“ਮੋਟਰ ਸਾਈਕਲ ‘ਤੇ ਸਵਾਰੀ ਕਰਦਿਆਂ ਮੈਨੂੰ ਬਹੁਤ ਠੰਡ ਲੱਗ ਰਹੀ ਸੀ। ਮੈਂ ਲਗਾਤਾਰ ਆਪਣੀ ਸੀਟ ਬਦਲ ਰਹੀ ਸੀ। ਜਦੋਂ ਸੂਰਜ ਚੜ੍ਹਦਾ ਤਾਂ ਮੈਂ ਅੱਗੇ ਬਹਿੰਦੀ ਅਤੇ ਬਾਕੀ ਸਮਾਂ ਆਪਣੀ ਮਾਂ ਅਤੇ ਪਿਤਾ ਦੇ ਵਿਚਕਾਰ ਨਿੱਘੀ ਹੋ ਬੈਠੀ ਰਹਿੰਦੀ,” 9 ਸਾਲਾ ਅਸ਼ਪ੍ਰੀਤ ਜੋਸ਼ੀਲੀ ਅਵਾਜ਼ ਵਿੱਚ ਇੱਕੋ ਸਾਹੇ ਬੋਲ ਰਹੀ ਸੀ। ਅਸ਼ਪ੍ਰੀਤ ਆਪਣੀ ਵੱਡੀ ਭੈਣ ਤੇ ਮਾਪਿਆਂ ਨਾਲ਼ ਸਿੰਘੂ ਬਾਰਡਰ ਵਿਖੇ ਪੁੱਜੀ ਸੀ ਤਾਂਕਿ 26 ਜਨਵਰੀ ਦੀ ਟਰੈਕਟਰ ਰੈਲੀ ਵਿੱਚ ਹਿੱਸਾ ਲੈ ਸਕੇ। ਪਰਿਵਾਰ ਦੀ 400 ਕਿਲੋਮੀਟਰ ਤੋਂ ਵੀ ਵੱਧ ਦੀ ਇਹ ਯਾਤਰਾ ਗੁਰਦਾਸਪੁਰ ਜ਼ਿਲ੍ਹੇ ਤੋਂ ਸ਼ੁਰੂ ਹੋਈ ਜੋ ਉਨ੍ਹਾਂ ਮੋਟਰਸਾਈਕਲ ‘ਤੇ ਤੈਅ ਕੀਤੀ ਗਈ। ਲਖਵੀਰ ਸਿੰਘ (ਅਸ਼ਪ੍ਰੀਤ ਦੇ ਪਿਤਾ) ਉੱਚਾ ਧਕਾਲਾ ਪਿੰਡ ਵਿਖੇ ਇੱਕ ਕਿਸਾਨ ਹਨ।

ਅਸ਼ਪ੍ਰੀਤ (ਸਾਹਮਣੇ ਵਾਲ਼ੇ ਪਾਸੇ), ਉਹਦੀ ਵੱਡੀ ਭੈਣ ਜਸਕਰਨ ਪ੍ਰੀਤ ਅਤੇ ਉਨ੍ਹਾਂ ਦੇ ਪਿਤਾ ਲਖਵੀਰ ਬੜੇ ਫਖ਼ਰ ਨਾਲ਼ ਪੰਜਾਬ ਕਿਸਾਨ ਯੂਨੀਅਨ ਦੇ ਹਰੇ ਝੰਡੇ ਨੂੰ ਫੜ੍ਹੀ ਖੜ੍ਹੇ ਹਨ

ਅਸ਼ਪ੍ਰੀਤ ਸੁਵਾਮੀ ਸਰੂਪਾਨੰਦ ਸੀਨੀਅਰ ਸੈਕੰਡਰੀ ਸਕੂਲ, ਖੁੱਡਾਪੁਰ ਗੁਰਦਾਸਪੁਰ ਦੀ ਚੌਥੀ ਜਮਾਤ ਦੀ ਵਿਦਿਆਰਥਣ ਹੈ। ਅਸ਼ਪ੍ਰੀਤ ਕਹਿੰਦੀ ਹੈ,“ਮੇਰੀਆਂ ਸਹੇਲੀਆਂ ਤੇ ਮੈਂ ਰੈਲੀ ਬਾਰੇ ਗੱਲਾਂ ਕਰਿਆ ਕਰਦੀਆਂ ਸਾਂ ਅਤੇ ਦੇਖੋ, ਅਖੀਰ ਮੈਨੂੰ ਇੱਥੇ ਆਉਣ ਦਾ ਮੌਕਾ ਮਿਲ਼ ਹੀ ਗਿਆ।” ਉਸਦੀਆਂ ਸਹੇਲੀਆਂ ਵੀ ਟਰੈਕਟ ਰੈਲੀ ‘ਤੇ ਆਉਣ ਦੀ ਯੋਜਨਾ ਬਣਾ ਰਹੀਆਂ ਸਨ।

