ਪੰਜਾਬ ਦੇ ਸ਼ਹਿਰ ਪਟਿਆਲੇ ਦੀ ਇੱਕ ਹਫ਼ਤਾਵਰੀ ਮੰਡੀ ਵਿੱਚ ਜਿਓਂ ਹੀ ਵਿਕਰੇਤਾ ਤੇ ਗਾਹਕ ਆਉਣੇ ਸ਼ੁਰੂ ਹੁੰਦੇ ਹਨ ਉਵੇਂ ਹੀ ਮੋਟਰਸਾਈਕਲਾਂ, ਸਾਈਕਲਾਂ ਤੇ ਪੈਦਲ ਤੁਰਨ ਵਾਲ਼ਿਆਂ ਦਾ ਹਜ਼ੂਮ ਉੱਤਰ ਆਉਂਦਾ ਹੈ। ਹਰ ਸ਼ਨੀਵਾਰ ਲੱਗਣ ਵਾਲ਼ੀ ਇਸ ਮੰਡੀ ਵਿੱਚ ਫ਼ਲਾਂ, ਸਬਜ਼ੀਆਂ, ਮਸਾਲਿਆਂ, ਭਾਂਡਿਆਂ, ਕੱਪੜਿਆਂ ਤੇ ਘਰ ਦੇ ਹੋਰ ਨਿੱਕ-ਸੁੱਕ ਸਮਾਨ ਦੀਆਂ ਹੱਟੀਆਂ ਲੱਗਦੀਆਂ ਹਨ। ਦੁਪਹਿਰ ਹੋਣ ਵਾਲ਼ੀ ਹੈ ਤੇ ਕੁਝ ਲੋਕਾਂ ਨੇ ਆਪਣੀਆਂ ਹੱਟੀਆਂ ਸਜਾ ਲਈਆਂ ਹਨ ਤੇ ਕੁਝ ਅਜੇ ਛੋਹਲੇ ਹੱਥੀਂ ਤਿਆਰੀਆਂ ਕੱਸ ਰਹੇ ਹਨ।

ਧੁੱਪ ਤੋਂ ਬਚਾਅ ਕਰਨ ਲਈ ਕਾਲ਼ੀ ਤਿਰਪਾਲ ਦੀ ਛੱਤ ਤਾਣੀ ਤੇ ਸੀਸਲ (ਰੇਸ਼ਿਆਂ) ਦੀ ਬੁਣੀ ਚਟਾਈ ‘ਤੇ ਬੈਠੇ ਜਰਨੈਲ ਸਿੰਘ ਆਪਣੀ ਤੱਕੜੀ ‘ਤੇ ਲਸਣ ਦੀਆਂ ਕੁਝ ਗੰਢੀਆਂ ਰੱਖਦੇ ਹੋਏ 250 ਗ੍ਰਾਮ ਲਸਣ ਤੋਲ਼ਦੇ ਹਨ। “ਤੀਹ ਰੁਪਏ ”, ਕਹਿੰਦੇ ਹੋਏ ਉਹ ਲਸਣ ਦਾ ਲਿਫ਼ਾਫ਼ਾ ਮੇਰੇ ਵੱਲ਼ ਵਧਾ ਦਿੰਦੇ ਹਨ ਤੇ ਅਗਲੇ ਗਾਹਕ ਵੱਲ ਦੇਖਣ ਲੱਗਦੇ ਹਨ।

ਉਨ੍ਹਾਂ ਦੀ ਇਸ ਹੱਟੀ ‘ਤੇ ਤਿੰਨ ਕਿਸਮਾਂ ਦੇ ਲਸਣ ਦੀਆਂ ਢੇਰੀਆਂ ਹਨ, ਜਿਨ੍ਹਾਂ ਵਿੱਚ ਵੱਡੀਆਂ ਤੁਰੀਆਂ ਵਾਲ਼ਾ ਪਹਾੜੀ ਲਸਣ, ਦਰਮਿਆਨੇ ਅਕਾਰ ਦੀਆਂ ਤੁਰੀਆਂ ਵਾਲ਼ਾ ਲਸਣ ਤੇ ਗੁਲਾਬੀ ਗੰਢਾਂ ਵਾਲ਼ਾ ਦੇਸੀ ਲਸਣ। ਲਸਣ ਤੋਂ ਇਲਾਵਾ ਰੇੜ੍ਹੀ ਦੇ ਇੱਕ ਪਾਸੇ ਹਰੀਆਂ ਮਿਰਚਾਂ ਦੇ ਭਰੇ ਲਿਫਾਫ਼ੇ, ਥੋੜ੍ਹੇ ਜਿਹੇ ਨਿੰਬੂ ਤੇ ਅਦਰਕ ਪਿਆ ਹੋਇਆ ਹੈ।

