ਸਤੰਬਰ 2020 ਵਿੱਚ, ਸ਼ਾਜ਼ੀਆ ਅਖਤਰ 10ਵੀਂ ਜਮਾਤ ਪਾਸ ਕਰਨ ਵਾਲੀ ਆਪਣੇ ਪਿੰਡ ਦੀ ਪਹਿਲੀ ਕੁੜੀ ਬਣ ਗਈ। “ਮੈਂ ਖੁਦ ਨੂੰ ਕਿਹਾ ਸੀ ਕਿ ‘ਮੈਂ ਇਹ ਕਰਾਂਗੀ’।”

ਉਸਨੇ ਸ਼ੁਹਾਮਾ ਵਿੱਚ ਸਰਕਾਰੀ ਬੁਆਏਜ਼ ਹਾਈ ਸਕੂਲ ਵਿੱਚ ਪੜ੍ਹਾਈ ਕੀਤੀ ਸੀ। ਦਿਗਨੀਬਲ ਵਿੱਚ ਉਸਦੇ ਘਰ ਤੋਂ 10 ਕਿਲੋਮੀਟਰ ਦਾ ਆਉਣ-ਜਾਣ ਦਾ ਪੈਦਲ ਸਫ਼ਰ ਸਿੱਧੀ ਚੜ੍ਹਾਈ ਵਾਲਾ ਅਤੇ ਔਖਾ ਸੀ। “ਮੈਂ ਅਕਸਰ ਥੱਕ ਜਾਂਦੀ ਤੇ ਸਕੂਲੋਂ ਵਾਪਸ ਆਉਣ ਮਗਰੋਂ ਧਿਆਨ ਨਹੀਂ ਲਾ ਪਾਉਂਦੀ ਅਤੇ ਪੜ੍ਹ ਨਾ ਪਾਉਂਦੀ। ਮੈਂ ਆਪਣੀਆਂ ਕਿਤਾਬਾਂ ਬੰਦ ਕਰ ਦਿੰਦੀ ਸਾਂ, ”19 ਵਰ੍ਹਿਆਂ ਦੀ ਇਹ ਕੁੜੀ ਕਹਿੰਦੀ ਹੈ।

ਅਬਦੁਲ ਗਨੇਈ ਹਜਾਮ (65) ਅਤੇ ਤਾਜਾ ਬੇਗਮ (60) ਸ਼ਾਜ਼ੇਆ ਦੇ ਮਾਂ-ਪਿਉ, ਕਦੇ ਸਕੂਲ ਨਹੀਂ ਗਏ ਅਤੇ ਨਾ ਹੀ ਉਸਦੇ ਭੈਣ-ਭਰਾ। ਉਸ ਦੇ ਦੋ ਭਰਾ, ਤਾਰਿਕ (30) ਅਤੇ ਮੁਸ਼ਤਾਕ (27) ਆਪਣੇ ਪਿਤਾ ਵਾਂਗ ਦਿਹਾੜੀਦਾਰ ਕਾਮੇ ਬਣ ਗਏ। ਪਰਿਵਾਰ ਦੀ ਆਰਥਿਕ ਮਦਦ ਕਰਨ ਲਈ “ਉਨ੍ਹਾਂ ਨੂੰ ਕਮਾਉਣਾ ਪੈਣਾ ਸੀ”, ਉਹ ਕਹਿੰਦੀ ਹੈ। 

ਜਦੋਂ ਸ਼ਾਜ਼ੀਆ ਦੇ ਵੱਡੇ ਭਰਾ ਵੱਡੇ ਹੋ ਰਹੇ ਸਨ, ਉਸ ਸਮੇਂ ਦਾ ਸਭ ਤੋਂ ਨਜ਼ਦੀਕੀ ਪ੍ਰਾਇਮਰੀ ਸਕੂਲ ਤਕਰੀਬਨ ਚਾਰ ਕਿਲੋਮੀਟਰ ਦੂਰ ਇੱਕ ਉੱਚੀ-ਖੜਵੀਂ ਪਹਾੜੀ ‘ਤੇ ਸਥਿਤ ਸੀ। ਪਿੰਡ ਦੇ ਲੋਕ ਆਪਣੀ ਬਸਤੀ ਦੇ ਨੇੜੇ ਸਕੂਲ ਬਣਾਉਣ ਦੇ ਚਾਹਵਾਨ ਸਨ। “ਅਸੀਂ ਇਸ ਸਕੂਲ [ਬਣਵਾਉਣ] ਲਈ ਬਹੁਤ ਯਤਨ ਕੀਤੇ। 2001 ਵਿੱਚ, ਅਸੀਂ ਡਾਇਰੈਕਟੋਰੇਟ [ਸਕੂਲ ਸਿੱਖਿਆ] ਨੂੰ ਮਿਲੇ ਅਤੇ ਉਨ੍ਹਾਂ ਨੂੰ ਇੱਥੇ ਇੱਕ ਸਕੂਲ ਬਣਾਉਣ ਲਈ ਕਿਹਾ,” ਤਾਰਿਕ ਕਹਿੰਦਾ ਹੈ, ਜੋ ਪੈਸੇ ਦੀ ਆਈ-ਚਲਾਈ ਵਾਸਤੇ ਸ਼ਾਲਾਂ ’ਤੇ ਕਢਾਈ ਕਰਦਾ ਹੈ। ਉਨ੍ਹਾਂ ਦੀਆਂ ਕੋਸ਼ਿਸ਼ਾਂ ਰੰਗ ਲਿਆਈਆਂ ਅਤੇ 2002 ਵਿੱਚ ਸਰਕਾਰੀ ਬੁਆਏਜ਼ ਪ੍ਰਾਇਮਰੀ ਸਕੂਲ, ਦਿਗਨੀਬਲ ਦੀ ਸਥਾਪਨਾ ਕੀਤੀ ਗਈ। “ਅਗਲੀ ਚੁਣੌਤੀ ਅਧਿਆਪਕ ਲੱਭਣ ਦੀ ਸੀ,” ਉਹ ਅੱਗੇ ਕਹਿੰਦਾ ਹੈ।