ਸਰਕਾਰ ਅੱਗੇ ਤਿੰਨੋਂ ਖੇਤੀ ਕਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ 26 ਨਵੰਬਰ 2020 ਤੋਂ ਲੱਖਾਂ ਹੀ ਕਿਸਾਨ ਦਿੱਲੀ ਦੀਆਂ ਬਰੂਹਾਂ ‘ਤੇ ਪੈਂਦੇ ਸਿੰਘੂ, ਟੀਕਰੀ ਅਤੇ ਗਾਜੀਪੁਰ ਬਾਰਡਰਾਂ ਵਿਖੇ ਧਰਨਾ ਲਾਈ ਬੈਠੇ ਰਹੇ ਹਨ। ਕਿਸਾਨ 26 ਜਨਵਰੀ 2021 ਨੂੰ ਨਿਰਧਾਰਤ ਰੂਟਾਂ ‘ਤੇ ਸ਼ਾਂਤੀਪੂਰਵਕ ਟਰੈਕਟਰ ਰੈਲੀ ਕੱਢ ਕੇ ਇਤਿਹਾਸ ਸਿਰਜਣ ਜਾ ਰਹੇ ਸਨ। ਸਿੰਘੂ, ਟੀਕਰੀ ਅਤੇ ਗਾਜ਼ੀਪੁਰ ਬਾਰਡਰਾਂ ਤੋਂ ਹਰੀ ਝੰਡੀ ਦਿਖਾਏ ਜਾਣ ਤੋਂ ਬਾਅਦ ਇਨ੍ਹਾਂ ਟਰੈਕਟਰਾਂ ਨੇ ਕੇਂਦਰੀ ਦਿੱਲੀ ਦੇ ਰਾਜਪਥ ਦੇ ਆਲ਼ੇ-ਦੁਆਲ਼ੇ ਘੁੰਮ ਘੁੰਮ ਕੇ ਰੈਲੀ ਕੱਢਣੀ ਸੀ।

“ਲੋਕ ਕਹਿੰਦੇ ਹਨ ਕਿ ਅਸੀਂ ਆਪਣੀਆਂ ਦੋਵਾਂ ਧੀਆਂ ਨੂੰ ਧਰਨੇ ‘ਤੇ ਕਿਉਂ ਲਿਆਏ- ਅਸੀਂ ਇੱਥੇ ਸਿਰਫ਼ ਅਸ਼ਪ੍ਰੀਤ ਦੇ ਜ਼ੋਰ ਦੇਣ ਕਾਰਨ ਹੀ ਹਾਂ,” ਲਖਵੀਰ ਨੇ ਕਿਹਾ। ਉਨ੍ਹਾਂ ਨੇ ਅਸ਼ਪ੍ਰੀਤ ਦੇ ਸਕੂਲ ਦੇ ਪ੍ਰਿੰਸੀਪਲ ਨਾਲ਼ ਗੱਲਬਾਤ ਕੀਤੀ ਅਤੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਨੇ 10 ਦਿਨ ਜਾਂ ਵੱਧ ਦਿਨਾਂ ਲਈ ਕਿਤੇ ਬਾਹਰ ਜਾਣਾ ਹੈ। “ਪ੍ਰਿੰਸਪੀਲ ਸਮਝ ਗਏ ਕਿਉਂਕਿ ਉਹ ਵੀ ਸਾਡੇ ਪਿੰਡ ਦੇ ਹੀ ਹਨ ਅਤੇ ਸਾਰੇ ਹਾਲਾਤਾਂ ਤੋਂ ਬਾਖ਼ੂਬੀ ਵਾਕਫ਼ ਹਨ,” ਉਨ੍ਹਾਂ ਕਿਹਾ।

ਪਰਿਵਾਰ ਨੇ ਸਿੰਘੂ ਬਾਰਡਰ ਚੁਣਿਆ, ਜੋ ਦਿੱਲੀ ਹਰਿਆਣਾ ਦੇ ਬਾਰਡਰ ‘ਤੇ ਹੈ। 39 ਸਾਲਾ ਲਖਵੀਰ ਆਪਣੇ ਬਜਾਜ ਪਲੇਟਿਨਾ ਮੋਟਰਸਾਈਕਲ ‘ਤੇ ਸਵਾਰ ਹੋ ਕੇ ਸਣੇ ਪਰਿਵਾਰ ਇੱਥੋਂ ਤੱਕ ਆਏ। ਉਨ੍ਹਾਂ ਨੇ ਰਾਤ ਫਤਹਿਗੜ੍ਹ ਸਾਹਬ ਬਿਤਾਈ ਅਤੇ ਟੋਲ ਪਲਾਜਿ਼ਆਂ ‘ਤੇ ਲੰਗਰ ਛੱਕਦੇ ਹੋਏ ਆਏ।

