ਨਿਆਜ਼ ਹੁਸੈਨ ਨਵਜੰਮੇ ਬੱਚੇ ਦੀ ਅਧੂਰੀ ਪੇਟਿੰਗ ਨੂੰ ਫੀਤਾ ਬੰਨ੍ਹੀ ਆਪਣੇ ਬੈੱਡਰੂਮ ਦੀ ਕੰਧ ‘ਤੇ ਟੰਗਦੇ ਹਨ।

ਜਦੋਂ ਉਹ ਇਸ ਅਧੂਰੀ ਪੇਟਿੰਗ ਨੂੰ ਟੰਗ ਰਹੇ ਹੁੰਦੇ ਹਨ ਤਾਂ ਉਨ੍ਹਾਂ ਦੀ ਪਤਨੀ ਸਮੀਰਾ (ਬਦਲਿਆ ਨਾਮ) ਉਨ੍ਹਾਂ ਵਾਸਤੇ ਪੇਟਿੰਗ ਬੁਰਸ਼ ਅਤੇ ਰੰਗਾਂ ਵਾਲ਼ੀ ਪਲੇਟ ਲਈ ਮੁੜਦੀ ਹਨ। 29 ਸਾਲਾ ਇਸ ਕਲਾਕਾਰ ਦੀ ਪਤਨੀ, ਉਨ੍ਹਾਂ ਨੂੰ ਪਿਆਰ ਦੇਣ ਦੇ ਨਾਲ਼ ਨਾਲ਼ ਉਨ੍ਹਾਂ ਦਾ ਇੱਕ ਸਹਾਰਾ ਵੀ ਹਨ । ਉਹ ਆਪਣੀ ਰਬੜ ਦੀਆਂ ਕੈਲੀਪਰਾਂ ਅਤੇ ਕੂਹਣੀ ਦੀ ਵਿਸਾਖੀ ਸਹਾਰੇ ਖੜ੍ਹੇ ਹੁੰਦੇ ਅਤੇ ਤੁਰਦੇ ਹਨ; ਫਿਰ ਉਹ ਹੌਲ਼ੀ-ਹੌਲ਼ੀ ਵਿਸਾਖੀ ਛੱਡ ਦਿੰਦੇ ਹਨ ਤਾਂ ਕਿ ਉਹ ਅਸਾਨੀ ਨਾਲ਼ ਪੇਂਟ ਕਰ ਸਕਣ। ਇੱਕ ਵਾਰ ਜਿਵੇਂ ਹੀ ਨਿਆਜ਼ ਅਰਾਮ ਨਾਲ਼ ਬਹਿ ਜਾਂਦੇ ਹਨ, ਸਮੀਰਾ ਵੀ ਕਮਰੇ ਵਿੱਚੋਂ ਬਾਹਰ ਚਲੀ ਜਾਂਦੀ ਹਨ।

ਨਿਆਜ਼ ਨੂੰ ਇਸ ਤਰ੍ਹਾਂ ਦੇ ਸਹਾਰੇ ਦੀ ਲੋੜ ਪੈਂਦੀ ਹੈ ਕਿਉਂਕਿ ਉਨ੍ਹਾਂ ਦੇ ਜੀਵਨ ਦਾ ਬਹੁਤੇਰਾ ਹਿੱਸਾ ਪੋਲਿਓ (ਡਾਕਟਰੀ ਭਾਸ਼ਾ ਵਿੱਚ ਪੋਲਿਓਮਾਈਲਿਟਿਸ) ਨਾਲ਼ ਗੁਜ਼ਰਿਆ ਹੈ।

ਦਿੱਲੀ ਦੇ ਜਾਮਿਆ ਨਗਰ ਦੇ ਵਾਸੀ ਨਿਆਜ਼ ਇੱਕ ਬੇਹਤਰੀਨ ਕਲਾਕਾਰ ਹਨ ਅਤੇ ਆਪਣੀ ਅਪੰਗਤਾ ਦੇ ਬਾਵਜੂਦ ਉਹ ਕੰਧ-ਚਿੱਤਰ ਤੋਂ ਵੀ ਵੱਡੀਆਂ ਪੇਟਿੰਗਾਂ ਬਣਾਉਂਦੇ ਹਨ, ਆਪਣੇ ਇਸ ਕਾਰਜ ਬਾਰੇ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਸਲਵਾਡੋਰ ਡਾਲੀ ਅਤੇ ਮਧੂਬਨੀ ਦੇ ਪੇਂਟਰਾਂ ਦੇ ਕੰਮਾਂ ਤੋਂ ਪ੍ਰੇਰਿਤ ਹਨ।

ਨਿਆਜ਼ ਹੁਸੈਨ ਆਪਣੀ ਕਲਾਕ੍ਰਿਤੀ ਦੇ ਨਾਲ਼। ਭਾਵੇਂ ਕਿ ਨਿਆਜ਼ ਦੇ ਇਸ ਕਮਰੇ ਵਿੱਚ ਬਾਲ-ਪੈੱਨ ਨਾਲ਼ ਬਣੀਆਂ ਪੇਟਿੰਗਾਂ ਵੱਧ ਹੋਣ, ਪਰ ਉਹ ਰੰਗਦਾਰ ਤਸਵੀਰਾਂ ਵੀ ਬਣਾਉਂਦੇ ਹਨ। ਉਹ ਸਪੈਨਿਸ਼ ਕਲਾਕਾਰ ਸਲਵਾਡੋਰ ਡਾਲੀ ਤੋਂ ਪ੍ਰੇਰਿਤ ਹਨ। | ਫ਼ੋਟੋ: ਵਿੱਕੀ ਰਾਏ