50 ਸਾਲਾਂ ਨੂੰ ਢੁਕਣ ਵਾਲ਼ੇ ਜਰਨੈਲ ਸਿੰਘ ਕਹਿੰਦੇ ਹਨ,“ਮੈਂ 1993 ਤੋਂ ਇਸ ਮੰਡੀ ਵਿੱਚ ਸਬਜ਼ੀਆਂ ਤੇ ਫ਼ਲ ਵੇਚਦਾ ਆਇਆ ਹਾਂ।” ਇਹ ਮੰਡੀ ਪਟਿਆਲਾ ਦੇ ਫੇਜ ਦੋ ਅਰਬਨ ਅਸਟੇਟ ਦੇ ਬਾਹਰਵਾਰ ਲੱਗਦੀ ਹੈ। ਇਸ ਤੋਂ ਇਲਾਵਾ ਜਰਨੈਲ ਸਿੰਘ ਗੁਰਦੁਆਰਾ ਦੁੱਖ ਨਿਵਾਰਣ ਵਿੱਚ ਮੰਗਲਵਾਰ ਨੂੰ ਲੱਗਣ ਵਾਲ਼ੀ ਮੰਡੀ ਤੇ ਬੁੱਧਵਾਰ ਨੂੰ ਫੇਜ ਇੱਕ ਅਰਬਨ ਅਸਟੇਟ ਦੀਆਂ ਮੰਡੀਆਂ ਵਿੱਚ ਵੀ ਜਾਂਦੇ ਹਨ। ਮੰਡੀਆਂ ਲੱਗਣ ਵਾਲ਼ੀਆਂ ਇਹ ਦੋਵੇਂ ਥਾਵਾਂ ਵੀ ਪਟਿਆਲਾ ਸ਼ਹਿਰ ਦੇ ਆਲ਼ੇ-ਦੁਆਲ਼ੇ ਪੈਂਦੀਆਂ ਹਨ। ਜਰਨੈਲ ਸਿੰਘ ਵੇਚਣ ਦੀ ਹਰ ਸ਼ੈਅ ਬੱਸ ਸਟੈਂਡ ਦੇ ਨੇੜੇ ਪੈਂਦੀ ਥੋਕ ਮੰਡੀਓਂ ਖਰੀਦਦੇ ਹਨ।

ਜਰਨੈਲ ਸਿੰਘ ਸਬਜ਼ੀ ਵੇਚਣ ਦੇ ਨਾਲ਼ ਨਾਲ਼ ਸਿੱਕੇ ਇਕੱਠੇ ਕਰਨ ਦਾ ਆਪਣਾ ਸ਼ੌਕ ਵੀ ਪੁਗਾਉਂਦੇ ਹਨ। ਸਾਨੂੰ ਆਪਣੀ ਸੰਪੱਤੀ ਦਿਖਾਉਣ ਲਈ ਉਹ ਆਪਣੀ ਰੇੜ੍ਹੀ ਹੇਠ ਵਿਛੀ ਬੋਰੀ ਹੇਠਾਂ ਰੱਖੇ ਲਿਫ਼ਾਫ਼ੇ ਵਿੱਚੋਂ ਸਿੱਕੇ ਬਾਹਰ ਖਿਸਕਾਉਂਦੇ ਹਨ। ਗੱਲਾਂ-ਗੱਲਾਂ ਵਿੱਚ ਜਦੋਂ ਅਸੀਂ ਉਨ੍ਹਾਂ ਦੇ ਇਸ ਸ਼ੌਕ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ,ਇਹਦੇ ਮਗਰ ਕੋਈ ਖ਼ਾਸ ਕਾਰਨ ਤਾਂ ਨਹੀਂ ਹੈ। ਦੁੱਪੜਾਂ ਦੀ ਪੂਰੀ ਭਾਨ੍ਹ ਵਿੱਚ ਰਲ਼ੇ-ਮਿਲ਼ੇ ਸਿੱਕਿਆਂ ਵਿੱਚ ਪੁਰਾਣਾ ਇੱਕ ਪੈਸੇ ਦਾ ਸਿੱਕਾ, 10 ਪੈਸੇ ਦਾ, 25 ਪੈਸਿਆਂ ਦਾ ਤੇ 50 ਪੈਸਿਆਂ ਦੇ ਸਿੱਕੇ ਹਨ। ਕੁਝ ਦੁੱਪੜ ਅਲੱਗ-ਅਲੱਗ ਦੌਰ ਦੇ ਸਨ ਕਈ ਤਾਂ 20ਵੀਂ ਸਦੀ ਦੇ ਅੱਧ ਵੇਲ਼ੇ ਦੇ ਸਨ ਤੇ ਕਈ 21ਵੀਂ ਸਦੀ ਦੇ ਸ਼ੁਰੂ ਵੇਲ਼ੇ ਦੇ ਵੀ ਸਨ। ਸਾਰੇ ਦੁੱਪੜਾਂ ਵਿੱਚੋਂ ਪ੍ਰਮੁੱਖ ਸਿੱਕਾ 50 ਪੈਸੇ ਦਾ ਸੀ ਜੋ 2011 ਵਿੱਚ ਜਾਰੀ ਹੋਇਆ। ਉਹ ਕਹਿੰਦੇ ਹਨ ਕਿ ਖਰੀਦ-ਫ਼ਰੋਖਤ ਦੀ ਨਜਰ ਤੋਂ ਦੇਖੀਏ ਭਾਵੇਂ ਇਨ੍ਹਾਂ ਸਿੱਕਿਆਂ ਦਾ ਕੋਈ ਮੁੱਲ ਨਹੀਂ ਪਰ ਅਤੀਤ ਦੇ ਲਿਹਾਜ਼ ਨਾਲ਼ ਇਹ ਬੇਸ਼ਕੀਮਤੀ ਹਨ।

