ਜਦੋਂ ਵੀ ਪੁਰਾਣੇ ਉਸਮਾਨਪੁਰ ਦੇ ਵਾਸੀਆਂ ਦੇ ਕੰਨਾਂ ਵਿੱਚ ਬੁਲਡੋਜ਼ਰ ਦੀ ਅਵਾਜ਼ ਪੈਂਦੀ ਹੈ ਤਾਂ ਉਹ ਸਹਿਜੇ ਹੀ ਸਮਝ ਲੈਂਦੇ ਹਨ ਕਿ ਇਹ ਉਨ੍ਹਾਂ ਦੇ ਫ਼ੌਰਨ ਉੱਥੋਂ ਚਲੇ ਜਾਣ ਦਾ ਸੰਕੇਤ ਹੈ। ਇਸ ਬਸਤੀ ‘ਚ ਰਹਿੰਦੇ ਕੂੜਾ-ਚੁਗਣ ਵਾਲ਼ੇ, ਰਿਕਸ਼ਾ-ਚਾਲਕ, ਕਬਾੜੀਏ ਤੇ ਭਿਖਾਰੀਆਂ ਦੇ ਸਿਰ ਬਗ਼ੈਰ ਕਿਸੇ ਨੋਟਿਸ ਦਿੱਤੇ ਤੋਂ ਉਜਾੜੇ ਜਾਣ ਦਾ ਖ਼ਤਰਾ ਮੰਡਰਾਉਂਦਾ ਰਹਿੰਦਾ ਹੈ। ਉਨ੍ਹਾਂ ਨੂੰ ਆਪਣੀਆਂ ਝੁੱਗੀਆਂ ਖੁੱਸਣ ਦਾ ਡਰ ਹੈ। ਉਹ ਕਹਿੰਦੇ ਹਨ ਕਿ ਪਿਛਲੇ ਇੱਕ ਦਹਾਕੇ ਵਿੱਚ ਉਨ੍ਹਾਂ ਨੇ ਕਈ ਵਾਰ ਆਪਣੇ ਘਰਾਂ ਨੂੰ ਪਧਰੇ ਮੈਦਾਨ ਬਣਦੇ ਦੇਖਿਆ ਹੈ।

ਇੱਥੇ ਰਹਿਣ ਵਾਲ਼ੇ ਸਪੇਰਾ ਭਾਈਚਾਰੇ ਦੇ ਇੱਕ ਮੈਂਬਰ ਰਘੂ (ਬਦਲਿਆ ਨਾਮ) ਕਹਿੰਦੇ ਹਨ,”ਆਪਣੀਆਂ ਝੁੱਗੀਆਂ ਨੂੰ ਕਦੇ ਇੱਧਰ ਤੇ ਕਦੇ ਓਧਰ ਉਸਾਰਨਾ ਸਾਡੇ ਜੀਵਨ ਦਾ ਹਿੱਸਾ ਬਣ ਗਿਆ ਹੈ।” ਸਪੇਰਾ ਇੱਕ ਵਿਮੁਕਤ (ਅਪਰਾਧੀ ਮੰਨਿਆ ਜਾਣ ਵਾਲ਼ਾ) ਕਬੀਲਾ ਹੈ, ਸੋ ਕਲਿਆਣਕਾਰੀ ਯੋਜਨਾਵਾਂ ਤੱਕ ਉਨ੍ਹਾਂ ਦੀ ਪਹੁੰਚ ਨਹੀਂ ਬਣ ਪਾਉਂਦੀ।

