ਇਨ੍ਹਾਂ ਕਹਾਣੀਆਂ ਦੀ ਸ਼ੁਰੂਆਤ ਇੱਕ ਨਿੱਜੀ ਯੋਜਨਾ ਦੇ ਤਹਿਤ ਗਿਆਰਵੀ ਕਲਾਸ ਦੇ ਵਿਦਿਆਰਥੀਆਂ ਨੇ (ਅਕਾਦਮੀ ਸਾਲ 2019) ਕੀਤੀ ਸੀ ਜਿਨ੍ਹਾਂ ਨੇ ਪੇਂਡੂ ਇਲਾਕਿਆਂ ‘ਚੋਂ ਆਏ ਪਰਵਾਸੀਆਂ ਦੀ ਇੰਟਰਵਿਊ ਲਈ ਸੀ ਜਿਹੜੇ ਹੁਣ ਬੰਗਲੁਰੂ ਵਿਖੇ ਸਕਿਊਰਟੀ ਗਾਰਡ, ਡਰਾਈਵਰ, ਘਰੇਲੂ ਕਾਮੇ, ਦਿਹਾੜੀਦਾਰ ਮਜ਼ਦੂਰ ਅਤੇ ਗੈਰ-ਰਸਮੀ ਖੇਤਰਾਂ ਵਿੱਚ ਕੰਮ ਕਰਦੇ ਹਨ। 

ਰੋਜੈਕਟ ਭਾਰਤੀ ਸਕੂਲ ਸਰਟੀਫ਼ਿਕੇਟ (ISC-12) ਪ੍ਰੀਖਿਆ ਲਈ ਲੋੜੀਂਦੀ ਅਰਥ ਸ਼ਾਸਤਰ ਦੇ ਸਿਲੇਬਸ ਦੇ ਅਨੁਕੂਲ ਹਨ ਅਤੇ ਉਨ੍ਹਾਂ ਦੇ ਅਧਿਆਪਕਾਂ ਵੱਲੋਂ ਪਾਰੀ (PARI) ਐਜੂਕੇਸ਼ਨ ਦੇ ਸਹਿਯੋਗ ਨਾਲ਼ ਤਿਆਰ ਕੀਤੇ ਗਏ ਸਨ। ਹਰੇਕ ਯੋਜਨਾ ਪਰਵਾਸ ਦੇ ਆਰਥਿਕ ਅਤੇ ਸਮਾਜਿਕ ਪ੍ਰਭਾਵਾਂ ਨੂੰ ਰਿਕਾਰਡ ਕਰਦੀ ਹੈ ਅਤੇ ਭਾਰਤ ਦੇ ਪੇਂਡੂ ਇਲਾਕਿਆਂ ਤੋਂ ਉਮੀਦਾਂ ਦੇ ਸਫ਼ਰਾਂ ‘ਤੇ ਨਿਕਲ਼ੇ ਇਨ੍ਹਾਂ ਪ੍ਰਵਾਸੀਆਂ ਦੀਆਂ ਪੈਂੜਾਂ ਦਾ ਥਹੁ-ਪਤਾ ਲਾਉਂਦੀ ਹੈ ਜਿਨ੍ਹਾਂ ਨੂੰ ਸੰਕਟਾਂ ਨਾਲ਼ ਮਾਰੀ ਖੇਤੀ ਕਾਰਨ ਘੱਟ ਰਹੀ ਆਮਦਨੀ ਅਤੇ ਕਰਜ਼ੇ ਦੀ ਜਿਲ੍ਹਣ ਹੱਥੋਂ ਮਜ਼ਬੂਰ ਹੋ ਕੇ ਆਪਣੇ ਘਰਾਂ ਨੂੰ ਪਿਛਾਂਹ ਛੱਡਣਾ ਪਿਆ।

ਪ੍ਰਵਾਸੀਆਂ ਦੀ ਪ੍ਰੋਫਾਈਲ :ਉਮੀਦਾਂ ਦਾ ਸਫ਼ਰ -ਭਾਗ III

ਇਨ੍ਹਾਂ ਪ੍ਰੋਫਾਈਲਾਂ  ਵਿੱਚ ਤੁਸੀਂ ਉਨ੍ਹਾਂ ਪ੍ਰਵਾਸੀਆਂ ਬਾਰੇ ਪੜ੍ਹੋਗੇ ਜਿਹੜੇ ਆਸਾਮ, ਆਂਧਰਾ ਪ੍ਰਦੇਸ਼, ਬਿਹਾਰ, ਕਰਨਾਟਕਾ, ਉੜੀਸਾ, ਤਾਮਿਲਨਾਡੂ,  ਤੇਲੰਗਾਨਾ, ਉੱਤਰ ਪ੍ਰਦੇਸ਼ , ਪੱਛਮੀ ਬੰਗਾਲ ਅਤੇ ਨੇਪਾਲ ਦੇ ਪੇਂਡੂ ਇਲਾਕਿਆਂ ‘ਚੋਂ ਸਫ਼ਰ ਸ਼ੁਰੂ ਕੀਤਾ ਜੋ ਬੰਗਲੁਰੂ ਸ਼ਹਿਰ ਆਣ ਮੁੱਕਿਆ।

ਪਾਰੀ ਐਜੂਕੇਸ਼ਨ ਪ੍ਰਵਾਸੀਆਂ ਦੇ ਪ੍ਰੋਫਾਈਲਾਂ ਦੇ ਪ੍ਰੋਜੈਕਟ ‘ਚੋਂ ਚੁਣੀਆਂ ਹੋਈਆਂ ਕਹਾਣੀਆਂ ਨੂੰ ਤਿੰਨ ਭਾਗਾਂ ਵਿੱਚ ਪ੍ਰਕਾਸ਼ਤ ਕਰ ਰਹੀ ਹੈ। ਭਾਗ 3 ਲੜੀਆਂ ਦਾ ਨਿਚੋੜ ਹੈ। ਛੇ ਕਹਾਣੀਆਂ ਦੀ ਸੂਚੀ ਹੈ:

‘ਮੈਂ 12 ਵਰ੍ਹਿਆਂ ਦੀ ਹੁੰਦੇ ਹੀ ਕੰਮ ਸ਼ੁਰੂ ਕਰ ਦਿੱਤਾ ਸੀ’  -ਰੀਆ  ਅਲਵਾਰਿਸ

‘ਮੇਰੇ ਮਾਪਿਆਂ ਦੀ ਸੋਚ ਸੀ ਕੁੜੀ ਨੂੰ ਪੜ੍ਹਾਉਣ ਦਾ ਕੋਈ ਫਾਇਦਾ ਨਹੀਂ’  -ਐੱਸ.ਏ. ਰਕੀਬ

‘ਕਾਸ਼ ਮੈਨੂੰ ਸਕੂਲ ਜਾਣ ਦਾ ਇੱਕ ਮੌਕਾ ਤਾਂ ਮਿਲ਼ ਜਾਂਦਾ’ -ਗੁੰਜਨ ਪੀ ਖ਼ਾਂਟਡ 

‘ਮੈਂ ਆਪਣੇ ਬੱਚਿਆਂ ਦੇ ਉੱਜਵਲ ਭਵਿੱਖ ਲਈ ਹੀ ਇੱਥੇ ਆਈ ਹਾਂ’ -ਗੌਰਵ ਗੱਡੀਆ

‘ਮੈਂ ਛੋਟੀ ਉਮਰੇ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਅਤੇ ਹੁਣ ਮੈਂ ਪੜ੍ਹਨਾ ਚਾਹੁੰਦੀ ਹੈ’– ਦੀਆ  ਭੰਡਾਰੀ

‘ਮੇਰੀ  ਕਮਾਈ ਦੀ ਬਦੌਲਤ ਅੱਜ ਮੇਰੇ ਘਰ ਬਿਜਲੀ ਹੈ -ਖੁਸ਼ੀ ਆਰ ਸ਼ਾਹ 

‘ਪੇਟਿੰਗ ਦੇ ਕੰਮ ਲਈ ਮੈਨੂੰ ਜਦੋਂ ਮਰਜ਼ੀ ਬੁਲਾਓ’ -ਸ਼੍ਰੇਯਾ ਸੇਤਿਆ


‘ਮੈਂ 12 ਵਰ੍ਹਿਆਂ ਦੀ ਹੁੰਦੇ ਹੀ ਕੰਮ ਸ਼ੁਰੂ ਕਰ ਦਿੱਤਾ ਸੀ ‘

ਮੈਂ ਉਦੋਂ ਕੰਮ ਕਰਨਾ ਸ਼ੁਰੂ ਕਰ ਕੀਤਾ ਜਦੋਂ ਮੈਂ 12 ਕੁ ਵਰ੍ਹਿਆਂ ਦੀ ਹੀ ਸਾਂ। ਮੇਰੇ ਸਵਰਗਵਾਸੀ ਪਿਤਾ ਜੀ ਨੇ ਤਾਂ ਦਸਵੀਂ ਤੱਕ ਪੜ੍ਹਾਈ ਕੀਤੀ ਸੀ ਪਰ ਮੈਂ ਪੰਜਵੀਂ ਤੋਂ ਬਾਅਦ ਹੀ ਪੜ੍ਹਾਈ ਛੱਡ ਦਿੱਤੀ। ਮੇਰੇ ਲਈ ਸਕੂਲ ਜਾਣ ਦਾ ਮਤਲਬ ਸੀ ਵਰ੍ਹਦੇ ਮੀਂਹ ਅਤੇ ਗਾਰੇ ਵਿੱਚੋਂ ਦੀ ਰਾਹ ਬਣਾਉਂਦੇ ਹੋਏ ਦੋ ਕਿਲੋਮੀਟਰ ਦਾ ਪੈਂਡਾ ਮਾਰਨਾ ਅਤੇ ਬਾਕੀ ਸਾਰਾ ਦਿਨ ਭਿੱਜੇ ਹੀ ਬੈਠੇ ਰਹਿਣਾ। ਇਸ ਲਈ ਮੈਂ ਸਕੂਲ ਜਾਣਾ ਬੰਦ ਕਰ ਦਿੱਤਾ। ਮੈਂ ਇਹ ਵੀ ਸੋਚਿਆ ਕਿਉਂ ਨਾ ਕਮਾਈ ਕਰਕੇ ਮਾਪਿਆਂ ਦੀ ਮਦਦ ਹੀ ਕਰ ਦਿਆਂ।

29 ਸਾਲਾ ਮੀਨਾਕਸ਼ੀ, ਵਾਸੀ ਇੰਦਰਾਵਲੀ, ਮੁਦੀਗੇਰੇ ਤਾਲੁਕਾ, ਜ਼ਿਲ੍ਹਾ ਚਿਕਮਾਗਾਲੂਰ, ਕਰਨਾਟਕ
ਪੇਸ਼ਾ: ਘਰੇਲੂ ਨੌਕਰਾਣੀ

ਮੈਂ ਆਪਣੇ ਮਾਪਿਆਂ (ਪਿਤਾ-ਨਰਾਸੂ ਅਤੇ ਮਾਂ-ਲੀਲਾ) ਦੇ ਨਾਲ਼ ਚਿਕਮਾਗਾਲੂਰ ਦੀ ਕੌਫ਼ੀ ਇਸਟੇਟ ਵਿਖੇ ਕੰਮ ਕਰਨ ਦੀ ਸ਼ੁਰੂਆਤ ਕੀਤੀ। ਮੈਂ ਨਰਸਰੀ (ਕਿਆਰੀਆਂ) ਅਤੇ ਖੇਤਾਂ ਵਿੱਚੋਂ ਨਦੀਨ ਪੁੱਟਣ ਦਾ ਕੰਮ ਕਰਦੀ ਅਤੇ ਖੇਤਾਂ ਵਿੱਚ  ਰੂੜੀ ਖਾਦ ਮਿਲਾਉਂਦੀ। ਮੇਰੇ ਪਿਤਾ ਜੀ ਬਤੌਰ ਸੁਪਰਵਾਈਜ਼ਰ ਕੰਮ ਕਰਦੇ ਅਤੇ ਮੇਰੀ ਮਾਂ ਉਹੀ ਕੰਮ ਕਰਦੀ ਜੋ ਮੈਂ ਕਰਿਆ ਕਰਦੀ; ਕਈ ਵਾਰ ਉਹ ਕਾਲ਼ੀ ਮਿਰਚ ਦੀਆ ਵੇਲਾਂ ‘ਤੇ ਰਸਾਇਣਿਕ ਖਾਦਾਂ ਦਾ ਛਿੜਕਾਅ ਵੀ ਕਰਦੀ।

ਦਸੰਬਰ ਤੋਂ ਮਾਰਚ ਤੱਕ ਦਾ ਸਾਡਾ ਸਮਾਂ ਵੱਧ ਰੁਝੇਵੇਂ ਭਰਿਆ ਹੋਇਆ ਕਰਦਾ ਕਿਉਂਕਿ ਇਹੀ ਵੇਲ਼ਾ ਕੌਫ਼ੀ ਤੋੜੇ ਜਾਣ ਦਾ ਸਮਾਂ ਹੁੰਦਾ ਅਤੇ ਇਸ ਵੇਲ਼ੇ ਲਈ ਮਜ਼ਦੂਰਾਂ ਦੀ ਮੰਗ ਬਹੁਤ ਵੱਧ ਜਾਂਦੀ। ਬਾਕੀ ਸਾਰਾ ਸਾਲ ਅਸੀਂ ਸਿਰਫ਼ ਰੱਖ ਰਖਾਵ ਦਾ ਹੀ ਕੰਮ ਕਰਿਆ ਕਰਦੇ ਸਨ।

ਕੰਮ ਦੀ ਸ਼ੁਰੂਆਤ ਤੋਂ ਕੁਝ ਮਹੀਨਿਆਂ ਬਾਅਦ ਮੈਂ ਸੁਣਿਆ ਕੀ ਇਸਟੇਟ ਦੇ ਮਾਲਕ ਦਾ ਮੁੰਡਾ ਬੰਗਲੁਰੂ ਜਾ ਕੇ ਕੰਮ ਕਰਨ ਦੀਆਂ ਇੱਛੁਕ ਕੁੜੀਆਂ ਦੀ ਭਾਲ ਕਰ ਰਿਹਾ ਹੈ। ਉਸ ਨੂੰ 14 ਕੁੜੀਆਂ ਦੀ ਲੋੜ ਸੀ ਪਰ ਸਭ ਨੇ ਨਾਂਹ ਕਰ ਦਿੱਤੀ ਕਿਉਂਕਿ ਉਹ ਆਪਣੇ ਘਰ ਛੱਡ ਕੇ ਜਾਣ ਲਈ ਤਿਆਰ ਨਹੀਂ ਸਨ। ਉਸਨੇ ਮੇਰੇ ਤੋਂ ਨਹੀਂ ਪੁੱਛਿਆ ਪ੍ਰੰਤੂ ਅਗਲੀ ਸਵੇਰ ਮੈਂ ਉਸ ਕੋਲ ਪੁੱਜ ਗਈ ਅਤੇ ਆਪਣੇ ਜਾਣ ਦੀ ਇੱਛਾ ਬਾਰੇ ਦੱਸਿਆ। ਉਹ ਮੈਨੂੰ ਲੈ ਕੇ ਜਾਣ ਲਈ ਥੋੜ੍ਹਾ ਝਿਜਕ ਰਿਹਾ ਸੀ ਕਿਉਂਕਿ ਅਜੇ ਮੈਂ ਬਹੁਤ ਛੋਟੀ ਸਾਂ ਤੇ ਪਰਿਵਾਰ ਤੋਂ ਦੂਰ ਰਹਿਣਾ ਔਖਾ ਸੀ। ਪਰ ਮੈਂ ਜਾਣਾ ਚਾਹੁੰਦੀ ਸਾਂ ਕਿਉਂਕਿ ਇੱਥੇ ਕੰਮ ਕਰਨਾ ਮੈਨੂੰ ਕੋਈ ਜ਼ਿਆਦਾ ਪਸੰਦ ਨਹੀਂ ਸੀ।