ਪਹਿਲੇ ਕੁਝ ਸਾਲਾਂ ਤੱਕ ਉਨ੍ਹਾਂ ਕੋਲ ਸਿਰਫ਼ ਪੁਰਸ਼ ਅਧਿਆਪਕ ਸਨ ਜੋ ਪੂਰੇ ਸਕੂਲ ਨੂੰ ਪੜ੍ਹਾਉਂਦੇ ਸਨ। ਪਰ ਦਿਗਨੀਬਲ ਦੀ ਖੜ੍ਹਵੀਂ ਚੜ੍ਹਾਈ ਨੇ ਕਈ ਅਧਿਆਪਕਾਂ ਨੂੰ ਸਕੂਲ ਦਾ ਹਿੱਸਾ ਬਣਨ ਤੋਂ ਰੋਕੀ ਰੱਖਿਆ। ਬਸਤੀ ਦੇ ਬਜ਼ੁਰਗ ਮਨਜ਼ੂਰ ਅਹਿਮਦ ਮੀਰ ਅੰਦਾਜ਼ਾ ਲਾਉਂਦੇ ਹਨ ਕਿ ਦਿਗਨੀਬਲ ਵਿਖੇ 350 ਦੇ ਕਰੀਬ ਲੋਕ ਰਹਿੰਦੇ ਹਨ। ਸਕੂਲ ਦੀਆਂ ਦੋ ਪੀਲੀਆਂ ਇਮਾਰਤਾਂ ਨੂੰ ਕਵੀ ਇਕਬਾਲ, ਨੈਲਸਨ ਮੰਡੇਲਾ ਅਤੇ ਹੋਰਾਂ ਦੀਆਂ ਪ੍ਰੇਰਨਾਦਾਇਕ ਸਤਰਾਂ ਨਾਲ ਸਜਾਇਆ ਗਿਆ ਹੈ। ਮੁੱਖ ਇਮਾਰਤ ਦੇ ਪ੍ਰਵੇਸ਼ ਦੁਆਰ ‘ਤੇ ‘ਇਲਮੁਕਅਗੂਰ’ ਭਾਵ ‘ਸਿੱਖਿਆ ਦਾ ਘਰ’ ਪੇਂਟ ਕੀਤਾ ਗਿਆ ਹੈ, ਪਰ ਬਦਕਿਸਮਤੀ ਨਾਲ, ਸਿਰਫ ਕੁਝ ਕੁ ਵਿਦਿਆਰਥੀ ਹੀ ਇੱਥੋਂ ਪਾਸ ਆਊਟ ਹੋ ਕੇ ਆਪਣੀ ਪੜ੍ਹਾਈ ਜਾਰੀ ਰੱਖ ਸਕੇ ਹਨ।

ਸ਼ਾਜ਼ੀਆ 2008 ਵਿੱਚ ਦਾਖਲਾ ਲੈਣ ਵਾਲੀਆਂ ਪਹਿਲੀਆਂ ਕੁੜੀਆਂ ਵਿੱਚੋਂ ਸੀ। ਜਦੋਂ ਸਕੂਲ ਅਪਗ੍ਰੇਡ ਹੋਇਆ ਅਤੇ ਗੌਰਮਿੰਟ ਬੁਆਏਜ਼ ਮਿਡਲ ਸਕੂਲ ਬਣ ਗਿਆ, ਅਤੇ 8ਵੀਂ ਜਮਾਤ ਤੱਕ ਸਿੱਖਿਆ ਦੇਣ ਲੱਗਿਆ ਤਾਂ ਉਹ ਕਿੰਡਰਗਾਰਟਨ ਵਿੱਚ ਦਾਖਲ ਹੋ ਗਈ। ਬਿਲਾਲ ਵਾਨੀ ਸਕੂਲ ਵਿੱਚ ਸ਼ਾਜ਼ੀਆ ਦਾ/ਦੀ ਅਧਿਆਪਕ ਸੀ ਅਤੇ ਉਸ ਨੂੰ ਇੱਕ ਬਹੁਤ ਚੰਗੀ ਵਿਦਿਆਰਥੀ ਵਜੋਂ ਯਾਦ ਕਰਦਾ/ਕਰਦੀ ਹੈ।

ਕਸ਼ਮੀਰ ਦੇ ਗੰਦਰਬਲ ਜ਼ਿਲੇ ਵਿਚਲੀ ਦਿਗਨੀਬਲ ਬਸਤੀ ਇੱਕ ਮੰਜ਼ਿਲਾ ਟੀਨ ਦੀਆਂ ਛੱਤਾਂ ਵਾਲੇ ਘਰਾਂ ਵਜੋਂ ਨਜ਼ਰੀਂ ਪੈਂਦੀ ਹੈ; ਨਜ਼ਦੀਕੀ ਸ਼ਹਿਰ – ਰਾਜ ਦੀ ਰਾਜਧਾਨੀ ਸ਼੍ਰੀਨਗਰ – ਨੂੰ ਜਾਣ ਵਾਲੀ ਵਲੇਵੇਂ ਖਾਂਦੀ ਸੜਕ ਜ਼ਿਆਦਾਤਰ ਉਜਾੜ ਹੈ। ਸ਼ਾਜ਼ੀਆ ਮਲਿਕ ਮੁਹੱਲੇ ਦੇ ਸਿਰੇ ‘ਤੇ ਆਪਣੇ ਛੇ ਜਣਿਆਂ ਦੇ ਪਰਿਵਾਰ ਨਾਲ ਰਹਿੰਦੀ ਹੈ। ਉਨ੍ਹਾਂ ਦਾ ਦੋ ਬੈੱਡਰੂਮ ਵਾਲਾ ਘਰ ਟੁੱਟੀਆਂ ਟੀਨ ਦੀਆਂ ਚਾਦਰਾਂ ਨਾਲ ਵਲ਼ਿਆ ਹੋਇਆ ਹੈ ਅਤੇ ਅਖਰੋਟ ਅਤੇ ਕਿੱਕਰ ਦੇ ਰੁੱਖਾਂ ਨਾਲ ਘਿਰਿਆ ਹੋਇਆ ਹੈ।