ਯਮੁਨਾ ਨਦੀ ਦੇ ਤਟ ਤੋਂ ਕੁਝ ਕੁ ਮੀਟਰ ਦੂਰ ਸਥਿਤ ਪੁਰਾਣਾ ਓਸਮਾਨਪੁਰ ਪਿੰਡ ਹੜ੍ਹ ਦਾ ਮੈਦਾਨੀ ਇਲਾਕਾ ਹੈ। ਸਾਲ 2010 ਵਿੱਚ, ਦਿੱਲੀ ਵਿਕਾਸ ਅਥਾਰਟੀ ਨੇ ਵਿਤੋਂਵੱਧ ਪ੍ਰਦੂਸ਼ਤ ਯਮੁਨਾ ਨਦੀ ਦੇ ਕਾਇਆ-ਕਲਪ ਵਾਸਤੇ, ਇਸ ਪਿੰਡ ਹੇਠ ਆਉਂਦੀ ਜ਼ਮੀਨ ਨੂੰ ਜ਼ੋਨ ‘ਓ’ ਚਿੰਨ੍ਹਿਤ ਕੀਤਾ। ਨਦੀ ਦਿੱਲੀ ਦੇ 22 ਕਿਲੋਮੀਟਰ ਦੇ ਹਿੱਸੇ ਵਿੱਚੋਂ ਦੀ ਲੰਘਦੀ ਹੈ ਅਤੇ ਡੀਡੀਏ ਦਿੱਲੀ ਦੇ ਇਨ੍ਹਾਂ ਤਟੀ ਇਲਾਕਿਆਂ ਵਿੱਚ ਲੋਕਾਂ ਦੇ ਮਨੋਰੰਜਨ ਨਾਲ਼ ਜੁੜੀਆਂ ਥਾਵਾਂ ਉਸਾਰਨਾ ਚਾਹੁੰਦਾ ਹੈ।

ਸਾਲ 2014 ਵਿੱਚ ਨੈਸ਼ਨਲ ਗ੍ਰੀਨ ਟਿਬਿਊਨਲ (ਐੱਨਜੀਟੀ) ਨੇ ਹੜ੍ਹ ਦੇ ਮੈਦਾਨੀਂ ਇਲਾਕਿਆਂ ਵਿੱਚ ਉਸਾਰੀ ਤੇ ਵਿਕਾਸ ਸਬੰਧੀ ਕਾਰਗੁਜ਼ਾਰੀਆਂ ‘ਤੇ ਰੋਕ ਲਾ ਦਿੱਤੀ ਸੀ। ਉਦੋਂ ਤੋਂ ਹੀ ਸਰਕਾਰੀ ਅਧਿਕਾਰੀ ਬਿਨ-ਰੁਕੇ ਕਬਜ਼ਾ ਕੀਤੀਆਂ ਥਾਵਾਂ ਨੂੰ ਛੁਡਾਉਣ ਲਈ ਅਭਿਆਨ ਚਲਾਉਂਦੇ ਰਹਿੰਦੇ ਹਨ ਤੇ ਘਰ ਢਾਹੁੰਦੇ ਰਹਿੰਦੇ ਹਨ। ਉੱਥੇ ਰਹਿਣ ਵਾਲ਼ਿਆਂ ਨੂੰ ਅਕਸਰ ਬਗ਼ੈਰ ਕੋਈ ਪੂਰਵ-ਸੂਚਨਾ ਦਿੱਤਿਆਂ ਹੀ ਉਜਾੜ ਦਿੱਤਾ ਜਾਂਦਾ ਹੈ। ਰਘੂ ਬਾਰ-ਬਾਰ ਉਜਾੜੇ ਜਾਣ ਨੂੰ ਲੈ ਕੇ ਕਹਿੰਦੇ ਹਨ,”ਉਹ (ਸਰਕਾਰੀ ਅਧਿਕਾਰੀ) ਕੁਝ ਨਹੀਂ ਕਹਿੰਦੇ। ਸਾਡੇ ਨਾਲ਼ ਕੋਈ ਗੱਲਬਾਤ ਤੱਕ ਨਹੀਂ ਕਰਦੇ। ਬੱਸ ਆਉਂਦੇ ਹਨ ਤੇ ਸਾਡੇ ਘਰਾਂ ਨੂੰ ਢਾਹ ਦਿੰਦੇ ਹਨ ਤੇ ਸਾਨੂੰ ਦੱਸਦੇ ਹਨ ਕਿ ਇਹ ਸਰਕਾਰੀ ਜ਼ਮੀਨ ਹੈ।”