ਦੋ ਹਫਤਿਆਂ ਬਾਅਦ ਉਨ੍ਹਾਂ ਦਾ ਇੱਕ ਰਿਸ਼ਤੇਦਾਰ ਮੈਨੂੰ ਕਾਰ ਵਿੱਚ ਬਿਠਾ ਕੇ ਬੰਗਲੁਰੂ ਲੈ ਗਿਆ। ਮੇਰੇ ਜਾਣ ਤੋਂ ਪਹਿਲਾਂ, ਉਹਨੇ ਮੈਨੂੰ ਇੱਕ ਪਾਸੇ ਲਿਜਾ ਕੇ ਬਹੁਤ ਹੀ ਗੰਭੀਰ ਭਾਵ ਨਾਲ਼ ਫ਼ੁਸਫੁਸਾਉਂਦਿਆਂ ਕਿਹਾ ਕਿ ਜੇਕਰ ਉਸ ਪਰਿਵਾਰ ਦਾ ਕੋਈ ਵੀ ਜੀਅ ਮੈਨੂੰ ਪਰੇਸ਼ਾਨ ਕਰੇ ਤਾਂ ਮੈਂ ਬੇਝਿਜਕ ਹੋ ਕੇ ਉਹਨੂੰ ਫ਼ੋਨ ਕਰ ਦਿਆਂ ਅਤੇ ਉਹ ਮੈਨੂੰ ਫ਼ੌਰਨ ਵਾਪਸ ਘਰ ਲੈ ਆਵੇਗਾ, ਚਾਹੇ ਕੁਝ ਵੀ ਹੋ ਜਾਵੇ। ਉਸ ਦੇ ਇਸ ਪੂਰੇ ਭਰੋਸੇ ਦੇ ਸਿਰ ‘ਤੇ ਮੈਂ ਇਕ ਡਾਕਟਰ ਜੋੜੇ ਦੇ ਘਰ ਕੰਮ ਕਰਨ ਚਲੀ ਗਈ। ਮੇਰਾ ਕੰਮ ਉਨ੍ਹਾਂ ਦੇ ਬੱਚਿਆਂ ਦਾ ਧਿਆਨ ਰੱਖਣਾ ਸੀ, ਉਹਨਾਂ ਵਿਚੋਂ ਇੱਕ ਤਾਂ ਮੇਰੇ ਤੋਂ ਸਿਰਫ਼ 3 ਸਾਲ ਹੀ ਛੋਟਾ ਸੀ। ਮੈਂ ਹਰ ਮਹੀਨੇ 1500 ਰੁਪਿਆ ਕਮਾ ਲੈਂਦੀ ਸਾਂ।

ਮੈਂ ਅੱਠ ਸਾਲਾਂ ਦੇ ਬੱਚਿਆਂ ਨੂੰ ਇਸਟੇਟ ਵਿਖੇ ਕੰਮ ਕਰਦੇ ਦੇਖਿਆ ਸੀ ਅਤੇ ਉਨ੍ਹਾਂ ਵਿੱਚੋਂ ਨਾ ਕਦੇ ਕੋਈ ਫੜ੍ਹਿਆ ਗਿਆ ਤੇ ਨਾ ਹੀ ਕਿਸੇ ਨੂੰ ਕੋਈ ਨਤੀਜਾ ਹੀ ਭੁਗਤਣਾ ਪਿਆ। ਕੋਈ ਚੰਗੀ ਤਰ੍ਹਾਂ ਚੈਕਿੰਗ ਵੀ ਕਿੱਥੇ ਕਰਦਾ। ਮੈਨੂੰ ਸਮਝਾਇਆ ਗਿਆ ਸੀ ਕਿ ਜੇਕਰ ਕੋਈ ਪੁੱਛੇ ਤਾਂ ਮੈਂ ਕਹਿ ਦੇਵਾਂ ਕਿ ਮੈਂ ਪੰਦਰਾਂ ਸਾਲਾਂ ਦੀ ਹਾਂ; ਡਾਕਟਰ ਦੇ ਪਰਿਵਾਰ ਨੂੰ ਜਦੋਂ ਮੈਂ ਇੰਝ ਕਿਹਾ ਤਾਂ ਉਨ੍ਹਾਂ ਨੇ ਮੇਰੀ ਗੱਲ ‘ਤੇ ਯਕੀਨ ਕਰ ਲਿਆ। ਲੋਕ ਆਪਣੇ ਮਤਲਬ ਲਈ ਤੁਹਾਡੇ ‘ਤੇ ਯਕੀਨ ਕਰ ਲੈਂਦੇ। ਜੇਕਰ ਕਿਤੇ ਮੈਂ ਡਾਕਟਰ ਦੇ ਪਰਿਵਾਰ ਨੂੰ ਆਪਣੀ ਉਮਰ 19 ਸਾਲ ਦੱਸ ਦਿੰਦੀ ਤਾਂ ਉਹ ਮੰਨ ਵੀ ਲੈਂਦੇ !

ਕਈ ਲੋਕ ਕਹਿੰਦੇ ਹਨ ਕਿ ਮੇਰਾ ਦਿਮਾਗ ਤਾਂ ਇੰਜੀਨੀਅਰ ਤੋਂ ਵੀ ਵੱਧ ਤੇਜ਼ ਚੱਲਦਾ ਹੈ। ਕੋਈ ਮੈਨੂੰ ਇੱਕ ਵਾਰ ਕੋਈ ਖਾਣਾ ਬਣਾਉਣ ਦੀ ਰੈਸਪੀ ਦੱਸੇ ਤਾਂ ਮੈਨੂੰ ਹਮੇਸ਼ਾ ਯਾਦ ਰਹਿੰਦੀ ਹੈ। ਜੇਕਰ ਮੈਨੂੰ ਪੜ੍ਹਨ ਦਾ ਮੌਕਾ ਮਿਲਦਾ ਤਾਂ ਹੋ ਸਕਦਾ ਹੈ ਮੈਂ ਇੱਕ ਕੁੱਕ ਨਾਲ਼ੋਂ ਵੀ ਕੁਝ ਵੱਧ ਬਣ ਜਾਂਦੀ। ਮੈਂ ਘਰ ਦੇ ਬੱਚਿਆਂ ਵਿੱਚੋਂ ਇੱਕ ਤੋਂ ਅੰਗਰੇਜ਼ੀ ਲਿਖੀ ਅਤੇ ਬੋਲਣੀ ਸਿੱਖ ਲਈ ਸੀ। ਉਂਝ ਮੈਂ ਪਹਿਲਾਂ ਹੀ ਛੇ ਭਾਸ਼ਾਵਾਂ: ਹਿੰਦੀ, ਕੰਨੜ, ਤਮਿਲ, ਤੁਲੂ, ਲੰਬਾਨੀ ਅਤੇ ਤੇਲੁਗੂ ਵਿੱਚ ਮਾਹਰ ਸਾਂ। ਹੁਣ ਮੈਂ ਸੋਚਦੀ ਹਾਂ ਕਿ ਕਾਸ਼ ਮੈ ਆਪਣੇ ਮਾਤਾ ਪਿਤਾ ਦੀ ਗੱਲ ਮੰਨੀ ਹੁੰਦੀ ਜੋ ਹਮੇਸ਼ਾ ਮੈਨੂੰ ਅੱਗੇ ਪੜ੍ਹਨ ਲਈ ਪ੍ਰੋਤਸਾਹਿਤ ਕਰਿਆ ਕਰਦੇ ਸਨ ਅਤੇ ਪੜ੍ਹਾਈ ਦੀ ਮਹੱਤਤਾ ਬਾਰੇ ਦੱਸਿਆ ਕਰਦੇ।

ਲਗਭਗ ਛੇ ਸਾਲਾਂ ਬਾਅਦ ਮੈਂ ਆਪਣਾ ਕੰਮ ਬਦਲ ਲਿਆ- ਮੈਂ ਛੇ ਮਹੀਨਿਆਂ ਤੱਕ ਇੱਕ ਦਿਲ ਦੇ ਰੋਗੀ ਦੀ ਨਰਸ ਰਹੀ ਅਤੇ ਬੰਗਲੁਰੂ ਤੇ ਚਿਕਮਾਗਾਲੂਰ ਵਿਖੇ ਉਸੇ ਵਿਅਕਤੀ ਦੀ ਇਸਟੇਟ ਵਿਖੇ ਰਹਿੰਦੀ ਰਹੀ। ਉਸ ਤੋਂ ਮਗਰੋਂ ਮੈਂ ਇੱਕ ਬੇਬੀ ਸਿਟਰ (baby sitter) ਵਜੋਂ ਕੰਮ ਕੀਤਾ। ਮੈਨੂੰ ਬੱਚਿਆਂ ਨੂੰ ਪਾਰਕ ਵਿੱਚ ਘੁਮਾਉਣਾ ਤੇ ਉਨ੍ਹਾਂ ਨਾਲ਼ ਗੱਲਾਂ ਕਰਨੀਆਂ ਬਹੁਤ ਪਸੰਦ ਸੀ। ਹੁਣ ਮੇਰੇ ਕੋਲ ਮੇਰਾ ਆਪਣਾ ਕਮਰਾ ਵੀ ਸੀ |

ਹਾਲ ਦੀ ਘੜੀ ਮੈਂ ਇੱਕ ਹਾਊਸ ਕੀਪਰ ਤੇ ਬਾਵਰਚੀ ਵਜੋਂ ਕੰਮ ਕਰਦੀ ਹਾਂ ਅਤੇ ਚੰਗੀ ਕਮਾਈ ਕਰ ਲੈਂਦੀ ਹਾਂ। ਜਦੋਂ ਵੀ ਮੈਂ ਘਰ ਜਾਂਦੀ ਹਾਂ ਤਾਂ ਮੈਂ ਆਪਣੀ ਪੂਰੀ ਕਮਾਈ ਅਤੇ ਬੱਚਤ ਆਪਣੇ ਮਾਤਾ ਪਿਤਾ ਨੂੰ ਦੇ ਦਿੰਦੀ ਹਾਂ। ਇਹੀ ਘਰ ਦੇ ਖਰਚੇ ਵਿੱਚ ਮੇਰਾ ਯੋਗਦਾਨ ਹੁੰਦਾ ਹੈ।

ਮੇਰੇ ਪੰਜ ਭੈਣ ਭਰਾ ਹਨ ਜਿਨ੍ਹਾਂ ਵਿਚੋਂ ਸਿਰਫ਼ ਦੋਵਾਂ ਨੇ ਨੌਵੀਂ ਤੋਂ ਅੱਗੇ ਦੀ ਪੜ੍ਹਾਈ ਕੀਤੀ। ਮੇਰਾ ਸਭ ਤੋਂ ਛੋਟਾ ਭਰਾ ਰੋਹਿਤ, ਪ੍ਰਾਈਵੇਟ ਕਾਲਜ ਵਿੱਚ ਬਾਰ੍ਹਵੀਂ ਜਮਾਤ ਤੀਕਰ ਪੜ੍ਹਿਆ ਜਿੱਥੇ ਉਸ ਦੀ ਫੀਸ 30,000 ਰੁਪਏ ਸਾਲਾਨਾ ਸੀ। ਅਸੀਂ ਪਹਿਲਾਂ ਹੀ ਆਪਣੇ ਮਾਪਿਆਂ ਦੀ ਬੀਮਾਰੀ ‘ਤੇ ਕਾਫ਼ੀ ਪੈਸਾ ਲਾ ਚੁੱਕੇ ਸਾਂ, ਸੋ ਹੁਣ ਸਾਡੇ ਅੰਦਰ ਪ੍ਰਾਈਵੇਟ ਕਾਲਜ ਦੀ ਫੀਸ ਭਰਨ ਦੀ ਹਿੰਮਤ ਨਹੀਂ ਰਹੀ। ਅਖ਼ੀਰ ਉਹਨੂੰ ਪ੍ਰਾਈਵੇਟ ਕਾਲਜ ਛੱਡਣਾ ਪਿਆ ਪਰ ਉਹਨੇ ਸਰਕਾਰੀ ਕਾਲਜ ਵਿੱਚ ਆਪਣੀ ਬਾਰਵੀਂ ਦੀ ਪੜ੍ਹਾਈ ਜਾਰੀ ਰੱਖੀ ਜਿੱਥੇ ਸਾਲ ਦੀ ਫ਼ੀਸ 15,000 ਰੁਪਏ ਸੀ। ਹੁਣ ਉਹ ਕਾਲਜ ਦੇ ਫਾਈਨਲ ਸਾਲ ਵਿੱਚ ਹੈ ਅਤੇ ਮੈਨੂੰ ਉਸ ‘ਤੇ ਫ਼ਖ਼ਰ ਹੈ ਕਿਉਂਕਿ ਉਹ ਸਾਡੇ ਪਰਿਵਾਰ ਵਿੱਚੋਂ ਸਭ ਤੋਂ ਵੱਧ ਪੜ੍ਹਿਆ-ਲਿਖਿਆ ਹੈ।

2015 ਦੇ ਮਈ ਮਹੀਨੇ ਵਿੱਚ ਮੇਰੀ ਮਾਂ ਬੀਮਾਰ ਪੈ ਗਈ। ਤਸ਼ਖੀਸ ਕਰਨ ‘ਤੇ ਉਨ੍ਹਾਂ ਨੂੰ ਪੇਟ ਦਾ ਕੈਂਸਰ ਨਿਕਲਿਆ। ਉਨ੍ਹਾਂ ਦਾ ਆਪ੍ਰੇਸ਼ਨ ਕੀਤਾ ਗਿਆ। ਛੇ ਮਹੀਨਿਆਂ ਤੱਕ ਕੀਮੋਥੈਰੇਪੀ ਅਤੇ ਫਿਰ ਰੇਡੀਏਸ਼ਨ ਦੁਆਰਾ ਇਲਾਜ ਕੀਤਾ ਗਿਆ। ਮੇਰੀ ਮਾਂ ਦਾ ਸਾਰਾ ਇਲਾਜ ਮੁਫ਼ਤ ਹੋਇਆ ਅਤੇ ਅਖ਼ੀਰ ਉਨ੍ਹਾਂ ਨੇ ਇਸ ਬੀਮਾਰੀ ‘ਤੇ ਪੂਰੀ ਤਰ੍ਹਾਂ ਫ਼ਤਿਹ ਪ੍ਰਾਪਤ ਕਰ ਲਈ।