ਆਪਣੇ 29 ਸਾਲ ਪਹਿਲਾਂ ਸ਼ੁਰੂ ਕੀਤੇ ਸਬਜ਼ੀ ਦੇ ਇਸ ਕਾਰੋਬਾਰ ਬਾਰੇ ਜਰਨੈਲ ਸਿੰਘ ਕਹਿੰਦੇ ਹਨ,“ਮੈਂ ਦਿਹਾੜੀ ਦੇ 1000 ਰੁਪਏ ਬਣਾ ਲਿਆ ਕਰਦਾ।” ਅੱਜ ਦੀ ਤਰੀਕ ਵਿੱਚ ਉਨ੍ਹਾਂ ਨੂੰ ਇੰਨੀ ਰਕਮ ਕਮਾਉਣ ਲਈ ਤਿੰਨ ਦਿਨ ਲਗਾਤਾਰ ਮੰਡੀ ਲਾਉਣੀ ਪੈਂਦੀ ਹੈ। ਇਹ ਸਭ ਮੰਡੀ ਵਿੱਚ ਵਿਕਰੇਤਾਵਾਂ ਦੀ ਗਿਣਤੀ ਕਈ ਗੁਣਾ ਵੱਧ ਜਾਣ ਕਾਰਨ ਹੋਇਆ। ਪਹਿਲੀ ਦਫ਼ਾ ਜਦੋਂ ਉਨ੍ਹਾਂ ਨੇ ਕੰਮ ਸ਼ੁਰੂ ਕੀਤਾ ਸੀ ਤਾਂ ਉਸ ਵੇਲ਼ੇ ਕਰੀਬ 20 ਤੋਂ 30 ਵਿਕਰੇਤਾ ਹੁੰਦੇ ਸਨ ਅਤੇ ਹੁਣ ਉਨ੍ਹਾਂ ਦੀ ਗਿਣਤੀ 200 ਤੋਂ ਪਾਰ ਜਾ ਚੁੱਕੀ ਹੈ।

ਆਪਣੇ ਬੀਤੇ ਦਿਨਾਂ ਬਾਰੇ ਗੱਲ ਕਰਦਿਆਂ ਜਰਨੈਲ ਸਿੰਘ ਕਹਿੰਦੇ ਹਨ,“ਮੈਂ ਠੇਕੇ ‘ਤੇ ਲਈ ਪੰਜ ਏਕੜ (ਕਿੱਲੇ) ਜ਼ਮੀਨ ‘ਤੇ ਸਬਜ਼ੀਆਂ ਬੀਜਿਆ ਕਰਦਾ ਤੇ ਉਨ੍ਹਾਂ ਨੂੰ ਵੇਚਿਆ ਵੀ ਕਰਦਾ।” ਠੇਕੇ ਦੀ ਰਕਮ ਵਜੋਂ ਉਨ੍ਹਾਂ ਨੂੰ ਸਾਲ ਦੇ 2,200 ਰੁਪਏ ਦੇਣੇ ਪੈਂਦੇ। ਪਤੀ-ਪਤਨੀ ਰਲ਼ ਕੇ ਤਿੰਨ ਏਕੜ ਪੈਲ਼ੀ ‘ਤੇ ਕਣਕ ਤੇ ਝੋਨਾ ਬੀਜਿਆ ਕਰਦੇ ਤੇ ਬਾਕੀ ਦੀ ਬਚੀ ਭੋਇੰ ‘ਤੇ ਸਬਜ਼ੀਆਂ। ਉਹ ਪੱਠੇ ਵੀ ਬੀਜਿਆ ਕਰਦੇ ਤੇ ਡੰਗਰਾਂ ਦੇ ਮਾਲਕਾਂ ਨੂੰ ਵੇਚ ਦਿਆ ਕਰਦੇ। 2006 ਵਿੱਚ ਆ ਕੇ ਉਨ੍ਹਾਂ ਨੇ ਠੇਕੇ ‘ਤੇ ਜ਼ਮੀਨ ਲੈਣੀ ਬੰਦ ਕਰ ਦਿੱਤੀ ਕਿਉਂਕਿ ਇੱਕ ਤਾਂ ਕੰਮ ਬਹੁਤ ਜ਼ਿਆਦਾ ਵੱਧ ਗਿਆ ਸੀ ਤੇ ਦੂਜਾ ਲੋੜੀਂਦੇ ਕੀਟਨਾਸ਼ਕਾਂ ਦੀਆਂ ਕੀਮਤਾਂ ਵੀ ਅਸਮਾਨ ਛੂੰਹਣ ਲੱਗ ਪਈਆਂ ਸਨ।