“ਇੱਕ ਵਾਰ ਮੈਂ 15 ਫੁੱਟ ਉੱਚੀ ਪੇਟਿੰਗ ਬਣਾਈ। ਕੈਨਵਸ ਦੇ ਉਤਾਂਹ ਅਪੜਨ ਵਾਸਤੇ, ਮੈਂ ਆਪਣੀਆਂ ਕੈਲੀਪਰਾਂ ਹਟਾਈਆਂ ਅਤੇ ਕੁਰਸੀ ਦੇ ਉੱਤੇ ਜੜ੍ਹੇ ਸਟੂਲ ‘ਤੇ ਜਾ ਬੈਠਾ। ਡਿੱਗਣ ਤੋਂ ਮੈਂ ਕਦੇ ਨਹੀਂ ਡਰਿਆ,” ਨਿਆਜ਼ ਚੇਤਾ ਕਰਦੇ ਹਨ। “ਭਾਵੇਂ ਕਈ ਵਾਰੀ ਕੈਲੀਪਰਾਂ ਮੇਰੇ ਗੋਡਿਆਂ ਨੂੰ ਛਿੱਲ ਦਿੰਦੀਆਂ, ਪਰ ਜਿਓਂ ਹੀ ਪੇਟਿੰਗ ਬੁਰਸ਼ ਮੇਰੀਆਂ ਉਂਗਲਾਂ ਵਿੱਚ ਆਣ ਟਿੱਕਦਾ, ਮੈਂ ਸਭ ਦਰਦ ਭੁੱਲ ਜਾਂਦਾ,” ਉਹ ਕਹਿੰਦੇ ਹਨ।

1993 ਦੀ ਉਹ ਰਾਤ ਬੜੀ ਡਰਾਉਣੀ ਸੀ ਜਦੋਂ ਦੋ-ਸਾਲਾ ਨਿਆਜ਼ ਨੂੰ ਤੇਜ਼ ਬੁਖਾਰ ਚੜ੍ਹ ਗਿਆ। ਕੁਝ ਕੁ ਦਿਨਾਂ ਬਾਅਦ, ਉਨ੍ਹਾਂ ਦਾ ਖੱਬਾ ਪੈਰ ਅੰਦਰ ਵੱਲ ਮੁੜਨ ਲੱਗਿਆ। ਸਮੇਂ-ਸਿਰ ਅਤੇ ਢੁੱਕਵਾਂ ਇਲਾਜ ਨਾ ਮਿਲ਼ਣਾ ਹੀ ਨਿਆਜ਼ ਦੇ ਇਸ ਅੰਸ਼ਿਕ ਲਕਵੇ ਦਾ ਕਾਰਨ ਬਣਿਆ। ਵਿਸ਼ਵ ਸਿਹਤ ਸੰਗਠਨ (WHO) ਦੀ 2021 ਦੀ ਰਿਪੋਰਟ ਕਹਿੰਦੀ ਹੈ ਕਿ ਇਹ ਕੋਈ ਅਸਧਾਰਣ ਗੱਲ ਨਹੀਂ, ਕਿਉਂਕਿ 5 ਸਾਲ ਤੋਂ ਘੱਟ ਉਮਰ ਦੇ 200 ਬੱਚਿਆਂ ਮਗਰ ਇੱਕ ਅਜਿਹਾ ਬੱਚਾ ਹੁੰਦਾ ਹੈ ਜੋ ਪੋਲਿਓ ਵਾਇਰਸ ਦੁਆਰਾ ਸੰਕ੍ਰਮਿਤ ਹੁੰਦਾ ਹੀ ਹੈ, ਜਿਹਦਾ ਅੰਤ ਕਦੇ ਨਾ ਰਾਜ਼ੀ ਹੋ ਸਕਣ ਵਾਲ਼ੇ ਲਕਵੇ ਦੇ ਰੂਪ ਵਿੱਚ ਨਿਕਲ਼ਦਾ ਹੈ।

1995 ਵਿੱਚ, ਵਿਸ਼ਵ ਵਿੱਚ ਪੋਲਿਓ ਦੇ 60 ਫ਼ੀਸਦੀ ਮਾਮਲੇ ਭਾਰਤ ਵਿੱਚ ਸਨ। ਇਸ ਰਿਪੋਰਟ ਵਿੱਚ ਅੱਗੇ ਕਿਹਾ ਗਿਆ ਹੈ ਕਿ ਪੋਲਿਓ ਦੀਆਂ ਬੂੰਦਾਂ (ਓਰਲ ਪੋਲਿਓ ਵੈਕਸੀਨ) ਤਾਂ ਭਾਵੇਂ 60ਵਿਆਂ ਵਿੱਚ ਸਾਹਮਣੇ ਆ ਗਈਆਂ ਸਨ ਪਰ ਅਜਿਹੇ ਟੀਕੇ ਦੀ ਪ੍ਰਭਾਵਸ਼ੀਲਤਾ ਘੱਟ ਰਹੀ ਜਿਸ ਕਾਰਨ ਮਾਮਲੇ ਜ਼ਿਆਦਾ ਆਉਂਦੇ ਰਹੇ। ਓਰਲ ਪੋਲਿਓ ਵੈਕਸੀਨ ਦੇ ਸ਼ੁਰੂਆਤ ਦੇ ਦੋ ਦਹਾਕਿਆਂ ਬਾਅਦ 2014 ਵਿੱਚ ਕਿਤੇ ਜਾ ਕੇ ਭਾਰਤ ਇਸ ਬੀਮਾਰੀ ਨੂੰ ਜੜ੍ਹੋਂ ਪੁੱਟਣ ਵਿੱਚ ਕਾਮਯਾਬ ਰਿਹਾ। 