2009 ਵਿੱਚ ਮੇਰੇ ਪਿਤਾ ਨੂੰ ਹਾਈ ਬਲੱਡ-ਪ੍ਰੈਸ਼ਰ ਅਤੇ ਸ਼ੂਗਰ ਦੀ ਘਾਟ ਦੀ ਬੀਮਾਰੀ ਨਿਕਲ਼ ਆਈ। 2013 ਵਿੱਚ ਉਨ੍ਹਾਂ ਨੂੰ ਦਿਲ ਦਾ ਰੋਗ ਹੋ ਗਿਆ। ਤਕਰੀਬਨ ਦੋ ਸਾਲ ਪਹਿਲਾਂ ਇਸਟੇਟ ਵਿਖੇ ਕੰਮ ਕਰਦੇ ਵੇਲ਼ੇ ਉਨ੍ਹਾਂ ਨੂੰ ਸਮੇਂ ਸਾਹ ਲੈਣ ਵਿੱਚ ਦਿੱਕਤ ਹੋ ਗਈ ਜਿਸ ਕਰਕੇ ਉਹਨਾਂ ਨੂੰ ਨਜ਼ਦੀਕੀ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਗਿਆ। ਪਰ ਬਦਕਿਸਮਤੀ ਨਾਲ਼ ਜਿਹੜਾ ਇਲਾਜ ਉਨ੍ਹਾਂ ਨੂੰ ਚਾਹੀਦਾ ਸੀ ਉਹ ਸਿਰਫ਼ ਮੰਗਲੌਰ ਵਿਖੇ ਹੀ ਹੋ ਸਕਦਾ ਸੀ। ਉਹ ਇੰਨੇ ਕਮਜ਼ੋਰ ਸਨ ਕਿ ਉਨ੍ਹਾਂ ਨੂੰ ਇੰਨੀ ਦੂਰ ਲਿਜਾਣਾ ਸੰਭਵ ਨਹੀਂ ਸੀ। ਇਸ ਕਰਕੇ ਅਸੀਂ ਉਨ੍ਹਾਂ ਨੂੰ ਘਰ ਲੈ ਆਏ ਅਤੇ ਅਖ਼ੀਰ ਉਨ੍ਹਾਂ ਦੀ ਮੌਤ ਹੋ ਗਈ। ਮੇਰੇ ਪਿਤਾ ਦੇ ਇਲਾਜ ਦਾ ਖ਼ਰਚਾ 2.5 ਲੱਖ ਪਹੁੰਚ ਚੁੱਕਾ ਸੀ। ਸਾਡੇ ਕੋਲ ਕੋਈ ਸਿਹਤ ਬੀਮਾ ਵੀ ਨਹੀਂ ਸੀ। ਅਸੀਂ ਜਿਵੇਂ ਕਿਵੇਂ ਕਰਕੇ 80,000 ਰੁਪਏ ਤਾਂ ਜਮਾਂ ਕਰ ਲਏ ਸਨ ਪਰ ਬਾਕੀ ਬਚਦੇ 1.7 ਲੱਖ ਰੁਪਏ ਗਵਾਂਢੀਆ ਤੇ ਰਿਸ਼ਤੇਦਾਰਾਂ ਕੋਲੋਂ 10 ਫ਼ੀਸਦ ਵਿਆਜ ਦਰ ‘ਤੇ  ਉਧਾਰ ਚੁੱਕਣੇ ਪਏ। ਅਸੀਂ ਅੱਜ ਵੀ ਉਹ ਕਰਜਾ ਲਾਹੁਣ ਲਈ ਸੰਘਰਸ਼ ਕਰ ਰਹੇ ਹਾਂ।

ਮੇਰਾ ਸੁਪਨਾ ਹੈ ਕਿ ਬੁਢਾਪੇ ਵਿੱਚ ਮੈਂ ਆਪਣੀ ਮਾਂ ਨੂੰ ਸੁਰੱਖਿਅਤ ਜੀਵਨ ਦੇ ਸਕਾਂ |

ਰਿਪੋਰਟਰ : ਰਿਆ ਅਲਵਾਰਿਸ

ਉਤਾਂਹ ਵੱਲ ਜਾਓ


‘ਮੇਰੇ ਮਾਪਿਆਂ ਦੀ ਸੋਚ ਸੀ ਕਿ ਕੁੜੀਆਂ ਨੂੰ ਪੜ੍ਹਾਉਣ ਦਾ ਕੋਈ ਫਾਇਦਾ ਨਹੀਂ ‘

ਮੇਰੀ ਜ਼ਿੰਦਗੀ ਸ਼ੁਰੂ ਤੋਂ ਹੀ ਸੌਖੀ ਨਹੀਂ ਰਹੀ। 1972 ਵਿੱਚ ਮੈਂ ਆਪਣੇ ਮਾਤਾ-ਪਿਤਾ ਨਾਲ਼ ਬੰਗਲੁਰੂ ਆ ਗਈ। ਮੈਂ ਸਰਕਾਰੀ ਸਕੂਲ ਮੁੱਦਗਰੀ ਵਿੱਚੋਂ 17 ਸਾਲ ਦੀ ਉਮਰੇ ਦਸਵੀਂ ਪਾਸ ਕਰ ਲਈ। ਮੇਰੇ ਮਾਪਿਆਂ ਦੀ ਸੋਚ ਸੀ ਕੁੜੀ ਨੂੰ ਹੋਰ ਅੱਗੇ ਪੜ੍ਹਾਉਣ ਦਾ ਕੋਈ ਫ਼ਾਇਦਾ ਨਹੀਂ। ਪਰ ਮੇਰਾ ਇਹ ਮੰਨਣਾ ਹੈ ਕਿ ਪੜ੍ਹਾਈ ਹੀ ਵਿਅਕਤੀ ਦੀ ਰੀੜ੍ਹ ਦੀ ਹੱਡੀ ਹੁੰਦੀ ਹੈ। ਮੈਂ ਪਿਛਲੇ 25 ਸਾਲਾਂ ਤੋਂ ਸ਼ਾਮ ਵੇਲ਼ੇ ਕੰਨੜ ਭਾਸ਼ਾ ਪੜ੍ਹਾਉਂਦੀ ਰਹੀ ਹੈ। ਜੇਕਰ ਮੈਂ ਪੜ੍ਹੀ-ਲਿਖੀ ਨਾ ਹੁੰਦੀ, ਤਾਂ ਮੈਨੂੰ ਨਹੀਂ ਪਤਾ ਮੈਂ ਕੀ ਕਰਦੀ ਹੋਣਾ ਸੀ। ਕੌਣ ਕਹਿ ਸਕਦਾ ਸੀ ਕਿ ਮੈਂ ਇਕ ਦਿਨ ਟਿਊਸ਼ਨ ਟੀਚਰ ਬਣ ਜਾਵਾਂਗੀ|

64 ਸਾਲਾ ਐੱਚ. ਨਾਗਲਮਬੀਕੇ ਵਾਸੀ ਮੁੱਦਗਰੀ, ਜ਼ਿਲ੍ਹਾ ਤੁਮਕਰ, ਕਰਨਾਟਕਾ 
ਕਿੱਤਾ: ਕੰਨੜਾ ਟਿਊਸ਼ਨ ਅਧਿਆਪਕਾ

ਪਿੰਡ ਵਿੱਚ ਸਾਡੇ ਕੋਲ ਇੱਕ ਏਕੜ ਵਾਹੀਯੋਗ ਜ਼ਮੀਨ ਹੈ ਜਿਸ ਵਿੱਚ ਅਸੀਂ ਗੰਨਾ, ਰਾਗੀ ਅਤੇ ਸ਼ਕਰਕੰਦੀ ਬੀਜਦੇ  ਹਾਂ। ਪਰ ਖੇਤੀਬਾੜੀ ਤੋਂ ਹੋਣ ਵਾਲ਼ੀ ਆਮਦਨ ਮੌਸਮੀ ਹੁੰਦੀ ਹੈ; ਅਸੀਂ ਸਿਰਫ਼ ਇਸੇ ਸਿਰ ਨਿਰਭਰ ਨਹੀਂ ਰਹਿ ਸਕਦੇ ਸਾਂ, ਇਸੇ ਕਰਕੇ ਮੇਰੇ ਪਿਤਾ ਦੁੱਧ ਵੇਚਣ ਦਾ ਕੰਮ ਵੀ ਕਰਦੇ। ਉਹ ਹਰ ਰੋਜ਼ ਸਵੇਰੇ 4 ਵਜੇ ਉੱਠਦੇ, ਗਾਵਾਂ ਚੋਂਦੇ ਅਤੇ ਖ਼ੁਦ ਹੀ ਦੁੱਧ ਵੇਚਣ ਜਾਂਦੇ। ਉਹ ਆਮ ਕਰਕੇ ਸੱਤ ਕੁ ਵਜੇ ਘਰ ਵਾਪਸ ਆਉਂਦੇ ਅਤੇ ਫਿਰ ਖੇਤਾਂ ਨੂੰ ਚਲੇ ਜਾਂਦੇ। ਖੇਤਾਂ ਤੋਂ ਵਾਪਸ ਘਰ ਆਉਂਦੇ ਆਉਂਦੇ ਉਨ੍ਹਾਂ ਨੂੰ ਰਾਤ ਦੇ  8 ਵੱਜ ਜਾਂਦੇ।

ਭਾਵੇਂ ਅਸੀਂ ਜਿਵੇਂ-ਕਿਵੇਂ ਕਰਕੇ ਆਪਣੀਆਂ ਰੋਜ਼ਮੱਰਾ ਦੀਆਂ ਲੋੜਾਂ ਪੂਰੀਆਂ ਕਰ ਲੈਂਦੇ, ਪਰ ਜੇਕਰ ਕੋਈ ਸਿਹਤ ਸੰਬੰਧੀ  ਸਮੱਸਿਆ ਆ ਜਾਂਦੀ ਤਾਂ ਸਾਨੂੰ ਗੁਆਂਢੀਆਂ ਤੋਂ ਪੈਸੇ ਉਧਾਰ ਲੈਣੇ ਪੈਂਦੇ ਸਨ। ਪਿੰਡ ਵਿੱਚ ਸਾਰੇ ਜਣੇ ਹੀ ਲੋੜ ਪੈਣ ‘ਤੇ ਇੱਕ ਦੂਜੇ ਤੋਂ ਉਧਾਰ ਚੁੱਕਦੇ ਸਨ।

ਜ਼ਮੀਨ ਅਤੇ ਗਾਵਾਂ ਤੋਂ ਹੋਈ ਕਮਾਈ ਨਾਲ਼ ਪੂਰਾ ਨਾ ਪੈਂਦਾ ,ਇਸੀ ਕਰਕੇ ਮੇਰੇ ਪਿਤਾ ਨੇ ਬੰਗਲੁਰੂ ਵਿੱਚ ਨੌਕਰੀ ਲੱਭਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ |ਉਹਨਾਂ ਦਾ ਭਰਾ, ਜਿਹੜਾ ਰੇਲਵੇ ਵਿੱਚ ਕਲਰਕ ਸੀ, ਉਨ੍ਹਾਂ ਦੀ ਮਦਦ ਕਰ ਸਕਿਆ। ਮੇਰੇ ਪਿਤਾ ਨੇ ਆਪਣੇ ਭਰਾ ਤੋਂ ਉਧਾਰ ਲੈ ਕੇ ਕਨੂੰਨ ਦੀ ਪੜ੍ਹਾਈ ਸ਼ੁਰੂ ਕਰ ਕੀਤੀ ਤਾਂ ਕਿ ਚੰਗੀ ਨੌਕਰੀ ਮਿਲ਼ ਸਕੇ। ਸਾਡੇ ਜਾਣ ਮਗਰੋਂ ਮੇਰੇ ਦਾਦਾ ਦਾਦੀ ਅਤੇ ਬਾਕੀ ਪਰਿਵਾਰ ਜਮੀਨ ਦੀ ਦੇਖਭਾਲ ਲਈ ਪਿਛਾਂਹ ਹੀ ਰਹਿ ਗਏ। 

1980 ਵਿੱਚ ਮੇਰੇ ਮਾਪਿਆਂ ਨੇ ਐੱਮ.ਵੇਣੂਗੋਪਾਲ ਨਾਲ਼ ਮੇਰਾ ਵਿਆਹ ਕਰ ਦਿੱਤਾ। ਉਹ ਸ਼ਹਿਰ ਦੇ ਕਾਰਪੋਰੇਸ਼ਨ ਦਫ਼ਤਰ ਵਿੱਚ ਕੰਮ ਕਰਦੇ ਸਨ। ਸਾਡੀਆਂ ਦੋ ਧੀਆਂ ਹੋਈਆਂ ਜੋ ਕਾਰਪੋਰੇਸ਼ਨ ਦੇ ਸਕੂਲ ਵਿੱਚ ਮੁਫ਼ਤ ਵਿੱਦਿਆ ਹਾਸਲ ਕਰਦੀਆਂ ਰਹੀਆਂ। ਇੱਕ ਐਸਾ ਮੰਦਭਾਗਾ ਦਿਨ ਚੜ੍ਹਿਆ ਜਦੋਂ ਘਰੇਲੂ ਸਮੱਸਿਆਵਾਂ ਤੋਂ ਪਰੇਸ਼ਾਨ ਹੋ ਸਾਡੀ ਵੱਡੀ ਧੀ ਨੇ ਆਪਣੇ ਆਪ ਨੂੰ ਜਿੰਦਾ ਸਾੜ ਲਿਆ। ਮੇਰੇ ਪਤੀ ਨੂੰ ਡੂੰਘਾ ਸਦਮਾ ਹੋ ਗਿਆ ਤੇ ਅਤੇ ਜਿਊਣਾ ਉਨ੍ਹਾਂ ਵਾਸਤੇ ਸਜਾ ਹੋ ਗਿਆ। ਧੀ ਦੀ ਮੌਤ ਤੋਂ ਕੁਝ ਦਿਨਾਂ ਬਾਅਦ ਉਹ ਆਮ ਦਿਨਾਂ ਵਾਂਗ ਹੀ ਕੰਮ ‘ਤੇ ਗਏ ਪਰ ਵਾਪਸ ਕਦੇ ਵੀ ਨਾ ਮੁੜੇ। ਮੈਂ ਇਹ ਤੱਕ ਨਹੀਂ ਜਾਣਦੀ ਕਿ ਉਹ ਜਿੰਦਾ ਵੀ ਹਨ ਜਾਂ ਨਹੀਂ। ਮੇਰੀ ਛੋਟੀ ਧੀ ਨੇ ਵੀ ਵਿਆਹ ਕਰਵਾ ਲਿਆ ਅਤੇ ਗੈਰ-ਕਾਨੂੰਨੀ ਤਰੀਕੇ ਨਾਲ਼ ਸਾਡੇ ਘਰ ਉੱਤੇ ਕਬਜ਼ਾ ਕਰ ਲਿਆ। ਮੈਂ ਉਸ ਦੇ ਖਿਲਾਫ ਕੇਸ ਦਰਜ ਕੀਤਾ ਹੈ ਜਿਹੜਾ ਅਜੇ ਵੀ ਚੱਲੀ ਜਾ ਰਿਹਾ ਹੈ। 

