
ਜੰਗਲੀ ਘਾਹ ਦਾ ਬਣਿਆ ਝਾਰੂ, ਦੋ ਅੱਡ ਕਿਸਮਾਂ ਦੀ ਮਿੱਟੀ ਨਾਲ਼ ਬਣੇ ਭਾਂਡੇ, ਦੇਸੀ ਬਤਖ਼ਾਂ, ਘਰ ਵਿੱਚ ਬੀਜ਼ੀਆਂ ਵੰਨ-ਸੁਵੰਨੀਆਂ ਸਬਜ਼ੀਆਂ, ਸਥਾਨਕ ਮਸਾਲੇ, ਨਿੰਮ ਦਾ ਤੇਲ ਤੇ ਹੋਰ ਕਈ ਤੇਲ, ਮਹੂਏ ਤੋਂ ਬਣੀ ਸ਼ਰਾਬ, ਖਾਣ ਵਾਲ਼ੀਆਂ ਕੀੜੀਆਂ ਤੇ ਹੋਰ ਜੰਗਲੀ ਉਤਪਾਦਾਂ ਦੇ ਨਾਲ਼ ਨਾਲ਼, ਦਰਜ਼ੀਆਂ, ਨਾਈਆਂ ਤੇ ਖਾਣ ਪੀਣ ਦੀਆਂ ਦੁਕਾਨਾਂ ਵੀ ਲੱਗਦੀਆਂ ਹਨ।
ਇਹ ਸੀ ਹਰ ਮੰਗਲਵਾਰ ਲੱਗਣ ਵਾਲ਼ੇ ਜੁਰੂਡੀ ਹਾਟ ਦੀ ਇੱਕ ਝਲਕ। ਪਿੰਡ ਦੇ ਬਜ਼ੁਰਗ ਸਾਨੂੰ ਦੱਸਦੇ ਹਨ ਕਿ ਇਹ ਹਾਟ ਘੱਟੋ-ਘੱਟ 1940 ਤੋਂ ਲੱਗਦਾ ਆ ਰਿਹਾ ਹੈ।
”ਜਦੋਂ ਮੈਂ ਛੋਟੀ ਹੁੰਦੀ ਸਾਂ ਤੇ ਮੇਰੇ ਮਾਪਿਆਂ ਨੇ ਜਦੋਂ ਹਾਟ ਆਉਣਾ ਹੁੰਦਾ ਤਾਂ ਮੈਨੂੰ ਨਾਲ਼ ਲੈ ਆਉਂਦੇ। ਮੈਨੂੰ ਚੇਤੇ ਹੈ ਜਦੋਂ ਮੇਰਾ ਵਿਆਹ ਤੈਅ ਹੋਇਆ ਸੀ, ਉਦੋਂ ਮੇਰੇ ਪਿਤਾ ਨੇ ਇੱਥੋਂ ਹੀ ਭਾਂਡੇ, ਕੱਪੜੇ ਤੇ ਹੋਰ ਸਮਾਨ ਖ਼ਰੀਦਿਆ ਸੀ। ਹੁਣ ਮੈਂ ਆਪਣੀ ਧੀ ਦੇ ਵਿਆਹ ਲਈ ਇੱਥੋਂ ਹੀ ਖ਼ਰੀਦਦਾਰੀ ਕੀਤੀ,” 75 ਸਾਲਾ ਲਲਿਤਾ ਨਾਇਕਾ ਕਹਿੰਦੀ ਹਨ ਜੋ ਜਲਹਰੀ ਪਿੰਡ ਦੀ ਰਹਿਣ ਵਾਲ਼ੀ ਹਨ ਤੇ ਇੱਥੇ ਜ਼ਰੂਰੀ ਸਮਾਨ ਖਰੀਦਣ ਆਈ ਹਨ।
ਕੇਂਦੂਝਾਰ (ਜਿਹਨੂੰ ਕਿਓਂਝਰ ਵੀ ਕਿਹਾ ਜਾਂਦਾ ਹੈ) ਦੇ ਜੋੜਾ ਬਲਾਕ ਵਿਖੇ ਲੱਗਣ ਵਾਲ਼ੇ ਇਸ ਹਾਟ ਵਿੱਚ ਸਵੇਰ ਤੋਂ ਸ਼ਾਮ ਤੀਕਰ, ਉਨ੍ਹਾਂ ਜਿਹੇ ਹਜ਼ਾਰਾਂ ਲੋਕਾਂ ਦੇ ਆਉਣ ਦੀ ਉਮੀਦ ਕੀਤੀ ਜਾਂਦੀ ਹੈ। ਲਲਿਤਾ ਹੱਸਦਿਆਂ ਕਹਿੰਦੀ ਹਨ,”ਇੱਥੇ ਹਰ ਸ਼ੈਅ ਮਿਲ਼ਦੀ ਹੈ। ਮਾਪਿਆਂ ਨੂੰ ਛੱਡ ਹੋਰ ਜੋ ਕੁਝ ਮਰਜ਼ੀ ਖਰੀਦ ਲਵੋ।”
ਅਸੀਂ ਮਿਡਲ ਸਕੂਲ ਵਿੱਚ ਪੜ੍ਹਨ ਵਾਲ਼ੇ ਵਿਦਿਆਰਥੀ ਹਾਂ। ਅਸੀਂ ਜੁਰੂਡੀ ਹਾਟ ਦੇਖਣ ਆਏ ਹਾਂ, ਜੋ ਸਾਡੇ ਇਲਾਕੇ ਦਾ ਸਭ ਤੋਂ ਵੱਡਾ ਹਾਟ ਹੈ। ਅਸੀਂ ਇੱਥੇ ਸਵੇਰੇ 5 ਵਜੇ ਹੀ ਪਹੁੰਚ ਗਏ ਸਾਂ। ਇੱਥੋਂ ਸਾਡਾ ਘਰ ਦੋ ਕਿਲੋਮੀਟਰ ਦੂਰ ਸਥਿਤ ਜਜੰਗਾ ਵਿਖੇ ਹੈ। ਹਾਟ ਅਪੜਨ ਤੋਂ ਬਾਅਦ ਅਸੀਂ ਦੁਕਾਨਦਾਰਾਂ ਨੂੰ ਆਪੋ-ਆਪਣੀਆਂ ਦੁਕਾਨਾਂ ਲਾਉਂਦੇ ਦੇਖਿਆ। ਹਾਟ ਤੱਕ ਆਉਣ ਵਾਲ਼ੀ ਸੜਕ ਦਾ ਅਖ਼ੀਰਲਾ ਪੰਜ ਕਿਲੋਮੀਟਰ ਦਾ ਰਾਹ ਕੱਚਾ ਹੈ। ਜਦੋਂ ਅਸੀਂ ਇੱਥੇ ਆ ਰਹੇ ਸਾਂ, ਤਾਂ ਸਾਡੀ ਅਧਿਆਪਕਾ ਸੁਦੀਪਾ ਸੈਨਾਪਤੀ ਨੇ ਤੁਰਦੇ-ਤੁਰਦੇ ਮਜ਼ਾਕ ਕਰਦਿਆਂ ਕਿਹਾ,”ਰਸਤੇ ਵਿੱਚ ਇੰਨੇ ਟੋਏ ਨੇ ਕਿ ਮਾਨਸੂਨ ਰੁੱਤੇ ਜੇ ਕੋਈ ਆਪਣੀ ਬਾਈਕ ਤੋਂ ਡਿੱਗ ਜਾਵੇ ਤਾਂ ਉਹ ਦੋਬਾਰਾ ਉੱਠ ਨਹੀਂ ਸਕੇਗਾ!”