ਬਗ਼ੈਰ ਕਿਸੇ ਚੇਤਾਵਨੀ ਦੇ ਉਨ੍ਹਾਂ ਦੇ ਘਰਾਂ ਤੇ ਅੰਦਰਲੇ ਸਮਾਨ ਨੂੰ ਤੋੜ ਸੁੱਟਣ ਦਾ ਮਤਲਬ ਹੁੰਦਾ ਹੈ, ਕਈ ਮਹੀਨਿਆਂ ਤੱਕ ਉਨ੍ਹਾਂ ਨੂੰ ਬਗ਼ੈਰ ਕਿਸੇ ਛੱਤ ਤੋਂ ਰਹਿਣਾ ਹੋਵੇਗਾ। ਰੂਬੀਨਾ (ਆਪਣਾ ਸਿਰਫ਼ ਇੰਨਾ ਨਾਮ ਹੀ ਵਰਤਦੀ ਹਨ) ਕਹਿੰਦੀ ਹਨ,”ਸਾਲ 2020 ਵਿੱਚ, ਜਦੋਂ ਉਨ੍ਹਾਂ ਨੇ ਸਾਡੀਆਂ ਝੁੱਗੀਆਂ ਤੋੜ ਸੁੱਟੀਆਂ, ਤਾਂ ਅਸੀਂ ਸਿਆਲੀ ਮਹੀਨੇ ਹੱਢ-ਵਿੰਨ੍ਹਦੀ ਠੰਡ ਵਿੱਚ ਗੁਜ਼ਾਰੇ। ਖ਼ਾਸ ਕਰਕੇ, ਸਾਡੇ ਬਜ਼ੁਰਗਾਂ ਨੂੰ ਬੜੀ ਪਰੇਸ਼ਾਨੀ ਝੱਲਣੀ ਪਈ। ਬੱਸ ਇੱਕ ਅਲਾਵ ਬਾਲ਼ ਲਿਆ ਜਾਂਦਾ ਤੇ ਪੰਜ-ਪੰਜ ਪਰਿਵਾਰ ਦੁਆਲ਼ੇ ਬੈਠ ਕੇ ਖ਼ੁਦ ਨੂੰ ਨਿੱਘਾ ਰੱਖਣ ਦੀ ਕੋਸ਼ਿਸ਼ ਕਰਦੇ।”

ਰੂਬੀਨਾ ਪੁਰਾਣਾ ਓਸਮਾਨਪੁਰ ਦੀ ਨਿਵਾਸੀ ਹਨ ਤੇ ਉਨ੍ਹਾਂ ਨੇ ਆਪਣਾ ਪੂਰਾ ਜੀਵਨ ਇਸੇ ਬਸਤੀ ਦੇ ਬੰਗਾਲ਼ੀ ਟੋਲੇ ਵਿੱਚ ਬਿਤਾਇਆ ਹੈ। ਉਹ ਇੱਕ ਸਾਲ ਦੀ ਉਮਰ ਵਿੱਚ ਆਪਣੇ ਮਾਤਾ-ਪਿਤਾ ਦੇ ਨਾਲ਼ ਪੱਛਮੀ ਬੰਗਾਲ ਤੋਂ ਇੱਥੇ ਰਹਿਣ ਆਈ। ਉਹ ਕਹਿੰਦੀ ਹਨ ਕਿ ਜਦੋਂ ਵੀ ਘਰ ਢਾਹਿਆ ਜਾਂਦਾ ਹੈ,”ਤਾਂ ਸਾਨੂੰ ਇਹ ਦੁੱਖ ਝੱਲਣਾ ਪੈਂਦਾ ਹੈ ਤੇ ਇੱਕ ਵਾਰ ਫਿਰ ਤੋਂ ਆਪਣਾ ਘਰ ਖੜ੍ਹਾ ਕਰਨਾ ਪੈਂਦਾ ਹੈ।”