ਜ਼ਿਲ੍ਹਾ ਗੁਰਦਾਸਪੁਰ ਦੇ ਦੋਰੰਗਾਲਾ ਬਲਾਕ ਵਿਖੇ ਪੈਂਦੇ ਉੱਚਾ ਧਕਾਲਾ ਪਿੰਡ ਦੇ ਇਸ ਪਰਿਵਾਰ ਕੋਲ਼ ਕੋਈ ਉੱਕੀ-ਪੁੱਕੀ ਚਾਰ ਏਕੜ ਜ਼ਮੀਨ ਹੈ। “ਅਸੀਂ ਮੌਸਮ ਅਨੁਸਾਰ ਕਣਕ ਤੇ ਝੋਨਾ ਬੀਜਦੇ ਹਾਂ। ਮੇਰੇ ਕੋਲ਼ ਇੱਕ ਕਿਆਰੀ ਹੈ ਜਿਸ ਵਿੱਚ ਅਸੀਂ ਘਰ ਦੀ ਵਰਤੋਂ ਲਈ ਸਬਜ਼ੀਆਂ ਬੀਜਣ ਦੇ ਨਾਲ਼ ਘਰੇਲੂ ਉਪਯੋਗ ਲਈ ਹਲਦੀ, ਧਨੀਆ, ਕਈ ਵਾਰੀ ਤਿਲ, ਹਿਨਾ ਅਤੇ ਹੋਰ ਦੂਜੇ ਪੌਦੇ ਬੀਜਦੇ ਹਾਂ। ਮੇਰੀਆਂ ਧੀਆਂ ਹੀ ਇਨ੍ਹਾਂ ਕਿਆਰੀਆਂ ਦੀ ਦੇਖਭਾਲ਼ ਕਰਦੀਆਂ ਹਨ,” ਅਸ਼ਪ੍ਰੀਤ ਦੀ ਮਾਂ ਬਲਜੀਤ ਕੌਰ ਕਹਿੰਦੀ ਹਨ।

“ਕਿਸਾਨ ਪਰਿਵਾਰ ਵਿੱਚ ਹਰ ਕੋਈ ਕਿਸਾਨ ਹੀ ਹੁੰਦਾ ਹੈ। ਧੀਆਂ ਖੇਤ ਵਿੱਚ ਭੱਤਾ ਲੈ ਕੇ ਆਉਂਦੀਆਂ ਹਨ, ਬਿਜਾਈ ਤੋਂ ਪਹਿਲਾਂ ਗੋਹੇ ਦੀ ਰੂੜੀ ਅਤੇ ਖਾਦ ਖਿਲਾਰਣ ਵਿੱਚ ਮਦਦ ਕਰਦੀਆਂ ਹਨ, ਪੱਕੀ ਫ਼ਸਲ ਦੀਆਂ ਭਰੀਆਂ ਬੰਨ੍ਹਣ ਅਤੇ ਡੰਗਰਾਂ ਲਈ ਚਾਰਾ ਕੱਟਣ ਵਿੱਚ ਵੀ ਮਦਦ ਕਰਦੀਆਂ ਹਨ। ਸਾਰਾ ਪਰਿਵਾਰ ਇਕੱਠਿਆਂ ਹੀ ਖੇਤਾਂ ਵਿੱਚ ਕੰਮ ਕਰਦੇ ਹਾਂ,” ਉਨ੍ਹਾਂ ਨੇ ਕਿਹਾ।