ਉੱਤਰ ਪ੍ਰਦੇਸ਼ ਦੇ ਜੌਨਪੁਰ ਸ਼ਹਿਰ ਵਿੱਚ, ਜਿੱਥੇ ਨਿਆਜ਼ ਦਾ ਜਨਮ ਹੋਇਆ ਅਤੇ ਜਿੱਥੇ ਉਹ ਰਹਿੰਦੇ ਰਹੇ, ਕੇਂਦਰ ਸਰਕਾਰ ਵੱਲੋਂ ਪਲਸ ਪੋਲਿਓ ਟੀਕਾਕਰਨ ਪ੍ਰੋਗਰਾਮ ਸ਼ੁਰੂ ਕੀਤਾ ਗਿਆ। ਉਨ੍ਹਾਂ ਦੀ ਮਾਂ ਸ਼ਹਿਨਾਜ਼ ਬੇਗਮ ਨੇ ਨਿਆਜ਼ ਦੇ ਟੀਕਾਕਰਨ ਵਾਸਤੇ ਆਪਣੇ ਪਤੀ ਜ਼ਫਰ ਖ਼ਾਨ ਅਤੇ ਆਪਣੇ ਸਹੁਰਾ ਪਰਿਵਾਰ ਨੂੰ ਬੜੀ ਵਾਰੀ ਸਮਝਾਉਣ ਦੀ ਕੋਸ਼ਿਸ਼ ਕੀਤੀ। “ਉਨ੍ਹਾਂ ਦੇ ਪਿਓ ਨੇ ਮੇਰੀ ਗੱਲ ‘ਤੇ ਕੰਨ ਹੀ ਨਾ ਧਰਿਆ ਕਿਉਂਕਿ ਪੋਲਿਓ ਦੀਆਂ ਬੂੰਦਾਂ (ਟੀਕਾ) ਪੀਣ ਤੋਂ ਕੁਝ ਦਿਨਾਂ ਬਾਅਦ ਗੁਆਂਢ ਦੇ ਇੱਕ ਬੱਚੇ ਮੌਤ ਹੋ ਗਈ ਸੀ। ਬਾਕੀ ਜੌਨਪੁਰ ਵਿੱਚ ਕਿਸੇ ਵੀ ਔਰਤ ਨੂੰ ਇਕੱਲਿਆਂ ਸਫ਼ਰ ਕਰਨ ਦੀ ਆਗਿਆ ਨਹੀਂ ਸੀ,” ਉਹ ਕਹਿੰਦੀ ਹਨ।

1993 ਦੀ ਉਹ ਰਾਤ ਜਦੋਂ ਨਿਆਜ਼ ਨੂੰ ਤਾਪ ਚੜ੍ਹਿਆ, ਸ਼ਹਿਨਾਜ਼ ਅਤੇ ਉਨ੍ਹਾਂ ਦੇ ਪਤੀ ਨੇ ਨਿਆਜ਼ ਨੂੰ ਚੁੱਕਿਆ ਅਤੇ ਜੌਨਪੁਰ ਜ਼ਿਲ੍ਹਾ ਹਸਪਤਾਲ ਭੱਜ ਗਏ ਜੋ ਕਿ ਉਨ੍ਹਾਂ ਦੇ ਘਰੋਂ ਪੰਜ ਕਿਲੋਮੀਟਰ ਦੂਰ ਸੀ। “ਡਾਕਟਰ ਨੇ ਦੇਖਦਿਆਂ ਹੀ ਕਿਹਾ ਕਿ ਇਹ ਪੋਲਿਓ ਹੈ ਅਤੇ ਇੱਥੇ ਇਹਦੇ ਇਲਾਜ ਵਾਸਤੇ ਕੁਝ ਨਹੀਂ ਕੀਤਾ ਜਾ ਸਕਦਾ, ਕ੍ਰਿਪਾ ਕਰਕੇ ਬੱਚੇ ਨੂੰ ਦਿੱਲੀ ਲੈ ਜਾਓ,” ਸ਼ਹਿਨਾਜ਼ ਚੇਤੇ ਕਰਦੀ ਹਨ। ਮਨ ਵਿੱਚ ਬਿਹਤਰ ਇਲਾਜ ਦੀ ਉਮੀਦ ਪਾਲ਼ੀ ਪਰਿਵਾਰ 1993 ਵਿੱਚ ਜੌਨਪੁਰ ਤੋਂ ਦਿੱਲੀ ਆ ਗਿਆ।

ਦਿੱਲੀ ਵਿਖੇ, ਨਿਆਜ਼ ਨੂੰ ਕਈ ਸਰਕਾਰੀ ਹਸਤਪਾਲਾਂ ਵਿੱਚ ਲਿਜਾਇਆ ਗਿਆ ਪਰ ਕੁਝ ਨਾ ਬਣਿਆ। ਫਿਰ ਕੀ ਸੀ, ਪਰਿਵਾਰ ਕੋਲ਼ ਜੌਨਪੁਰ ਮੁੜਨ ਜੋਗੇ ਵੀ ਪੈਸੇ ਨਾ ਰਹੇ ਅਤੇ ਉਹ ਦਿੱਲੀ ਹੀ ਠਹਿਰ ਗਏ ਅਤੇ ਇੱਥੇ ਹੀ ਕੰਮਕਾਰ ਲੱਭ ਲਿਆ। “ਮੇਰੇ ਪਤੀ ਅਤੇ ਮੈਂ ਦਿੱਲੀ ਦੇ ਗੋਵਿੰਦਪੁਰੀ ਵਿਖੇ ਦਰਜ਼ੀ ਦੀ ਦੁਕਾਨ ‘ਤੇ ਕੰਮ ਕਰਦੇ। ਸਾਨੂੰ ਪੀਸ ਰੇਟ ਦੇ ਹਿਸਾਬ ਨਾਲ਼ ਪੈਸੇ ਦਿੱਤੇ ਜਾਂਦੇ ਅਤੇ ਦੋਵੇਂ ਰਲ਼ ਕੇ ਅਸੀਂ ਜਿਵੇਂ ਕਿਵੇਂ ਮਹੀਨੇ ਦਾ 2,500 ਰੁਪਏ ਕਮਾ ਲੈਂਦੇ,” ਸ਼ਹਿਨਾਜ਼ ਕਹਿੰਦੀ ਹਨ।