ਜਰਨੈਲ ਸਿੰਘ ਦੇ ਬੱਚੇ ਵੱਡੇ ਹੋ ਗਏ। ਉਨ੍ਹਾਂ ਦੀਆਂ ਦੋ ਧੀਆਂ ਦਾ ਵਿਆਹ 2006 ਵਿੱਚ ਹੋਇਆ ਤੇ ਉਨ੍ਹਾਂ ਦੇ ਦੋਵਾਂ ਬੇਟਿਆਂ ਦਾ ਵਿਆਹ 2016 ਤੇ 2018 ਵਿੱਚ ਹੋਇਆ। ਉਨ੍ਹਾਂ ਦੇ ਸਭ ਤੋਂ ਛੋਟੇ ਬੇਟੇ ਨੇ 10ਵੀਂ ਤੋਂ ਬਾਅਦ ਪੜ੍ਹਾਈ ਛੱਡ ਦਿੱਤੀ ਤੇ ਬਿਜਲੀ ਦਾ ਕੰਮ ਸਿੱਖਣ ਲੱਗਿਆ। ਹੁਣ ਉਹਦਾ ਆਪਣਾ ਕੰਮ ਹੈ ਤੇ ਉਹਦੇ ਹੇਠ 10 ਲੋਕ ਕੰਮ ਕਰਦੇ ਹਨ। ਜਰਨੈਲ ਦੇ ਵੱਡੇ ਬੇਟੇ ਨੇ ਸੰਗੀਤ ਵਿੱਚ ਮਾਸਟਰ ਡਿਗਰੀ ਕੀਤੀ ਤੇ ਉਹ ਦੇਵੀਗੜ੍ਹ ਦੇ ਮਾਤਾ ਗੁਜਰੀ ਕਾਲਜ ਵਿੱਚ ਸੰਗੀਤ ਸਿਖਾਉਂਦੇ ਹਨ, ਇਹ ਥਾਂ ਪਟਿਆਲੇ ਤੋਂ 24 ਕਿਲੋਮੀਟਰ ਦੂਰ ਹੈ।


ਜਰਨੈਲ ਦਾ ਜਨਮ ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੀ ਨੀਲੋਖੇੜੀ ਤਹਿਸੀਲ ਦੇ ਪਿੰਡ ਸੌਂਕੜਾ ਵਿਖੇ ਹੋਇਆ। ਉਨ੍ਹਾਂ ਨੂੰ ਆਪਣੇ ਜਨਮ ਦਾ ਵਰ੍ਹਾ ਚੇਤੇ ਨਹੀਂ ਹੈ, ਦਰਅਸਲ ਉਨ੍ਹਾਂ ਨੇ ਸਕੂਲੀ ਸਿੱਖਿਆ ਵੀ ਹਾਸਲ ਨਹੀਂ ਕੀਤੀ ਜਿਸ ਦੇ ਕਿਸੇ ਦਸਤਾਵੇਜ ਤੋਂ ਜਨਮ ਦੇ ਸੰਨ ਬਾਰੇ ਕੁਝ ਪਤਾ ਲੱਗ ਪਾਉਂਦਾ। ਉਹ ਕਹਿੰਦੇ ਹਨ ਕਿ ਸਰਕਾਰ ਵੱਲੋਂ ਜਾਰੀ ਕੁਝ ਦਸਤਾਵੇਜ਼ਾਂ ਦੀ ਮੰਨੀਏ ਤਾਂ ਉਨ੍ਹਾਂ ਦਾ ਜਨਮ ਸਾਲ 1969 ਲਿਖਿਆ ਗਿਆ ਹੈ।

ਉਹ ਦੋ ਸਾਲ ਦੇ ਸਨ ਜਦੋਂ ਉਨ੍ਹਾਂ ਦੀ ਮਾਂ ਦੀ ਮੌਤ ਹੋ ਗਈ। ਹੁਣ ਪਿਤਾ ਤੇ ਪੰਜ ਵੱਡੇ ਭਰਾਵਾਂ ਸਿਰ ਉਨ੍ਹਾਂ ਦੀ ਦੇਖਭਾਲ਼ ਦੀ ਜ਼ਿੰਮੇਦਾਰੀ ਆਣ ਪਈ। ਜਦੋਂ ਉਹ 12-13 ਵਰ੍ਹਿਆਂ ਦੇ ਹੋਏ ਤਾਂ ਪਰਿਵਾਰ ਦੇ ਖ਼ਰਚੇ ਪੂਰੇ ਕਰਨ ਲਈ ਖੇਤ ਮਜ਼ਦੂਰੀ ਕਰਨ ਲੱਗੇ। ਜਦੋਂ ਜਰਨੈਲ 16 ਵਰ੍ਹਿਆਂ ਦੇ ਹੋਏ ਤਾਂ ਆਪਣੇ ਮਾਮੇ ਦੇ ਕਹਿਣ ‘ਤੇ ਪਰਿਵਾਰ ਦੇ ਨਾਲ਼ ਸਨੌੜ ਰਹਿਣ ਆ ਗਏ।