36 ਸਾਲਾ ਬਲਜੀਤ ਕੌਰ ਦੱਸਦੀ ਹਨ ਕਿ ਮੋਟਰਸਾਈਕਲ ਦੇ ਇੰਨੇ ਲੰਬੇ ਸਫ਼ਰ ਕਾਰਨ ਉਨ੍ਹਾਂ ਦੇ ਗੋਡੇ ਦੁੱਖਣ ਲੱਗ ਪਏ ਹਨ ਅਤੇ ਠੰਡ ਸਹਿਣੀ ਵੀ ਔਖ਼ੀ ਹੁੰਦੀ ਜਾਂਦੀ ਸੀ। ਉਹ ਪੰਜਾਬ ਕਿਸਾਨ ਯੂਨੀਅਨ ਦੀ ਧੰਨਵਾਦੀ ਹਨ ਜਿਨ੍ਹਾਂ ਨੇ ਉਨ੍ਹਾਂ ਨੂੰ ਟਰਾਲੀ ਵਿੱਚ ਬਿਠਾ ਲਿਆ। “ਅਸੀਂ ਇੰਨੇ ਥੱਕ ਚੁੱਕੇ ਸਾਂ ਕਿ ਟਰਾਲੀ ਵਿੱਚ ਬਹਿੰਦਿਆਂ ਹੀ ਸਾਨੂੰ ਨੀਂਦ ਆ ਗਈ। ਟਰਾਲੀ ਦੇ ਅੰਦਰ ਭੋਰਾ ਵੀ ਠੰਡ ਨਹੀਂ ਲੱਗੀ ਕਿਉਂਕਿ ਇਹਨੂੰ ਤਿੰਨਾਂ ਪਾਸਿਓਂ ਤੋਂ ਢੱਕਿਆ ਹੋਇਆ ਸੀ। ਅਸੀਂ ਇੱਕ ਕੰਬਲ ਹੇਠਾਂ ਵਿਛਾ ਕੇ ਦੋ ਕੰਬਲ਼ ਤਾਣ ਲਏ। ਜਿਓਂ ਹੀ ਅਸੀਂ ਸਿੰਘੂ ਪੁੱਜੇ, ਆਪਣੇ ਕੱਪੜੇ ਅਸਾਂ ਉੱਥੇ ਹੀ ਸੇਵਾ ਵਿੱਚੋਂ ਧੁਆ ਲਏ। ਉੱਥੇ (ਧਰਨਾ-ਸਥਲ) ਹਰ ਸ਼ੈਅ ਬੜੇ ਕਰੀਨੇ ਨਾਲ਼ ਟਿਕਾਈ ਹੋਈ ਹੈ ਅਤੇ ਸੜਕੋਂ ਪਾਰ ਗ਼ੁਸਲਖਾਨਿਆਂ ਦੀ ਇੱਕ ਪੂਰੀ ਦੀ ਪੂਰੀ ਕਤਾਰ ਹੈ।”

ਅਸ਼ਪ੍ਰੀਤ ਦੀ 15 ਸਾਲਾ ਭੈਣ ਜਸ਼ਨਪ੍ਰੀਤ ਕੌਰ ਗੁਰਦਾਸਪੁਰ ਦੇ ਮਗਰ ਮੁੰਡੀਆ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਨੌਵੀਂ ਜਮਾਤ ਵਿੱਚ ਪੜ੍ਹਦੀ ਹੈ। ਉਹ ਕਹਿੰਦੀ ਹੈ ਕਿ ਉਸਨੂੰ ਆਪਣਾ ਭਵਿੱਖ ਖੇਤੀਬਾੜੀ ਵਿੱਚ ਹੀ ਨਜ਼ਰ ਆਉਂਦਾ ਹੈ। “ਮੈਂ ਕਿਸਾਨ ਬਣਨਾ ਚਾਹੁੰਦੀ ਹਾਂ ਕਿਉਂਕਿ ਕਿਸਾਨ ਹੀ ਹਨ ਜੋ ਭੋਜਨ ਉਗਾਉਂਦੇ ਹਨ ਅਤੇ ਸਾਰਿਆਂ ਦਾ ਢਿੱਡ ਭਰਦੇ ਹਨ,” ਉਹਦੀ ਮਾਂ ਦਾ ਕਹਿਣਾ ਹੈ ਕਿ ਜਸਕਰਨ ਸਬਜ਼ੀਆਂ ਦੀਆਂ ਕਿਆਰੀਆਂ ਦੀ ਦੇਖਭਾਲ਼ ਕਰਦੀ ਹੈ।

ਸਾਡੀ ਵਾਰਤਾਲਾਪ ਦੀ ਝਰੀਟੀ ਸੰਖੇਪ ਲਿਖਤ ਨੂੰ ਦੇਖਦਿਆਂ, ਜਸ਼ਨਪ੍ਰੀਤ ਕਹਿੰਦੀ ਹੈ,“ਮੈਂ ਵੀ ਲਿਖਦੀ ਹਾਂ। ਮੈਂ ਆਪਣੀਆਂ ਲਿਖਤਾਂ ਤੁਹਾਨੂੰ ਦਿਖਾਉਣਾ ਚਾਹੁੰਦੀ ਸਾਂ ਪਰ ਮੈਂ ਆਪਣੀ ਡਾਇਰੀ ਘਰ ਭੁੱਲ ਗਈ। ਮੈਂ ਆਪਣੀਆਂ ਕਿਤਾਬਾਂ ਵੀ ਨਾ ਲਿਆ ਸਕੀ ਕਿਉਂਕਿ ਮੋਟਰਸਾਈਕਲ ‘ਤੇ ਜਗ੍ਹਾ ਥੋੜ੍ਹੀ ਸੀ। ਮੈਂ ਇੱਕ ਦਰੱਖਨੁਮਾ ਪ੍ਰੋਜੈਕਟ ਬਣਾਉਣ ਬਾਰੇ ਸੋਚ ਰਹੀ ਹਾਂ ਜਿਸ ਦੀਆਂ ਟਹਿਣੀਆਂ ‘ਤੇ 32 ਜੱਥੇਬੰਦੀਆਂ ਦੇ ਲੀਡਰਾਂ ਅਤੇ ਉਨ੍ਹਾਂ ਦੇ ਕੰਮਾਂ ਦਾ ਸਿਲਸਿਲੇਵਾਰ ਵੇਰਵਾ ਦਰਜ ਕਰਾਂਗੀ।”