ਜਿਓਂ ਜਿਓਂ ਨਿਆਜ਼ ਵੱਡੇ ਹੋਏ, ਉਨ੍ਹਾਂ ਦੀ ਮਾਂ ਨੇ ਆਪਣੇ ਪੁੱਤ ਦੇ ਇਲਾਜ ਲਈ ਕੋਈ ਕਸਰ ਨਾ ਛੱਡੀ ਅਤੇ ਇਸੇ ਉਮੀਦ ਨਾਲ਼ ਘਰੇਲੂ ਨੁਸਖ਼ਿਆਂ ਦਾ ਇਸਤੇਮਾਲ ਕਰਦੀ ਰਹੀ ਕਿ ਸ਼ਾਇਦ ਉਹ ਠੀਕ ਹੋ ਜਾਵੇਗਾ। “ਅੰਮਾ ਰੱਸੀ ਨਾਲ਼ ਇੱਟਾਂ ਬੰਨ੍ਹ ਕੇ ਮੇਰੇ ਪੈਰਾਂ ਨਾਲ਼ ਲਮਕਾਇਆ ਕਰਦੀ। ਜਿਓਂ ਮੈਂ ਸੌਂਦਾ, ਉਹ ਬਾਰ ਬਾਰ ਇਹ ਦੇਖਦੀ ਕਿ ਇੱਟਾਂ ਸਹੀ ਤਰੀਕੇ ਨਾਲ਼ ਬੰਨ੍ਹੀਆਂ ਗਈਆਂ ਹੋਣ ਅਤੇ ਇੱਟਾਂ ਮੰਜੀ ਦੀ ਅੱਸੀ ਦੇ ਕਰਕੇ ਹੇਠਾਂ ਵੱਲ ਲਮਕਦੀਆਂ ਰਹਿੰਦੀਆਂ। ਇੱਟਾਂ ਦਾ ਭਾਰ ਪੂਰੀ ਰਾਤ ਮੇਰੀਆਂ ਲੱਤਾਂ ਨੂੰ ਸਿੱਧਾ ਕਰੀ ਰੱਖਦਾ,” ਨਿਆਜ਼ ਕਹਿੰਦੇ ਹਨ ਅਤੇ ਉਸ ਵੇਲ਼ੇ ਹੁੰਦੀ ਸ਼ਦੀਦ ਪੀੜ੍ਹ ਨੂੰ ਚੇਤੇ ਕਰਦੇ ਹਨ। ਉਨ੍ਹਾਂ ਦਾ ਲਕਵਾ ਭਾਵੇਂ ਠੀਕ ਹੋ ਗਿਆ ਪਰ ਉਨ੍ਹਾਂ ਦੀ ਖੱਬੀ ਲੱਤ ਦੀ ਹਾਲਤ ਨਾ ਸੁਧਰੀ।

ਨਿਆਜ਼ ਅੱਜ ਵੀ ਇਸੇ ਹਾਲਤ ਵਿੱਚ ਰਹਿੰਦੇ ਹਨ ਅਤੇ ਉਨ੍ਹਾਂ ਕੋਲ਼ ਸਮਾਜਿਕ ਨਿਆ ਅਤੇ ਸਸ਼ਕਤੀਕਰਨ ਮੰਤਰਾਲੇ ਵੱਲੋਂ ਜਾਰੀ 90 ਫ਼ੀਸਦੀ ਅਪੰਗਤਾ ਦਾ ਪ੍ਰਮਾਣ ਪੱਤਰ ਵੀ ਹੈ।


ਜਦੋਂ ਨਿਆਜ਼ ਪੰਜ ਸਾਲਾਂ ਦੇ ਸਨ ਉਨ੍ਹਾਂ ਨੇ ਪਹਿਲੀ ਵਾਰੀ ਕੈਲੀਪਰਾਂ ਦਾ ਜੋੜਾ ਪਹਿਨਿਆ। “ਉਨ੍ਹੀਂ ਦਿਨੀਂ, ਕੈਲੀਪਰ ਲੋਹੇ ਦੀਆਂ ਸੀਖਾਂ ਦੇ ਬਣੇ ਹੁੰਦੇ ਜੋ ਕਿ ਬੜੇ ਭਾਰੇ ਹੁੰਦੇ। ਉਨ੍ਹਾਂ ਦਾ ਕੁੱਲ ਭਾਰ ਦੋ ਕਿਲੋ ਤੱਕ ਹੋ ਜਾਂਦਾ ਅਤੇ ਕੈਲੀਪਰਾਂ ਦੇ ਨੀ-ਕੈਪ (ਗੋਡੇ ਦਾ ਕੈਪ) ਅਕਸਰ ਮੇਰੇ ਕੱਪੜਿਆਂ ਨੂੰ ਪਾੜ ਦਿੰਦੇ ਅਤੇ ਮੇਰੇ ਗੋਢੇ ਛਿੱਲੇ ਜਾਂਦੇ ਰਹਿੰਦੇ” ਉਹ ਕਹਿੰਦੇ ਹਨ। 

ਸਰੀਰਕ ਅਤੇ ਹੋਰ ਮੁਸੀਬਤਾਂ ਆਉਣ ਦੇ ਬਾਵਜੂਦ ਸਕੂਲ ਇੱਕ ਅਜਿਹੀ ਥਾਂ ਬਣਿਆ ਜਿੱਥੇ ਨਿਆਜ਼ ਦੇ ਅੰਦਰ ਕਲਾ ਨੂੰ ਲੈ ਕੇ ਰੁਚੀ ਵਿਕਸਤ ਹੋਈ। ਫ਼ੋਟੋ: ਵੰਦਨਾ ਬਾਂਸਲ