ਕਰੀਬ 40 ਕਿਲੋਮੀਟਰ ਦੀ ਦੂਰ ਤੈਅ ਕਰਕੇ, ਨੇੜੇ-ਤੇੜੇ ਦੇ ਬੰਸਪਾਲ, ਝੁਮਪੁਰ ਤੇ ਚੰਪੁਆ ਬਲਾਕ ਤੋਂ, ਦੁਕਾਨਦਾਰ ਤੇ ਖ਼ਰੀਦਦਾਰ ਪੈਦਲ, ਸਾਈਕਲ ਰਾਹੀਂ, ਮੋਟਰਸਾਈਕਲ ਰਾਹੀਂ, ਟੈਂਪੂ ਤੇ ਬਹਿ ਤੇ ਬੱਸ ਦੀ ਸਵਾਰੀ ਕਰਕੇ ਹਾਟ ਆਉਂਦੇ ਹਨ।
ਇਹ ਜ਼ਿਲ੍ਹਾ ਮੁੱਖ ਤੌਰ ‘ਤੇ ਓੜੀਸਾ ਦੇ ਪੇਂਡੂ ਇਲਾਕਿਆਂ ਵਿੱਚ ਆਉਂਦਾ ਹੈ, ਜਿਹਦੀ ਅਬਾਦੀ 18,01,733 ਹੈ। ਇਸ ਅੰਦਰ 86 ਫ਼ੀਸਦ ਅਬਾਦੀ ਪੇਂਡੂ ਇਲਾਕਿਆਂ (2011 ਦੀ ਮਰਦਮਸ਼ੁਮਾਰੀ ਮੁਤਾਬਕ) ਵਿੱਚ ਰਹਿੰਦੀ ਹੈ। ਜ਼ਿਆਦਾਤਰ ਦੁਕਾਨਦਾਰ ਆਦਿਵਾਸੀ, ਬੇਜ਼ਮੀਨੇ, ਦਰਮਿਆਨੇ ਕਿਸਾਨ, ਦਲਿਤ ਤੇ ਬਜ਼ੁਰਗ ਹਨ, ਜੋ ਗੁਜ਼ਾਰੇ ਵਾਸਤੇ ਇਸ ਹਫ਼ਤਾਵਰੀ ਆਮਦਨੀ ‘ਤੇ ਪੂਰੀ ਤਰ੍ਹਾਂ ਨਿਰਭਰ ਰਹਿੰਦੇ ਹਨ।
ਜਿਵੇਂ ਕਿ ਚਿਮਿਲਾ ਦੇ ਰਹਿਣ ਵਾਲ਼ੇ ਕਿਸਾਨ ਅਤੇ ਦਰਜ਼ੀ ਕ੍ਰਿਸ਼ਨਾ ਮੁੰਡਾ, ਜੋ ਆਪਣੀ ਸਿਲਾਈ ਮਸ਼ੀਨ ਸੈੱਟ ਕਰ ਰਹੇ ਹਨ। ਉਹ ਇਸ ਮਸ਼ੀਨ ਦੇ ਅੱਡ-ਅੱਡ ਪੁਰਜ਼ਿਆਂ ਨੂੰ ਮੋਢੇ ‘ਤੇ ਲਮਕਾਈ ਆਏ ਹੋਏ ਹਨ। ਉਹ 60 ਸਾਲ ਦੇ ਹਨ ਤੇ ਉਨ੍ਹਾਂ ਨੂੰ ਬੱਸ ਇੰਨਾ ਕੁ ਹੀ ਚੇਤਾ ਹੈ ਕਿ ਉਹ ਪਿਛਲੇ ਦਸ ਸਾਲਾਂ ਤੋਂ ਹਰ ਮੰਗਲਵਾਰ ਇਸ ਹਾਟ ਆਉਂਦੇ ਹਨ। ਉਹ ਕਹਿੰਦੇ ਹਨ,”ਮੈਂ ਇੱਥੇ ਕੱਪੜੇ ਸਿਓਂ ਕੇ ਤੇ ਉਨ੍ਹਾਂ ਦੀ ਮੁਰੰਮਤ ਕਰਕੇ, ਕਰੀਬ 200 ਤੋਂ 250 ਰੁਪਏ ਕਮਾ ਲੈਂਦਾ ਹਾਂ। ਸਿਲਾਈ ਦੇ ਕੰਮ ਲਈ ਮੇਰੇ ਕੋਲ਼ ਕੋਈ ਪੱਕਾ ਟਿਕਾਣਾ ਨਹੀਂ ਹੈ।”
ਮੁੰਡਾ, ਕੋਲਹਾ ਆਦਿਵਾਸੀ ਭਾਈਚਾਰੇ ਤੋਂ ਹਨ ਤੇ ਉਨ੍ਹਾਂ ਕੋਲ਼ ਇੱਕ ਵਿਘਾ ਜ਼ਮੀਨ (ਅੱਧਾ ਏਕੜ ਤੋਂ ਘੱਟ) ਹੈ। ਇਸ ਜ਼ਮੀਨ ‘ਤੇ ਉਹ ਝੋਨਾ (ਚੌਲ਼), ਕਾਲ਼ੇ ਛੋਲੇ ਤੇ ਛੋਲੀਆ ਬੀਜਣ ਦੇ ਨਾਲ਼-ਨਾਲ਼ ਸਬਜ਼ੀਆਂ ਬੀਜਦੇ ਹਨ। ਉਹ ਕਹਿੰਦੇ ਹਨ,”ਮੈਂ ਆਪਣੇ ਖਾਣ ਲਈ ਚੌਲ਼ ਪੈਦਾ ਕਰਦਾ ਹਾਂ ਤੇ ਕੁਝ ਬੱਚ ਜਾਵੇ ਤਾਂ ਵੇਚ ਦਿੰਦਾ ਹਾਂ।”’