ਕਿਉਂਕਿ ਇੱਥੇ ਰਹਿਣ ਵਾਲ਼ੇ ਬਹੁਤੇਰੇ ਲੋਕ ਦਿਹਾੜੀ-ਧੱਪਾ ਕਰਦੇ ਹਨ, ਇਸਲਈ ਆਪਣੇ ਮਾਲ਼-ਅਸਬਾਬ ਦੀ ਰਾਖੀ ਬਹਿਣਾ ਤੇ ਘਰਾਂ ਨੂੰ ਡੇਗੇ ਜਾਣ ਤੋਂ ਰੋਕਣ ਵਾਸਤੇ ਦਿਹਾੜੀ ਤੋੜਨਾ, ਉਨ੍ਹਾਂ ਲਈ ਸੰਭਵ ਨਹੀਂ। ਰੂਬੀਨਾ ਕਹਿੰਦੀ ਹਨ,”ਸਾਡੇ ਲੋਕਾਂ ਦਾ ਮੁੱਖ ਪੇਸ਼ਾ ਕਬਾੜ (ਕੂੜਾ ਚੁਗਣਾ), ਭੀਖ ਮੰਗਣਾ ਤੇ ਰਿਕਸ਼ਾ ਚਲਾਉਣਾ ਹੈ। ਕਈ ਵਾਰੀਂ ਅਜਿਹੇ ਦਿਨ ਵੀ ਆਉਂਦੇ ਹਨ ਜਦੋਂ ਅਸੀਂ ਪੂਰਾ ਪੂਰਾ ਦਿਨ ਇੱਕ ਨਵਾਂ ਪੈਸਾ ਤੱਕ ਨਹੀਂ ਕਮਾ ਪਾਉਂਦੇ। ਦੱਸੋ ਇਸ ਸੂਰਤੇ-ਹਾਲ ਅਸੀਂ ਕਿਰਾਇਆ ਕਿਵੇਂ ਦੇਵਾਂਗੇ?” ਉਹ ਦੱਸਦੀ ਹਨ ਕਿ ਇਸ ਇਲਾਕੇ ਵਿੱਚ ਮਹੀਨੇ ਦਾ 4,000 ਰੁਪਏ ਕਿਰਾਇਆ ਹੈ ਪਰ ਰਾਜ ਦੁਆਰਾ ਇੱਥੇ ਰਹਿਣ ਵਾਲ਼ੇ ਬਾਸ਼ਿੰਦਿਆਂ ਨੂੰ ਸਬਸਿਡੀ ਦੇ ਕੇ ਰਿਹਾਇਸ਼ ਦਾ ਕੋਈ ਬੰਦੋਬਸਤ ਨਹੀਂ ਕੀਤਾ ਜਾਂਦਾ।

ਓਸਮਾਨਪੁਰ ਵਿਖੇ ਘਰਾਂ ਤੇ ਸੰਪੱਤੀਆਂ ਨੂੰ ਢਾਹੇ ਜਾਣ ਦੀ ਪ੍ਰਕਿਰਿਆ ਅਚਾਨਕ ਤੇ ਬਗ਼ੈਰ ਕਿਸੇ ਪੂਰਵ-ਚੇਤਾਵਨੀ ਦੇ ਸਿਰੇ ਚਾੜ੍ਹੀ ਜਾਂਦੀ ਹੈ। ਬੰਗਾਲੀ ਬਸਤੀ ਦੀ ਨਿਵਾਸੀ ਰੂਬੀਨਾ ਚਿੰਤਤ ਹਨ ਕਿ ਬਾਰ-ਬਾਰ ਘਰ ਬਦਲਣ ਕਾਰਨ ਉਨ੍ਹਾਂ ਦੇ ਬੱਚਿਆਂ ਦੀ ਪੜ੍ਹਾਈ ਵੀ ਪ੍ਰਭਾਵਤ ਹੋ ਰਹੀ ਹੈ।
ਤਸਵੀਰਾਂ: ਈਸ਼ਨਾ ਗੁਪਤਾ

ਮਈ 2022 ਵਿੱਚ, ਪੁਰਾਣੇ ਓਸਮਾਨਪੁਰ ਦੇ ਨਿਵਾਸੀਆਂ ਨੂੰ ਠੇਕੇ ਤੋਂ ਇਹ ਸੁਣਨ ਨੂੰ ਮਿਲ਼ਿਆ ਕਿ ਆਉਣ ਵਾਲ਼ੀ 6 ਤੇ 7 ਜੂਨ ਨੂੰ ਘਰਾਂ ਨੂੰ ਢਾਹੁਣ ਦਾ ਵਿਸ਼ਾਲ ਅਭਿਆਨ ਛਿੜੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਬਾਬਤ ਕਿਸੇ ਕਿਸਮ ਦੀ ਕੋਈ ਅਧਿਕਾਰਕ ਸੂਚਨਾ ਨਹੀਂ ਦਿੱਤੀ ਗਈ।