ਮੈਂ ਆਪਣੀ ਜ਼ਿੰਦਗੀ ਦੀ ਗੱਡੀ ਨੂੰ ਪਟੜੀ ‘ਤੇ ਲਿਆਉਣਾ ਚਾਹੁੰਦੀ ਸਾਂ ਇਸ ਕਰਕੇ 34 ਸਾਲ ਦੀ ਉਮਰੇ ਮੈਂ ਤਿੰਨ ਘਰਾਂ ਵਿੱਚ ਬਤੌਰ ਨੌਕਰਾਣੀ ਕੰਮ ਕਰਨਾ ਸ਼ੁਰੂ ਕਰ ਦਿੱਤਾ। ਜਿਨ੍ਹਾਂ ਘਰਾਂ ਦਾ ਮੈਂ ਕੰਮ ਕਰਿਆ ਕਰਦੀ, ਉੱਥੇ ਹੀ ਕਿਤੇ ਨਾ ਕਿਤੇ ਖਾ-ਪੀ ਵੀ ਲਿਆ ਕਰਦੀ ਅਤੇ ਇੰਝ ਮੈਂ ਰਹਿਣ ਲਈ ਠ੍ਹਾਰ ਲੱਭ ਲਈ। ਇਕ ਦਿਨ ਝਾੜੂ ਲਾਉਂਦੇ ਸਮੇਂ ਮੈਨੂੰ ਕੰਨੜਾ ਭਾਸ਼ਾ ਦੀ ਕਿਤਾਬ ਮਿਲੀ, ਮੈਂ ਕਿਤਾਬ ਚੁੱਕੀ। ਉਸ ਕਿਤਾਬ ਵਿੱਚ ਕੰਨੜਾ ਭਾਸ਼ਾ ਸਿੱਖਣ ਬਾਰੇ ਜਾਣਕਾਰੀ ਦਿੱਤੀ ਗਈ ਸੀ। ਯਕਦਮ ਮੇਰੇ ਦਿਮਾਗ਼ ਨੇ ਸੋਚ ਲਿਆ ਕਿ ਹੁਣ ਮੈਂ ਕੀ ਕਰਨਾ ਹੈ। ਮੈਨੂੰ ਲੱਗਾ ਕਿ ‘ਇਹ ਤਾਂ ਮੈਂ ਕਰ ਸਕਦੀ ਹਾਂ। 2 ਬੱਚਿਆਂ ਨੇ ਮੈਨੂੰ ਕੰਨੜਾ ਪੜ੍ਹਾਉਣ ਬਾਰੇ ਪੁੱਛਿਆ ਵੀ, ਇਸੇ ਤਰ੍ਹਾਂ ਛੇਵੀਂ ਅਤੇ ਹੋਰਨਾਂ ਵੱਡੇ ਬੱਚਿਆ ਨੂੰ ਟਿਊਸ਼ਨ ਪੜ੍ਹਾਉਣ ਦੀ ਸ਼ੁਰੂਆਤ ਹੋ ਗਈ। ਹੁਣ ਹਰ ਸ਼ਾਮੀਂ ਮੈਂ ਬੱਚਿਆਂ ਨੂੰ 5 ਤੋਂ 8 ਵਜੇ ਤੱਕ ਟਿਊਸ਼ਨ ਪੜ੍ਹਾਉਣ ਲੱਗੀ। ਮੈਂ ਨਾਲ਼ ਦੀ ਨਾਲ਼ ਘਰਾਂ ਦਾ ਕੰਮ ਕਰਨਾ ਵੀ ਜਾਰੀ ਰੱਖਿਆ। ਮੈਂ  3000 ਰੁਪਏ ਵਿੱਚ ਕਿਰਾਏ ‘ਤੇ ਕਮਰਾ ਲੈ ਲਿਆ। ਸਟੇਟ ਪੈਨਸ਼ਨ ਸਕੀਮ ਦੇ ਤਹਿਤ ਮੈਨੂੰ ਹਰ ਮਹੀਨੇ 1000 ਰੁਪਿਆ ਵੀ ਮਿਲ ਜਾਂਦਾ ਹੈ|

ਆਪਣੇ ਬਚਪਨ ਦੇ ਦਿਨ ਚੇਤੇ ਕਰਕੇ ਮੈਂ ਉਦਾਸ ਹੋ ਜਾਂਦੀ ਹਾਂ। ਬੰਗਲੌਰ ਆ ਕੇ ਵੱਸਣ ਨਾਲ਼ ਮੇਰੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਗਈ ਅਤੇ ਉਹ ਦਿਨ ਮੇਰੀ ਜ਼ਿੰਦਗੀ ਦੇ ਬਿਹਤਰਨੀ ਦਿਨ ਹੋ ਗੁਜ਼ਰੇ। ਹੁਣ ਮੈਂ ਸਿਰਫ਼ ਆਪਣੇ ਲਈ ਹੀ ਜਿੳਦੀਂ ਹਾਂ |ਆਪਣੇ ਗੁਆਂਢੀਆਂ ਨੂੰ ਹੀ ਆਪਣਾ ਪਰਿਵਾਰ ਮੰਨਦੀ ਹਾਂ ਅਤੇ ਆਪਣੇ ਜੀਵਨ ਦਾ ਸਫਰ ਕੱਟ ਰਹੀ ਹਾਂ।

ਰਿਪੋਰਟਰ : ਐਸ. ਕੇ .ਰਕੀਬ

ਉਤਾਂਹ ਵੱਲ ਜਾਓ


‘ਕਾਸ਼ ਮੈਨੂੰ ਸਕੂਲ ਜਾਣ ਦਾ ਇੱਕ ਮੌਕਾ ਤਾਂ ਮਿਲ਼ ਜਾਂਦਾ’ 

14 ਸਾਲ ਦੀ ਉਮਰੇ ਹੀ ਮੇਰਾ ਵਿਆਹ ਬਸਵਾਰਾਘੂ  ਨਾਲ਼ ਹੋ ਗਿਆ। ਮੈਂ ਚਾਹੁੰਦੀ ਸਾਂ ਕਿ ਮੈਨੂੰ ਵੀ ਦੂਜੇ ਬੱਚਿਆਂ ਵਾਂਗ ਸਕੂਲ ਜਾਣ ਦਾ ਮੌਕਾ ਮਿਲ ਜਾਂਦਾ, ਪਰੰਤੂ ਮੇਰਾ ਪਰਿਵਾਰ ਬਹੁਤ ਵੱਡਾ ਸੀ ਤੇ ਮੇਰੇ ਮਾਤਾ ਪਿਤਾ ਕੋਲ ਏਨੇ ਸਾਧਨ ਵੀ ਨਹੀਂ ਸਨ। ਮੈਨੂੰ ਖੇਤਾਂ ਦੇ ਨਾਲ਼ ਨਾਲ਼ ਘਰ ਵਿੱਚ ਵੀ ਕੰਮ ਕਰਨਾ ਪੈਂਦਾ ਸੀ। ਇਸੇ ਕਰਕੇ ਮੈਂ ਚਾਹੁੰਦੀ ਹਾਂ ਕਿ ਘੱਟੋ-ਘੱਟ ਮੇਰੀਆਂ ਧੀਆਂ ਨੂੰ ਪੜ੍ਹਨ ਦਾ ਮੌਕਾ ਤਾਂ ਮਿਲ ਜਾਵੇ |

44 ਸਾਲਾ ਸਿੱਧੰਮਾ, ਵਾਸੀ ਤਿਰੂਮਾਕੂਦਲ ਨਰਸੀਪੁਰ, ਜ਼ਿਲ੍ਹਾ ਮੈਸੂਰ, ਕਰਨਾਟਕਾ
ਕਿੱਤਾ :ਘਰੇਲੂ ਨੌਕਰਾਣੀ

ਸਾਡੇ ਪਿੰਡ ਵਿੱਚ ਸਿੰਚਾਈ ਦੇ ਸਾਧਨ ਘੱਟ ਹੋਣ ਕਰਕੇ, ਮੇਰੇ ਮਾਤਾ-ਪਿਤਾ ਸਿਰਫ਼ ਵਰਖਾ-ਅਧਾਰਤ ਫਸਲਾਂ ਹੀ ਉਗਾਉਂਦੇ ਸਨ ਜਿਵੇਂ ਮੂੰਗਫਲੀ। ਅਸੀਂ ਹਰ ਹੀਲਾ ਕਰਕੇ ਵੀ ਮਹੀਨਾ ਦਾ ਸਿਰਫ਼ 200 ਰੁਪਿਆ ਹੀ ਕਮਾ ਪਾਉਂਦੇ, ਇੰਨਾ ਪੈਸੇ ਨਾਲ਼ ਇੱਕ ਟੱਬਰ ਕਿੱਥੇ ਚੱਲਦਾ। ਸਰਕਾਰ ਵੱਲੋਂ ਵੀ ਕਿਸਾਨੀ ਦੀ ਕੋਈ ਬਾਂਹ ਨਾ ਫੜ੍ਹੀ ਜਾਂਦੀ ਅਤੇ ਨਾ ਹੀ ਪਿੰਡ ਵਿੱਚ ਹੋਰ ਕੋਈ ਰੁਜ਼ਗਾਰ ਹੁੰਦਾ।

ਮੇਰੇ ਪਤੀ ਵੀ ਪਿੰਡ ਵਿੱਚ ਹੀ ਖੇਤੀ ਕਰਦੇ ਸਨ। ਦੋ ਧੀਆਂ ਪੈਦਾ ਹੋਣ ਤੋਂ ਬਾਅਦ ਸਾਡੇ ਕੋਲ ਸ਼ਹਿਰ ਆ ਕੇ ਵੱਸਣ ਤੋਂ ਇਲਾਵਾ ਹੋਰ ਕੋਈ ਚਾਰਾ ਨਾ ਬਚਿਆ, ਅਸੀਂ ਸੋਚਿਆ ਕਿ ਸ਼ਹਿਰ ਘੱਟੋਘੱਟ ਓਨੇ ਪੈਸੇ ਤਾਂ ਕਮਾ ਹੀ ਲਵਾਂਗੇ ਕਿ ਆਪਣੀਆਂ ਧੀਆਂ ਨੂੰ ਪੜ੍ਹਾ ਲਿਖਾ ਸਕੀਏ |

ਮੇਰੀ ਉਮਰ ਕੋਈ 20 ਸਾਲਾਂ ਦੀ ਰਹੀ ਹੋਣੀ ਜਦੋਂ ਮੈਂ ਆਪਣੇ ਪਤੀ ਅਤੇ ਬੱਚਿਆਂ ਨਾਲ਼ ਬੰਗਲੁਰੂ ਕੂਚ ਕਰਨ ਲਈ ਬੱਸ ਫੜ੍ਹੀ ਸੀ। ਪਹਿਲੇ ਕੁਝ ਹਫ਼ਤੇ ਬਹੁਤ ਹੀ ਦੁਖਦਾਇਕ ਰਹੇ। ਬੜੀ ਮੁਸ਼ੱਕਤ ਤੋਂ ਬਾਅਦ ਮੇਰੇ ਪਤੀ ਨੂੰ ਗਾਂਧੀਨਗਰ ਦੇ ਕੋਲ ਕੰਮ ਮਿਲਿਆ, ਜਿਥੇ ਅਸੀਂ ਰਿਹਾ ਕਰਦੇ ਸਾਂ। ਮੇਰੇ ਪਤੀ ਨੂੰ ਚੌਂਕੀਦਾਰੀ ਦਾ ਕੰਮ ਮਿਲਿਆ, ਉਹ ਮਹੀਨੇ ਦਾ 7,000 ਰੁਪਏ ਕਮਾਉਣ ਲੱਗੇ। ਮੈਂ ਵੀ ਤਿੰਨ ਘਰਾਂ ਵਿੱਚ ਕੱਪੜੇ ਧੋਣ, ਭਾਂਡੇ ਮਾਂਜਣ ਅਤੇ ਸਫ਼ਾਈ ਦਾ ਕੰਮ ਕਰਨ ਲੱਗ ਪਈ। ਕੰਮ ਤਾਂ ਬਹੁਤ ਥਕਾਵਟ ਭਰਿਆ ਸੀ ਪਰ ਮੈਨੂੰ 10,000 ਰੁਪਏ ਮਹੀਨਾ ਬਣ ਲੱਗਿਆ।

ਮੇਰਾ ਕੰਮ ਦੁਪਹਿਰ ਦੇ 12 ਵਜੇ ਤੋਂ 4 ਵਜੇ ਤੱਕ ਅਤੇ ਫਿਰ ਸ਼ਾਮੀਂ 7 ਵਜੇ ਤੋਂ ਰਾਤੀਂ 10 ਵਜੇ ਤੱਕ ਹੁੰਦਾ। ਦਿਨ ਖਤਮ ਹੁੰਦੇ-ਹੁੰਦੇ ਮੈਂ ਬਹੁਤ ਥੱਕ ਜਾਇਆ ਕਰਦੀ ਅਤੇ ਮੇਰੇ ਕੋਲ਼ ਆਪਣੇ ਲਈ ਵੀ ਸਮਾਂ ਨਾ ਬਚਦਾ। ਮੈਨੂੰ ਸਿਰਫ਼ ਐਤਵਾਰ ਦੀ ਛੁੱਟੀ ਮਿਲਦੀ, ਜਿਸ ਨੂੰ ਮੈਂ ਆਪਣੇ ਪਰਿਵਾਰ ਅਤੇ ਮਿੱਤਰਾਂ-ਦੋਸਤਾਂ ਨਾਲ਼ ਬਤੀਤ ਕਰਦੀ।  ਮੈਂ ਮੰਦਰ ਜਾ ਕੇ ਭਗਵਾਨ ਸ਼ਿਵ ਦੀ ਪੂਜਾ ਕਰਦੀ। ਸਾਡੀ ਕਮਾਈ ਦਾ ਵੱਡਾ ਹਿੱਸਾ ਸਿਹਤ ਅਤੇ ਮਹਿੰਗੀਆਂ ਦਵਾਈਆਂ ‘ਤੇ ਖਰਚ ਹੋ ਜਾਂਦਾ। ਮੈਨੂੰ ਹਾਰਮੋਨਾਂ ਦੀ ਸਮੱਸਿਆ ਹੋਣ ਦੇ ਨਾਲ਼ ਨਾਲ਼ ਕਮਜੋਰ ਹੱਡੀਆਂ ਅਤੇ ਮਾਸ਼ਪੇਸ਼ੀਆਂ ਦੀ ਥਕਾਵਟ ਵੀ ਰਹਿੰਦੀ ਹੈ ਅਤੇ ਮੇਰੇ ਪਤੀ ਨੂੰ ਗੋਡਿਆਂ ਸਬੰਧੀ ਦਿੱਕਤਾਂ ਹਨ।

ਭਵਿੱਖ ਵਿੱਚ ਪਿੰਡ ਵਿਖੇ ਆਪਣਾ ਘਰ ਬਣਾਉਣ ਲਈ ਸਾਲ ਕੁ ਪਹਿਲਾਂ ਅਸੀਂ ਬੈਂਕ ਤੋਂ 5 ਲੱਖ ਦਾ ਹੋਮ-ਲੋਨ (ਕਰਜ਼ਾ) ਲਿਆ ਸੀ। ਕਰਜੇ ਦੀ ਅਦਾਇਗੀ ਪੰਜ ਸਾਲਾਂ ਵਿੱਚ ਕਰਨੀ ਸੀ ਇਸੇ ਕਰਕੇ ਮੈਂ ਆਪਣਾ ਸੋਨਾ ਗਿਰਵੀ ਰੱਖ ਦਿੱਤਾ।

ਮੇਰੀਆਂ ਦੋਵੇਂ ਧੀਆਂ ਬੰਗਲੁਰੂ ਦੇ ਸਰਕਾਰੀ ਸਕੂਲ ਵਿੱਚ ਪੜ੍ਹਨ ਲਈ ਜਾਇਆ ਕਰਦੀਆਂ ਸਨ। ਮੇਰੀ ਵੱਡੀ ਧੀ ਰਾਣੀ 12ਵੀਂ ਤੀਕਰ ਪੜ੍ਹੀ ਹੈ। ਹੁਣ ਉਸ ਦੀ ਉਮਰ 28 ਸਾਲ ਹੈ ਅਤੇ ਉਹ ਇੱਕ ਖੁਸ਼ਹਾਲ ਵਿਆਹੁਤਾ ਜੀਵਨ ਜੀ ਰਹੀ ਹੈ। ਉਹ ਘਰੇਲੂ ਕਿਰਤੀ ਵਜੋਂ ਕੰਮ ਕਰਦੀ ਹੈ। ਮੇਰੀ ਛੋਟੀ ਧੀ ਸੁਧਾ ਨੇ ਦਸਵੀਂ ਤੱਕ ਦੀ ਪੜ੍ਹਾਈ ਕੀਤੀ ਹੈ। ਉਸਦੀ ਉਮਰ 26 ਸਾਲ ਹੈ ਉਹ ਵੀ ਵਿਆਹੁਤਾ ਹੈ ਅਤੇ ਖ਼ੁਸ਼ਹਾਲ ਗ੍ਰਹਿਣੀ ਹੈ। 