ਬੰਸਪਾਲ ਬਲਾਕ ਦੇ ਫੁਲਝੜ ਪਿੰਡ ਦੀ ਰਹਿਣ ਵਾਲ਼ੀ, ਕਿਨਾਰੀ ਦੇਹੁਰੀ ਵੀ ਇਸ ਹਾਟ ਵਿੱਚ ਕੀੜੀਆਂ ਵੇਚਣ ਆਉਂਦੀ ਹਨ। ਕਿਨਾਰੀ 56 ਸਾਲ ਦੀ ਹਨ ਤੇ ਆਪਣੇ ਪਿੰਡੋਂ ਇੱਥੇ ਹਾਟ ਵਿੱਚ ਆਉਣ ਲਈ ਉਨ੍ਹਾਂ ਨੂੰ ਬੱਸ ਦਾ 200 ਰੁਪਏ ਕਿਰਾਇਆ ਦੇਣਾ ਪੈਂਦਾ ਹੈ। ਉਹ ਇੱਥੇ ਕੁਝ ਸੌ ਗ੍ਰਾਮ ਕੁਰਕੁਟੀ (ਬੁਣਕਰ ਕੀੜੀ), ਕੁਲਹਾਰੀ ਫੁੱਲ (ਸਬਜ਼ੀ ਵਜੋਂ ਰਿਨ੍ਹਿਆ ਜਾਣ ਵਾਲ਼ਾ ਸਥਾਨਕ ਫੁੱਲ), ਅਰੁਮ (ਤਾਰੋ) ਦੇ ਪੱਤੇ ਤੇ ਕਾਫ਼ੀ ਸੇਨਾ (ਸੇਨਾ ਆਕਸੀਡੇਂਟਲਸ) ਵੇਚਦੀ ਹਨ। ਉਹ ਕਹਿੰਦੀ ਹਨ,”ਮੈਂ ਕੁਲਹਾਰੀ ਦੇ ਫੁੱਲ ਅਤੇ ਕੁਰਕੁਟੀ ਦਾ ਇੱਕ ਗੁੱਚਾ 20 ਰੁਪਈਆਂ ਵਿੱਚ ਵੇਚਦੀ ਹਾਂ।”
ਦੇਹੁਰੀ ਇੱਕ ਦਲਿਤ ਕਿਸਾਨ ਹਨ ਤੇ ਉਨ੍ਹਾਂ ਦੇ ਪਰਿਵਾਰ ਦੇ ਕੋਲ਼ 16 ਡਿਸਮਿਲ (ਇੱਕ ਏਕੜ ਦਾ ਛੇਵਾਂ ਹਿੱਸਾ) ਜ਼ਮੀਨ ਹੈ, ਜਿਸ ‘ਤੇ ਉਹ ਝੌਨਾ (ਚੌਲ਼) ਅਤੇ ਸਬਜ਼ੀਆਂ ਬੀਜਦੇ ਹਨ। ਉਹ ਕਹਿੰਦੀ ਹਨ,”ਅਸੀਂ ਪਿਛਲੇ ਸੀਜ਼ਨ ਦੇ ਸਾਰੇ ਚੌਲ਼ ਵੇਚ ਦਿੱਤੇ, ਕਿਉਂਕਿ ਉਨ੍ਹਾਂ ਦੀ ਕਵਾਲਿਟੀ ਬਹੁਤੀ ਚੰਗੀ ਨਹੀਂ ਸੀ ਤੇ ਅਸੀਂ ਉਨ੍ਹਾਂ ਨੂੰ ਖਾ ਨਾ ਸਕੇ। ਅਸੀਂ ਉਨ੍ਹਾਂ ਪੈਸਿਆਂ ਨਾਲ਼ ਆਪਣੇ ਵਾਸਤੇ ਬਾਹਰੋਂ ਹੋਰ ਚੌਲ਼ ਖਰੀਦੇ।”


ਖੱਬੇ:ਕ੍ਰਿਸ਼ਨਾ ਮੁੰਡਾ, ਚੰਪੁਆ ਬਲਾਕ ਵਿਖੇ ਸਥਿਤ ਚਿਮਿਲਾ ਪਿੰਡ ਦੇ ਕਿਸਾਨ ਅਤੇ ਦਰਜ਼ੀ ਹਨ। ਉਹ ਇੱਥੇ ਕੱਪੜੇ ਦੀ ਸਿਲਾਈ ਤੇ ਮੁਰੰਮਤ ਕਰਕੇ ਤਕਰੀਬਨ 200-250 ਰੁਪਏ ਕਮਾ ਲੈਂਦੇ ਹਨ। ਉਹ ਆਪਣੇ ਖੇਤ ਵਿੱਚ ਚੌਲ਼, ਕਾਲ਼ੇ ਛੋਲੇ, ਛੋਲੀਆ ਤੇ ਸਬਜ਼ੀਆਂ ਬੀਜ਼ਦੇ ਹਨ। ਸੱਜੇ: ਪੋਂਗਾਮੇ, ਕੁਸੁਮ, ਨਿੰਮ ਤੇ ਮਲਿਕਾ ਦੇ ਬੀਜ਼ ਤੋਂ ਬਣੇ ਤੇਲ ਵੇਚਦੀ ਹੋਈ ਮਿਨਤੀ ਮੁੰਡਾ। ਉਹ ਰੁੱਖ ਦੀਆਂ ਜੜ੍ਹਾਂ ਅਤੇ ਚੌਲ਼ ਤੋਂ ਬਣੀ ਇੱਕ ਸਥਾਨਕ ਸ਼ਰਾਬ ‘ਹੰਡਿਆ’ ਵੀ ਬਣਾਉਂਦੀ ਹਨ, ਜਿਹਦੀ ਕੀਮਤ 50 ਰੁਪਏ ਪ੍ਰਤੀ 250 ਗ੍ਰਾਮ ਹੈ