ਰੂਬੀਨਾ ਕਹਿੰਦੀ ਹਨ,”ਅਸੀਂ ਇਹ ਵੀ ਸੁਣਿਆ ਕਿ ਜੇਕਰ ਅਸੀਂ ਉੱਥੋਂ ਨਾ ਹਟੇ ਤਾਂ ਉਹ (ਅਧਿਕਾਰੀ) ਸਾਰਾ ਕੁਝ ਤਬਾਹ ਕਰ ਦੇਣਗੇ।” ਉਹ ਆਪਣੇ ਸਕੂਲ ਜਾਂਦੇ ਬੱਚਿਆਂ ਲਈ ਖ਼ਾਸ ਤੌਰ ‘ਤੇ ਫ਼ਿਕਰਮੰਦ ਹਨ, ਜੋ ਨੇੜੇ ਸਥਿਤ ਸਰਕਾਰੀ ਸਕੂਲ, ਨਗਰ ਨਿਗਮ ਪ੍ਰਤਿਭਾ ਵਿਦਿਆਲੇ ਪੜ੍ਹਦੇ ਹਨ। ਇੱਥੋਂ ਜਾਣ ਕਰਕੇ ਸ਼ੈਸਨ ਦੀ ਸ਼ੁਰੂਆਤ ਵਿੱਚ ਹੀ ਸਕੂਲ ਛੱਡਣਾ ਪਵੇਗਾ ਅਤੇ ਸਾਲ ਦੇ ਵਿੱਚ-ਵਿਚਾਲੇ ਕਿਸੇ ਹੋਰ ਸਕੂਲ ਦਾਖ਼ਲਾ ਲੈਣਾ ਮੁਸ਼ਕਲ ਕੰਮ ਹੋਵੇਗਾ। ਇਸ ਕਾਰਨ ਕਰਕੇ ਉਨ੍ਹਾਂ ਦਾ ਸਕੂਲ ਛੁੱਟ ਸਕਦਾ ਹੈ। ਉਹ ਪੁੱਛਦੀ ਹਨ,”ਦੱਸੋ ਅਸੀਂ ਆਪਣੇ ਬੱਚਿਆਂ ਨੂੰ ਪਾਲ਼ੀਏ ਕਿਵੇਂ?”

ਨੰਨੀ ਦੇਵੀ ਨੇ ਆਪਣੀ ਤਾਉਮਰ ਪੁਰਾਣਾ ਓਸਮਾਨਪੁਰ ਵਿਖੇ ਬਿਤਾ ਦਿੱਤੀ। ਉਹ ਕਹਿੰਦੀ ਹਨ ਕਿ ਟੁੱਟੇ ਹੋਏ ਘਰਾਂ ਦੀ ਮੁੜ-ਉਸਾਰੀ ਵਾਸਤੇ, ਉਨ੍ਹਾਂ ਕੋਲ਼ ਪੈਸੇ ਨਹੀਂ ਹਨ। ਉਹ ਕਹਿੰਦੀ ਹਨ,”ਜਦੋਂ ਲੋਕਾਂ ਕੋਲ਼ ਖਾਣ ਤੱਕ ਦੇ ਪੈਸੇ ਨਹੀਂ ਤਾਂ ਅਸੀਂ ਕਿਰਾਏ ਦੇ ਘਰ ਦਾ ਖਰਚਾ ਕਿਵੇਂ ਝੱਲ ਸਕਾਂਗੇ? ਅਸੀਂ ਕਿਰਾਏ ਵਾਸਤੇ ਪੈਸੇ ਕਿੱਥੋਂ ਲਿਆਵਾਂਗੇ? ਆਪਣਾ ਢਿੱਡ ਭਰਨ ਲਈ ਲੋਕ ਜਾਂ ਤਾਂ ਭੀਖ ਮੰਗ ਰਹੇ ਹਨ ਜਾਂ ਕੂੜਾ ਚੁਗਣ ਦਾ ਕੰਮ ਕਰਦੇ ਹਨ।”