26 ਜਨਵਰੀ ਨੂੰ ਲਖਵੀਰ ਦੇ ਮੋਟਰਸਾਈਕਲ, ਰੈਲੀ ਵਿੱਚ ਸਾਮਲ ਹੋਣ ਜਾ ਰਹੇ ਟਰੈਕਟਰਾਂ ‘ਤੇ ਪੈਟਰੋਲ ਪਹੁੰਚਾਉਣ ਦੀ ਸੇਵਾ ਵਿੱਚ ਲੱਗ ਗਿਆ ਜਿਸ ਕਾਰਨ ਉਨ੍ਹਾਂ ਨੂੰ ਰੈਲੀ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਮਿਲਿਆ। ਅਸ਼ਪ੍ਰੀਤ ਨਿਰਾਸ਼ ਸੀ ਪਰ ਸਾਰੇ ਟਰੈਕਟਰਾਂ ਨੂੰ ਇੰਝ ਕਤਾਰਬੱਧ ਹੋਇਆਂ ਦੇਖ ਬੜੀ ਖੁਸ਼ੀ ਹੋ ਗਈ।

ਮੋਟਰਸਾਈਕਲ ‘ਤੇ ਸਵਾਰ ਅਸ਼ਪ੍ਰੀਤ ਆਪਣੇ ਪਰਿਵਾਰ ਦੇ ਨਾਲ਼। ਪਰਿਵਾਰ ਨੇ ਟਰੈਕਟਰ ਰੈਲੀ ਵਿੱਚ ਸ਼ਾਮਲ ਹੋਣ ਲਈ ਗੁਰਦਾਸਪੁਰ ਤੋਂ ਸਿੰਘੂ ਤੱਕ ਦਾ 400 ਕਿਲੋਮੀਟਰ ਦਾ ਸਫ਼ਰ ਇਵੇਂ ਹੀ ਪੂਰਾ ਕੀਤਾ;ਰੈਲੀ ਵਾਲ਼ੇ ਦਿਨ, ਉਨ੍ਹਾਂ ਨੂੰ ਪਿਛਾਂਹ ਹੀ ਰੁਕਣਾ ਪਿਆ ਕਿਉਂਕਿ ਲਖਵੀਰ ਦਾ ਮੋਟਰਸਾਈਕਲ ਰੈਲੀ ਵਿੱਚ ਸਾਮਲ ਹੋਣ ਜਾ ਰਹੇ ਟਰੈਕਟਰਾਂ ‘ਤੇ ਪੈਟਰੋਲ ਪਹੁੰਚਾਉਣ ਦੀ ਸੇਵਾ ਵਿੱਚ ਲਾ ਦਿੱਤਾ ਗਿਆ। ਫ਼ੋਟੋ: ਸੌਮਿਆ ਠਾਕੁਰ

ਲਖਵੀਰ ਅਤੇ ਬਲਜੀਤ ਕਹਿੰਦੇ ਹਨ ਕਿ ਉਹ ਇਓਂ ਹੀ ਇੱਕ ਪਰਿਵਾਰ ਵਜੋਂ ਆਉਣਾ ਚਾਹੁੰਦੇ ਸਨ। “ਅਸੀਂ ਆਉਣ ਵਾਲ਼ੀਆਂ ਪੀੜ੍ਹੀਆਂ (ਤੁਹਾਡੀ ਅਤੇ ਮੇਰੇ ਬੱਚਿਆਂ ਦੀ) ਲਈ ਸੁਰੱਖਿਆ ਕਵਚ ਬਣਨਾ ਚਾਹੁੰਦੇ ਹਾਂ,” ਲਖਵੀਰ ਨੇ ਕਿਹਾ। “ਅਸੀਂ ਜਾਣਦੇ ਹਾਂ ਕਿ ਸਿੱਖਿਆ ਦੇ ਨਿੱਜੀਕਰਨ ਤੋਂ ਬਾਅਦ ਕੀ ਹੋਵੇਗਾ- ਤੁਹਾਨੂੰ ਪ੍ਰਾਈਵੇਟ ਕਾਲਜਾਂ ਵਿੱਚ ਫੀਸਾਂ ਭਰ ਕੇ ਪ੍ਰਾਈਵੇਟ ਨੌਕਰੀਆਂ ਹੀ ਲੱਭਣੀਆਂ ਪੈਣਗੀਆਂ ਕਿਉਂਕਿ ਸਰਕਾਰੀ ਨੌਕਰੀਆਂ ਤਾਂ ਬਚੀਆਂ ਹੀ ਨਹੀਂ। ਜੇ ਅਸੀਂ ਅੱਜ ਨਾ ਮੌਕਾ ਨਾਲ ਸਾਂਭਿਆ ਤਾਂ ਖੇਤੀ ਦਾ ਹਸ਼ਰ ਵੀ ਇਹੀ ਹੋਣਾ ਹੈ।”