ਕੁਝ ਦੁਕਾਨਾਂ ਦੂਰ ਮਿਨਤੀ ਮੁੰਡਾ ਦੀ ਦੁਕਾਨ ਹੈ। ਉਹ 55 ਸਾਲ ਦੀ ਹਨ ਤੇ ਪੋਂਗਾਮੇ (ਮਿਲੇਟੀਆ ਪਿੰਨਾਟਾ), ਕੁਸੁਮ (ਸ਼ਲੀਚੇਰਾ ਓਲੀਯੋਸਾ), ਨਿੰਮ (ਅਜ਼ਾਦਿਰਾਚਟਾ ਇੰਡੀਕਾ), ਮਹੂਆ (ਮਧੁਕਾ ਲੋਂਗੀਫ਼ੋਲਿਆ) ਦੇ ਬੀਜਾਂ ਤੋਂ ਬਣੇ ਤੇਲ ਵੇਚ ਰਹੀ ਹਨ। ਉਹ ਜਲਹਹਰੀ ਪਿੰਡ ਦੀ ਨੇੜਲੀ ਬਸਤੀ ਰਗੁਡੀ ਸਾਹੀ ਦੀ ਰਹਿਣ ਵਾਲ਼ੀ ਹਨ ਤੇ ਇੱਕ ਬੇਜ਼ਮੀਨੇ ਕੋਲਹਾ ਆਦਿਵਾਸੀ ਭਾਈਚਾਰੇ ਨਾਲ਼ ਤਾਅਲੁੱਕ ਰੱਖਦੀ ਹਨ। ਮਿਨਤੀ ਸਥਾਨਕ ਸ਼ਰਾਬ ‘ਹੰਡਿਆ’ ਵੀ ਬਣਾਉਂਦੀ ਹਨ ਤੇ 50 ਰੁਪਏ ਵਿੱਚ 250 ਗ੍ਰਾਮ ਸ਼ਰਾਬ ਵੇਚਦੀ ਹਨ। ਮਿਨਤੀ ਕਹਿੰਦੀ ਹਨ,”ਮੈਂ ਮਹੂਆ ਦੇ ਬੀਜਾਂ ਨਾਲ਼ ਪਿੜਿਆ (ਪੇਸਟ) ਬਣਾਉਂਦੀ ਹਾਂ, ਜਿਹਦਾ ਇਸਤੇਮਾਲ ਦਾਦ ਜਿਹੇ ਚਮੜੀ ਰੋਗਾਂ ਨੂੰ ਠੀਕ ਕਰਨ ਲਈ ਕੀਤਾ ਜਾਂਦਾ ਹੈ।”
ਦੇਖਦੇ ਹੀ ਦੇਖਦੇ ਸਾਰੇ ਸਟਾਲ ਲੱਗ ਜਾਂਦੇ ਹਨ- ਕੁਝ ਨੀਲ਼ੀ ਤਿਰਪਾਲ ਹੇਠਾਂ ਤੇ ਕੁਝ ਬੱਸ ਰੁੱਖ ਦੀ ਛਾਂ ਹੇਠ। ਦੁਕਾਨਾਂ ‘ਤੇ ਸ਼ਹਿਰ, ਮਹੂਆ ਦੇ ਫੁੱਲ, ਤੇਲ ਤੇ ਜੰਗਲੀ ਮਸ਼ਰੂਬ ਜਿਹੇ ਜੰਗਲੀ ਉਤਪਾਦਾਂ ਤੋਂ ਇਲਾਵਾ ਬੈਂਗਣ, ਟਮਾਟਰ, ਗੋਭੀ, ਆਲੂ, ਪਿਆਜ਼, ਗਾਜ਼ਰ ਜਿਹੀਆਂ ਬਹੁਤ ਸਾਰੀਆਂ ਸਬਜ਼ੀਆਂ ਵੀ ਵਿਕਦੀਆਂ ਹਨ।
ਕਾਰਤਿਕ ਨਾਇਕ, ਭੁਇਯਾਂ ਆਦਿਵਾਸੀ ਭਾਈਚਾਰੇ ਤੋਂ ਹਨ ਤੇ ਇੱਥੇ ਖ਼ਰੀਦਦਾਰੀ ਕਰਨ ਆਏ ਹਨ। ਉਹ ਕਹਿੰਦੇ ਹਨ,”ਕਿਓਂਝਰ ਜ਼ਿਲ੍ਹੇ ਦੇ 40 ਤੋਂ ਵੱਧ ਪਿੰਡਾਂ ਦੇ ਲੋਕਾ, ਇੱਥੇ ਦੈਨਿਕ ਉਪਯੋਗ ਦੀਆਂ ਵਸਤਾਂ ਖ਼ਰੀਦਣ ਲਈ ਆਉਂਦੇ ਹਾਂ। ਦੂਰ-ਦੁਰਾਡੇ ਦੇ ਪਿੰਡਾਂ ਤੇ ਬਸਤੀਆਂ ਵਿੱਚ ਰਹਿਣ ਵਾਲ਼ਿਆਂ ਲਈ, ਇਹ ਇਕਲੌਤੀ ਥਾਂ ਹੈ ਜਿੱਥੇ ਉਹ ਲੂਣ, ਮਸਾਲਾ ਤੇ ਤੇਲ ਜਿਹੀਆਂ ਜ਼ਰੂਰੀ ਵਸਤਾਂ ਖਰੀਦ ਸਕਦੇ ਹਨ।”