ਉਸਨੇ ਆਪਣੇ ਪਿੰਡ ਵਿੱਚ 8ਵੀਂ ਜਮਾਤ ਪੂਰੀ ਕੀਤੀ ਅਤੇ ਫਿਰ ਦੋ ਹੋਰ ਲੜਕੀਆਂ ਦੇ ਨਾਲ ਪੰਜ ਕਿਲੋਮੀਟਰ ਦੂਰ ਸ਼ੁਹਾਮਾ ਵਿੱਚ ਬੁਆਏਜ਼  ਹਾਈ ਸਕੂਲ ਵਿੱਚ ਦਾਖਲਾ ਲੈਣ ਗਈ ਅਤੇ ਇੱਥੋਂ 10ਵੀਂ ਜਮਾਤ ਪੂਰੀ ਕੀਤੀ। ਉਹ ਉਨ੍ਹਾਂ ਪਲਾਂ ਨੂੰ ਬੜੀ ਖ਼ੁਸ਼ੀ ਨਾਲ਼ ਚੇਤੇ ਕਰਦੀ ਹੈ ਜਦੋਂ ਉਹਨੂੰ ਸਭ ਤੋਂ ਅਨੁਸ਼ਾਸਤ ਵਿਦਿਆਰਥੀ ਹੋਣ ਦਾ ਪੁਰਸਕਾਰ ਮਿਲ਼ਿਆ ਸੀ। 

ਸਭ ਤੋਂ ਅਨੁਸ਼ਾਸਿਤ ਵਿਦਿਆਰਥੀ ਹੋਣ ਲਈ ਆਪਣੇ ਸਕੂਲ ਤੋਂ ਪ੍ਰਾਪਤ ਪੁਰਸਕਾਰ ਨੂੰ ਪ੍ਰਦਰਸ਼ਿਤ ਕਰਦੀ ਹੋਈ, ਸ਼ਾਜ਼ੀਆ । ਫੋਟੋ: ਸਬਜ਼ਾਰਾ ਅਲੀ

ਸ਼ਾਜ਼ੀਆ ਸਕੂਲ ਜਾਣ ਤੋਂ ਪਹਿਲਾਂ ਸਫ਼ਾਈ ਕਰਨ ਅਤੇ ਖਾਣਾ ਬਣਾਉਣ ਲਈ ਸਵੇਰੇ 6 ਵਜੇ ਉੱਠ ਜਾਂਦੀ। ਉਸ ਦੀ ਮਾਂ ਦੀ ਸਿਹਤ ਠੀਕ ਨਹੀਂ ਰਹਿੰਦੀ, ਇਸ ਲਈ ਘਰ ਚਲਾਉਣ ਦੀ ਜ਼ਿੰਮੇਵਾਰੀ ਉਹਦੇ ਅਤੇ ਉਹਦੇ ਭਰਾ ਤਾਰਿਕ ਦੀ ਘਰਵਾਲੀ ਹਾਜਰਾ ਦੇ ਸਿਰ ‘ਤੇ ਆਣ ਪਈ। “ਕਈ ਵਾਰ ਮੈਨੂੰ ਆਪਣੀਆਂ ਗਾਵਾਂ ਦੀ ਵੀ ਦੇਖਭਾਲ ਕਰਨੀ ਪੈਂਦੀ ਸੀ। ਜਦੋਂ ਭਾਬੀ ਕਿਤੇ ਪਾਸੇ ਗਈ ਹੁੰਦੀ, ਮੈਨੂੰ ਸਭ ਕੁਝ ਕਰਨਾ ਪੈਂਦਾ ਸੀ। ਕਈ ਵਾਰ ਮੇਰੀ ਸਵੇਰ ਦੀ ਅਸੈਂਬਲੀ ਖੁੰਝ ਜਾਂਦੀ ਸੀ,” ਉਹ ਆਪਣੇ ਹਾਈ ਸਕੂਲ ਦੇ ਦਿਨਾਂ ਨੂੰ ਯਾਦ ਕਰਦਿਆਂ ਕਹਿੰਦੀ ਹੈ। ਉਸ ਨੂੰ ਕਈ ਵਾਰ ਘਰ ਸਾਂਭਣ ਲਈ ਸਕੂਲੋਂ ਛੁੱਟੀ ਵੀ ਲੈਣੀ ਪੈਂਦੀ ਸੀ।

ਇਹ ਤਾਂ ਸ਼ੁਕਰ ਹੈ ਕਿ ਹਾਈ ਸਕੂਲ ਦੇ ਅਧਿਆਪਕ ਹੌਂਸਲਾ ਦੇਣ ਵਾਲੇ ਸਨ। “ਮੈਂ 8ਵੀਂ ਜਮਾਤ ਤੱਕ ਕਦੇ ਵੀ ਇੱਕ ਔਰਤ ਅਧਿਆਪਕ ਨੂੰ ਨਹੀਂ ਦੇਖਿਆ ਸੀ, ਪਰ ਇਸ ਸਕੂਲ ਵਿੱਚ, ਬਹੁਤ ਸਾਰੀਆਂ ਸਨ। ਉਹ ਰਹਿਨੁਮਾਈ ਵੀ ਕਰਦੀਆਂ ਅਤੇ ਸਲਾਹ ਵੀ ਦਿੰਦੀਆਂ ਸਨ,” ਉਹ ਕਹਿੰਦੀ ਹੈ। ਉਹਨਾਂ ਵਿਦਿਆਰਥੀਆਂ ਦੀ ਮਦਦ ਕਰਨ ਲਈ ਜੋ ਸਕੂਲ ਦੀ ਸਪਲਾਈ ਲਈ ਲੋੜੀਂਦੇ 150 ਰੁਪਏ ਦੇਣ ਦੀ ਹਾਲਤ ਵਿੱਚ ਨਾ ਹੁੰਦੇ ਸਨ ਅਤੇ ਸਕੂਲ ਛੱਡਣ ਦਾ ਮਨ ਬਣਾ ਰਹੇ ਹੁੰਦੇ, “ਸਾਡੀ ਟੀਚਰ ਸਾਡੀ ਕਲਾਸ ਦੇ ਨੋਟਸ ਇੱਕ ਸਥਾਨਕ ਦੁਕਾਨਦਾਰ ਕੋਲ ਛੱਡ ਦਿਆ ਕਰਦੀ ਅਤੇ ਅਸੀਂ ਉੱਥੋਂ ਕਾਪੀਆਂ ਬਣਾ ਸਕਦੇ ਸਾਂ,” ਉਹ ਕਹਿੰਦੀ ਹੈ।