ਤਕਲੀਫ਼ਦੇਹ ਹਾਲਤਾਂ ਅਤੇ ਵੱਖੋ-ਵੱਖ ਹਸਪਤਾਲਾਂ ਵਿੱਚ ਲੱਗਦੇ ਚੱਕਰਾਂ ‘ਤੇ ਜ਼ਾਇਆ ਹੋਏ ਸਮੇਂ ਕਾਰਨ ਨਿਆਜ਼ ਦੀ ਉਮਰ 7 ਦੀ ਹੋ ਗਈ ਸੀ ਜਦੋਂ ਉਨ੍ਹਾਂ ਨੂੰ ਸ਼੍ਰੀਨਿਵਾਸਪੁਰੀ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਪਹਿਲੀ ਜਮਾਤ ਵਿੱਚ ਦਾਖਲ ਕਰਵਾਇਆ ਗਿਆ। ਉਸ ਸਮੇਂ ਉਹ ਤੁਰ ਨਹੀਂ ਸਕਦੇ ਸਨ ਅਤੇ ਮਾਂ ਗੋਦੀ ਚੁੱਕ ਕੇ ਉਨ੍ਹਾਂ ਨੂੰ ਸਕੂਲ ਲਿਜਾਂਦੀ। ਉਨ੍ਹਾਂ ਨੂੰ ਪੇਸ਼ਾਬ ਕਰਨ ਜਾਣ ਵਾਸਤੇ ਆਪਣੇ ਜਿਹੇ ਹੋਰਨਾਂ ਬੱਚਿਆਂ ਵਾਂਗ ਬੜਾ ਸੰਘਰਸ਼ ਕਰਨਾ ਪੈਂਦਾ; ਉਨ੍ਹਾਂ ਦੀ ਮਾਂ ਨਿਆਜ਼ ਦੀ ਮਦਦ ਕੀਤੇ ਜਾਣ ਲਈ ਹਮੇਸ਼ਾ ਘਰੋਂ ਸੁਨੇਹੇ ਘੱਲਦੀ ਰਹਿੰਦੀ। 

ਸਰੀਰਕ ਅਤੇ ਹੋਰ ਮੁਸੀਬਤਾਂ ਆਉਣ ਦੇ ਬਾਵਜੂਦ ਸਕੂਲ ਇੱਕ ਅਜਿਹੀ ਥਾਂ ਬਣਿਆ ਜਿੱਥੇ ਨਿਆਜ਼ ਦੇ ਅੰਦਰ ਕਲਾ ਨੂੰ ਲੈ ਕੇ ਰੁਚੀ ਵਿਕਸਤ ਹੋਈ। ਆਪਣੀ ਸਕੂਲ ਦੇ ਦਿਨਾਂ ਨੂੰ ਚੇਤਾ ਕਰਦਿਆਂ ਉਹ ਕਹਿੰਦੇ ਹਨ,”ਮੈਂ ਪਿਛਲੇ ਬੈਂਚ ‘ਤੇ ਬਹਿ ਕੇ ਐਵੇਂ ਤਸਵੀਰਾਂ ਵਾਹੁੰਦਾ ਰਹਿੰਦਾ।” ਚੌਥੀ ਜਮਾਤ ਵਿੱਚ ਉਨ੍ਹਾਂ ਨੇ ਆਰਟ ਮੁਕਾਬਲੇ ਵਿੱਚ ਹਿੱਸਾ ਲੈਣ ਲਈ ਬਿਨੈ ਕੀਤਾ ਪਰ ਉਹ ਚੁਣੇ ਨਾ ਗਏ। “ਉਸ ਸਮੇਂ ਮੈਂ ਜਾਣਿਆ, ਮੈਨੂੰ ਆਪਣੀ ਕਲਾ ਨੂੰ ਸੁਧਾਰਣਾ ਪੈਣਾ ਹੈ,” ਉਹ ਕਹਿੰਦੇ ਹਨ।

ਦਿੱਲੀ ਹਾਈ ਕੋਰਟ ਨੇੜੇ ਨਿਆਜ਼ ਅਤੇ ਉਨ੍ਹਾਂ ਦੀ ਟੀਮ ਵੱਲੋਂ ਆਪਣੇ ਸੁਤੰਤਰ ਸਾਲਾਂ ਮੌਕੇ ਕੀਤੀਆਂ ਕੰਧ ਪੇਟਿੰਗਾਂ। ਫ਼ੋਟੋ: ਵਿੱਕੀ ਰਾਏ 

ਘਰ ਵਿੱਚ ਉਨ੍ਹਾਂ ਵੱਲੋਂ ਬਣਾਏ ਚਿੱਤਰਾਂ ਨੇ ਪਿਤਾ ਨੂੰ ਮੁਸੀਬਤ ਵਿੱਚ ਪਾਈ ਰੱਖਿਆ ਅਤੇ ਉਹ ਨਿਆਜ਼ ਨੂੰ ਕੁੱਟਿਆ ਕਰਦੇ ਕਿਉਂਕਿ ਉਨ੍ਹਾਂ ਦੀਆਂ ਪੇਟਿੰਗਾਂ ਇਸਲਾਮ ਧਰਮ ਵਿੱਚ ਹਰਾਮ ਜਾਂ ਵਰਜਿਤ ਮੰਨੀ ਜਾਣ ਵਾਲ਼ੀ ਹਰ ਸ਼ੈਅ ਦਾ  ਪ੍ਰਤੀਕ (ਨੁਮਾਇੰਦਾ) ਹੁੰਦੀਆਂ।