68 ਸਾਲਾ ਨੰਨੀ ਦੇਵੀ ਪੁਰਾਣੇ ਵੇਲ਼ਿਆਂ ਨੂੰ ਚੇਤੇ ਕਰਦੀ ਹਨ, ਜਦੋਂ ਚਾਰੇ ਪਾਸੇ ਖੇਤ ਸਨ ਤੇ ਵਿਸ਼ਾਲ ਰਕਬੇ ਵਿੱਚ ਕਣਕ ਦੀ ਕਾਸ਼ਤ ਹੁੰਦੀ ਸੀ। ਕਿਸਾਨਾਂ ਨੇ ਇੱਥੇ ਸਬਜ਼ੀਆਂ ਉਗਾਈਆਂ ਤੇ ਵੇਚੀਆਂ। ਉਹ ਕਹਿੰਦੀ ਹਨ,”ਉਸ ਵੇਲ਼ੇ ਜ਼ਮੀਨ ਅੱਜ ਵਾਂਗਰ ਨਾ ਦਿੱਸਦੀ। ਤੁਹਾਡੇ ਚੁਫ਼ੇਰੇ ਲਹਿਰਾਉਂਦੀਆਂ ਫ਼ਸਲਾਂ ਹੁੰਦੀਆਂ।”

ਐੱਨਜੀਟੀ ਵੱਲੋਂ ਖੇਤੀ ਕਰਨ ‘ਤੇ ਪਾਬੰਦੀ ਲਾਏ ਜਾਣ ਤੋਂ ਬਾਅਦ, ਨਜਾਇਜ਼ ਕਬਜ਼ੇ ਛੁਡਾਉਣ ਵਿਰੋਧੀ ਮੁਹਿੰਮਾਂ ਚਲਾਈਆਂ ਗਈਆਂ ਜੋ ਪਿਛਲੇ ਢਾਈ ਸਾਲਾਂ ਦੇ ਸਮੇਂ ਦੌਰਾਨ ਹੋਰ ਵਧੀਆਂ ਹਨ। ਉਹ ਅੱਗੇ ਕਹਿੰਦੀ ਹਨ,”ਹੌਲ਼ੀ-ਹੌਲ਼ੀ ਹਰ ਕਿਸੇ ਕੋਲ਼ੋਂ ਜ਼ਮੀਨ ਖੋਹ ਲਈ ਗਈ। 2021 ਵਿੱਚ ਸਾਡਾ ਪੂਰਾ ਇਲਾਕਾ ਮਲ਼ਬੇ ਦਾ ਢੇਰ ਬਣਾ ਦਿੱਤਾ ਗਿਆ।”

ਨੰਨੀ ਦੇਵੀ ਨੇ ਖ਼ੁਦ ਵੱਲੋਂ ਲਾਏ ਰੁੱਖਾਂ ਦੇ ਹੋਏ ਨੁਕਸਾਨ ‘ਤੇ ਹਿਰਖ ਕਰਦਿਆਂ ਕਿਹਾ,”ਜਦੋਂ ਘਰ ਤੋੜੇ ਜਾਂਦੇ ਤਾਂ ਤਾਂ ਰੁੱਖ ਵੀ ਨਹੀਂ ਛੱਡੇ ਜਾਂਦੇ। ਢਾਹੁਣ ਦੀ ਨੀਅਤ ਨਾਲ਼ ਆਏ ਲੋਕ ਕੁਝ ਵੀ ਨਹੀਂ ਛੱਡਦੇ। ਅਸੀਂ ਇੱਥੇ ਜਾਮੁਣ, ਅੰਬ ਤੇ ਕੇਲ਼ਿਆਂ ਦੇ ਬੂਟੇ ਬੀਜੇ ਸਨ। ਮੈਂ ਬੜੀ ਮੁਸ਼ੱਕਤ ਕਰਕੇ ਇਨ੍ਹਾਂ ਨੂੰ ਵੱਡਿਆਂ ਕੀਤਾ ਸੀ।”