ਜਦੋਂ ਸ਼ਾਜ਼ੀਆ ਆਪਣੀ 10ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੀ ਸੀ, ਤਾਂ ਕੋਵਿਡ-ਕਾਰਨ ਤਾਲਾਬੰਦੀ ਦਾ ਐਲਾਨ ਕੀਤਾ ਗਿਆ ਅਤੇ ਸਕੂਲ ਬੰਦ ਕਰ ਦਿੱਤੇ ਗਏ। ਆਨਲਾਈਨ ਕਲਾਸਾਂ ਲਾਉਣਾ ਕੋਈ ਵਿਕਲਪ ਨਹੀਂ ਸੀ ਕਿਉਂਕਿ ਉਸਦੇ ਪਿੰਡ ਵਿੱਚ ਕੋਈ ਇੰਟਰਨੈਟ ਸੇਵਾ ਉਪਲਬਧ ਨਹੀਂ ਸੀ (ਇਹ ਉਸ ਸਾਲ ਬਾਅਦ ਵਿੱਚ ਆਈ ਸੀ)। “ਮੈਂ ਆਨਲਾਇਨ ਕੋਈ ਕਲਾਸ ਨਹੀਂ ਲਾ ਸਕੀ,” ਉਹ ਕਹਿੰਦੀ ਹੈ। ਇਮਤਿਹਾਨ ਪਾਸ ਕਰਨ ਦੇ ਦ੍ਰਿੜ ਇਰਾਦੇ ਨਾਲ਼, ਉਸਨੇ ਤਿਆਰੀ ਵਿੱਚ ਆਪਣੇ ਗੁਆਂਢੀ ਸ਼ੌਕਤ ਅਹਿਮਦ ਦੀ ਮਦਦ ਮੰਗੀ। ਸ਼ੌਕਤ ਪਿੰਡ ਦੇ ਉਨ੍ਹਾਂ ਤਿੰਨ ਮੁੰਡਿਆਂ ਵਿੱਚੋਂ ਇੱਕ ਸੀ ਜਿਨ੍ਹਾਂ ਨੇ ਸਕੂਲ ਦੀ ਪੜ੍ਹਾਈ ਪੂਰੀ ਕੀਤੀ ਸੀ। ਉਸਨੇ ਖੁੱਲ੍ਹੇ ਦਿਲ ਨਾਲ ਮਦਦ ਕੀਤੀ – ਉਹ ਨੇੜੇ ਦੀ ਉਸਾਰੀ ਵਾਲੀ ਥਾਂ ‘ਤੇ ਦਿਹਾੜੀ ਦਾ ਕੰਮ ਖਤਮ ਕਰਨ ਤੋਂ ਬਾਅਦ ਉਸਨੂੰ ਆਪਣੇ ਘਰ ਪੜ੍ਹਾਉਂਦਾ ਸੀ।

“ਜਦੋਂ 2020 ਵਿੱਚ ਨਤੀਜੇ ਆਏ, ਅਤੇ ਮੈਂ ਪਾਸ ਹੋ ਗਈ, ਤਾਂ ਮੇਰੀ ਖੁਸ਼ੀ ਦੀ ਕੋਈ ਹੱਦ ਨਾ ਰਹੀ। ਜੇ ਮੈਂ ਪਾਸ ਨਾ ਹੁੰਦੀ, ਤਾਂ ਮੈਂ ਦੁਬਾਰਾ ਕੋਸ਼ਿਸ਼ ਕਰਦੀ,” ਉਸਦੇ ਮਾਂ-ਪਿਉ, ਅਧਿਆਪਕਾਂ ਅਤੇ ਗੁਆਂਢੀਆਂ ਨੇ ਉਸਨੂੰ ਕਿਸ ਤਰ੍ਹਾਂ ਵਧਾਈ ਦਿੱਤੀ ਸੀ, ਉਸ ਪਲ ਨੂੰ ਯਾਦ ਕਰਦਿਆਂ, ਮੁਸਕਰਾਉਂਦਿਆਂ, ਉਹ ਕਹਿੰਦੀ ਹੈ – ਪਾਸ ਹੋਣ ਵਾਲੀ ਇਕਲੌਤੀ ਕੁੜੀ।

“ਸਾਨੂੰ ਲੱਗਾ ਕਿ ਉਸਨੇ ਕੁਝ ਕਰ ਦਿਖਾਇਐ। ਅਸੀਂ ਇੱਜ਼ਤ ਮਹਿਸੂਸ ਕਰਦੇ ਹਾਂ,” ਤਾਰਿਕ ਕਹਿੰਦਾ ਹੈ।

ਇੱਕ ਪੁੱਲ ਬੜੀ ਦੂਰ

ਹਾਲਾਂਕਿ, ਪਾਸ ਹੋਣ ਵਾਲੀ ਇਕਲੌਤੀ ਕੁੜੀ ਹੋਣ ਦਾ ਖਮਿਆਜ਼ਾ ਇਹ ਮਿਲਿਆ ਕਿ 11ਵੀਂ ਜਮਾਤ ਵਿੱਚ ਖਿੰਬਰ ਦੇ ਨਜ਼ਦੀਕੀ ਹਾਇਰ ਸੈਕੰਡਰੀ ਸਕੂਲ, ਲਗਭਗ ਪੰਜ ਕਿਲੋਮੀਟਰ ਦੂਰ, ਸ਼ਾਜ਼ੀਆ ਦੇ ਨਾਲ਼ ਜਾਣ ਵਾਲਾ ਕੋਈ ਨਹੀਂ ਸੀ।

