਪਾਉਂਦੇ ਹਾਂ,” 59 ਸਾਲਾ ਕਿਸਾਨ, ਰਮਾਸ਼ੰਕਰ ਮਿਸ਼ਰਾ ਕਹਿੰਦੇ ਹਨ, ਜਿਨ੍ਹਾਂ ਕੋਲ਼ ਕਰੀਬ ਅੱਧਾ ਕੁ ਏਕੜ ਜ਼ਮੀਨ ਹੈ। ਰਮਾਸ਼ੰਕਰ ਦੀਆਂ ਛੇ ਧੀਆਂ ਅਤੇ ਇੱਕ ਬੇਟਾ ਹੈ। ਉਨ੍ਹਾਂ ਦੀਆਂ ਚਾਰ ਧੀਆਂ ਵਿਆਹੀਆਂ ਜਾ ਚੁੱਕੀਆਂ ਹਨ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਬੇਟੇ ਨੂੰ ਵੱਡੇ ਸ਼ਹਿਰ ਵਿੱਚ ਕਿਤੇ ਨੌਕਰੀ ਮਿਲ਼ ਜਾਵੇਗੀ।

“ਨੌਕਰੀ ਕਰਕੇ ਤੁਸੀਂ ਕੁਝ ਪੈਸਾ ਕਮਾ ਸਕਦੇ ਹੋ। ਲੋਕੀਂ ਇਸੇ ਕਰਕੇ ਖੇਤੀ ਛੱਡ ਰਹੇ ਹਨ ਕਿਉਂਕਿ ਇਸ ਕੰਮ ਵਿੱਚ ਸਰੀਰਕ ਮਿਹਨਤ ਬਹੁਤ ਹੀ ਜ਼ਿਆਦਾ ਕਰਨੀ ਪੈਂਦੀ ਹੈ ਅਤੇ ਜਦੋਂਕਿ ਹੱਥ ਆਉਣ ਵਾਲ਼ੇ ਪੈਸੇ ਬਹੁਤ ਹੀ ਨਿਗੂਣੇ ਹੁੰਦੇ ਹਨ,” ਉਨ੍ਹਾਂ ਹਊਕਾ ਭਰਿਆ।

Editor's note

ਆਰਯਨ ਪਾਂਡੇ, ਦਿੱਲੀ ਯੂਨੀਵਰਸਿਟੀ ਦੇ ਹਿੰਦੂ ਕਾਲਜ ਵਿਖੇ ਅੰਗਰੇਜ਼ੀ, ਆਨਰਸ ਦੇ ਦੂਜੇ ਸਾਲ ਦੇ ਵਿਦਿਆਰਥੀ ਹਨ। ਪਾਰੀ ਬਾਰੇ ਉਨ੍ਹਾਂ ਨੂੰ ਜੋ ਜਾਣਕਾਰੀ ਮਿਲ਼ੀ ਉਹ ਪਾਰੀ ਦੇ ਸੰਸਥਾਪਕ ਪੀ. ਸਾਈਨਾਥ ਦੇ ਭਾਸ਼ਣਾਂ ਤੋਂ ਮਿਲ਼ੀ। ਆਰਯਨ ਕਹਿੰਦੇ ਹਨ,"ਮੈਂ ਇਹ ਸਟੋਰੀ ਇਸ ਲਈ ਕਰਨਾ ਚਾਹੁੰਦਾ ਸਾਂ ਤਾਂਕਿ ਸਾਡੇ ਦੇਸ਼ ਦੇ ਬੇਜ਼ਮੀਨੇ ਖੇਤ ਮਜ਼ਦੂਰਾਂ ਦੀ ਤਰਸਯੋਗ ਹਾਲਤ ਨੂੰ ਦੁਨੀਆ ਸਾਹਮਣੇ ਲਿਆਂਦਾ ਜਾਵੇ। ਪਾਰੀ ਐਜੁਕੇਸ਼ਨ ਲਈ ਰਿਪੋਰਟਿੰਗ ਕਰਕੇ ਮੈਨੂੰ ਸਾਡੇ ਦੇਸ਼ ਦੇ ਢਾਂਚੇ ਪ੍ਰਤੀ ਇਕ ਸਮਝ ਬਣੀ ਕਿ ਮੈਂ ਮਹਿਸੂਸ ਕੀਤਾ ਕਿ ਪੇਂਡੂ ਭਾਰਤ ਦੀ ਪਤਰਕਾਰਤਾ ਦਾ ਅਸਲੀ ਖ਼ਾਸਾ ਤਾਂ ਇਹੀ ਹੈ।"  

ਨਿਰਮਲਜੀਤ ਕੌਰ ਪੰਜ ਤੋਂ ਹਨ। ਉਹ ਇੱਕ ਅਧਿਆਪਕਾ ਹਨ ਅਤੇ ਪਾਰਟ ਟਾਈਮ ਅਨੁਵਾਦਕ ਦਾ ਕੰਮ ਕਰਦੀ ਹਨ। ਉਹ ਸੋਚਦੀ ਹਨ ਕਿ ਬੱਚੇ ਹੀ ਸਾਡਾ ਆਉਣ ਵਾਲ਼ਾ ਕੱਲ੍ਹ ਹੈ ਸੋ ਉਹ ਬੱਚਿਆਂ ਨੂੰ ਪੜ੍ਹਾਈ ਦੇ ਨਾਲ਼ ਨਾਲ਼ ਚੰਗੇ ਵਿਚਾਰ ਵੀ ਦਿੰਦੀ ਹਨ।