ਇੱਥੇ ਲੋਕ ਬੱਤਖਾਂ ਵੀ ਮਿਲ਼ਦੀਆਂ ਹਨ ਜੇਹੀਆਂ ਸੋਨੂ ਮੁੰਡਾ ਦੇ ਦੁਆਲ਼ੇ ਘੁੰਮ ਰਹੀਆਂ ਹਨ। ਸੋਨਾ 55 ਸਾਲਾਂ ਦੇ ਹਨ ਤੇ ਮੁੰਡਾ ਆਦਿਵਾਸੀ ਕਿਸਾਨ ਹਨ। ਸੋਨੂ ਬੱਤਖਾਂ ਪਾਲ਼ਦੇ ਹਨ ਤੇ ਅੱਜ ਅੱਠ ਬੱਤਖਾਂ ਨੂੰ ਨਾਲ਼ ਲੈ ਕੇ ਬਜ਼ਾਰ ਆਏ ਹਨ। ਆਪਣੀਆਂ ਬਾਕੀ ਦੀਆਂ 60 ਬਤਖ਼ਾਂ ਨੂੰ ਉਹ ਤੇਲਕੋਈ ਬਲਾਕ ਵਿੱਚ ਪੈਂਦੇ ਆਪਣੇ ਪਿੰਡ ਖੰਡਬੰਧਾ ਵਿਖੇ ਛੱਡ ਆਏ ਹਨ। ਬਜ਼ਾਰ ਵਿੱਚ ਇੱਕ ਬਤਖ਼ ਕੋਈ 650 ਰੁਪਏ ਦੀ ਵਿਕਦੀ ਹੈ।
ਉਹ ਕਹਿੰਦੇ ਹਨ,”ਮੈਨੂੰ ਬਤਖ਼ ਵੇਚਣ ਬਦਲੇ ਜੋ ਪੈਸਾ ਮਿਲ਼ਦਾ ਹੈ ਉਸ ਨਾਲ਼ ਮੈਂ ਆਪਣੇ ਪਰਿਵਾਰ ਦਾ ਢਿੱਡ ਭਰਦਾ ਹਾਂ। ਮੇਰੇ ਕੋਲ਼ 20 ਡਿਸਿਮਲ (ਇੱਕ ਏਕੜ ਭੋਇੰ ਦਾ ਪੰਜਵਾਂ ਹਿੱਸਾ) ਜ਼ਮੀਨ ਹੈ, ਪਰ ਮੈਂ ਉਹਦੇ ਅੱਧੇ ਹਿੱਸੇ ‘ਤੇ ਹੀ ਖੇਤੀ ਕਰ ਪਾਉਂਦਾ ਹਾਂ। ਅੱਧੀ (ਜ਼ਮੀਨ) ਡੰਗਰਾਂ ਦੇ ਚਰਨ ਲਈ ਛੱਡ ਦਿੰਦਾ ਹਾਂ।”


ਜੇ ਤੁਸੀਂ ਮੁਰਗੀਆਂ ਲੱਭ ਰਹੇ ਹੋ ਤਾਂ ਰਿਮੁਲੀ ਦੇ ਚਿਤਰੰਜਨ ਦਾਸ ਦੇ ਕੋਲ਼ ਜਾਓ। ਇੱਕ ਪੰਛੀ ਦੀ ਕੀਮਤ 450-500 ਰੁਪਏ ਤੱਕ ਹੈ। ਉਹ ਕੰਦਾਰਾ ਪਿੰਡ, ਬਿਲੀਪਾੜਾ ਪਿੰਡ ਤੇ ਰਿਮੁਲੀ ਦੇ ਦੂਸਰੇ ਹਾਟਾਂ ਵਿੱਚ ਵੀ ਪੰਛੀ ਵੇਚਦੇ ਹਨ।
ਚਿਤਰੰਜਨ ਇੱਕ ਦਲਿਤ ਕਿਸਾਨ ਹਨ, ਉਨ੍ਹਾਂ ਕੋਲ਼ ਇੱਕ ਏਕੜ ਜ਼ਮੀਨ ਹੈ। ”ਅਸੀਂ ਮੌਸਮ ਦੇ ਮੁਤਾਬਕ ਆਲੂ, ਪਿਆਜ, ਲਸਣ, ਗੋਭੀ, ਅਰੁਮ ਤੇ ਅਦਰਕ ਜਿਹੀਆਂ ਸਬਜੀਆਂ ਬੀਜਦੇ ਹਾਂ। ਅਸੀਂ ਆਪਣੇ ਦੁਆਰਾ ਬੀਜੇ ਗਏ ਚੌਲ਼ ਵੇਚਦੇ ਹਾਂ ਤੇ ਇਹਦੇ ਬਦਲੇ ਪੀਡੀਐੱਸ (ਜਨਤਕ ਵੰਡ ਦੀਆਂ ਦੁਕਾਨਾਂ) ਵਿੱਚ ਮਿਲ਼ਣ ਵਾਲ਼ੇ ਚੌਲ਼ ਖਾਂਦੇ ਹਾਂ।