ਉਹ ਇਸ ਗੱਲੋਂ ਵੀ ਚਿੰਤਤ ਹਨ ਉਨ੍ਹਾਂ ਦੀ ਹੁਣ ਜੋ 2.5 ਲੱਖ ਦੀ ਸਲਾਨਾ ਆਮਦਨੀ ਹੈ ਉਹ ਮੰਡੀਆਂ ਦੇ ਨਿੱਜੀਕਰਨ ਤੋਂ ਬਾਅਦ ਹੋਰ ਘੱਟ ਜਾਵੇਗੀ ਅਤੇ ਇੱਕ ਸਮਾਂ ਅਜਿਹਾ ਵੀ ਆਵੇਗਾ ਜਦੋਂ ਉਨ੍ਹਾਂ ਨੂੰ ਆਪਣਾ ਹੀ ਬੀਜਿਆ ਅਨਾਜ ਮਹਿੰਗੇ ਭਾਵਾਂ ‘ਤੇ ਖਰੀਦਣਾ ਪਵੇਗਾ। ਉਨ੍ਹਾਂ ਦਾ ਇਹ ਖ਼ਦਸ਼ਾ ਹਾਲੀਆ ਸਮੇਂ ਸਰਕਾਰ ਦੁਆਰਾ ਪਾਸ ਹੋਏ ਖੇਤੀ ਕਨੂੰਨਾਂ ਨੂੰ ਲੈ ਕੇ ਹੈ। ਖੇਤੀ ਬਿੱਲ ਹਨ: ਕਿਸਾਨ ਉਪਜ ਵਪਾਰ ਅਤੇ ਵਣਜ (ਪ੍ਰੋਤਸਾਹਨ ਅਤੇ ਸਰਲੀਕਰਣ) ਬਿੱਲ, 2020 ; ਕਿਸਾਨ (ਸ਼ਕਤੀਕਰਣ ਅਤੇ ਸੁਰੱਖਿਆ) ਕੀਮਤ ਭਰੋਸਾ ਅਤੇ ਖੇਤੀ ਸੇਵਾ ‘ਤੇ ਕਰਾਰ ਬਿੱਲ, 2020 ; ਅਤੇ ਲਾਜ਼ਮੀ ਵਸਤਾਂ (ਸੋਧ) ਬਿੱਲ, 2020 । 5 ਜੂਨ 2020 ਨੂੰ ਪਹਿਲਾਂ ਇਹ ਬਿੱਲ ਆਰਡੀਨੈਂਸ ਦੇ ਰੂਪ ਵਿੱਚ ਪਾਸ ਹੋਏ, ਫਿਰ 14 ਸਤੰਬਰ ਨੂੰ ਸੰਸਦ ਵਿੱਚ ਖੇਤੀ ਬਿੱਲਾਂ ਵਜੋਂ ਪੇਸ਼ ਕੀਤੇ ਗਏ ਅਤੇ ਮਹੀਨੇ ਦੀ 20 ਤਰੀਕ ਆਉਂਦੇ ਆਉਂਦੇ ਬਗ਼ੈਰ ਵਿਰੋਧੀ ਧਿਰ ਦੀ ਗੱਲ ਸੁਣਿਆ ਤੁਰਤ-ਫੁਰਤ ਕਨੂੰਨ ਬਣਾ ਦਿੱਤੇ ਗਏ।

ਲਖਵੀਰ ਖਿੜ੍ਹੀ ਸਰ੍ਹੋਂ ਅਤੇ ਹਰੀ ਹਰੀ ਝੂਮਦੀ ਕਣਕ ਦੀਆਂ ਕਿਆਰੀਆਂ ਦੇ ਐਨ ਵਿਚਕਾਰ। ਫ਼ੋਟੋ ਜਸਕਰਨਪ੍ਰੀਤ ਕੌਰ ਅਤੇ ਅਸ਼ਪ੍ਰੀਤ ਕੌਰ ਵੱਲੋਂ