ਮੇਰੇ ਭਰਾ ਵੀ ਬੰਗਲੁਰੂ ਆ ਗਏ ਅਤੇ ਇੱਥੇ ਹੁਣ ਆਪਣੇ ਪਰਿਵਾਰਾਂ ਨਾਲ਼ ਰਹਿੰਦੇ ਹਨ: 48 ਸਾਲਾ ਮਹੇਸ਼ ਇੱਕ ਫ਼ੈਕਟਰੀ ਵਿੱਚ ਬਤੌਰ ਮਜ਼ਦੂਰ ਕੰਮ ਕਰਦਾ ਹੈ; ਦੂਜਾ 40 ਸਾਲਾ ਰੇਵਾਨਾ, ਇੱਕ ਟਾਈਲ ਕੰਪਨੀ ਵਿੱਚ ਲੱਗਿਆ ਹੈ। ਮੇਰੀ ਮਾਂ ਪਿਛਾਂਹ ਪਿੰਡ ਹੀ ਰਹਿੰਦੀ ਹੈ ਅਤੇ ਮੇਰੇ ਭਰਾ ਉਹਨੂੰ ਖਰਚਾ-ਪਾਣੀ ਭੇਜਦੇ ਹਨ। ਮੇਰੇ ਪਿਤਾ ਦੁਨੀਆ ਵਿੱਚ ਨਹੀਂ ਹਨ।

ਮੈਨੂੰ ਇੱਥੇ ਆ ਕੇ ਵੱਸਣ ਦਾ ਕੋਈ ਵੀ ਅਫਸੋਸ ਨਹੀਂ ਹੈ; ਮੈਂ ਵਧੀਆ ਜੀਵਨ ਬਤੀਤ ਕਰ ਰਹੀ ਹਾਂ ਅਤੇ ਚੰਗੀ ਕਮਾਈ ਹੋਣ ਕਰਕੇ ਮੇਰਾ ਜੀਵਨ ਦੁੱਖ ਅਤੇ ਭੁੱਖ ਤੋਂ ਪਰ੍ਹੇ ਹੈ। ਮੈਂ ਸਾਲ ਵਿੱਚ ਘੱਟੋ ਘੱਟ ਤਿੰਨ ਵਾਰ ਆਪਣੇ ਪਿੰਡ ਜਾਂਦੀ ਹਾਂ, ਪਰ ਮੈਂ ਕਦੀ ਵੀ ਦੋ ਦਿਨ ਤੋਂ ਜ਼ਿਆਦਾ ਉੱਥੇ ਨਹੀਂ ਰਹਿ ਸਕੀ ਕਿਓਂਕਿ ਇੰਝ ਕਰਨ ਨਾਲ਼  ਨੌਕਰੀ ਤੋਂ ਹੱਥ ਧੋਣੇ ਪੈ ਸਕਦੇ ਹਨ। ਲੰਬੀ ਛੁੱਟੀ ਮਿਲਣੀ ਬਹੁਤ ਹੀ ਔਖੀ ਹੈ ਅਤੇ ਸਾਨੂੰ ਤਾਂ ਤਿਉਹਾਰਾਂ ਵਾਲ਼ੇ ਦਿਨ ਵੀ ਕੰਮ ਕਰਨਾ ਪੈਂਦਾ ਹੈ ਨਹੀਂ ਤਾਂ ਮਾਲਿਕ ਸਾਡੀ ਤਨਖਾਹ ਕੱਟ ਲੈਂਦਾ ਹੈ। 

ਮੇਰਾ ਪਿੰਡ ਛੋਟਾ ਜਿਹਾ ਪਰ ਬਹੁਤ ਹੀ ਸੋਹਣਾ ਹੈ। ਮੇਰੇ ਸਾਕ ਸਬੰਧੀ ਅਤੇ ਦੋਸਤ ਮਿੱਤਰ ਵੀ ਇੱਥੇ ਹੀ ਰਹਿੰਦੇ ਹਨ। ਸਾਡੀ ਜ਼ਮੀਨ ਫਸਲਾਂ ਨਾ ਉਗਾਉਣ ਕਰਕੇ ਸਨਮੀ ਹੀ ਪਈ ਹੋਈ ਹੈ। ਮੇਰੀ ਯੋਜਨਾ ਅਜੇ ਹੋਰ ਥੋੜ੍ਹੇ ਸਾਲ ਕੰਮ ਕਰਨ ਦੀ ਹੈ ਤਾਂ ਜੋ ਕਰਜਾ ਉਤਰ ਸਕੇ ਅਤੇ ਥੋੜ੍ਹੀ-ਬਹੁਤ ਬੱਚਤ ਵੀ ਹੋ ਜਾਵੇ। ਆਪਣੀਆਂ ਜ਼ਿੰਮੇਵਾਰੀਆਂ ਤੋਂ ਫਾਰਗ ਹੋ ਕੇ ਹੀ ਮੈਂ ਵਾਪਸ ਪਿੰਡ ਜਾਣਾ ਚਾਹੁੰਦੀ ਹਾਂ ਅਤੇ  ਨਵੇਂ ਘਰ ਵਿੱਚ ਆਪਣੇ ਪਰਿਵਾਰ ਨਾਲ਼ ਰਹਿਣਾ ਚਾਹੁੰਦੀ ਹਾਂ।

ਰਿਪੋਰਟਰ : ਗੁੰਜਨ ਪੀ. ਖਾਂਟਡ

ਉਤਾਂਹ ਵੱਲ ਜਾਓ


‘ਮੈਂ ਆਪਣੇ ਬੱਚਿਆਂ ਦੇ ਉੱਜਵਲ ਭਵਿੱਖ ਲਈ ਹੀ ਇੱਥੇ ਆਇਆਂ ਹਾਂ ‘

ਮੇਰੇ ਪਿਤਾ ਜੀ ਕੋਲ ਏਨੇ ਸਾਧਨ ਨਹੀਂ ਸਨ ਕਿ ਉਹ ਮੈਨੂੰ ਸਰਕਾਰੀ ਸਕੂਲ ਵੀ ਭੇਜ ਸਕਦੇ, ਪਰ ਕਿਸੇ ਨਾ ਕਿਸੇ ਤਰੀਕੇ ਮੈਂ ਪੰਜਵੀਂ ਤੱਕ ਦੀ ਪੜ੍ਹਾਈ ਪੂਰੀ ਕਰ ਹੀ ਲਈ। ਮੇਰੀ ਪਤਨੀ ਰਾਜੁਲ, ਪਿੰਡ  ਵਿਖੇ ਹੀ ਸਾਡੇ  ਬੱਚਿਆਂ, ਸਚਿਨ (14 ਸਾਲ), ਰਕੇਸ਼ (12 ਸਾਲ) ਪ੍ਰਿਯਾ (10 ਸਾਲ) ਦੇ ਨਾਲ਼ ਰਹਿ ਰਹੀ ਹੈ। ਮੇਰੇ ਬੱਚੇ ਵੀ ਪਿੰਡ ਦੇ ਸਰਕਾਰੀ ਸਕੂਲ ਵਿੱਚ ਹੀ ਪੜ੍ਹਨ ਜਾਂਦੇ ਹਨ।

37 ਸਾਲਾ ਸ਼ਾਵੀਰਾਮ ਯਾਦਵ, ਵਾਸੀ ਜ਼ਿਲ੍ਹਾ ਬਾਲਾਘਾਟ, ਮੱਧ ਪ੍ਰਦੇਸ਼
ਕਿੱਤਾ :ਟਾਈਲਾਂ ਲਾਉਣ ਵਾਲ਼ਾ ਮਿਸਤਰੀ

ਪਿੰਡ ਵਿੱਚ ਸਾਡੇ ਕੋਲ ਪੰਜ ਏਕੜ ਜ਼ਮੀਨ ਹੈ; ਉਸ ਜ਼ਮੀਨ ‘ਤੇ ਮੇਰੇ ਪਿਤਾ ਮੋਹਨ ਰਾਮ ਯਾਦਵ, ਮੇਰਾ ਛੋਟਾ ਭਰਾ ਪ੍ਰਕਾਸ਼ ਰਾਮ ਤੇ ਮੇਰੇ ਚਾਚੇ-ਤਾਏ ਕੰਮ ਕਰਦੇ ਹਨ।

19 ਵਰ੍ਹਿਆਂ ਦਾ ਹੁੰਦੇ ਹੀ ਮੈਂ ਬੰਗਲੁਰੂ ਆ ਗਿਆ ਅਤੇ ਨਿਰਮਾਣ-ਥਾਵਾਂ ‘ਤੇ ਮਜ਼ਦੂਰੀ ਕਰਨ ਲੱਗਿਆ।

ਹੁਣ ਮੈਂ ਟਾਈਲਾਂ ਲਾਉਣ ਦੇ ਕੰਮ ਵਿੱਚ ਇੱਕ ਕੁਸ਼ਲ ਮਿਸਤਰੀ ਬਣ ਗਿਆ ਹਾਂ। ਮੈਨੂੰ ਉਦੋਂ ਹੀ ਪੈਸੇ ਮਿਲਦੇ ਹਨ ਜਦੋਂ ਮੈਂ ਆਪਣਾ  ਫੜ੍ਹਿਆ ਕੰਮ ਪੂਰਾ ਕਰ ਲੈਂਦਾ ਹਾਂ, ਭਾਵ, 100 ਵਰਗ ਫੁੱਟੇ ਫ਼ਰਸ਼ ‘ਤੇ ਟਾਈਲਾਂ ਲਾਉਣ ਤੋਂ ਬਾਅਦ। ਮੈਨੂੰ ਆਪਣਾ ਕੰਮ ਕਰਨ ਵਿੱਚ ਬਹੁਤ ਸਕੂਨ ਮਿਲਦਾ ਹੈ। ਮੈਂ ਹਰ ਦੋ ਮਹੀਨੇ ਬਾਅਦ ਹੀ ਆਪਣੇ ਪਰਿਵਾਰ ਨੂੰ  ਮਿਲਣ ਜਾਂਦਾ ਹਾਂ।

ਬੈਂਕ ਵਿੱਚ ਮੇਰਾ ਖਾਤਾ ਵੀ ਹੈ। ਮੈਂ ਮਹੀਨੇ ਦੇ 36,000 ਰੁਪਏ ਕਮਾ ਵੀ ਕਮਾ ਲੈਂਦਾ ਹਾਂ, ਪਰ ਇਹ ਕੋਈ ਤੈਅ ਕਮਾਈ ਨਹੀਂ, ਸੋ ਮਿਲ਼ਦੇ-ਖੁੱਸਦੇ ਕੰਮ ਦੇ ਹਿਸਾਬ ਨਾਲ਼ ਹੀ ਚੱਲਣਾ ਪੈਂਦਾ ਹੈ। ਮੈਂ ਹਰ ਮਹੀਨੇ 26,000 ਰੁਪਿਆ ਆਪਣੇ ਪਰਿਵਾਰ ਨੂੰ ਭੇਜਦਾ ਹਾਂ। ਬਾਕੀ ਪੈਸੇ ਨਾਲ਼ ਹੀ ਮੈਂ ਆਪਣੀਆਂ ਨਿੱਜੀ ਜ਼ਰੂਰਤਾਂ ਅਤੇ ਖਾਣ-ਪੀਣ ਦਾ ਡੰਗ ਸਾਰਨਾ ਹੁੰਦਾ ਹੈ। ਮੈਂ ਅਤੇ ਮੇਰੇ ਸਹਿਯੋਗੀ ਰਲ਼-ਮਿਲ਼ ਕੇ ਖਾਣਾ ਪਕਾਉਂਦੇ ਹਾਂ। ਅਸੀਂ ਜ਼ਿਆਦਾਤਰ ਰੋਟੀ ਬਣਾਉਂਦੇ ਹਾਂ ਜਾਂ ਚਾਵਲ ਅਤੇ ਨਾਲ਼ ਥੋੜ੍ਹੀ ਸਬਜ਼ੀ ਜਾਂ ਫਿਰ ਦਾਲ ਬਣਾਉਂਦੇ ਹਾਂ। ਅਸੀਂ ਇਕੱਠਾ ਅਨਾਜ ਨਹੀਂ ਖਰੀਦਦੇ  ਸਗੋਂ ਜਿਨੀਂ ਜਰੂਰਤ ਹੁੰਦੀ ਹੈ ਓਨਾ ਹੀ ਖਰੀਦ ਲੈਂਦੇ  ਹਾਂ।

ਕਿਰਾਏ, ਪਾਣੀ ਅਤੇ ਬਿਜਲੀ ਦਾ ਬੇਫਜ਼ੂਲ ਖਰਚਾ ਬਚਾਉਣ ਲਈ ਮੈਂ ਕੰਮ ਦੀ ਥਾਂ ‘ਤੇ ਹੀ ਰਹਿ ਲੈਂਦਾ ਹਾਂ। ਮੇਰਾ ਕੰਮ ਸਵੇਰੇ  9 ਵਜੇ ਸ਼ੁਰੂ ਹੋ ਜਾਂਦਾ ਹੈ ਅਤੇ ਦੁਪਹਿਰੇ ਖਾਣੇ ਵਾਸਤੇ 1 ਘੰਟੇ ਦੀ ਛੁੱਟੀ ਮਿਲਦੀ ਹੈ। ਅਕਸਰ ਮੈਨੂੰ ਅਲੱਗ-ਅਲੱਗ ਥਾਵਾਂ ‘ਤੇ ਜਾ ਕੇ ਹੀ ਕੰਮ ਕਰਨਾ ਪੈਂਦਾ ਹੈ। ਇੱਕ ਮਹੀਨਾ ਪਹਿਲਾਂ ਮੈਨੂੰ ਜੈਪੁਰ ਵਿੱਚ ਟਾਇਲਾਂ ਲਾਉਣ ਦਾ ਕੰਮ ਮਿਲਿਆ ਸੀ।

ਮੈਂ ਆਪਣੇ ਬੱਚਿਆਂ ਦੇ ਉੱਜਵਲ ਭਵਿੱਖ ਲਈ ਮਿਹਨਤ ਕਰ ਰਿਹਾ ਹਾਂ। ਮੈਂ ਨਹੀਂ ਚਾਹੁੰਦਾ ਕਿ ਮੇਰੇ ਵਾਂਗੂੰ ਮੇਰੇ ਬੱਚਿਆਂ ਨੂੰ ਵੀ ਦਿਹਾੜੀ-ਧੱਪਾ ਲਾਉਣਾ ਪਵੇ।

ਉਤਾਂਹ ਵੱਲ ਜਾਓ


‘ਮੈਂ ਛੋਟੀ ਉਮਰੇ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਅਤੇ ਹੁਣ ਮੈਂ ਪੜ੍ਹਨਾ ਚਾਹੁੰਦਾ ਹਾਂ ‘

ਜਦੋਂ ਮੈਂ 14 ਸਾਲ ਦਾ ਸਾਂ, ਇੱਕ ਸੜਕ ਦੁਰਘਟਨਾ  ਵਿੱਚ ਮੇਰੇ ਮਾਤਾ ਪਿਤਾ ਦਾ ਅਕਾਲ ਚਲਾਣਾ ਹੋ ਗਿਆ। ਉਹ ਮੇਰੇ ਨਾਨਕਿਓਂ ਵਾਪਸ ਆ ਰਹੇ ਸਨ। ਆਪਣੀ ਛੋਟੀ ਭੈਣ ਅਸਮਾ ਦਾ ਪਾਲਣ-ਪੋਸ਼ਣ ਕਰਨ ਅਤੇ ਖ਼ੁਦ ਨੂੰ ਸੰਭਾਲ਼ਣ ਖਾਤਰ ਮੈਨੂੰ ਸਕੂਲ ਛੱਡਣਾ ਪਿਆ। ਕੰਮ ਕਰਨ ਦੇ ਨਾਲ਼ ਨਾਲ਼ ਕਿਸੇ ਹੀਲੇ ਵਸੀਲੇ ਨਾਲ਼ ਮੈਂ ਦਸਵੀਂ ਪੂਰੀ ਕਰ ਹੀ ਲਈ। ਅਸੀਂ ਦੋਵੇਂ ਭੈਣ-ਭਰਾ ਆਪਣੇ ਚਾਚਾ ਚਾਚੀ ਦੇ ਘਰ ਰਹਿੰਦੇ ਸਾਂ, ਪਰੰਤੂ ਉਨ੍ਹਾਂ ਦਾ ਸਾਡੇ ਪ੍ਰਤੀ ਵਤੀਰਾ ਕੋਈ ਬਹੁਤਾ ਚੰਗਾ ਨਹੀਂ ਸੀ।