ਰਘੂ ਦੱਸਦੇ ਹਨ ਕਿ ਉਹ ਜਿਹੜੇ ਸਪੇਰਾ ਭਾਈਚਾਰੇ ਨਾਲ਼ ਤਾਅਲੁੱਕ ਰੱਖਦੇ ਹਨ ਉਹਦੇ ਜ਼ਿਆਦਾਤਰ ਲੋਕ ਮਜ਼ਦੂਰੀ ਕਰਦੇ ਹਨ ਤੇ ਕਬਾੜੀ ਦਾ ਕੰਮ ਕਰਦੇ ਹਨ। ”ਸਾਡੇ ਪੁਰਖੇ ਘੁਮੱਕੜ ਸਨ। ਸਾਡੇ ਕੋਲ਼ ਕੋਈ ਜੱਦੀ ਜ਼ਮੀਨ ਨਹੀਂ ਹੈ।” ਇੱਥੋਂ ਦੇ ਬਾਕੀ ਲੋਕਾਂ ਵਾਂਗਰ ਉਨ੍ਹਾਂ ਦਾ ਵੀ ਇਹੀ ਕਹਿਣਾ ਹੈ ਕਿ ਜੇਕਰ ਸਰਕਾਰ ਸਾਨੂੰ ਥੋੜ੍ਹੀ ਜ਼ਮੀਨ ਦੇ ਦਿੰਦੀ ਤਾਂ ਅਸੀਂ ਆਪਣੇ ਪੱਕੇ ਮਕਾਨ ਬਣਾ ਸਕਦੇ ਸਾਂ। ਨੰਨੀ ਦੇਵੀ ਉਨ੍ਹਾਂ ਦੀ ਗੱਲ ਨਾਲ਼ ਸਹਿਮਤ ਹਨ ਤੇ ਅੱਗੇ ਕਹਿੰਦੀ ਹਨ,”ਸਰਕਾਰ ਨੂੰ ਸਾਨੂੰ ਜ਼ਮੀਨ ਦੇਣੀ ਚਾਹੀਦੀ ਹੈ ਤਾਂਕਿ ਅਸੀਂ ਇੱਥੇ ਰਹਿ ਕੇ ਆਪਣੇ ਬੱਚਿਆਂ ਨੂੰ ਪਾਲ਼ ਸਕੀਏ ਤੇ ਰਹਿਣ ਲਈ ਘਰ ਪਾ ਸਕੀਏ। ਅਸੀਂ ਲੋੜੀਂਦੀ ਸਹਾਇਤਾ ਨਹੀਂ ਮਿਲ਼ ਰਹੀ। ਉਨ੍ਹਾਂ ਨੇ ਸਾਡੇ ਕੋਲ਼ੋਂ ਸਾਡੀ ਖੇਤੀ ਤਾਂ ਖੋਹ ਹੀ ਲਈ ਹੈ ਹੁਣ ਘੱਟੋਘੱਟ ਸਾਨੂੰ ਜਿਊਂਦੇ ਤਾਂ ਛੱਡ ਦੇਣ।”