ਜਦੋਂ ਜਰਨੈਲ ਸਿੰਘ ਨੇ ਮੰਡੀ ਵਿੱਚ ਸਬਜ਼ੀ ਤੇ ਫ਼ਲ ਵੇਚਣੇ ਸ਼ੁਰੂ ਕੀਤੇ ਤਾਂ ਉਸ ਵੇਲ਼ੇ 20-30 ਵਿਕਰੇਤਾ ਹੋਇਆ ਕਰਦੇ ਸਨ; ਅੱਜ ਇਨ੍ਹਾਂ ਦੀ ਗਿਣਤੀ 200 ਅੱਪੜ ਚੁੱਕੀ ਹੈ। ਤਸਵੀਰ- ਬਲਵਿੰਦਰ ਸਿੰਘ

ਉਮਰ ਦੇ 50ਵਿਆਂ ਨੂੰ ਢੁੱਕ ਚੁੱਕੇ ਜਰਨੈਲ ਨੇ ਆਪਣੇ ਜੀਵਨ ਵਿੱਚ ਬੜੇ ਵੰਨ-ਸੁਵੰਨੇ ਕੰਮ ਕੀਤੇ। ਉਹ ਕਾਲ਼ੇ ਘੋੜਿਆਂ ਦੇ ਖ਼ੁਰ ਬਦਲਿਆ ਕਰਦੇ, ਜਿਸ ਕਰਕੇ ਉਨ੍ਹਾਂ ਨੂੰ ‘ਕਾਲ਼ੀ ਘੋੜੀ ਵਾਲ਼ਾ’ (ਜੋ ਕਾਲ਼ੀ ਘੋੜੀ ਦੀ ਦੇਖਭਾਲ਼ ਕਰਦਾ ਹੋਵੇ) ਕਹਿ ਕੇ ਬੁਲਾਇਆ ਜਾਣ ਲੱਗਿਆ। ਉਹ ਕਹਿੰਦੇ ਹਨ ਕਿ ਉਨ੍ਹਾਂ ਦਾ ਨਾਮ ਉਸ ਵੇਲ਼ੇ ਪੱਕ ਗਿਆ ਜਦੋਂ ਉਹ ਆਪਣੇ ਕੋਲ਼ ਆਉਣ ਵਾਲ਼ੇ ਗਾਹਕਾਂ ਕੋਲ਼ੋਂ ਪੈਸੇ ਲੈਣ ਦੀ ਬਜਾਇ ਉਨ੍ਹਾਂ ਨੂੰ ਇਹ ਪੈਸਾ ਆਪੋ-ਆਪਣੇ ਧਾਰਮਿਕ ਅਸਥਲਾਂ ਨੂੰ ਚੜ੍ਹਾ ਦੇਣ ਲਈ ਕਹਿਣ ਲੱਗੇ। ਉਨ੍ਹਾਂ ਨੂੰ ਇਹ ਮਹੱਤਵਪੂਰਨ ਵੀ ਲੱਗਦਾ। ਵੇਲ਼ਾ ਬੀਤਣ ਦੇ ਨਾਲ਼ ਨਾਲ਼ ਕਦੇ ਉਹ ਰੇੜਾ ਚਲਾਉਂਦੇ ਤੇ ਕਦੇ ਨਿਰਮਾਣ-ਥਾਵਾਂ ‘ਤੇ ਕੰਮ ਵੀ ਕਰ ਲਿਆ ਕਰਦੇ।

1978 ਵਿੱਚ ਜਰਨੈਲ ਨੇ ਆਪਣੇ ਪਰਿਵਾਰ ਲਈ ਘਰ ਪਾਉਣ ਵਾਸਤੇ 200 ਗਜ਼ ਜ਼ਮੀਨ ਖ਼ਰੀਦੀ।


ਮੰਡੀ ਦੇ ਦਿਨੀਂ ਜਰਨੈਲ ਤੜਕੇ 4 ਵਜੇ ਉੱਠ ਖੜ੍ਹਦੇ ਤੇ ਤਿਆਰ ਹੋ ਕੇ ਸਨੌੜ ਮੰਡੀ ਜਾਣ ਲਈ ਘਰੋਂ ਨਿਕਲ਼ਦੇ। ਇੱਥੇ ਅਪੜਨ ਵਿੱਚ ਦੋ ਘੰਟੇ ਲੱਗਦੇ। ਉਨ੍ਹਾਂ ਦੀ ਪਤਨੀ ਸੁਖਵਿੰਦਰ ਕੌਰ, ਜਿਨ੍ਹਾਂ ਦਾ ਜਰਨੈਲ ਨਾਲ਼ 25 ਸਾਲ ਦੀ ਉਮਰੇ ਵਿਆਹ ਹੋ ਗਿਆ ਸੀ, ਤਿਆਰ ਹੋਣ ਵਿੱਚ ਉਨ੍ਹਾਂ ਦੀ ਮਦਦ ਕਰਦੀ ਹਨ। ਥੋੜ੍ਹਾ ਕੁ ਸਮਾਂ ਪਹਿਲਾਂ ਗੁ਼ਸਲਖਾਨੇ ਵਿੱਚ ਡਿੱਗਣ ਕਾਰਨ ਉਨ੍ਹਾਂ ਦੀ ਲੱਤ ਟੁੱਟ ਗਈ ਤੇ ਹੁਣ ਉਨ੍ਹਾਂ ਨੂੰ ਤੁਰਨ ਵਿੱਚ ਤਕਲੀਫ਼ ਹੁੰਦੀ ਹੈ। ਉਨ੍ਹਾਂ ਦੇ ਨੂੰਹਾਂ-ਪੁੱਤ ਨਾਲ਼ ਰਹਿੰਦੇ ਹਨ ਤੇ ਇੱਕ ਦੂਜੇ ਦੀ ਮਦਦ ਕਰਦੇ ਹਨ।