ਚੰਪੁਆ ਬਲਾਕ ਦੇ ਰਿਮੁਲੀ ਪਿੰਡ ਦੀ ਰਹਿਣ ਵਾਲ਼ੀ ਭਾਰਤੀ ਕੈਬਾਤੀ ਵੀ, ‘ਸਾਲ’ ਦੇ ਹਰੇ ਪੱਤਿਆਂ ‘ਤੇ ਕੁਝ ਸੁੱਕੀਆਂ ਮੱਛੀਆਂ ਨੂੰ ਬੜੇ ਕਰੀਨੇ ਨਾਲ਼ ਟਿਕਾਈ ਉਨ੍ਹਾਂ ਨੂੰ ਵੇਚਣ ਆਈ ਹਨ। ਰਾਵਲਾ, ਝੀਂਗਾ, ਇਲਾਸ਼ੀ, ਕੋਕਿਲਾ, ਸ਼ੀਲਾ ਤੇ ਪਿਟਾ ਕਰੰਦੀ ਜਿਹੀਆਂ ਸਾਰੀਆਂ ਸੁੱਕੀਆਂ ਮੱਛੀਆਂ ਉਨ੍ਹਾਂ ਦੇ ਸਾਹਮਣੇ ਟਿਕਾਈਆਂ ਹੋਈਆਂ ਹਨ।
ਉਮਰ ਦੇ 60ਵੇਂ ਸਾਲ ਨੂੰ ਪਾਰ ਕਰੀ ਬੈਠੇ ਸੁਦਰਸ਼ਨ ਕੈਬਾਰਤਾ, ਬਰਬਿਲ ਸ਼ਹਿਰ ਦੇ ਕੋਲ਼ ਇੱਕ ਪਿੰਡ ਤੋਂ ਹਨ ਤੇ ਪਿਛਲੇ ਤਿੰਨ ਦਹਾਕਿਆਂ ਤੋਂ ਇੱਥੇ ਆ ਰਹੇ ਹਨ। ਉਨ੍ਹਾਂ ਕੋਲ਼ ਸਥਾਨਕ ਪਕਵਾਨ-ਚਿਕਨ, ਸਬਜ਼ੀ ਤੇ ਮਸ਼ਰੂਮ ਕਰੀ ਪਕਾਉਣ ਲਈ ਅੱਡ-ਅੱਡ ਮਸਾਲਿਆਂ ਤੋਂ ਤਿਆਰ ਛੋਟੀਆਂ-ਛੋਟੀਆਂ ਪੁੜੀਆਂ ਜਿਹੀਆਂ ਰੱਖੀਆਂ ਹਨ। ਸੁਦਰਸ਼ਨ ਬੇਜ਼ਮੀਨੇ ਹਨ ਤੇ ਦੱਸਦੇ ਹਨ ਕਿ ਉਹ ਆਪਣੀ ਪਤਨੀ ਦੇ ਨਾਲ਼ ਇਕੱਲੇ ਹੀ ਰਹਿੰਦੇ ਹਨ, ਕਿਉਂਕਿ ਉਨ੍ਹਾਂ ਦਾ ਇਕਲੌਤਾ ਬੇਟਾ ਤੇ ਨੂੰਹ ਉਨ੍ਹਾਂ ਦੀ ਦੇਖਭਾਲ਼ ਨਹੀਂ ਕਰਦੇ।ਖ ਉਨ੍ਹਾਂ ਕਿਹਾ,”ਮੈਂ ਆਪਣਾ ਦੇ ਪਤਨੀ ਦਾ ਢਿੱਡ ਭਰਨ ਲਈ ਲਗਾਤਾਰ ਕੰਮ ਕਰਦਾ ਰਹਾਂਗਾ, ਪਰ ਕਦੇ ਭੀਖ ਨਹੀਂ ਮੰਗੂਗਾ।”
ਸੁਦਰਸ਼ਨ ਵਾਂਗਰ, ਕਈ ਦੂਸਰੇ ਬਜ਼ੁਰਗ ਦੁਕਾਨਦਾਰਾਂ ਕੋਲ਼ ਵੀ ਜ਼ਮੀਨ ਨਹੀਂ ਹੈ। ਝੁਮਪੁਰਾ ਬਲਾਕ ਦੇ ਕਨਕਾਨਾ ਪਿੰਡ ਦੇ ਰਹਿਣ ਵਾਲ਼ੇ 74 ਸਾਲਾ ਹੋ ਮੁੰਡਾ ਆਦਿਵਾਸੀ ਸਿਰ ਜਾਨ ਕਲੰਦ ਵੀ ਟੋਕਰੀਆਂ, ਮੱਛੀਆਂ ਫੜ੍ਹਨ ਵਾਲ਼ਾ ਜਾਲ਼, ਬਾਂਸ ਤੋਂ ਬਣਿਆ ਹੋਰ ਨਿਕਸੁੱਕ ਵੇਚਣ ਆਏ ਹਨ। ਉਨ੍ਹਾਂ ਨੇ ਕਿਹਾ,”ਕਾਸ਼ ਮੈਨੂੰ ਸਰਕਾਰੀ ਪੈਨਸ਼ਨ ਯੋਜਨਾ ਮਿਲ਼ ਜਾਂਦੀ, ਤਾਂਕਿ ਇਸ ਉਮਰ ਵਿੱਚ ਮੈਨੂੰ ਆਪਣੇ ਪਰਿਵਾਰ ਦਾ ਢਿੱਡ ਭਰਨ ਲਈ ਟੋਕਰੀਆਂ ਨਾ ਵੇਚਣੀਆਂ ਪੈਂਦੀਆਂ।”