“ਉਨ੍ਹਾਂ [ਉਸ ਦੇ ਪਰਿਵਾਰ] ਨੇ ਮੈਨੂੰ ਆਪਣੀ ਪੜ੍ਹਾਈ ਬੰਦ ਕਰਨ ਦਾ ਹੁਕਮ ਦਿੱਤਾ ਕਿਉਂਕਿ ਸਕੂਲ ਬਹੁਤ ਦੂਰ ਸੀ ਅਤੇ ਮੈਨੂੰ ਇਕੱਲੀ ਨੂੰ ਜਾਣਾ ਪੈਂਦਾ ਸੀ”, ਉਹ ਆਖਦੀ ਹੈ। 2019 ਅਤੇ 2020 ਦੇ ਵਿਚਕਾਰ, ਸਿੱਖਿਆ ਮੰਤਰਾਲੇ ਨੇ ਪਾਇਆ ਕਿ ਪੂਰੇ ਭਾਰਤ ਵਿੱਚ 15.1 ਪ੍ਰਤੀਸ਼ਤ ਅਤੇ ਜੰਮੂ ਅਤੇ ਕਸ਼ਮੀਰ ਵਿੱਚ 16.7 ਪ੍ਰਤੀਸ਼ਤ ਲੜਕੀਆਂ ਸੈਕੰਡਰੀ ਸਕੂਲ ਛੱਡ ਜਾਂਦੀਆਂ ਹਨ। ਦਿਗਨੀਬਲ ਵਰਗੇ ਦੂਰ-ਦੁਰਾਡੇ ਖੇਤਰਾਂ ਵਿੱਚ, ਸਿੱਖਿਆ ਤੱਕ ਪਹੁੰਚ ਕਰਨਾ ਅਜੇ ਵੀ ਇੱਕ ਚੁਣੌਤੀ ਬਣਿਆ ਹੋਇਆ ਹੈ।

ਆਪਣੇ ਪਰਿਵਾਰ ਦੇ ਸਭ ਤੋਂ ਛੋਟੇ ਜੀਅ ਨੂੰ ਦੂਰ ਸਕੂਲ ਵਿੱਚ ਭੇਜਣ ਵੇਲੇ ਆਪਣੇ ਪਰਿਵਾਰ ਦੀ ਝਿਜਕ ਬਾਰੇ ਗੱਲ ਕਰਦਿਆਂ, ਤਾਰਿਕ ਦੱਸਦਾ ਹੈ, “ਇਹ ਬਹੁਤ ਦੂਰ ਸੀ ਅਤੇ ਕੋਈ ਆਵਾਜਾਈ ਦਾ ਸਾਧਨ ਨਹੀਂ ਸੀ, ਇਸ ਲਈ ਅਸੀਂ ਡਰ ਗਏ ਸਾਂ। ਜੇਕਰ ਪਬਲਿਕ ਟਰਾਂਸਪੋਰਟ ਹੁੰਦੀ ਤਾਂ ਸਾਨੂੰ ਕੋਈ ਸਮੱਸਿਆ ਨਹੀਂ ਹੁੰਦੀ।” ਸ਼ਾਜ਼ੀਆ ਨੂੰ ਪੜ੍ਹਾਈ ਛੱਡਣ ਵੇਲੇ ਦੀ ਆਪਣੀ ਗੰਭੀਰ ਨਿਰਾਸ਼ਾ ਨੂੰ ਯਾਦ ਕਰਦੀ ਹੈ।

ਉਸਨੂੰ ਲੱਗਦਾ ਸੀ ਕਿ ਸਥਿਤੀ ਅਸਥਾਈ ਹੈ ਅਤੇ ਉਸਦੀਆਂ ਸਹੇਲੀਆਂ ਅਗਲੇ ਸਾਲ 11ਵੀਂ ਜਮਾਤ ਲਈ ਯੋਗ ਹੋਣਗੀਆਂ, ਅਤੇ ਉਹ ਇਕੱਠੀਆਂ ਸਫ਼ਰ ਕਰ ਸਕਦੀਆਂ ਹੋਣਗੀਆਂ। ਉਡੀਕਦਿਆਂ-ਉਡੀਕਦਿਆਂ, ਉਸਨੇ ਆਪਣੇ ਭਰਾ ਤਾਰਿਕ ਤੋਂ ਸੋਜ਼ਨੀ (ਕਢਾਈ) ਦੀ ਕਸ਼ਮੀਰੀ ਸ਼ਿਲਪਕਾਰੀ ਸਿੱਖੀ। ਉਸਨੇ ਦਿਹਾੜੀ ’ਤੇ ਪਸ਼ਮੀਨਾ ਸ਼ਾਲਾਂ ‘ਤੇ ਕਢਾਈ ਕਰਨੀ ਸ਼ੁਰੂ ਕਰ ਦਿੱਤੀ।

ਅਗਲੇ ਸਾਲ, 2021 ਵਿੱਚ, ਜਦੋਂ ਉਹਦੀ ਸਹੇਲੀ ਪਾਸ ਨਾ ਹੋਈ, ਤਾਂ ਸ਼ਾਜ਼ੀਆ ਨੇ ਜ਼ਿੱਦ ਕੀਤੀ ਕਿ ਉਹਨੂੰ ਜਾਣ ਦਿੱਤਾ ਜਾਵੇ। “ਮੇਰੀਆਂ ਸਹੇਲੀਆਂ ਦੀਆਂ ਮੇਰੇ ਵਰਗੀਆਂ ਕੋਈ ਖਾਹਿਸ਼ਾਂ ਨਹੀਂ ਹਨ। ਉਹ ਜਾਣਦੀਆਂ ਹਨ ਕਿ ਉਨ੍ਹਾਂ ਨੇ ਘਰ ਹੀ ਰਹਿਣਾ ਹੈ ਅਤੇ ਹੋਰ ਕੋਈ ਚਾਰਾ ਨਹੀਂ ਹੈ। ਪਰ ਮੈਂ ਰੋਈ ਅਤੇ ਆਪਣੇ ਪਰਿਵਾਰ ਨੂੰ ਮੈਨੂੰ ਸਕੂਲ ਵਿਚ ਦਾਖਲ ਕਰਵਾਉਣ ਲਈ ਆਖਿਆ। ਮੇਰੀ ਪੜ੍ਹਾਈ ਕਰਨ ਦੀ ਬੜੀ ਡੂੰਘੀ ਖਾਹਿਸ਼ ਸੀ,” ਸ਼ਾਜ਼ੀਆ ਕਹਿੰਦੀ ਹੈ।