ਪੋਲਿਓ ਵੀ ਨਿਆਜ ਨੂੰ ਚਾਰ ਭੈਣ-ਭਰਾਵਾਂ ਵਿੱਚੋਂ ਸਭ ਤੋਂ ਵੱਡੇ ਹੋਣ ਦੀਆਂ ਜ਼ਿੰਮੇਦਾਰੀਆਂ ਤੋਂ ਨਾ ਬਚਾ ਪਾਇਆ। ਇੱਕ ਵਾਰ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਉਨ੍ਹਾਂ ਨੇ ਪਰਿਵਾਰ ਦੀ ਮਦਦ ਵਾਸਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਹ ਆਪਣੇ ਅੰਕਲ ਦੇ ਨਾਲ਼ ਰਲ਼ ਕੇ ਓਖਲਾ ਮੰਡੀ ਵਿਖੇ ਸਬਜ਼ੀਆਂ ਵੇਚਦੇ  ਅਤੇ 200-250 ਰੁਪਏ ਦਿਹਾੜੀ ਕਮਾ ਲੈਂਦੇ। ਉਹ ਸਵੇਰੇ ਮੰਡੀ ਵਿੱਚ ਕੰਮ ਕਰਕੇ ਜੋ ਵੀ ਕਮਾਈ ਕਰਦੇ, ਆਪਣੇ ਪਰਿਵਾਰ ਨੂੰ ਦੇ ਦਿੰਦੇ ਅਤੇ ਬਾਕੀ ਦੇ ਦਿਨ ਦੀ ਕਮਾਈ ਕਲਾ ਦੇ ਸਮਾਨ ਵਗੈਰਾ ‘ਤੇ ਲੱਗ ਜਾਂਦੀ। “ਮੈਨੂੰ ਮੰਡੀ ਵਿਖੇ ਦੁਪਹਿਰ ਦੀ ਝਪਕੀ ਲੈਣ ਵਾਲ਼ੇ ਮਜ਼ਦੂਰਾਂ ਦੀਆਂ ਤਸਵੀਰਾਂ ਵਾਹ ਕੇ ਬੜੀ ਖ਼ੁਸ਼ੀ ਮਿਲ਼ਦੀ,” ਨਿਆਜ਼ ਕਹਿੰਦੇ ਹਨ। 19 ਸਾਲ ਦੀ ਉਮਰੇ ਉਹ ਮਹਿੰਦੀ ਅਤੇ ਟੈਟੂ ਕਲਾਕਾਰ ਵਜੋਂ ਕੰਮ ਕਰਨ ਲੱਗੇ ਅਤੇ ਫ਼ਰਨੀਚਰ ਦੀ ਦੁਕਾਨ ‘ਤੇ ਵੀ ਡਿਜ਼ਾਇਨ ਕੁਰੇਦਿਆ ਕਰਦੇ। ਡਿਜ਼ਾਇਨ ਕੁਰਦੇਨ ਦੇ ਇਸੇ ਕੰਮ ਨੇ ਉਨ੍ਹਾਂ ਨੂੰ ਬੁੱਤਘੜ੍ਹਨ ਦੇ ਹੁਨਰ ਸਿਖਾਏ। “ਮੈਂ ਜੋ ਕੁਝ ਵੀ ਕੀਤਾ, ਬੱਸ ਇਹ ਯਕੀਨੀ ਬਣਾਇਆ ਕਿ ਮੇਰਾ ਹਰ ਕੰਮ ਕਲ਼ਾ ਨਾਲ਼ ਜੁੜਿਆ ਹੋਵੇ,” ਮੈਂ ਦੱਸਦੇ ਹਨ।

2015 ਵਿੱਚ ਜਦੋਂ ਨਿਆਜ਼ 23 ਸਾਲਾਂ ਦੇ ਹੋਏ ਤਾਂ ਉਨ੍ਹਾਂ ਨੂੰ ਦਿੱਲੀ ਦੀ ਮੰਨੀ-ਪ੍ਰਮੰਨੀ ਜਾਮਿਆ ਮਿਲ਼ੀਆ ਇਸਲਾਮੀਆ (ਯੂਨੀਵਰਸਿਟੀ) ਵਿਖੇ ਫਾਈਨ ਆਰਟ ਕੋਰਸ (ਸੂਖਮ ਕਲਾ ਕੋਰਸ) ਵਿੱਚ ਦਾਖਲਾ ਮਿਲ਼ ਗਿਆ। 4 ਸਾਲਾ ਕੋਰਸ ਮੁਕੰਮਲ ਕਰਨ ਤੋਂ ਬਾਅਦ, ਉਨ੍ਹਾਂ ਨੇ ਇੱਕ ਨਿੱਜੀ ਕੰਪਨੀ ਵਾਸਤੇ ਪੇਟਿੰਗ ਕਰਨੀ ਸ਼ੁਰੂ ਕੀਤੀ ਅਤੇ ਉਨ੍ਹਾਂ ਨੇ ਇੰਡੀਆ ਗੇਟ ਦੇ ਆਸਪਾਸ, ਬਹਾਦੁਰ ਸ਼ਾਹ ਜ਼ਫਰ ਮਾਰਗ ਅਤੇ ਦਿੱਲੀ ਗੋਲਫ ਕੋਰਸ ਵਿਖੇ ਕੰਧ-ਚਿੱਤਰਾਂ ਦੀ ਫਰੀਲਾਂਸ ਪੇਟਿੰਗ ਕੀਤੀ। 