20 ਸਾਲਾ ਪੁਲਿਨਾ ਟੀਰਕੇ, ਵਾਸੀ ਤੇਜ਼ਪੁਰ, ਅਸਾਮ
ਪੇਸ਼ਾ: ਘਰਾਂ ਦਾ ਕੰਮ ਕਰਨ ਵਾਲ਼ਾ

ਮੇਰੇ ਪਿਤਾ ਕੋਲ਼ 2 ਏਕੜ ਜ਼ਮੀਨ ਸੀ ਜਿਸ ‘ਤੇ ਉਹ ਕੇਲੇ, ਅੰਬ, ਅਨਾਰ ਅਤੇ ਹੋਰ ਫਲ ਉਗਾਇਆ ਕਰਦੇ। ਖੇਤੀ ਦੇ ਨਾਲ਼ ਨਾਲ਼ ਉਹ ਟਾਇਲਾਂ ਲਾਉਣ ਦਾ ਕੰਮ ਵੀ ਕਰਦੇ ਸਨ। ਕੰਮ ਦੀ ਸ਼ੁਰੂਆਤ ਮੈਂ ਆਪਣੇ ਪਿੰਡ ਦੇ ਨੇੜੇ ਨਿਰਮਾਣ ਥਾਂ ‘ਤੇ ਮਜ਼ਦੂਰੀ ਕਰਕੇ ਕੀਤੀ, ਜਿੱਥੇ ਮੈਂ ਦੋ ਸਾਲ ਕੰਮ ਕੀਤਾ ਅਤੇ ਮੈਨੂੰ ਹਫ਼ਤੇ ਦੇ 260 ਰੁਪਏ ਮਿਲ਼ਦੇ।

ਬੰਗਲੁਰੂ ਵਿੱਚ ਕੰਮ ਕਰਦੇ ਮੇਰੇ ਇੱਕ ਮਿੱਤਰ ਨੇ ਫ਼ੋਨ ਕੀਤਾ ਅਤੇ ਵਧੀਆ ਤਨਖਾਹ ਵਾਲ਼ੀ ਇੱਕ ਚੰਗੀ ਨੌਕਰੀ ਬਾਰੇ ਦੱਸਿਆ, ਜੋ ਖਾਕੜਾ (ਸਨੈਕਸ) ਬਣਾਉਣ ਵਾਲ਼ੀ ਫ਼ੈਕਟਰੀ ਸੀ, ਸੋ ਮੈਂ ਰੇਲ ਫੜ੍ਹੀ ਤੇ ਉੱਥੇ ਪਹੁੰਚ ਗਿਆ। ਮੈਂ ਅਸਾਮ ਤੋਂ ਬੰਗਲੁਰੂ ਕੰਮ ਕਰਨ ਲਈ ਪ੍ਰਵਾਸ ਕਰਕੇ ਆਏ ਬਹੁਤ ਸਾਰੇ ਲੋਕਾਂ ਨੂੰ ਜਾਣਦਾ ਸਾਂ, ਇਸਲਈ ਮੈਂ ਬੇਫ਼ਿਕਰ ਸਾਂ।

ਫੈਕਟਰੀ ਵਿੱਚ ਮੈਂ ਰੋਟੀਆਂ ਤੋਂ ਖਾਖੜਾ ਬਣਾਉਣ ਦਾ ਇੰਚਾਰਜ ਸਾਂ। ਮੈਂ ਮਹੀਨੇ ਦਾ 7500 ਰੁਪਿਆ ਕਮਾ ਰਿਹਾ ਸਾਂ ਅਤੇ  ਖਾਣਾ ਫੈਕਟਰੀ  ਹੀ ਮੁਹਈਆ ਕਰਾਉਂਦੀ ਸੀ। ਮੇਰੀ ਰਿਹਾਇਸ਼ ਵਾਟਰਪੱਲੀ ਵਿੱਚ ਸੀ, ਜੋ ਜਿਗਾਨੀ ਦਾ ਇੰਡਸਟਰੀਅਲ ਏਰੀਆ ਦੇ ਨੇੜੇ ਸੀ ਅਤੇ ਏਥੇ ਹੀ ਮੇਰੀ ਫੈਕਟਰੀ ਸਥਿਤ ਸੀ। ਛੇ ਮਹੀਨੇ ਕੰਮ ਕਰਨ ਤੋਂ ਬਾਅਦ ਮੈਨੂੰ ਇਹ ਕੰਮ ਛੱਡਣਾ ਪਿਆ ਕਿਉਂਕਿ ਮਸ਼ੀਨਾਂ ਦੀ ਗਰਮੀ ਬਹੁਤ ਜ਼ਿਆਦਾ ਸੀ ਜਿਸ ਕਾਰਨ ਮੇਰੀ ਚਮੜੀ ‘ਤੇ ਬਹੁਤ ਸਾੜ ਪੈਂਦਾ ਸੀ; ਮੈਨੂੰ ਕਈ ਤਰ੍ਹਾਂ ਦੀਆਂ ਚਮੜੀ ਸਮੱਸਿਆਵਾਂ ਸ਼ੁਰੂ ਹੋ ਗਈਆਂ।

ਮੈਂ ਇੱਕ ਨਜ਼ਦੀਕੀ ਫੈਕਟਰੀ ਵਿੱਚ ਨਵੇਂ ਸਿਰੇ ਤੋਂ ਕੰਮ ਸ਼ੁਰੂ ਕੀਤਾ ਜੋ ਪ੍ਰਸਿੱਧ ਬਰਾਂਡ ਲਈ ਨੂਡਲ ਬਣਾਉਂਦੀ ਸੀ। ਹੁਣ ਮੇਰੀ ਕਮਾਈ ਵੱਧ ਕੇ 8,000 ਹੋ ਗਈ ਸੀ, ਜਿਸ ਵਿੱਚੋਂ 1300 ਰੁਪਿਆ ਕਿਰਾਏ ਦਾ ਨਿਕਲ਼ ਜਾਂਦਾ ਅਤੇ 500 ਰੁਪਏ ਭੋਜਨ ‘ਤੇ ਖਰਚ ਹੋ ਜਾਂਦਾ। ਬਾਕੀ ਬਚਦੀ ਰਕਮ ਮੈਂ ਆਪਣੀ ਭੈਣ ਨੂੰ ਉਸਦੀ ਪੜ੍ਹਾਈ ਅਤੇ ਹੋਰ ਖ਼ਰਚਿਆਂ ਲਈ ਭੇਜ ਦਿੰਦਾ।

ਮੈਨੂੰ ਪਿੰਡ ਛੱਡ ਕੇ (ਘਰੋਂ) ਆਇਆਂ ਨੂੰ 11 ਮਹੀਨੇ ਹੋ ਚੁੱਕੇ ਸਨ ਇਸ ਲਈ ਮੈਂ ਆਪਣੀ ਭੈਣ ਕੋਲ ਘਰ ਵਾਪਸ ਚਲਾ ਗਿਆ। ਕਿਸੇ ਦੂਸਰੇ ਮਿੱਤਰ ਦੀ ਸਿਫਾਰਸ਼ ‘ਤੇ ਮੈਨੂੰ ਕੇਰਲਾ ਵਿੱਚ ਦੁਬਾਰਾ ਨੌਕਰੀ ਮਿਲ ਗਈ। ਥਿਸ਼ੂਰ ਵਿਖੇ ਮੈਂ ਇਸ ਪੈਕਿੰਗ ਫੈਕਟਰੀ ਵਿੱਚ ਕੰਮ ਕਰਦਾ ਸਾਂ। ਅਸੀਂ ਕਣਕ ਅਤੇ ਮੈਦੇ ਜਿਹੇ ਕਈ ਪ੍ਰਕਾਰ ਦੇ ਆਟੇ ਪੈਕ ਕਰਦੇ ਸਾਂ। ਦਿਨ ਦੇ 7 ਘੰਟੇ ਕੰਮ ਕਰਨ ਬਦਲੇ ਮੈਨੂੰ ਮਹੀਨੇ ਦਾ 7000 ਰੁਪਿਆ ਮਿਲ ਜਾਂਦਾ ਸੀ। ਖਾਣਾ ਅਤੇ ਰਿਹਾਇਸ਼ ਦਾ ਪ੍ਰਬੰਧ ਕੰਪਨੀ ਦੁਆਰਾ ਕੀਤਾ ਜਾਂਦਾ ਸੀ।

ਛੇ ਮਹੀਨੇ ਬਾਅਦ ਮੈਨੂੰ ਖ਼ਬਰ ਮਿਲੀ ਕਿ ਮੇਰੀ ਭੈਣ ਦੁਬਾਰਾ ਬੀਮਾਰ ਹੈ – ਲੰਬੇ ਸਮੇਂ ਤੱਕ ਚੱਲਦੇ ਬੁਖਾਰ ਨੇ ਉਸ ਨੂੰ ਬਹੁਤ ਹੀ ਕਮਜ਼ੋਰ ਬਣਾ ਦਿੱਤਾ ਸੀ। ਉਸ ਨੂੰ ਹਸਪਤਾਲ ਵਿੱਚ ਭਰਤੀ ਕਰਾਉਣਾ ਪਿਆ ਅਤੇ ਦਵਾਈ ਦਾਰੂ ਵੀ ਬਹੁਤ ਹੀ ਮਹਿੰਗੀ ਸੀ। ਨਤੀਜਾ ਇਸੇ ਖਰਚੇ ਵਿੱਚ ਮੇਰੀ ਸੱਤ ਤੋਂ ਅੱਠ ਮਹੀਨਿਆਂ ਦੀ ਤਨਖਾਹ ਉੱਡ ਗਈ। ਸੱਚਮੁੱਚ ਹੀ ਇਹ ਬਹੁਤ ਕਸ਼ਟਦਾਇਕ ਸਮਾਂ ਸੀ। 

ਜਿਵੇਂ ਹੀ ਉਸ ਦੀ ਸਿਹਤ ਵਿੱਚ ਸੁਧਾਰ ਹੋਣਾ ਸ਼ੁਰੂ ਹੋਇਆ, ਮੈਂ ਦੋਬਾਰਾ ਦੱਖਣ ਭਾਰਤ ਪਰਤ ਆਇਆ ਅਤੇ ਇਸ ਵਾਰੀ ਤਮਿਲਨਾਡੂ ਦੀ ਇੱਕ ਫੈਕਟਰੀ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਜਿੱਥੇ ਮਸ਼ੀਨਾਂ ਦੇ ਪੁਰਜੇ ਬਣਦੇ ਸਨ। ਮੈਨੂੰ 7000 ਰੁਪਏ ਮਹੀਨਾ ਮਿਲਦਾ ਸੀ ਜਿਸ ਵਿੱਚੋਂ 1500 ਕਿਰਾਏ (ਘਰ) ‘ਤੇ ਖਰਚ ਹੋ ਜਾਂਦੇ ਸਨ। ਮੈਂ ਦਿਨ ਦੇ ਨੌਂ-ਨੌਂ ਘੰਟੇ ਕੰਮ ਕਰਕੇ ਵੀ ਕੋਈ ਬਚਤ ਕਰਨ ਦੇ ਕਾਬਲ ਨਹੀਂ ਹੋ ਪਾ ਰਿਹਾ ਸਾਂ। ਮੈਂ ਫੈਕਟਰੀ ਛੱਡ ਦਿੱਤੀ ਅਤੇ ਘਰਾਂ ਦੇ ਕੰਮ ਲੱਭਣ ਦਾ ਫ਼ੈਸਲਾ ਕੀਤਾ। ਕਿਉਂਕਿ ਇਸ ਕੰਮ ਵਿੱਚ ਮੈਨੂੰ ਕਮਰੇ ਦਾ ਕਿਰਾਇਆ ਨਹੀਂ ਦੇਣਾ ਪਵੇਗਾ ਅਤੇ ਮੈਂ ਕੁਝ ਬਚਤ ਕਰ ਪਾਵਾਂਗਾਂ। ਮੈਂ ਬਹੁਤ ਛੋਟੀ ਉਮਰ ਤੋਂ ਹੀ ਕੰਮ ਕਰਦਾ ਆ ਰਿਹਾ ਹਾਂ ਅਤੇ ਹੁਣ ਮੈਂ ਪੜ੍ਹਨਾ ਚਾਹੁੰਦਾ ਹਾਂ।

ਮੈਂ ਛੇਤੀ ਹੀ ਘਰ ਵਾਪਸ ਮੁੜਨ ਦੀ ਯੋਜਨਾ ਬਣਾ ਰਿਹਾ ਹਾਂ। ਮੇਰੀ ਛੋਟੀ ਭੈਣ ਸਾਧਵੀ (nun) ਨਿਯੁਕਤ ਹੋ ਰਹੀ ਹੈ ਅਤੇ ਇਸ ਸ਼ੁਭ ਮੌਕੇ ਮੇਰਾ ਪਹੁੰਚਣਾ ਵੀ ਬਹੁਤ ਜ਼ਰੂਰੀ ਹੈ। ਮੇਰੇ ਚਾਚੇ ਨੇ ਸਾਡੀ ਜ਼ਮੀਨ ‘ਤੇ ਕਬਜ਼ਾ ਕਰ ਲਿਆ। ਮੈਂ ਪੂਰੇ ਮਾਮਲੇ ਦਾ ਪਤਾ ਲਾਉਣਾ ਹੈ ਤੇ ਆਪਣੀ ਪਿਤਾ-ਪੁਰਖੀ ਜ਼ਮੀਨ ਵਾਪਸ ਲੈਣੀ ਪਵੇਗੀ।

ਰਿਪੋਰਟਰ : ਦਿਆ ਭੰਡਾਰੀ

ਉਤਾਂਹ ਵੱਲ ਜਾਓ


‘ਮੇਰੀ  ਕਮਾਈ ਦੀ ਬਦੌਲਤ ਅੱਜ ਮੇਰੇ ਘਰ ਬਿਜਲੀ ਹੈ’

ਮੈਨੂੰ ਖ਼ੁਦ ਨੂੰ ਪ੍ਰਤਿਭਾ ਕਹਾਉਣਾ ਪਸੰਦ ਕਰਦੀ ਹਾਂ, ਭਾਵੇਂ ਮੇਰਾ ਨਾਮ ਪ੍ਰਤੀਕਸ਼ਾ ਹੈ। ਉਦੋਂ ਮੇਰੀ ਉਮਰ 17 ਸਾਲ ਦੀ ਹੀ ਸੀ ਜਦੋਂ ਡਬਹੋਲ ਤੋਂ ਮੁੰਬਈ ਜਾਣ ਲਈ ਮੈਂ ਘਰੋਂ ਪੈਰ ਪੁੱਟਿਆ। ਮੇਰੀ ਵੱਡੀ ਭੈਣ ਕਲਪਨਾ ਪਹਿਲਾਂ ਹੀ ਉਥੇ ਕੰਮ ਕਰਦੀ ਸੀ ਅਤੇ ਉਸਨੇ ਮੇਰੇ ਲਈ ਵੀ ਨੌਕਰੀ ਲੱਭ ਲਈ ਸੀ। 

26 ਸਾਲਾ ਪ੍ਰਤੀਕਸ਼ਾ  ਗਣਪਤ ਸੁਕਾਮ, ਵਾਸੀ ਡਬਹੋਲ, ਖੁਰਦ, ਮਹਾਰਾਸ਼ਟਰ
ਪੇਸ਼ਾ: ਘਰਾਂ ਦਾ ਕੰਮ ਕਰਨ ਵਾਲ਼ੀ