ਮਨਜ਼ੂਰ ਅਹਿਮਦ ਮੀਰ, ਜਿਨ੍ਹਾਂ ਦੀ ਧੀ ਨੇ ਵੀ 8ਵੀਂ ਤੋਂ ਬਾਅਦ ਸਕੂਲ ਛੱਡ ਦਿੱਤਾ ਸੀ, ਕਹਿੰਦੇ ਹਨ ਕਿ ਸ਼ਾਜ਼ੀਆ ਦੀ ਸਥਿਤੀ ਅਸਾਧਾਰਨ ਨਹੀਂ ਹੈ। “ਮੈਂ ਆਪਣੀ ਧੀ ਨੂੰ ਖਿੰਬਰ ਜਾਂ ਬਕੂਰਾ ਪਿੰਡ ਦੇ ਸਕੂਲ ਵਿੱਚ ਛੱਡਣ ਤੋਂ ਬਾਅਦ ਕੰਮ ’ਤੇ ਜਾ ਪਾਉਂਦਾ। ਪਰ ਜਦੋਂ ਸਕੂਲੋਂ ਛੁੱਟੀ ਹੁੰਦੀ ਤਾਂ ਉਸ ਦੌਰਾਨ ਵੀ ਮੈਂ ਕੰਮ ‘ਤੇ ਹੁੰਦਾ ਸੋ ਉਸਨੂੰ ਲਿਆਉਣ ਜਾਣ ਵਿੱਚ ਅਸਮਰੱਥ ਹੁੰਦਾ। ਇਸੇ ਕਰਕੇ ਆਖਰਕਾਰ ਉਹ ਘਰ ਹੀ ਰਹਿ ਗਈ,” ਉਹ ਕਹਿੰਦਾ ਹੈ।

ਮਾਰਚ 2021 ਵਿੱਚ, ਸ਼ਾਜ਼ੀਆ ਨੂੰ ਆਖਰਕਾਰ ਖਿੰਬਰ ਦੇ ਬੁਆਏਜ਼ ਹਾਇਰ ਸੈਕੰਡਰੀ ਸਕੂਲ ਵਿੱਚ 11ਵੀਂ ਜਮਾਤ ਵਿੱਚ ਦਾਖਲ ਕਰਵਾਇਆ ਗਿਆ। ਜਾਂ ਤਾਂ ਉਸਦੇ ਭਰਾ ਜਾਂ ਪਿਤਾ ਉਸਦੇ ਨਾਲ ਚਾਰ ਕਿਲੋਮੀਟਰ ਪੈਦਲ ਤੁਰ ਕੇ ਬਕੂਰਾ ਜਾਂਦੇ, ਜਿੱਥੇ ਉਹ ਉਸੇ ਸਕੂਲ ਵਿੱਚ ਜਾਣ ਵਾਲੀਆਂ ਹੋਰ ਕੁੜੀਆਂ ਨਾਲ ਰਲ਼ ਜਾਂਦੀ। ਉਹ ਉਥੋਂ ਬੱਸ ਫੜਦੀਆਂ ਜਾਂ ਬਾਕੀ ਤਿੰਨ ਕਿਲੋਮੀਟਰ ਪੈਦਲ ਤੁਰ ਕੇ ਸਕੂਲ ਜਾਂਦੀਆਂ। “ਸਾਨੂੰ ਆਪਣਾ ਕੰਮ ਛੱਡ ਕੇ ਉਹਦੇ ਨਾਲ ਜਾਣਾ ਪੈਂਦਾ ਸੀ”, ਤਾਰਿਕ ਕਹਿੰਦਾ ਹੈ।

ਸ਼ਾਜ਼ੀਆ ਨੇ ਸਰੀਰਕ ਸਿੱਖਿਆ, ਅੰਗਰੇਜ਼ੀ, ਰਾਜਨੀਤੀ ਸ਼ਾਸਤਰ ਅਤੇ ਉਰਦੂ ਵਿਸ਼ੇ ਚੁਣੇ। “ਮੈਂ ਸਰੀਰਕ ਸਿੱਖਿਆ ਲਈ ਕਿਉਂਕਿ ਮੈਨੂੰ ਸਪੋਰਟਸ ਪਸੰਦ ਹਨ,” ਉਹ ਕਹਿੰਦੀ ਹੈ। ਇਹ ਉਸ ਦਾ ਸਪੋਰਟਸ ਖੇਡਣ ਦਾ ਪਹਿਲਾ ਮੌਕਾ ਸੀ। ਉਹ ਅੱਗੇ ਕਹਿੰਦੀ ਹੈ, “ਸਿਰਫ਼ ਇਕ ਚੀਜ਼ ਸੀ ਜੋ ਮੈਨੂੰ ਪਰੇਸ਼ਾਨ ਕਰਦੀ, ਉਹ ਸੀ ਕਿ [ਮੇਰੇ ਪਿੰਡੋਂ] ਮੈਂ ਇਕੱਲੀ ਸਾਂ।”

ਸ਼ਾਜ਼ੀਆ ਆਪਣੇ ਭਰਾ ਤਾਰਿਕ (ਸੱਜੇ) ਨਾਲ ਸੋਜ਼ਨੀ ਦਾ ਕੰਮ ਕਰਦੀ ਹੋਈ। ਉਨ੍ਹਾਂ ਦੀ ਮਾਂ ਤਾਜਾ (ਖੱਬੇ) ਦੀ ਸਿਹਤ ਠੀਕ ਨਹੀਂ ਰਹਿੰਦੀ ਇਸ ਲਈ ਘਰ ਚਲਾਉਣ ਦੀ ਜ਼ਿੰਮੇਵਾਰੀ ਸ਼ਾਜ਼ੀਆ ਅਤੇ ਉਸ ਦੇ ਭਰਾ ਤਾਰਿਕ ਦੀ ਪਤਨੀ ਹਾਜਰਾ ‘ਤੇ ਛੱਡ ਦਿੱਤੀ ਗਈ ਹੈ ਫੋਟੋ: ਸਬਜ਼ਾਰਾ ਅਲੀ