ਪਾਰੀ ਦੇ ਹੋਮਪੇਜ ‘ਤੇ ਮੁੜਨ ਲਈ, ਇੱਥੇ ਕਲਿਕ ਕਰੋ।

Editor's note

ਈਸ਼ਨਾ ਗੁਪਤਾ ਨੇ ਹਾਲ ਹੀ ਵਿੱਚ ਆਂਧਰਾ ਪ੍ਰਦੇਸ਼ ਦੇ ਸ਼੍ਰੀ ਸਿਟੀ ਵਿਖੇ ਸਥਿਤ ਕ੍ਰਿਆ ਯੂਨੀਵਰਸਿਟੀ ਤੋਂ ਸਮਾਜਿਕ ਅਧਿਐਨ ਵਿੱਚ ਸਨਾਤਕ ਤੱਕ ਦੀ ਪੜ੍ਹਾਈ ਪੂਰੀ ਕੀਤੀ ਹੈ। ਉਹ ਇਸ ਸਟੋਰੀ ਨੂੰ ਲੈ ਕੇ ਇਸ ਲਈ ਵੀ ਕੰਮ ਕਰਨਾ ਚਾਹੁੰਦੀ ਸਨ ਕਿਉੰਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਜਦੋਂ ਵੀ ਦਿੱਲੀ ਜਿਹੇ ਸ਼ਹਿਰਾਂ ਦੀ ਗੱਲ ਹੁੰਦੀ ਹੈ ਤਾਂ ਮੁੱਖ ਧਾਰਾ ਮੀਡੀਆ ਨਜਾਇਜ਼ ਕਬਜ਼ੇ ਵਾਲ਼ੀਆਂ ਬਸਤੀਆਂ ਤੇ ਕਲੋਨੀਆਂ ਅਤੇ ਝੁੱਗੀਆਂ-ਝੌਂਪੜੀਆਂ ਵਿੱਚ ਰਹਿਣ ਵਾਲ਼ੇ ਲੋਕਾਂ ਦੀ ਰੋਜ਼ਮੱਰਾ ਦੀਆਂ ਮੁਸ਼ਕਲਾਂ ਅਤੇ ਅਸਲੀਅਤ ਦੀ ਅਣਦੇਖੀ ਕਰਦਾ ਹੈ। ਉਹ ਕਹਿੰਦੀ ਹਨ: ''ਪਾਰੀ ਨਾਲ਼ ਕੰਮ ਕਰਦਿਆਂ ਮੈਂ ਦੇਖਿਆ ਹੈ ਕਿ ਇਸ ਕੰਮ ਨਾਲ਼ ਜੁੜੇ ਹਿੱਸੇਦਾਰਾਂ ਦਾ ਦੇਖਣ ਦਾ ਨਜ਼ਰੀਆ ਬਿਲਕੁਲ ਮੁਖ਼ਤਲਿਫ਼ ਹੁੰਦਾ ਹੈ। ਜਦੋਂ ਕੋਈ ਸਟੋਰੀ ਕਿਸੇ ਘਟਨਾ ਨਾਲ਼ ਸਿੱਧੇ ਤੌਰ 'ਤੇ ਪ੍ਰਭਾਵਤ ਲੋਕਾਂ ਦੇ ਨਜ਼ਰੀਏ 'ਤੇ ਅਧਾਰਤ ਹੁੰਦੀ ਹੈ ਤਾਂ ਇਹ ਉਨ੍ਹਾਂ ਅਵਾਜ਼ਾਂ ਵੱਲ ਧਿਆਨ ਆਕਰਸ਼ਤ ਕਰਦੀ ਹੈ, ਜਿਹਨੂੰ ਅਕਸਰ ਅਣਸੁਣਿਆ ਹੀ ਰਹਿਣ ਦਿੱਤਾ ਜਾਂਦਾ ਹੈ। ਇਹ ਇੱਕ ਅਜਿਹਾ ਸਬਕ ਹੈ ਜੋ ਹਮੇਸ਼ਾ ਮੇਰੇ ਨਾਲ਼ ਰਹੇਗਾ, ਭਾਵੇਂ ਮੇਰੇ ਕੰਮ ਦਾ ਖੇਤਰ ਕੋਈ ਵੀ ਕਿਉਂ ਨਾ ਹੋਵੇ।''

ਤਰਜਮਾਕਮਲਜੀਤ ਕੌਰ 

ਕਮਲਜੀਤ ਕੌਰ ਪੰਜਾਬ ਤੋਂ ਹਨ ਅਤੇ ਇੱਕ ਸੁਤੰਤਰ ਤਰਜਮਾਕਾਰ ਹਨ। ਕਮਲਜੀਤ ਨੇ ਪੰਜਾਬੀ ਵਿੱਚ M.A. ਕੀਤੀ ਹੋਈ ਹੈ ਉਹ ਇੱਕ ਨਿਰਪੱਖ ਅਤੇ ਬਰਾਬਰੀ ਤੇ ਅਧਾਰਤ ਦੁਨੀਆਂ ਵਿੱਚ ਵਿਸ਼ਵਾਸ ਰੱਖਦੇ ਹਨ ਅਤੇ ਇਸ ਨੂੰ ਸੰਭਵ ਬਣਾਉਣ ਲਈ ਕੰਮ ਕਰਦੇ ਹਨ।