100 ਕਿਲੋ ਲਸਣ ਤੇ ਹੋਰ ਸਬਜ਼ੀਆਂ ਲਈ, ਉਹ 10 ਵਜੇ ਮੰਡੀ ਅਪੜਦੇ ਹਨ ਤੇ ਆਪਣੀ ਦੁਕਾਨ ਲਾਉਣ ਦੀਆਂ ਤਿਆਰੀਆਂ ਵਿੱਚ ਰੁੱਝ ਜਾਂਦੇ ਹਨ। ਮੰਡੀ ਦੁਪਹਿਰ 1 ਵਜੇ ਸ਼ੁਰੂ ਹੁੰਦੀ ਹੈ। ਉਹ ਆਪਣੀ ਰੋਟੀ ਨਾਲ਼ ਲਿਆਉਂਦੇ ਹਨ ਤੇ 10 ਲੀਟਰ ਪੀਣ ਵਾਲ਼ਾ ਪਾਣੀ ਵੀ। ਅਸੀਂ ਆਪਸ ਵਿੱਚ ਗੱਲਾਂ ਕਰ ਰਹੇ ਸਾਂ ਤੇ ਉਨ੍ਹਾਂ ਦੇ ਨਾਲ਼ ਦੇ ਕੁਝ ਵਿਕਰੇਤਾ ਦੋਸਤ ਠੰਡੇ ਪਾਣੀ ਦਾ ਗਿਲਾਸ ਲੈਣ ਆਏ। ਜਰਨੈਲ ਸਿੰਘ ਨੇ ਸਾਨੂੰ ਵੀ ਪਾਣੀ ਪੁੱਛਿਆ ਤੇ ਬਾਅਦ ਵਿੱਚ ਸਾਨੂੰ ਚਾਹ ਵੀ ਪਿਆਈ। ਜਦੋਂ ਅਸੀਂ ਚਾਹ ਦੇ ਪੈਸੇ ਦੇਣੇ ਚਾਹੇ ਤਾਂ ਉਨ੍ਹਾਂ ਸਾਨੂੰ ਮਨ੍ਹਾਂ ਕਰਦਿਆਂ ਕਿਹਾ:  “ਜਿੱਥੇ ਦਾਣੇ ਉੱਥੇ ਖਾਣੇ”, ਇਹ ਤਾਂ ਚਾਹ ਹੈ ਜੋ ਤੁਹਾਨੂੰ ਇੱਥੇ ਲੈ ਕੇ ਆਈ ਹੈ।

ਖੱਬੇ ਪਾਸੇ: ਜਰਨੈਲ ਆਪਣੇ ਨਾਲ਼ ਪੈਰਾਸਿਟਾਮੋਲ ਜਿਹੀਆਂ ਦਵਾਈਆਂ ਲਿਆਉਂਦੇ ਹਨ ਇਹ ਸੋਚ ਕਿ ਕੀ ਹੋ ਸਕਦਾ ਮੰਡੀ ਕਿਸੇ ਨੂੰ ਲੋੜ ਹੀ ਪੈ ਜਾਵੇ। ਸੱਜੇ ਪਾਸੇ: ਉਹ ਰਾਤੀਂ 10 ਵਜੇ ਹੱਟੀ ਬੰਦ ਕਰਦੇ ਹਨ ਤੇ ਘਰ ਵਾਪਸ ਮੁੜਨ ਲੱਗਿਆਂ ਬਚਿਆ ਮਾਲ਼ ਤੇ ਬਾਕੀ ਦਾ ਨਿੱਕ-ਸੁੱਕ ਟੋਕਰੀ ਵਿੱਚ ਪਾ ਲੈਂਦੇ ਹਨ। ਤਸਵੀਰ-ਬਲਵਿੰਦਰ ਸਿੰਘ

ਜਰਨੈਲ ਆਪਣੇ ਨਾਲ਼ ਸਿਰਫ਼ ਪਾਣੀ ਹੀ ਨਹੀਂ ਸਗੋਂ ਕੁਝ ਦਵਾਈਆਂ ਜਿਵੇਂ ਪੈਰਾਸਿਟਾਮੋਲ ਵੀ ਲਿਆਉਂਦੇ ਹਨ। ਪਲਾਸਟਿਕ ਦੀ ਡੱਬੀ ਵਿੱਚ ਰੱਖੀਆਂ ਗੋਲ਼ੀਆਂ ਨੂੰ ਬੜੇ ਧਿਆਨ ਨਾਲ਼ ਸਾਨੂੰ ਦਿਖਾਉਂਦਿਆਂ ਉਹ ਕਹਿੰਦੇ ਹਨ,“ਮੈਂ ਆਪਣੇ ਨਾਲ਼ ਦਵਾਈਆਂ ਇਸ ਲਈ ਲਿਆਉਂਦਾ ਹਾਂ ਕਿ ਹੋ ਸਕਦਾ ਮੰਡੀ ਵਿੱਚ ਕਿਸੇ ਨੂੰ ਲੋੜ ਹੀ ਪੈ ਜਾਵੇ।”