ਸਕੂਲ ਵਿੱਚ ਦਾਖਲ ਹੋਣ ਤੋਂ ਦੋ ਮਹੀਨਿਆਂ ਬਾਅਦ, ਸਕੂਲ ਨੇ ਮਈ 2021 ਵਿੱਚ ਸ਼ਾਜ਼ੀਆ ਦਾ ਦਾਖਲਾ ਵਾਪਸ ਲੈ ਲਿਆ। ਜਦੋਂ ਤਾਰਿਕ ਅਤੇ ਅਬਦੁਲ ਨੇ ਪੁੱਛਗਿੱਛ ਕੀਤੀ, ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਸ਼ਾਜ਼ੀਆ ਨੇ ਇੱਕ ਸਾਲ ਛੱਡ ਦਿੱਤਾ ਸੀ ਇਸ ਕਰਕੇ ਉਹ ਕਲਾਸ ਲਈ ਯੋਗ ਨਹੀਂ ਸੀ। ਅਬਦੁਲ ਕਹਿੰਦਾ ਹੈ, “ਆਦੇਸ਼ ਆਏ ਸਨ ਕਿ ਜਿਹੜੇ ਵਿਦਿਆਰਥੀ ਇੱਕ ਸਾਲ ਛੱਡ ਗਏ ਸਨ, ਉਨ੍ਹਾਂ ਨੂੰ ਰੈਗੂਲਰ ਸਕੂਲ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ,” ਅਜਿਹਾ ਕਿਉਂ ਹੋਇਆ ਅਤੇ ਅੱਗੇ ਕੀ ਕਰਨਾ ਹੈ, ਇਸ ਬੇਯਕੀਨੀ ਵਿੱਚ ਘਿਰਿਆ ਅਬਦੁਲ ਕਹਿੰਦਾ ਹੈ।

ਤਾਰਿਕ ਕਹਿੰਦਾ ਹੈ ਕਿ ਬੰਦੇ ਹਰੂਦ [ਪਤਝੜ] ਦੇ ਮੌਸਮ ਵਿੱਚ ਕੰਮ ਕਰ ਰਹੇ ਸਨ ਜਦੋਂ ਉਨ੍ਹਾਂ ਨੂੰ ਸਕੂਲ ਦੇ ਅਧਿਕਾਰੀਆਂ ਦੁਆਰਾ ਬੁਲਾਇਆ ਗਿਆ ਤਾਂ ਸ਼ਾਜ਼ੀਆ ਦੇ ਪਿਤਾ ਉਸਦੇ ਨਾਲ ਗਏ ਅਤੇ ਉਹ ਫੀਸ ਵਾਪਸ [1500 ਰੁਪਏ] ਲੈ ਆਏ। ਸ਼ਾਜ਼ੀਆ ਕਹਿੰਦੀ ਹੈ, “ਇਹ ਹੋਣ ਤੋਂ ਬਾਅਦ ਮੈਂ ਕਈ ਮਹੀਨਿਆਂ ਤੱਕ ਦੁਖੀ ਰਹੀ।” ਉਸ ਨੂੰ ਹਾਲ ਹੀ ਵਿੱਚ ਡਿਸਚਾਰਜ ਸਰਟੀਫਿਕੇਟ ਵੀ ਦਿੱਤਾ ਗਿਆ ਸੀ।

ਸਕੂਲ ਨੇ ਸਿਫ਼ਾਰਿਸ਼ ਕੀਤੀ ਕਿ ਸ਼ਾਜ਼ੀਆ ਘਰ ਰਹਿ ਕੇ ਪੜ੍ਹੇ ਅਤੇ ਇੱਕ ਪ੍ਰਾਈਵੇਟ ਪ੍ਰੀਖਿਆਰਥੀ ਵਜੋਂ ਇਮਤਿਹਾਨ ਦੇਵੇ। ਇਸ ਲਈ ਸ਼੍ਰੀਨਗਰ ਸਥਿਤ ਜੰਮੂ ਅਤੇ ਕਸ਼ਮੀਰ ਬੋਰਡ ਆਫ ਸਕੂਲ ਐਜੂਕੇਸ਼ਨ ਦੇ ਦਫਤਰ ਵਿੱਚ ਇੱਕ ਅਰਜ਼ੀ ਦਾਇਰ ਕਰਨ ਦੀ ਲੋੜ ਸੀ। ਜਦੋਂ ਇਸ ਰਿਪੋਰਟਰ ਨੇ ਜੂਨ 2022 ਵਿੱਚ ਜਾਂਚ ਕੀਤੀ ਤਾਂ ਪਰਿਵਾਰ ਇਸ ਦਫ਼ਤਰ ਵਿੱਚ ਨਹੀਂ ਗਿਆ ਸੀ ਅਤੇ ਨਾ ਹੀ ਕਿਸੇ ਹੋਰ ਸਕੂਲ ਵਿੱਚ ਦਾਖਲਾ ਲੈਣ ਦੀ ਕੋਸ਼ਿਸ਼ ਕੀਤੀ ਸੀ।

ਇਸ ਦੌਰਾਨ, ਸ਼ਾਜ਼ੀਆ ਸੂਈਆਂ ਦਾ ਕੰਮ ਸਿੱਖਣ ਅਤੇ ਬਣਾਉਣ ਵਿੱਚ ਰੁੱਝੀ ਹੋਈ ਹੈ, ਜਿਸ ਨਾਲ ਲਗਭਗ 1500 ਰੁਪਏ ਪ੍ਰਤੀ ਮਹੀਨਾ ਦੀ ਆਮਦਨ ਹੁੰਦੀ ਹੈ। “ਜੇ ਅਧਿਆਪਕਾਂ ਨੇ ਉਸ ਨੂੰ ਰੈਗੂਲਰ ਦਾਖਲਾ ਦਿੱਤਾ ਹੁੰਦਾ ਤਾਂ ਉਹ ਖਿੰਬਰ ਵਿੱਚ ਆਪਣੀ ਪੜ੍ਹਾਈ ਜਾਰੀ ਰੱਖਦੀ। ਅਸੀਂ ਚਾਹੁੰਦੇ ਹਾਂ ਕਿ ਉਹ 12ਵੀਂ ਜਮਾਤ ਤੱਕ ਪੜ੍ਹੇ। ਅਸੀਂ ਨਹੀਂ ਚਾਹੁੰਦੇ ਕਿ ਉਹ ਕੰਮ ਕਰੇ,” ਤਾਰਿਕ ਕਹਿੰਦਾ ਹੈ।