ਦਲਿਤ ਘੁਮਿਆਰ ਭਰਤ ਚੰਦਰ ਬੇਹਰਾ, ਹਾਟ ਤੋਂ 25 ਕਿਲੋਮੀਟਰ ਦੂਰ ਸਥਿਤ ਮਹਾਦੇਵਪੁਰ ਤੋਂ ਆਏ ਹਨ। ਭਰਤ ਦਾ ਪਰਿਵਾਰ ਕੋਈ ਪੀੜ੍ਹੀਆਂ ਤੋਂ ਭਾਂਡੇ ਬਣਾਉਂਦਾ ਆਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਭਾਂਡਿਆਂ ਨੂੰ ਬਣਾਉਣ ਲਈ ਉਨ੍ਹਾਂ ਨੂੰ ਦੋ ਤਰ੍ਹਾਂ ਦੀ ਮਿਟੀ ਦੀ ਲੋੜ ਪੈਂਦੀ ਹੈ- ਕਾਲ਼ੀ ਤੇ ਲਾਲ ਦੇ ਨਾਲ਼ ਰਲ਼ੀ ਰੇਤੀਲੀ ਮਿੱਟੀ। ਉਹ ਕਹਿੰਦੇ ਹਨ,”ਮੈਨੂੰ (ਮਿੱਟੀ ਲੈਣ ਵਾਸਤੇ) ਜੰਗਲਾਤ ਵਿਭਾਗ ਤੋਂ ਆਗਿਆ ਲੈਣੀ ਪੈਂਦੀ ਹੈ ਤੇ ਇਹਦੇ ਲਈ ਮੈਨੂੰ ਕੁਝ ਰਿਸ਼ਤਵ ਵੀ ਦੇਣੀ ਪੈਂਦੀ ਹੈ।”
ਭਰਤ, ਜੁਰੂਡੀ ਤੇ ਉਖੁੰਡਾ ਹਾਟ ਦੇ ਨਾਲ਼ ਨਾਲ਼ ਝੁਮਪੁਰਾ ਬਲਾਕ ਦੇ ਕੁਝ ਦੂਸਰੇ ਹਾਟਾਂ ਵਿੱਚ ਵੀ ਸਮਾਨ ਵੇਚਣ ਜਾਂਦੇ ਹਨ। ਉਨ੍ਹਾਂ ਦੇ ਇੱਕ ਭਾਂਡੇ ਦੀ ਕੀਮਤ 200 ਰੁਪਏ ਹੈ। ਭਰਤ ਕਹਿੰਦੇ ਹਨ ਕਿ ਜਦੋਂ ਉਨ੍ਹਾਂ ਦਾ ਦਿਨ ਚੰਗਾ ਹੋਵੇ ਤਾਂ ਉਹ 1,000 ਰੁਪਏ ਤੱਕ ਨਫ਼ਾ ਖੱਟ ਲੈਂਦੇ ਹਨ।
ਮੁਹੰਮਦ ਅਜ਼ਾਦ ਦੱਸਦੇ ਹਨ ਕਿ ਝਾੜੂ ਬਣਾਉਣ ਲਈ ਕੱਚਾ ਮਾਲ਼ ਲੱਭਣਾ ਅਸਾਨ ਨਹੀਂ ਹੈ। ਉਹ ਅੱਗੇ ਕਹਿੰਦੇ ਹਨ,”ਇਸਲਈ ਮੈਂ ਇੱਕ ਝਾੜੂ ਦੀ ਕੀਮਤ 10 ਰੁਪਏ ਤੋਂਥ ਵਧਾ ਕੇ 50 ਰੁਪਏ ਕਰ ਦਿੱਤੀ ਹੈ। ਮੈਂ ਹਰ ਦਿਨ ਬਜ਼ਾਰੋਂ 200 ਤੋਂ 300 ਰੁਪਏ ਤੱਖ ਦਾ ਮੁਨਾਫ਼ਾ ਕਮਾ ਸਕਦਾ ਹੈ।”
ਜਿਓਂ-ਜਿਓਂ ਤਿਰਕਾਲਾਂ ਪੈਣ ਲੱਗਦੀਆਂ ਹਨ ਉਵੇਂ ਹੀ ਕੀਮਤਾਂ ਵੀ ਡਿੱਗਣ ਲੱਗਦੀਆਂ ਹਨ। ਸੂਰਜ ਢਲ਼ਣ ਨਾਲ਼, ਦੁਕਾਨਦਾਰ ਆਪੋ-ਆਪਣੇ ਸਮਾਨ ਨੂੰ ਘੱਟ ਕੀਮਤ ‘ਤੇ ਵੇਚਣ ਲਈ ਤਿਆੜ ਹੋ ਜਾਂਦੇ ਹਨ, ਸਬਜ਼ੀਆਂ 10 ਤੋਂ 20 ਰੁਪਏ ਕਿਲੋ ਤੱਕ ਹੋ ਜਾਂਦੀਆਂ ਹਨ। ਅਸੀਂ ਦੁਕਾਨਾਂ ਦੇ ਨੇੜੇ ਸੁੱਟੀ ਪਲਾਸਟਿਕ, ਫ਼ਾਲਤੂ ਖਾਣਾ ਤੇ ਸਬਜ਼ੀਆਂ ਦਾ ਕੂੜਾ ਦੇਖ ਸਕਦੇ ਹਾਂ। ਕੂੜਾ ਚੁੱਗਣ ਵਾਲ਼ੇ, ਕੂੜੇ ਵਿੱਚੋਂ ਫਿਰ ਤੋਂ ਇਸਤੇਮਾਲ ਹੋ ਸਕਣ ਵਾਲ਼ੀ ਪਲਾਸਟਿਕ ਨੂੰ ਛਾਂਟ ਰਹੇ ਹਨ। ਇਸ ਤੋਂ ਬਾਅਦ ਗਾਵਾਂ ਤੇ ਮੱਝਾਂ ਸੁੱਟੀਆਂ ਸਬਜ਼ੀਆਂ ਖਾਣ ਆ ਜਾਣਗੀਆਂ।