ਇਨ੍ਹਾਂ ਨਵੇਂ ਕਨੂੰਨਾਂ ਨੇ ਕਾਸ਼ਤਕਾਰਾਂ (ਕਿਸਾਨਾਂ) ਨੂੰ ਗੁੱਸੇ ਵਿੱਚ ਲੈ ਆਂਦਾ ਹੈ, ਜੋ ਇਨ੍ਹਾਂ ਨੂੰ ਆਪਣੀ ਆਜੀਵਿਕਾ ਦੇ ਲਈ ਤਬਾਹੀ ਦੇ ਰੂਪ ਵਿੱਚ ਦੇਖ ਰਹੇ ਹਨ ਕਿਉਂਕਿ ਇਹ ਕਨੂੰਨ ਵੱਡੇ ਕਾਰਪੋਰੇਟਾਂ ਨੂੰ ਕਿਸਾਨਾਂ ਅਤੇ ਖੇਤੀ ‘ਤੇ ਜ਼ਿਆਦਾ ਹੱਕ ਪ੍ਰਦਾਨ ਕਰਦੇ ਹਨ। ਇਹ ਕਨੂੰਨ ਘੱਟੋ-ਘੱਟ ਸਮਰਥਨ ਮੁੱਲ (MSP), ਖੇਤੀ ਪੈਦਾਵਾਰ ਮਾਰਕੀਟਿੰਗ ਕਮੇਟੀਆਂ (APMCs), ਰਾਜ ਦੁਆਰਾ ਖਰੀਦ ਆਦਿ ਸਣੇ, ਕਿਸਾਨਾਂ ਦੀ ਸਹਾਇਤਾ ਕਰਨ ਵਾਲ਼ੇ ਮੁੱਖ ਰੂਪਾਂ ਨੂੰ ਵੀ ਕਮਜ਼ੋਰ ਕਰਦੇ ਹਨ। ਇਨ੍ਹਾਂ ਕਨੂੰਨਾਂ ਦੀ ਇਸਲਈ ਵੀ ਅਲੋਚਨਾ ਕੀਤੀ ਜਾ ਰਹੀ ਹੈ ਕਿਉਂਕਿ ਇਹ ਭਾਰਤ ਦੇ ਸੰਵਿਧਾਨ ਦੀ ਧਾਰਾ 32 ਨੂੰ ਕਮਜ਼ੋਰ ਕਰਦਿਆਂ ਸਾਰੇ ਨਾਗਰਿਕਾਂ ਦੇ ਕਨੂੰਨੀ ਉਪਚਾਰ ਅਧਿਕਾਰਾਂ ਨੂੰ ਅਯੋਗ ਕਰਾਰ ਦਿੰਦੇ ਹਨ

ਪਰਿਵਾਰ ਨੇ ਆਪਣੇ ਘਰ ਨੂੰ ਤਾਲਾ ਲਾਇਆ ਅਤੇ ਰੈਲੀ ਵਿੱਚ ਆ ਗਏ। “ਪਿਛਾਂਹ ਪਿੰਡ ਵਿੱਚ ਕੋਈ ਵੀ ਨਹੀਂ ਬਚਿਆ ਤੇ ਸਾਰੇ ਹੀ ਰੈਲੀ ਵਿੱਚ ਆ ਗਏ। ਪਹਿਲਾਂ ਤੁਹਾਨੂੰ ਸੋਚਣਾ ਪੈਂਦਾ ਸੀ ਕਿ ਜਦੋਂ ਤੁਸੀਂ ਬਾਹਰ ਹੋਵੋ ਤਾਂ ਮਗਰ ਘਰੇ ਕੋਈ ਨਾ ਕੋਈ ਜ਼ਰੂਰ ਹੋਵੇ। ਪਰ ਇਸ ਵਾਰ ਕਿਸੇ ਨੇ ਕੋਈ ਪਰਵਾਹ ਨਹੀਂ ਕੀਤੀ; ਜੇ ਕੋਈ ਘਰ ਲੁੱਟਣਾ ਚਾਹੁੰਦਾ ਤਾਂ ਲੁੱਟ ਸਕਦਾ ਹੈ; ਵੈਸੇ ਵੀ ਇਨ੍ਹਾਂ ‘ਕਾਲ਼ੇ’ ਕਨੂੰਨਾਂ ਦੇ ਆਉਣ ਤੋਂ ਬਾਅਦ ਕਿਹੜਾ ਕੁਝ ਬਚਣਾ ਹੈ?” ਲਖਵੀਰ ਨੇ ਕਿਹਾ।