ਹਫ਼ਤੇ ਦੇ ਕੁਝ ਦਿਨ ਜਰਨੈਲ ਸਿੰਘ ਸਬਜ਼ੀਆਂ ਨਹੀਂ ਵੇਚਦੇ, ਉਹ ਆਪਣੇ ਇੱਕ ਦੋਸਤ ਸ਼ੇਰ ਸਿੰਘ ਨਾਲ਼ ਧਾਰਮਿਕ ਅਸਥਾਨਾਂ ‘ਤੇ ਜਾਂਦੇ ਹਨ। ਦੋਵੇਂ ਜਣੇ ਸ਼ੇਰ ਸਿੰਘ ਦੀ ਮੋਟਰ ਸਾਈਕਲ ‘ਤੇ ਸਵਾਰ ਹੋ ਹਰ ਸਾਲ ਪੰਜਾਬ ਦੇ ਅੰਮ੍ਰਿਤਸਰ ਵਿਖੇ ਪੈਂਦੇ ਗੁਰਦੁਆਰੇ ਸ਼੍ਰੀ ਹਰਿਮੰਦਰ ਸਾਹਬ, ਬਿਹਾਰ ਦੇ ਗੁਰਦੁਆਰੇ ਸ਼੍ਰੀ ਪਟਨਾ ਸਾਹਿਬ, ਉਤਰਾਖੰਡ ਦੇ ਬਦਰੀਨਾਥ, ਹਿਮਾਚਲ ਪ੍ਰਦੇਸ਼ ਦੇ ਸ਼੍ਰੀ ਪਾਉਟਾ ਸਾਹਿਬ, ਹਰਿਆਣਾ ਦੇ ਜਗਾਧਰੀ ਸ਼ਹਿਰ ਅਤੇ ਪੰਜਾਬ ਦੇ ਅਨੰਦਪੁਰ ਸਾਹਿਬ ਦੀ ਯਾਤਰਾ ‘ਤੇ ਨਿਕਲ਼ਦੇ ਹਨ। ਜਰਨੈਲ ਕਹਿੰਦੇ ਹਨ,“ਮੈਂ ਆਪਣੇ ਬੱਚਿਆਂ ਦੀ ਜ਼ਿੰਮੇਵਾਰੀ ਤੋਂ ਫ਼ਾਰਗ ਹੋ ਗਿਆ ਹਾਂ, ਹੁਣ ਮੈਂ ਸਿਰਫ ਆਪਣੇ ਲਈ ਕਮਾਉਂਦਾ ਹਾਂ, ਮੈਂ ਵਿਹਲਾ ਬੈਠ ਕੇ ਆਪਣੇ ਬੱਚਿਆਂ ਦੀ ਕਮਾਈ ਨਹੀਂ ਖਾਣਾ ਚਾਹੁੰਦਾ ਹਾਂ। ਹੁਣ ਤਾਂ ਮੈਨੂੰ ਇਸ ਕੰਮ ‘ਚ ਮਜ਼ਾ ਆਉਣ ਲੱਗ ਗਿਆ ਹੈ।”

ਜਿਓਂ ਹੀ ਹਨ੍ਹੇਰਾ ਘਿਰਨ ਲੱਗਦਾ ਹੈ, ਜਰਨੈਲ ਸਿੰਘ ਆਪਣੀ ਹੱਟੀ ਨੂੰ ਰੁਸ਼ਨਾਉਣ ਲਈ ਤਿੰਨ ਬਲਬਾਂ ਨੂੰ ਜੋੜਨ ਦੀ ਤਿਆਰ ਕਰਨ ਲੱਗਦੇ ਹਨ। ਉਨ੍ਹਾਂ ਨੂੰ ਹੱਟੀ ਲਾਉਣ ਲਈ ਲੋੜੀਂਦੇ ਟੇਬਲ ਤੇ ਰੌਸ਼ਨੀ ਵਾਸਤੇ 50 ਰੁਪਏ ਦੇਣੇ ਪੈਂਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੂੰ ਹੱਟੀ ਲਈ ਥਾਂ ਪੱਕੀ ਕਰਨ ਲਈ ਵੀ 20 ਰੁਪਏ ਅੱਡ ਤੋਂ ਦੇਣੇ ਪੈਂਦੇ ਹਨ।