ਅਸੀਂ ਆਪਣਾ ਸਮਾਨ ਪੈਕ ਕਰਦੇ ਹਾਂ ਤੇ ਆਪਣੇ ਪਿੰਡ ਵੱਲ ਤੁਰ ਪੈਂਦੇ ਹਾਂ।
ਮਿਡਲ ਸਕੂਲ ਦੇ ਇਹ ਵਿਦਿਆਰਥੀ, ਗ਼ੈਰ-ਸਰਕਾਰੀ ਸੰਗਠਨ ਐਸਪਾਇਰ ਤੇ ਟਾਟਾ ਸਟੀਲ ਫ਼ਾਊਂਡੇਸ਼ਨ ਦੇ ਥਾਊਜੈਂਡ ਸਕੂਲ ਪ੍ਰੋਜੈਕਟ ਦੇ ਲਰਨਿੰਗ ਇਨਹੈਸਮੈਂਟ ਪ੍ਰੋਗਰਾਮ ਦਾ ਹਿੱਸਾ ਹਨ। ਉਨ੍ਹਾਂ ਨੇ ਆਪਣੇ ਨੇੜੇ-ਤੇੜੇ ਦੇ ਚੁਗਿਰਦੇ ਨੂੰ ਜਾਣਨ ਨਾਲ਼ ਜੁੜੇ ਪ੍ਰੋਜੈਕਟ ਤਹਿਤ ਇਹ ਸਟੋਰੀ ਕੀਤੀ ਹੈ।
ਪਾਰੀ ਐਜੁਕੇਸ਼ਨ ਦੀ ਟੀਮ, ਸੁਦੀਪਾ ਸੈਨਾਪਤੀ ਦੇ ਸਮਿਤਾ ਅਗਰਵਾਲ ਨੂੰ ਇਸ ਸਟੋਰੀ ਵਿੱਚ ਮਦਦ ਦੇਣ ਲਈ ਸ਼ੁਕਰੀਆ ਅਦਾ ਕਰਦੀ ਹਨ।
Editor's note
ਅਨਨਯਾ ਟੋਪਨੋ, ਰੋਹਿਤ ਗਗਰਾਈ, ਅਕਾਸ਼ ਏਕਾ (ਜਮਾਤ 6) ਅਤੇ ਪੱਲਬੀ ਲੁਗੁਨ (ਜਮਾਤ 7) ਜੋੜਾ ਬਲਾਕ ਦੇ ਜਜੰਗਾ ਕਸਬੇ ਤੋਂ ਹਨ। ਪੱਲਬੀ ਕਹਿੰਦੀ ਹਨ,''ਇਸ ਤਰ੍ਹਾਂ ਦੀ (ਖ਼ੋਜ) ਕੰਮ ਕਰਨਾ ਸਾਡੇ ਲਈ ਕੁਝ ਨਵਾਂ ਕਰਨ ਜਿਹਾ ਹੈ। ਅਸੀਂ ਦੇਖਿਆ ਹੈ ਕਿ ਲੋਕ ਸਬਜ਼ੀ ਵੇਚਣ ਵਾਲ਼ਇਆਂ ਦੇ ਨਾਲ਼ ਸੌਦੇਬਾਜ਼ੀ ਕਰਦੇ ਹਨ। ਜਦੋਂਕਿ ਸਾਨੂੰ ਪਤਾ ਹੈ ਕਿ ਸਬਜ਼ੀਆਂ ਬੀਜਣਾ ਕਿੰਨਾ ਮੁਸ਼ਕਲ ਕੰਮ ਹੈ। ਇਸਲਈ ਸਾਨੂੰ ਹੈਰਾਨੀ ਹੋਈ ਕਿ ਲੋਕ ਕਿਸਾਨਾਂ ਦੇ ਨਾਲ਼ ਕੀਮਤਾਂ ਨੂੰ ਲੈ ਕੇ ਇੰਨੀ ਬਹਿਸਬਾਜ਼ੀ ਕਿਉਂ ਕਰਦੇ ਹਨ?''
ਸਟੋਰੀ ਵਿੱਚ ਸ਼ਾਮਲ ਸਾਰੀਆਂ ਤਸਵੀਰਾਂ ਅਨਨਯਾ ਟੋਪਨੋ, ਰੋਹਿਤ ਗਗਰਾਈ, ਅਕਾਸ ਏਕਾ ਤੇ ਪੱਲਬੀ ਲੁਗੁਨ ਵੱਲ਼ੋਂ ਖਿੱਚੀਆਂ ਗਈਆਂ ਹਨ।
ਤਰਜਮਾ: ਕਮਲਜੀਤ ਕੌਰ
ਕਮਲਜੀਤ ਕੌਰ ਪੰਜਾਬ ਤੋਂ ਹਨ ਅਤੇ ਇੱਕ ਸੁਤੰਤਰ ਤਰਜਮਾਕਾਰ ਹਨ। ਕਮਲਜੀਤ ਨੇ ਪੰਜਾਬੀ। ਵਿੱਚ M.A. ਕੀਤੀ ਹੋਈ ਹੈ। ਉਹ ਇੱਕ ਨਿਰਪੱਖ ਅਤੇ ਬਰਾਬਰੀ ‘ਤੇ ਅਧਾਰਤ ਦੁਨੀਆਂ ਵਿੱਚ ਵਿਸ਼ਵਾਸ ਰੱਖਦੇ ਹਨ ਅਤੇ ਇਸ ਨੂੰ ਸੰਭਵ ਬਣਾਉਣ ਲਈ ਕੰਮ ਕਰਦੇ ਹਨ।