ਨਿਆਜ਼ ਦੀ ਸਮੀਰਾ ਨਾਲ਼ ਪਹਿਲੀ ਮੁਲਾਕਾਤ ਉਨ੍ਹਾਂ ਦੇ ਘਰ ਹੋਈ ਜਦੋਂ ਉਹ ਮਮਤਾ (ਸਮੀਰਾ ਦੀ ਛੋਟੀ ਭੈਣ) ਵਾਸਤੇ ਅਪੰਗਤਾ ਸਰਟੀਫ਼ਿਕੇਟ ਬਣਾਉਣ ਦੀ ਮਦਦ ਕਰਨ ਵਾਸਤੇ ਉਨ੍ਹਾਂ ਦੇ ਘਰ ਗਏ ਸਨ। ਉਹ ਅਕਸਰ ਆਪਣੀਆਂ ਗੁਆਂਢੀ ਬਸਤੀਆਂ ਦੇ ਲੋਕਾਂ ਵਾਸਤੇ ਮਦਦ ਦਾ ਇਹ ਕੰਮ ਕਰਿਆ ਕਰਦੇ। “ਮੈਂ ਸ਼੍ਰੀਨਿਵਾਸਪੁਰੀ ਦੇ ਲੋਕਾਂ ਦੀ ਮਦਦ ਕਰਿਆ ਕਰਦਾ ਅਤੇ ਇੱਥੇ ਹੀ ਮੈਂ ਉਹਨੂੰ ਮਿਲ਼ਿਆ,” ਨਿਆਜ਼ ਕਹਿੰਦੇ ਹਨ। 2020 ਵਿੱਚ ਦੋਵਾਂ ਦੇ ਰਿਸ਼ਤੇ ਨੂੰ 7 ਸਾਲ ਪੂਰੇ ਹੋ ਗਏ ਅਤੇ ਉਨ੍ਹਾਂ ਨੇ ਵਿਆਹ ਕਰਨ ਦਾ ਫ਼ੈਸਲਾ ਕੀਤਾ। “ਪ੍ਰੋਪੋਜ ਕਿਆ ਥਾ… ਫੂਲ ਦਿਆ ਥਾ ਆਂਸਲ ਪਲਾਜ਼ਾ ਮੇ ਕੀ,’ਆਪ ਪਸੰਦ ਹੋ… ਆਪਸੇ ਸ਼ਾਦੀ ਕਰਨਾ ਚਾਹਤਾ ਹੂੰ,” ਸਮੀਰਾ ਕਹਿੰਦੀ ਹਨ।

ਨਿਆਜ਼ ਹੁਣ ਜਾਮਿਆ ਨਗਰ ਦੇ ਕਿਰਾਏ ਦੇ ਫ਼ਲੈਟ ਵਿੱਚ ਆਪਣੀ ਪਤਨੀ, ਮਾਪਿਆਂ ਅਤੇ ਤਿੰਨ ਛੋਟੇ ਭੈਣ-ਭਰਾਵਾਂ ਨਾਲ਼ ਰਹਿੰਦੇ ਹਨ। ਔਸਤਨ ਉਹ ਸਾਲ ਦੀਆਂ ਤਿੰਨ ਤੋਂ ਚਾਰ ਪੇਟਿੰਗਾਂ ਵੇਚ ਲੈਂਦੇ ਹਨ ਅਤੇ ਉਨ੍ਹਾਂ ਦੀ ਪੇਟਿੰਗਾਂ ਦੀ ਕੀਮਤ 30,000 ਰੁਪਏ ਤੋਂ ਲੈ ਕੇ 2.8 ਲੱਖ ਰੁਪਏ ਵਿਚਕਾਰ ਹੁੰਦੀ ਹੈ। ਉਹ ਇੱਕ ਗ਼ੈਰ-ਸਰਕਾਰੀ ਸੰਸਥਾ (ਜਿਹਦਾ ਉਹ ਨਾਮ ਨਹੀਂ ਦੱਸਣਾ ਚਾਹੁੰਦੇ) ਵਿਖੇ  ਕੁੱਲਵਕਤੀ ਨੌਕਰੀ ਕਰਦੇ ਹਨ ਜਿੱਥੇ ਉਹ ਬਤੌਰ ਗ੍ਰਾਫ਼ਿਕ ਡਿਜ਼ਾਇਨਰ ਕੰਮ ਕਰਦੇ ਹਨ ਅਤੇ ਫਿਜੀਕਲ ਆਰਟ ਇੰਸਟਾਲੇਸ਼ਨ ਬਣਾਉਂਦੇ ਹਨ। “ਮਹਾਂਮਾਰੀ ਦਾ ਉਹ ਸਾਲ ਮੇਰੀ ਕਲਾ ਦੇ ਪੱਖੋਂ ਕਾਫ਼ੀ ਵਧੀਆ ਰਿਹਾ। ਮੈਂ ਘਰੋਂ ਹੀ ਕੰਮ ਕਰਦਾ ਅਤੇ ਇੰਝ ਮੈਨੂੰ ਪੇਟਿੰਗ ਕਰਨ ਲਈ ਖੁੱਲ੍ਹਾ ਸਮਾਂ ਮਿਲ਼ ਜਾਂਦਾ। ਮੈਂ ਤਿੰਨ ਮਹੀਨਿਆਂ ਵਿੱਚ ਛੇ ਪੇਟਿੰਗਾਂ ਵੇਚੀਆਂ,” ਉਹ ਕਹਿੰਦੇ ਹਨ ਅਤੇ ਨਾਲ਼ ਇਹ ਗੱਲ ਵੀ ਜੋੜਦੇ ਹਨ ਕਿ “ਪੈਸਾ ਕਮਾਉਣਾ ਮੇਰਾ ਮਕਸਦ ਨਹੀਂ ਹੈ। ਮੈਂ ਨਾਮ ਕਮਾਉਣਾ ਚਾਹੁੰਦਾ ਹਾਂ। ਲੋਕਾਂ ਨੂੰ ਪਤਾ ਹੋਵੇ ‘ਨਿਆਜ਼ ਹੁਸੈਨ’ ਕੌਣ ਹੈ।”