ਮੇਰੇ ਮਾਪੇ ਨਹੀਂ ਚਾਹੁੰਦੇ ਸਨ ਕਿ ਮੈਂ ਉਹਨਾਂ ਨੂੰ ਛੱਡ ਕੇ ਜਾਵਾਂ ਪਰ ਸਾਡੇ ਕੋਲ ਹੋਰ ਕੋਈ ਚਾਰਾ ਨਹੀਂ ਬਚਿਆ ਸੀ। ਪਿਛਲੇ ਸਾਲ ਐਨਾ ਮੀਂਹ ਪਿਆ ਕੇ ਸਾਡੀ ਪੂਰੀ ਫਸਲ ਬਰਬਾਦ ਹੋ ਗਈ। ਮੇਰਾ ਭਰਾ ਸੰਦੀਪ ਜੋ ਮੇਰੇ ਤੋਂ ਸਿਰਫ਼ ਦੋ ਸਾਲ ਹੀ ਵੱਡਾ ਹੈ, ਉਸ ਨੂੰ ਵੀ ਘਰ ਛੱਡ ਕੇ ਕੰਮ ਲੱਭਣ ਲਈ ਬਾਹਰ ਜਾਣਾ ਪਿਆ ਤਾਂ ਜੋ ਕਮਾਈ ਕਰਕੇ  ਘਰ ਪੈਸੇ ਭੇਜ ਸਕੇ। ਉਹਨੂੰ ਬਹਿਰੇ (waiter) ਦੀ ਨੌਕਰੀ ਮਿਲੀ।

ਮੇਰੇ ਪਿਤਾ, ਭੀਕਾਜੀ ਗਣਪਤ ਅਤੇ ਮਾਂ, ਸੀਤਾ ਬਾਈ ਦੋਵੇਂ ਹੀ ਕਾਸ਼ਤਕਾਰ ਹਨ ਜੋ ਸਖਤ ਮਿਹਨਤ ਕਰਦੇ ਹਨ। ਜਦੋਂ ਕਦੇ ਥੋੜ੍ਹਾ ਮੀਂਹ ਪਵੇ ਜਾਂ ਫੇਰ ਔੜ ਦੇ ਦਿਨ ਹੋਣ ਤਾਂ ਸਾਨੂੰ ਜਨਤਕ ਖੂਹ ਦੇ ਪਾਣੀ ਨਾਲ਼ ਖੇਤਾਂ ਦੀ ਸਿੰਚਾਈ ਕਰਨੀ ਪੈਂਦੀ ਹੈ। ਕਈ ਵਾਰ ਮੇਰੇ ਛੋਟੇ ਭੈਣ-ਭਰਾਵਾਂ ਨੂੰ ਸਕੂਲੋਂ ਛੁੱਟੀ ਕਰਨੀ ਪੈਂਦੀ ਹੈ ਤਾਂ ਕਿ ਖ਼ੂਹ ਵਿੱਚੋਂ ਪਾਣੀ ਢੋਹਣ ਵਿੱਚ ਮਾਪਿਆਂ ਦੀ ਮਦਦ ਕਰ ਸਕਣ, ਖ਼ੂਹ ਕੋਈ 5 ਕਿਲੋਮੀਟਰ ਦੂਰ ਹੈ। ਕਈ ਵਾਰੀ ਇੰਨਾ ਮੀਂਹ ਪੈ ਜਾਂਦਾ ਹੈ ਕਿ ਫ਼ਸਲਾਂ ਕੀ ਸਾਰਾ ਕੁਝ ਬਰਬਾਦ ਹੋ ਜਾਂਦਾ ਹੈ। ਹੁਣ ਮੇਰੇ ਮਾਪੇ ਸਾਲ ਵਿੱਚ ਸਿਰਫ਼ ਝੋਨੇ ਦੀ ਹੀ ਫਸਲ ਉਗਾਉਂਦੇ ਹਨ।

ਮੇਰੀ ਭੈਣ ਕਲਪਨਾ, ਜੋ ਮੇਰੇ ਤੋਂ ਪੰਜ ਸਾਲ ਵੱਡੀ ਹੈ, ਨੂੰ ਸਿਰਫ਼ ਪੰਜਵੀਂ ਤੱਕ ਪੜ੍ਹਨ ਦੀ ਇਜਾਜ਼ਤ ਮਿਲ਼ੀ। ਮਾਂ ਦਾ ਗਠਿਆ (arthritis) ਵਿਗੜ ਜਾਣ ਕਾਰਨ ਉਹਨੂੰ ਪੜ੍ਹਾਈ ਵਿਚਾਲ਼ੇ ਛੱਡ ਕੇ ਘਰੇਲੂ ਕੰਮਕਾਜ ਕਰਨੇ ਪਏ।

ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੀ ਹਾਂ ਕਿਉਂਕਿ ਰਤਨਾਗਿਰੀ ਦੇ ਸਰਕਾਰੀ ਸਕੂਲ ਵਿੱਚ ਮੈਂ ਆਪਣੀ 7ਵੀਂ ਤੱਕ ਦੀ ਪੜ੍ਹਾਈ ਪੂਰੀ ਕਰ ਲਈ ਸੀ। ਮੈਨੂੰ ਪੈਦਲ ਸਕੂਲ ਜਾਣ ‘ਤੇ ਇੱਕ ਪਾਸੇ ਦੇ 30 ਮਿੰਟ ਲੱਗਦੇ। ਮੇਰੇ ਪਿੰਡ ਵਾਲ਼ਿਆਂ ਦਾ ਮੰਨਣਾ ਹੈ ਕਿ ਕੁੜੀਆਂ ਨੂੰ ਇੰਨਾ ਕੁ ਹੀ ਪੜ੍ਹਨਾ ਚਾਹੀਦਾ ਹੈ ਅਤੇ ਫਿਰ ਉਨ੍ਹਾਂ ਨੂੰ ਆਪਣੇ ਵਿਆਹਾਂ ਦੇ ਹਿਸਾਬ ਨਾਲ਼ ਸਿਰਫ਼ ਘਰਾਂ ਦੇ ਕੰਮ ਸਿੱਖਣੇ ਚਾਹੀਦੇ ਹਨ।

ਸਾਡੇ ਕੋਲ ਏਨੀ ਜ਼ਮੀਨ ਨਹੀਂ ਸੀ ਇਹ ਸਭ ਦਾ ਪੇਟ ਭਰ ਸਕਦੀ ਇਸ ਕਰਕੇ ਸਾਨੂੰ ਆਪਣਾ ਘਰ ਛੱਡ ਕੇ ਮੁੰਬਈ ਜਾਣਾ ਪਿਆ ਤਾਂ ਜੋ ਅਸੀਂ ਆਪਣੇ ਮਾਪਿਆਂ ਦਾ ਕਰਜਾ ਉਤਾਰਨ ਵਿੱਚ ਮਦਦ ਕਰ ਸਕੀਏ। ਸ਼ੁਰੂ-ਸ਼ੁਰੂ ਦੇ ਦਿਨਾਂ ਵਿੱਚ ਮੈਨੂੰ ਆਪਣੇ ਆਪ ਨੂੰ ਢਾਲਣ ਵਿੱਚ ਬਹੁਤ ਮੁਸ਼ਕਿਲ ਹੋਈ ਅਤੇ ਕਈ ਵਾਰ ਮੈਂ ਆਪਣੇ ਮਾਤਾ ਪਿਤਾ ਦੇ ਹਾੜੇ ਕੱਢੇ ਕਿ ਮੈਨੂੰ ਵਾਪਸ ਆਉਣ ਦੇਣ ਅਤੇ ਮੈਨੂੰ ਆਪਣੇ ਨਾਲ਼ ਖੇਤਾਂ ਵਿੱਚ ਕੰਮ ਕਰਨ ਦੇਣ, ਪਰ ਉਨ੍ਹਾਂ ਨੇ ਮੈਨੂੰ ਸ਼ਹਿਰ ਵਿੱਚ ਰਹਿ ਕੇ ਹੀ ਕੰਮ ਕਰਨ ਅਤੇ ਪੈਸੇ ਭੇਜਦੇ ਰਹਿਣ ‘ਤੇ ਜ਼ੋਰ ਦਿੱਤਾ।

ਬਾਅਦ ਵਿੱਚ ਸਮੇਂ ਦੇ ਨਾਲ਼ ਨਾਲ਼ ਮੈਂ ਆਪਣੇ ਕੰਮ ਅਤੇ ਇਸ ਪਰਿਵਾਰ ਦੇ ਘੁਲ਼ਣ-ਮਿਲ਼ਣ ਲੱਗੀ। ਮੇਰੇ ਮਾਲਕ ਨੇਕ ਸਨ, ਉਹ ਅਕਸਰ ਮੈਨੂੰ ਮੇਰੇ ਮਾਪਿਆਂ ਨਾਲ਼ ਮਿਲ਼ਣ ਭੇਜ ਦਿਆ ਕਰਦੇ। ਥੋੜ੍ਹੇ ਸਾਲਾਂ ਮਗਰੋਂ ਮੇਰੇ ਮਾਲਕ ਪਰਿਵਾਰ ਨੇ ਬੰਗਲੁਰੂ ਜਾ ਕੇ ਵੱਸਣ ਦਾ ਫ਼ੈਸਲਾ ਕੀਤਾ ਅਤੇ ਮੈਂ ਵੀ ਉਨ੍ਹਾਂ ਨਾਲ਼ ਹੀ ਚਲੀ ਗਈ।

ਮੈਂ ਉਨ੍ਹਾਂ ਲਈ ਅੱਠ ਸਾਲਾਂ ਤੋਂ ਕੰਮ ਕਰਦੀ ਆ ਰਹੀ ਹਾਂ ਅਤੇ ਹੁਣ ਮੇਰੀ ਤਨਖਾਹ 9000 ਹੋ ਚੁੱਕੀ ਹੈ। ਮੇਰੇ ਬੁੱਢੇ ਮਾਤਾ-ਪਿਤਾ ਨੂੰ ਸਿਹਤ ਸਬੰਧੀ ਸਮੱਸਿਆਵਾਂ ਹੋਣ ਕਰਕੇ ਮੈਂ ਆਪਣੀ ਸਾਰੀ ਤਨਖਾਹ ਉਨ੍ਹਾਂ ਨੂੰ ਭੇਜ ਦਿੰਦੀ ਹਾਂ। ਮੈਨੂੰ ਗਰਮੀਆ ਵਿੱਚ ਘਰ ਜਾਣ ਲਈ ਇੱਕ ਮਹੀਨੇ ਦੀ ਛੁੱਟੀ ਮਿਲਦੀ ਹੈ। ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਅੱਜ ਮੇਰੇ ਪਰਿਵਾਰ ਕੋਲ ਮੇਰੀ ਕਮਾਈ ਸਦਕਾ ਹੀ ਬਿਜਲੀ ਦੀ ਸਹੂਲਤ ਹੈ।

ਇਕ ਸਾਲ ਪਹਿਲਾਂ ਆਪਣੇ ਪਿੰਡ ਦੇ ਹੀ ਇੱਕ ਕਿਸਾਨ ਨਾਲ਼ ਮੇਰੀ ਮੰਗਣੀ ਹੋ ਗਈ ਅਤੇ ਵਿਆਹ ਛੇਤੀ ਹੀ ਹੋਵੇਗਾ। ਮੇਰਾ ਰਿਸ਼ਤਾ ਮੇਰੇ ਮਾਪਿਆਂ ਨੇ ਹੀ ਤੈਅ ਕੀਤਾ ਹੈ। ਅਸੀਂ ਨਵਾਂ ਘਰ ਬਣਾ ਰਹੇ ਹਾਂ ਤਾਂ ਜੋ ਵਿਆਹ ਤੋਂ ਬਾਅਦ ਰਿਹਾਇਸ਼ ਸਬੰਧੀ  ਕੋਈ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਘਰ ਪੂਰਾ ਕਰਨ ਲਈ ਇਕ ਲੱਖ ਰੁਪਿਆ ਲੱਗਣਾ ਹੈ ਅਤੇ ਇਸ ਵਾਸਤੇ ਮੈਂ ਪੈਸਾ ਘਰ ਭੇਜ ਦਿੱਤਾ ਹੈ। ਮੈਨੂੰ ਪੂਰੀ ਉਮੀਦ ਹੈ ਕਿ ਮੇਰੇ ਵਿਆਹ ਤੋਂ ਮਗਰੋਂ ਮੇਰਾ ਭਰਾ, ਮਾਂ ਬਾਪ ਦੀ ਦੇਖਭਾਲ ਕਰੇਗਾ ਅਤੇ ਪੈਸੇ ਵੀ ਭੇਜੇਗਾ।

ਮੈਂ ਆਪਣੇ ਪਿੰਡ ਵਾਪਸ ਜਾ ਕੇ ਵਸਣ ਲਈ ਬੇਸਬਰ ਹਾਂ; ਮੇਰੇ ਲਈ ਇਹ ਗੱਲ ਬੜੀ ਮਾਇਨੇ ਰੱਖਦੀ ਹੈ  ਕਿ ਮੈਂ ਆਪਣੇ ਮਾਤਾ ਪਿਤਾ ਦੇ ਕੋਲ ਰਹਿਣਾ ਹੈ। ਮੈਂ ਖਾਣਾ ਪਕਾਉਣ ਵਿੱਚ ਨਿਪੁੰਨ ਹੋ ਗਈ ਹਾਂ ਤੇ ਉਹ ਮੇਰੇ ਹੱਥੀਂ ਪਕਾਏ ਗਏ ਖਾਣੇ ਨੂੰ ਖਾਣ ਲਈ ਬੇਸਬਰੀ ਨਾਲ਼ ਇੰਤਜ਼ਾਰ ਕਰ ਰਹੇ ਹਨ।

ਰਿਪੋਟਰ: ਖੁਸ਼ੀ ਆਰ ਸ਼ਾਹ

ਉਤਾਂਹ ਵੱਲ ਜਾਓ


 ‘ਪੇਂਟਿੰਗ ਦੇ ਕੰਮ ਲਈ ਮੈਨੂੰ ਜਦੋਂ ਮਰਜ਼ੀ ਬੁਲਾਓ’

ਆਪਣੇ ਪਿੰਡ ਮੈਂ ਇੱਕ ਪੇਂਟਰ ਦਾ ਕੰਮ ਕਰਿਆ ਕਰਦਾ ਸਾਂ ਤੇ ਉਹੀ ਕੰਮ ਮੈਂ ਇੱਥੇ ਵੀ ਕਰਦਾ ਹਾਂ। ਜਦੋਂ ਬਾਕੀ ਦੇ ਪੇਂਟਰ ਬੰਗਲੁਰੂ ਤੋਂ ਵਾਪਸ ਪਿੰਡ ਆਇਆ ਕਰਦੇ ਤਾਂ ਉਹ ਸ਼ਹਿਰ ਕੀਤੀ ਆਪਣੀ ਕਮਾਈ ਨੂੰ ਲੈ ਕੇ ਬੜੇ ਸੁਰਖ਼ਰੂ ਤੇ ਸੰਤੁਸ਼ਟ ਜਾਪਿਆ ਕਰਦੇ। ਸੋ ਉਨ੍ਹਾਂ ਨੂੰ ਦੇਖ ਕੇ ਹੀ ਮੈਂ ਸ਼ਹਿਰ (ਬੰਗਲੁਰੂ) ਜਾਣ ਦਾ ਫੈਸਲਾ ਕਰ ਲਿਆ। 