ਰਾਤ ਦੇ 10 ਵਜੇ ਜਦੋਂ ਹੱਟੀ ਬੰਦ ਕਰਨ ਦਾ ਸਮਾਂ ਹੁੰਦਾ ਹੈ, ਜਰਨੈਲ ਬਾਕੀ ਬਚੇ ਲਸਣ, ਹਰੀਆਂ ਮਿਰਚਾਂ, ਨਿੰਬੂਆਂ ਤੇ ਅਦਰਕ ਨੂੰ ਝੋਲ਼ਿਆਂ ਵਿੱਚ ਭਰਨ ਲੱਗਦੇ ਹਨ। ਉਹ ਆਪਣੇ ਲੋੜ ਦੇ ਸਮਾਨ ਤੇ ਦਵਾਈਆਂ ਵਾਲ਼ੀ ਟੋਕਰੀ ਨੂੰ ਵੀ ਪੈਕ ਕਰਨ ਲੱਗਦੇ ਹਨ। ਉਹ ਬੜੇ ਧਿਆਨ ਨਾਲ਼ ਬੋਰੀ ਹੇਠੋਂ ਆਪਣੇ ਸਿੱਕਿਆਂ ਵਾਲ਼ਾ ਲਿਫ਼ਾਫ਼ਾ ਕੱਢਦੇ ਹਨ ਤੇ ਬਾਕੀ ਦੇ ਸਮਾਨ ਦੇ ਨਾਲ਼ ਰੱਖ ਦਿੰਦੇ ਹਨ। ਫਿਰ ਉਨ੍ਹਾਂ ਦਾ ਵੱਡਾ ਬੇਟਾ ਸਮਾਨ ਨਾਲ਼ ਭਰੀ ਰੇੜ੍ਹੀ ਨੂੰ ਧੱਕਾ ਮਾਰਨ ਵਿੱਚ ਉਨ੍ਹਾਂ ਦੀ ਮਦਦ ਕਰਦਾ ਹੈ।

ਪਾਰੀ ਦੇ ਹੋਮਪੇਜ ‘ਤੇ ਮੁੜਨ ਲਈ ਇੱਥੇ ਕਲਿਕ ਕਰੋ।

Editor's note

ਜੌਇਸ ਅਤੇ ਬਲਵਿੰਦਰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਪੱਤਰਕਾਰੀ ਅਤੇ ਜਨ ਸੰਚਾਰ ਵਿੱਚ ਮਾਸਟਰਜ਼ ਦੀ ਪੜ੍ਹਾਈ ਕਰ ਰਹੇ ਹਨ। ਉਨ੍ਹਾਂ ਨੇ ਅਗਸਤ 2022 ਵਿੱਚ ਯੂਨੀਵਰਸਿਟੀ ਦੇ ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ (ਈਐਮਆਰਸੀ) ਵਿਖੇ ਪਾਰੀ ਵੱਲੋਂ ਅਯੋਜਿਤ ਕੀਤੀ ਵਰਕਸ਼ਾਪ ਵਿੱਚ ਵੀ ਹਿੱਸਾ ਲਿਆ।

ਜੋਇਸ ਕਹਿੰਦੇ ਹਨ, ਇਹ ਉਨ੍ਹਾਂ ਦੀ ਉਮਰ ਹੀ ਸੀ ਜੋ ਮੈਨੂੰ ਇਸ ਖ਼ਾਸ ਵਿਕਰੇਤਾ ਵੱਲ਼ ਖਿੱਚ ਲਿਆਈ ਤੇ ਇਸ ਗੱਲ ਨੇ ਮੈਨੂੰ ਖ਼ਾਸਾ ਪ੍ਰਭਾਵਤ ਕੀਤਾ ਕਿ ਪੂਰੀ ਮੰਡੀ ਵਿੱਚ ਉਨ੍ਹਾਂ ਨੇ ਹੀ ਸਭ ਤੋਂ ਪਹਿਲਾਂ ਹੱਟੀ ਲਾਈ ਸੀ। ਬਾਅਦ ਵਿੱਚ ਮੈਨੂੰ ਇਸ ਗੱਲ਼ ਦਾ ਪਤਾ ਲੱਗਿਆ ਕਿ ਉਨ੍ਹਾਂ ਕੋਲ਼ ਇਕੱਠੇ ਕੀਤੇ ਸਿੱਕਿਆ ਦਾ ਵਿਲੱਖਣ ਸੰਗ੍ਰਿਹ ਹੈ।

ਤਰਜਮਾਕਮਲਜੀਤ ਕੌਰ

ਕਮਲਜੀਤ ਕੌਰ ਪੰਜਾਬ ਤੋਂ ਹਨ ਅਤੇ ਇੱਕ ਸੁਤੰਤਰ ਤਰਜਮਾਕਾਰ ਹਨ। ਕਮਲਜੀਤ ਨੇ ਪੰਜਾਬੀ ਵਿੱਚ M.A. ਕੀਤੀ ਹੋਈ ਹੈ ਉਹ ਇੱਕ ਨਿਰਪੱਖ ਅਤੇ ਬਰਾਬਰੀ ਤੇ ਅਧਾਰਤ ਦੁਨੀਆਂ ਵਿੱਚ ਵਿਸ਼ਵਾਸ ਰੱਖਦੇ ਹਨ ਅਤੇ ਇਸ ਨੂੰ ਸੰਭਵ ਬਣਾਉਣ ਲਈ ਕੰਮ ਕਰਦੇ ਹਨ।