ਪਾਰੀ ਐਜੁਕੇਸ਼ਨ, ਵਿਦਿਆਰਥੀਆਂ ਨੂੰ ਸਮਾਜ ਦੇ ਹਾਸ਼ੀਆਗਤ (ਵਾਂਝ) ਭਾਈਚਾਰਿਆਂ ‘ਤੇ ਲਿਖਣ ਲਈ ਉਤਸਾਹਿਤ ਕਰਦਾ ਹੈ। ਅਪੰਗਤਾ ਦੇ ਸ਼ਿਕਾਰ ਲੋਕਾਂ  ‘ਤੇ ਅਧਾਰਤ ਇਸ ਲੜੀ ਨੂੰ, ਪੂਨੇ ਦੇ ਤਥਾਪੀ ਟ੍ਰਸਟ ਦਾ ਸਹਿਯੋਗ ਹਾਸਲ ਹੈ। ਜੇ ਤੁਸੀਂ ਇਸ ਲੇਖ ਨੂੰ ਪ੍ਰਕਾਸ਼ਤ ਕਰਨਾ ਚਾਹੁੰਦੇ ਹੋ ਤਾਂ ਕ੍ਰਿਪਾ ਕਰਕੇ  zahra@ruralindiaonline.org ‘ਤੇ ਮੇਲ ਕਰੋ ਅਤੇ ਉਹਦੀ ਇੱਕ ਕਾਪੀ  namita@ruralindiaonline.org ਨੂੰ ਵੀ ਭੇਜੋ।

Editor's note

ਵੰਦਨਾ ਬਾਂਸਲ, ਵਿਵੇਕਾਨੰਦ ਇੰਸਟੀਚਿਊਟ ਆਫ਼ ਪ੍ਰੋਫੈਸ਼ਨਲ ਸਟੱਡੀਜ਼, ਨਵੀਂ ਦਿੱਲੀ ਵਿਖੇ ਜਰਨਲਿਜ਼ਮ ਅਤੇ ਮਾਸ ਕਮਿਊਨਿਕੇਸ਼ਨ ਦੀ ਫ਼ਾਈਨਲ ਈਅਰ ਦੀ ਵਿਦਿਆਰਥਣ ਹਨ। ਉਹ ਕਹਿੰਦੀ ਹਨ,"ਨਿਆਜ਼ ਦੀ ਕਹਾਣੀ ਨੂੰ ਕਲਮਬੱਧ ਕਰਨਾ ਇੱਕ ਚੁਣੌਤੀ ਸੀ ਕਿਉਂਕਿ ਪਰਿਵਾਰ ਨੇ ਬਹੁਤ ਸਾਰੀਆਂ ਤਕਲੀਫ਼ਦੇਹ ਯਾਦਾਂ ਨੂੰ ਮਿਟਾ ਦਿੱਤਾ ਸੀ ਅਤੇ ਮੈਨੂੰ ਉਨ੍ਹਾਂ ਦੀ ਕਹਾਣੀ ਤੱਕ ਪਹੁੰਚਣ ਲਈ ਬੜੀ ਸੰਜੀਦਗੀ ਨਾਲ਼ ਪੈਰ ਰੱਖਣਾ ਪਿਆ। ਸੰਪਾਦਕੀ ਪ੍ਰਕਿਰਿਆ ਨੇ ਪੱਤਰਕਾਰਤਾ ਦੇ ਇੰਨੇ ਸੂਖਮ ਵੇਰਵਿਆਂ ਤੱਕ ਪਕੜ ਬਣਾਉਣ ਲਈ ਮੇਰੀ ਮਦਦ ਕੀਤੀ। ਮੈਂ ਸਿੱਖਿਆ ਕਿ ਅਪੰਗ ਲੋਕਾਂ ਦੀਆਂ ਕਹਾਣੀਆਂ ਤੱਕ ਪਹੁੰਚ ਕਿਵੇਂ ਕਰਨੀ ਹੈ ਤਾਂ ਕਿ ਉਨ੍ਹਾਂ ਦੀ ਗਰਿਮਾ ਵੀ ਬਰਕਰਾਰ ਰਹੇ।" ਪਾਰੀ 'ਤੇ ਉਨ੍ਹਾਂ (ਵੰਦਨਾ) ਦੀ ਪਿਛਲੀ ਕਹਾਣੀ ‘I want to live my truth as a trans man’ ਸੀ ਜੋ ਕਿ 27 ਨਵੰਬਰ, 2021 ਨੂੰ ਪ੍ਰਕਾਸ਼ਤ ਹੋਈ।

ਤਰਜਮਾ: ਕਮਲਜੀਤ ਕੌਰ 

ਕਮਲਜੀਤ ਕੌਰ ਪੰਜਾਬ ਤੋਂ ਹਨ ਅਤੇ ਇੱਕ ਸੁਤੰਤਰ ਤਰਜਮਾਕਾਰ ਹਨ। ਕਮਲਜੀਤ ਨੇ ਪੰਜਾਬੀ ਵਿੱਚ M.A. ਕੀਤੀ ਹੋਈ ਹੈ। ਉਹ ਇੱਕ ਨਿਰਪੱਖ ਅਤੇ ਬਰਾਬਰੀ ‘ਤੇ ਅਧਾਰਤ ਦੁਨੀਆਂ ਵਿੱਚ ਵਿਸ਼ਵਾਸ ਰੱਖਦੇ ਹਨ ਅਤੇ ਇਸ ਨੂੰ ਸੰਭਵ ਬਣਾਉਣ ਲਈ ਕੰਮ ਕਰਦੇ ਹਨ।