52 ਸਾਲਾ ਗੁਲੀ ਯਾਦਵ, ਵਾਸੀ ਬੇਲਘਾਟ ਜ਼ਿਲ੍ਹਾ, ਗੋਰਖਪੁਰ (ਜ਼ਿਲ੍ਹਾ), ਉੱਤਰ ਪ੍ਰਦੇਸ਼ 
ਪੇਸ਼ਾ: ਪੇਂਟਰ

ਸਾਰਾ ਦਿਨ ਕੰਮ ਕਰਨ ਤੋਂ ਬਾਅਦ ਮੈਨੂੰ ਆਪੇ ਹੀ ਖਾਣਾ ਪਕਾਉਣਾ ਪੈਂਦਾ ਅਤੇ ਕੱਪੜੇ ਵੀ ਧੋਣੇ  ਪੈਂਦੇ। ਜਦੋਂ ਮੈਂ ਪਹਿਲੀ ਵਾਰੇ ਉੱਥੇ ਗਿਆਂ ਤਾਂ ਮੈਨੂੰ ਕੰਨੜ ਵਿੱਚ ਗੱਲਬਾਤ ਕਰਨ ਵਿੱਚ ਬੜੀ ਕਠਿਨਾਈ ਹੁੰਦੀ  ਕਿਉਂਕਿ ਮੈਨੂੰ ਕੰਨੜਾ ਨਹੀਂ ਆਉਂਦੀ ਸੀ। ਮੈਨੂੰ ਕਈ ਰਸਤਿਆਂ ਦਾ ਵੀ ਨਹੀਂ ਪਤਾ ਸੀ। ਕਈ ਵਾਰੀ ਮੈਨੂੰ ਸਮੇਂ ਸਿਰ ਪੈਸੇ ਨਾਲ਼ ਮਿਲ਼ਦੇ ਜੋ ਇੱਕ ਵੱਖਰਾ ਸਿਰਦਰਦ ਹੁੰਦਾ।

ਮੇਰੇ ਪਿੰਡ ਵਿੱਚ ਮੇਰੇ ਪਿਤਾ (ਹੈਰਕ  ਯਾਦਵ),  ਮੇਰੇ ਮਾਤਾ (ਨਵਰਾਜੀ ਯਾਦਵ) ਅਤੇ ਮੇਰੀ ਪਤਨੀ ਆਰਤੀ ਰਹਿੰਦੇ ਹਨ। ਮੈਨੂੰ ਹਰ ਛੋਟੇ-ਛੋਟੇ  ਮੌਕੇ ਘਰ ਦੀ ਯਾਦ ਸਤਾਉਂਦੀ ਰਹਿੰਦੀ ਹੈ। ਤਿਉਹਾਰਾਂ ਦੇ ਮੌਕੇ ‘ਤੇ ਮੈਂ ਆਪਣੇ ਪਰਿਵਾਰ ਨੂੰ ਬਹੁਤ ਯਾਦ ਕਰਦਾ ਹਾਂ। ਮੈਂ ਉਨ੍ਹਾਂ ਮੌਕਿਆਂ ਨੂੰ ਯਾਦ ਕਰਦਾ ਹਾਂ ਜਦੋਂ ਮੈਂ ਧੋਤੀ ਅਤੇ ਪੱਗੜੀ ਬੰਨ੍ਹਿਆ ਕਰਦਾ ਸਾਂ। ਇੱਕ ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ, ਮੈਨੂੰ ਘਰ ਜਾ ਕੇ ਆਪਣੇ ਮਾਤਾ-ਪਿਤਾ ਅਤੇ ਪਤਨੀ ਨਾਲ਼  ਵਕਤ ਬਿਤਾਉਣ ਦਾ ਮੌਕਾ ਨਹੀਂ ਮਿਲਿਆ। ਇਸ ਲਈ ਮੈਂ ਬਹੁਤ ਉਦਾਸ ਰਹਿੰਦਾ ਹਾਂ। ਸਾਡੇ ਕੋਲ ਜ਼ਮੀਨ ਦਾ ਇੱਕ ਛੋਟਾ ਜਿਹਾ ਟੁਕੜਾ ਹੈ ਜਿਸ ਉੱਤੇ ਖੇਤੀ ਕਰਕੇ 6 ਮਹੀਨਿਆਂ ਵਿੱਚ ਸਿਰਫ਼ 15,000 ਤੋਂ 20,000 ਰੁਪਏ ਹੀ ਕਮਾਈ ਹੁੰਦੀ ਹੈ।

ਮੇਰੇ ਦੋ ਪੁੱਤਰ ਅਤੇ ਇਕ ਧੀ ਹੈ। ਮੇਰੇ ਜਠੇਰੇ ਪੁੱਤ ਨੇ ਬਾਰ੍ਹਵੀਂ ਤੱਕ ਪੜ੍ਹਾਈ ਕੀਤੀ ਹੈ ਹੁਣ ਉਹ ਹਿਮਾਚਲ ਪ੍ਰਦੇਸ਼ ਵਿੱਚ ਸੇਲ-ਮੈਨ ਵਜੋਂ ਕੰਮ ਕਰ ਰਿਹਾ ਹੈ। ਉਹ 18,000-20,000 ਰੁਪਏ ਪ੍ਰਤੀ ਮਹੀਨਾ ਕਮਾ ਲੈਂਦਾ ਹੈ। ਮੇਰੇ ਛੋਟੇ ਪੁੱਤਰ ਅਜੇ ਕੁਮਾਰ ਨੇ ਬੈਚਲਰ ਡਿਗਰੀ ਹਾਸਲ ਕੀਤੀ ਹੈ। ਉਹ ਡੁਬਈ ਵਿੱਚ ਕੰਮ ਕਰਦਾ ਹੈ ਅਤੇ 30,000 ਰੁਪਏ ਪ੍ਰਤੀ ਮਹੀਨਾ ਕਮਾਉਂਦਾ ਹੈ। ਮੇਰੇ ਧੀ ਸੁਨੈਨਾ ਨੇ ਸਿਰਫ਼ 7ਵੀਂ ਤੱਕ ਦੀ ਪੜ੍ਹਾਈ ਕੀਤੀ। ਉਹ ਸ਼ਾਦੀਸ਼ੁਦਾ ਹੈ ਅਤੇ ਉਸ ਦੇ ਪਤੀ ਦਾ ਜਰਨੇਟਰ ਬਣਾਉਣ ਦਾ ਆਪਣਾ ਕਾਰੋਬਾਰ ਹੈ।

ਬੀਤੇ ਵੇਲ਼ੇ, ਕਦੇ ਅਜਿਹੇ ਦਿਨ ਵੀ ਰਹੇ ਜਦੋਂ ਸਾਨੂੰ  ਬਿਨਾ ਕੁਝ  ਖਾਧੇ-ਪੀਤੇ ਸੌਣਾ ਪੈਂਦਾ ਰਿਹਾ। ਹੜ੍ਹਾਂ ਨੇ ਅਜਿਹੀ ਮਾਰ ਮਾਰੀ ਕਿ ਸਾਡੀ ਸਾਰੀ ਫ਼ਸਲ ਬਰਬਾਦ ਹੋ ਗਈ, ਇਥੋਂ ਤੱਕ ਕੇ ਸਾਨੂੰ ਬੱਚਿਆਂ ਨੂੰ ਸਕੂਲ ਭੇਜਣ ਲਈ ਜੱਦੋ-ਜਹਿਦ ਕਰਨੀ ਪਈ। ਮੇਰੀ ਧੀ ਬਹੁਤ ਹੀ ਕਮਜ਼ੋਰ ਸੀ ਅਤੇ ਅਕਸਰ ਬੀਮਾਰ ਹੋ ਜਾਇਆ ਕਰਦੀ ਸੀ। ਇਕ ਵਾਰ ਤਾਂ ਸਾਨੂੰ ਪੰਜ ਟਕੇ ਦੇ ਹਿਸਾਬ ਨਾਲ਼ 50,000  ਦਾ ਕਰਜ਼ਾ ਵੀ ਚੁੱਕਣਾ ਪਿਆ। ਉਹ ਸਮਾਂ ਮੇਰੇ ਪਰਿਵਾਰ ਲਈ ਇੱਕ ਬੁਰੇ ਸੁਪਨੇ ਦੇ ਵਾਂਗ ਸੀ ਅਤੇ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਦਿਨ ਸਾਨੂੰ ਕਦੇ ਦੁਬਾਰਾ ਨਾ ਦੇਖਣੇ ਪੈਣ। ਰੱਬ ਦੀ ਮਿਹਰ ਨਾਲ਼, ਦੋਵੇਂ ਪੁੱਤਰਾਂ ਦੀ ਕਮਾਈ ਸ਼ੁਰੂ ਹੁੰਦਿਆਂ ਹੀ  ਸਾਡੇ ਸਾਰੇ ਕਰਜ਼ੇ ਲਹਿ ਗਏ।

ਮੈਂ ਵੱਧ ਕਮਾਈ ਦੀ ਚਾਹਤ ‘ਚ ਇੱਕ ਤੋਂ ਬਾਅਦ ਇੱਕ ਪ੍ਰੋਜੈਕਟ ਫੜ੍ਹ ਲੈਂਦਾ ਹਾਂ ਤਾਂਕਿ ਜਦੋਂ ਮਨ ਕਰਕੇ ਮੈਂ ਘਰ ਜਾ ਸਕਾ; ਪਰ ਕਿਰਾਇਆ ਭਾੜਾ ਹੀ ਬਹੁਤ ਲੱਗ ਜਾਂਦਾ ਹੈ। ਮੈਂ ਮਹੀਨੇ ਦੇ ਕਰੀਬ 18,000 ਰੁਪਏ ਕਮਾ ਸਕਦਾ ਹਾਂ ਅਤੇ ਉਸ ਵਿੱਚੋਂ ਭੋਜਨ, ਲੀੜੇ-ਲੱਤੇ ਅਤੇ ਬਾਕੀ ਦੇ ਹੋਰ ਖਰਚੇ ਕੱਢ ਕੇ, ਮੈਂ ਮਗਰ 9,000 ਰੁਪਏ ਭੇਜਣ ਯੋਗ ਹੋ ਜਾਂਦਾ ਹਾਂ।

ਪੇਂਟਿੰਗ ਦੇ ਕੰਮ ਲਈ ਮੈਨੂੰ ਜਦੋਂ ਮਰਜ਼ੀ ਬੁਲਾਓ।

ਰਿਪੋਰਟ: ਸ਼੍ਰੇਯਾ ਸੇਤਿਆ

ਉਤਾਂਹ ਵੱਲ ਜਾਓ

Editor's note

ਰਿਪੋਰਟਰਾਂ ਬਾਰੇ

ਪਾਰੀ ਨੂੰ ਸਿਲੇਬਸਾਂ ਵਿੱਚ ਲਿਆਂਦੇ ਜਾਣ ਦੇ ਮੱਦੇਨਜ਼ਰ ਸਕੂਲਾਂ ਵਿੱਚ ਚੱਲਦੇ ਪ੍ਰੋਗਰਾਮ ਤਹਿਤ ਪਹਿਲੇ ਸਕੂਲ, ਸੇਂਟ ਜੋਸੇਫ਼ ਬੁਆਇਜ ਹਾਈ ਸਕੂਲ, ਬੰਗਲੁਰੂ ਨੇ 137 ਲੜਕੇ ਅਤੇ ਲੜਕੀਆਂ (11ਵੀਂ ਅਤੇ 12ਵੀਂ ਜਮਾਤ ਵਿੱਚ ਦਾਖਲ ਹੋਈਆਂ ਲੜਕੀਆਂ) ਨੂੰ ਆਪਣੇ ਨੇੜੇ-ਤੇੜੇ ਦੇ ਪ੍ਰਵਾਸੀਆਂ ਦੀ ਪਛਾਣ ਕਰਨ, ਇੰਟਰਵਿਊ ਲੈਣ ਅਤੇ ਦਸਤਾਵੇਜੀਕਰਨ ਕਰਨ ਲਈ ਫੀਲਡ ਵਿੱਚ ਭੇਜਿਆ। ਹੋਰਨਾਂ ਤੱਕ ਪਹੁੰਚ ਦਾ ਬਣਾਇਆ ਜਾਣਾ ਜੇਸੁਇਟ ਸਕੂਲ ਦੇ ਵਿੱਦਿਅਕ ਫ਼ਤਵੇ ਦਾ ਹਿੱਸਾ ਹੈ ਅਤੇ ਇਸ ਕੰਮ ਵਿੱਚ ਪਾਰੀ ਨੇ ਰਿਪੋਰਟਿੰਗ ਕਰਨ ਦੇ ਮੁੱਢਲੇ ਦਿਸ਼ਾ-ਨਿਰਦੇਸ਼ਾਂ, ਸਮੀਖਿਆ ਕਰਨ ਅਤੇ ਸੰਪਾਦਨ ਕਰਨ ਵਿੱਚ ਮਦਦ ਕੀਤੀ।

ਚਿਤਰਣ  ਬਾਰੇ

ਅੰਤਰਾ ਰਮਨ ਨੇ ਹਾਲੀਆ ਸਮੇਂ ਵਿੱਚ ਸ੍ਰਿਸ਼ਟੀ ਇੰਸਟੀਚਿਊਟ ਆਫ਼ ਆਰਟ, ਡਿਜ਼ਾਇਨ ਐਂਡ ਟੈਕਨਾਲੋਜੀ, ਬੰਗਲੁਰੂ ਤੋਂ ਗ੍ਰੈਜੁਏਟ ਕੀਤੀ ਹੈ। ਉਨ੍ਹਾਂ ਦਾ ਗ੍ਰੈਜੂਏਟਿੰਗ ਥੀਸਿਸ, ਜਿਸਦਾ ਸਿਰਲੇਖ 'ਸੀਡਸ ਐਸ ਸਾਈਕਲਿਕ ਟਾਈਮ' ਹੈ, ਦਾ ਉਦੇਸ਼ ਸਮੇਂ ਲਈ ਇੱਕ ਰੂਪਕ ਦੇ ਰੂਪ ਵਿੱਚ ਬੀਜ ਦੀ ਪੜਚੋਲ ਕਰਨਾ ਸੀ। ਕਿਸਾਨਾਂ ਦੀਆਂ ਆਤਮ-ਹੱਤਿਆਵਾਂ ਅਤੇ ਖੇਤੀ-ਕਾਰੋਬਾਰ ਦੇ ਵੱਧਦੇ ਦਬਦਬੇ ਸਣੇ ਅਸਲ ਜ਼ਿੰਦਗੀ ਦੇ ਵਰਤਾਰਿਆਂ ਦਾ ਖ਼ੁਲਾਸਾ ਕਰਦਿਆਂ ਉਨ੍ਹਾਂ ਨੇ ਕਿਸਾਨਾਂ ਪ੍ਰਤੀ ਅਨਿਆ ਦੀ ਪੜਚੋਲ਼ ਕੀਤੀ ਅਤੇ ਦੱਸਿਆ ਕਿ ਰੱਜਵਾਂ ਭੋਜਨ ਮਿਲ਼ਣਾ ਇੱਕ ਕਲਪਨਾ ਹੈ ਅਤੇ ਸੱਚਾਈ ਤੋਂ ਕੋਹਾਂ ਦੂਰ ਵੀ। ਅੰਤਰਾ ਦਾ ਮੰਨਣਾ ਹੈ ਕਿ ਕਹਾਣੀ ਸੁਣਾਉਣ ਅਤੇ ਦ੍ਰਿਸ਼ਟਾਂਤ ਦੀ ਦੁਨੀਆ ਸਹਿਜੀਵੀ ਹੈ, ਅਤੇ ਪਾਰੀ ਐਜੂਕੇਸ਼ਨ ਲਈ ਉਸ ਦਾ ਕੰਮ ਇਸ ਨੂੰ ਦਰਸਾਉਂਦਾ ਵੀ ਹੈ।