ਇਨ੍ਹਾਂ ਝਟਕਿਆਂ ਦੇ ਬਾਵਜੂਦ, ਸ਼ਾਜ਼ੀਆ ਨੇ ਆਪਣੇ ਸੁਪਨੇ ਨਹੀਂ ਛੱਡੇ। ਉਹ ਆਰਟ ਸਕੂਲ ਜਾਣਾ ਚਾਹੁੰਦੀ ਹੈ, ਇੱਕ ਅਧਿਆਪਕ ਬਣਨਾ ਚਾਹੁੰਦੀ ਹੈ ਅਤੇ ਪਿੰਡ ਦੀਆਂ ਹੋਰ ਕੁੜੀਆਂ ਦੀ ਪੜ੍ਹਾਈ ਪੂਰੀ ਕਰਨ ਵਿੱਚ ਮਦਦ ਕਰਨਾ ਚਾਹੁੰਦੀ ਹੈ। “ਮੇਰੇ ਰਾਹ ’ਚ ਬਹੁਤ ਸਮੱਸਿਆਵਾਂ ਹਨ, ਪਰ ਮੇਰੇ ਬਹੁਤ ਸਾਰੇ ਸੁਪਨੇ ਵੀ ਹਨ,” ਉਹ ਦੱਸਦੀ ਹੈ, ਇਹ ਜਾਣਦੀ ਹੈ ਕਿ ਉਹਨਾਂ ਨੂੰ ਸਾਕਾਰ ਕਰਨ ਲਈ ਉਸਨੂੰ 12ਵੀਂ ਜਮਾਤ ਜ਼ਰੂਰ ਪੂਰੀ ਕਰਨੀ ਚਾਹੀਦੀ ਹੈ।

‘ਪਾਰੀ ਦੇ ਹੋਮਪੇਜ ‘ਤੇ ਵਾਪਸ ਮੁੜਨ ਲਈ ਇੱਥੇ ਕਲਿਕ ਕਰੋ।’

Editor's note

ਸਬਜ਼ਾਰਾ ਅਲੀ ਸ਼੍ਰੀਨਗਰ ਦੇ ਸੌਰਾ ਵਿੱਚ ਸਰਕਾਰੀ ਗਰਲਜ਼ ਹਾਇਰ ਸੈਕੰਡਰੀ ਸਕੂਲ ਵਿੱਚ 12ਵੀਂ ਜਮਾਤ ਦੀ ਵਿਦਿਆਰਥਣ ਹੈ। ਉਸਨੇ PARI ਐਜੂਕੇਸ਼ਨ ਦੇ ਨਾਲ ਆਪਣੀ ਇੰਟਰਨਸ਼ਿਪ ਦੌਰਾਨ, ਸੱਤ ਮਹੀਨਿਆਂ ਵਿੱਚ ਇਸ ਕਹਾਣੀ ਨੂੰ ਕਵਰ ਕੀਤਾ।

ਉਹ ਕਹਿੰਦੀ ਹੈ: ਸੰਗਾਊ ਹੋਣ ਕਰਕੇ, ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਂ ਲੋਕਾਂ ਨਾਲ ਜੁੜ ਸਕਦੀ ਹਾਂ। ਪਿਛਲੇ ਕੁਝ ਮਹੀਨਿਆਂ ਨੇ ਮੈਨੂੰ ਇੱਕ ਬਿਹਤਰ ਸਰੋਤਾ ਬਣਾਇਆ ਅਤੇ ਮੈਨੂੰ ਕਈ ਧਾਰਨਾਵਾਂ 'ਤੇ ਮੁੜ ਵਿਚਾਰ ਕਰਨ ਲਈ ਮਜਬੂਰ ਕੀਤਾ। ਉਦਾਹਰਨ ਲਈ, ਮੈਨੂੰ ਲੱਗਦਾ ਸੀ ਕਿ ਕੁੜੀਆਂ ਦਾ ਪੜ੍ਹਾਈ ਜਾਰੀ ਨਾ ਰੱਖਣ ਦਾ ਮੁੱਖ ਕਾਰਨ ਸਮਾਜਿਕ ਗ਼ੁਲਾਮੀ ਹੈ ਇਸ ਕਹਾਣੀ ਨੂੰ ਰਿਪੋਰਟ ਕਰਦਿਆਂ, ਅਤੇ ਬਰੀਕ ਵੇਰਵੇ ਪੁੱਛਣ ਨਾਲ਼, ਮੇਰਾ ਨਜ਼ਰੀਆ ਬਦਲ ਗਿਆ। ਇਸ ਨੇ ਮੈਨੂੰ ਆਪਣੇ ਆਲੇ-ਦੁਆਲੇ ਦੀਆਂ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਦੇਖਣ ਲਈ ਪ੍ਰੇਰਿਤ ਕੀਤਾ, ਜਿਵੇਂ ਕਿ ਮੇਰੇ ਇਲਾਕੇ ਦੇ ਜ਼ਿਆਦਾਤਰ ਸਰਕਾਰੀ ਸਕੂਲਾਂ ਦਾ ਨਾਂ 'ਬੁਆਏਜ਼ ਸਕੂਲ' ਹੈ।"

ਅਨੁਵਾਦਕ :ਅਰਸ਼

ਅਰਸ਼, ਇੱਕ ਫ਼੍ਰੀ-ਲਾਂਸਰ ਅਨੁਵਾਦਕ ਤੇ ਡਿਜ਼ਾਈਨਰ ਹਨ ਜੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪੀ-ਐੱਚ.ਡੀ ਕਰ ਰਹੇ ਹਨ।