ਧਰਨੇ ਵਾਸਤੇ ਨਿਕਲਣ ਤੋਂ ਪਹਿਲਾਂ ਉਹ ਕਹਿੰਦੇ ਹਨ ਕਿ ਉਨ੍ਹਾਂ ਨੇ ਮੋਟਰ ਚਲਾ ਕੇ ਕਣਕ ਦੀ ਉੱਗੀ ਫਸਲ ਨੂੰ ਪਾਣੀ ਦਿੱਤਾ। ਉਨ੍ਹਾਂ ਨੂੰ ਉਮੀਦ ਹੈ ਕਿ ਆਉਣ ਵਾਲ਼ਾ ਸਮਾਂ ਨਾ ਸਿਰਫ਼ ਚੰਗਾ ਝਾੜ ਉਗਾਵੇਗਾ ਸਗੋਂ ਨਵੇਂ ਕਨੂੰਨਾਂ ਨੂੰ ਵੀ ਵਾਪਸ ਲਵੇਗਾ ਜੋ ਉਨ੍ਹਾਂ ਦੇ ਬੱਚਿਆਂ ਦੇ ਰੌਸ਼ਨ ਭਵਿੱਖ ਨੂੰ ਪ੍ਰਭਾਵਤ ਕਰਨਗੇ। “ਅਸੀਂ ਸਾਰੇ ਆਪਣੇ ਬੱਚਿਆਂ ਲਈ ਹੀ ਤਾਂ ਧਰਨੇ ‘ਤੇ ਬੈਠੇ ਹਾਂ,” ਉਨ੍ਹਾਂ ਕਿਹਾ।

ਕਹਾਣੀ ਮੂਲ਼ ਰੂਪ ਨਾਲ਼ 12 ਫ਼ਰਵਰੀ 2021 ਨੂੰ ਪ੍ਰਕਾਸ਼ਤ ਹੋਈ ਸੀ ਅਤੇ ਇਹਦੇ ਕੁਝ ਨਾਵਾਂ ਦੀ ਸਪੈਲਿੰਗ ਗਲ਼ਤ ਹਨ। ਇਨ੍ਹਾਂ ਤਰੁੱਟੀਆਂ ਲਈ ਸਾਨੂੰ ਖੇਦ ਹੈ।

Editor's note

ਸੌਮਿਆ ਠਾਕੁਰ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਬੀਬੀਐੱਲਐੱਲਬੀ ਦੇ ਚੌਥੇ ਸਾਲ ਦੀ ਵਿਦਿਆਰਥਣ ਹਨ। ਉਹ ਕਿਸਾਨੀ ਪਰਿਵਾਰ ਨਾਲ਼ ਤਾਅਲੁੱਕ ਰੱਖਦੀ ਹਨ ਅਤੇ ਲਿੰਗ ਸੰਵੇਦਨਸ਼ੀਲਤਾ ਅਤੇ ਨਾਗਰਿਕਤਾ ਖੇਤਰਾਂ ਵਿੱਚ ਵਿਦਿਆਰਥੀਆਂ ਸਰਗਰਮੀ ਵਿੱਚ ਸ਼ਾਮਲ ਰਹੀ ਹਨ। ਉਹ ਕਹਿੰਦੀ ਹਨ: “ਮੈਂ ਇਸ ਪ੍ਰਦਰਸ਼ਨ ਦਾ ਡਾਕਿਊਮੈਂਟ ਕਰਨ ਖ਼ਾਤਰ ਛੱਤੀਸਗੜ੍ਹ ਤੋਂ ਸਿੰਘੂ ਆਈ। ਸਿੰਘੂ ਵਿਖੇ ਪੰਜਾਬ ਕਿਸਾਨ ਯੂਨੀਅਨ ਦੀ ਬੈਠਕ ਵਿੱਚ, ਮੈਂ ਇਸ ਪਰਿਵਾਰ ਬਾਰੇ ਸੁਣਿਆ ਅਤੇ ਇਨ੍ਹਾਂ ਬਾਰੇ ਲਿਖਣ ਦਾ ਇਰਾਦਾ ਬਣਾਇਆ। ਮੈਂ ਪੀ.ਸਾਈਨਾਥ ਦੀ ਕਿਤਾਬ Everybody loves a good drought ਪੜ੍ਹ ਰਹੀ ਹਾਂ ਅਤੇ ਇੰਝ ਮੈਂ ਹਾਸ਼ੀਆਗਤ ਲੋਕਾਂ ਬਾਰੇ ਲਿਖਣ ਲਈ ਪ੍ਰੇਰਣਾ ਲੈ ਰਹੀ ਹਾਂ।”  

ਨਿਰਮਲਜੀਤ ਕੌਰ ਪੰਜ ਤੋਂ ਹਨ। ਉਹ ਇੱਕ ਅਧਿਆਪਕਾ ਹਨ ਅਤੇ ਪਾਰਟ ਟਾਈਮ ਅਨੁਵਾਦਕ ਦਾ ਕੰਮ ਕਰਦੀ ਹਨ। ਉਹ ਸੋਚਦੀ ਹਨ ਕਿ ਬੱਚੇ ਹੀ ਸਾਡਾ ਆਉਣ ਵਾਲ਼ਾ ਕੱਲ੍ਹ ਹੈ ਸੋ ਉਹ ਬੱਚਿਆਂ ਨੂੰ ਪੜ੍ਹਾਈ ਦੇ ਨਾਲ਼ ਨਾਲ਼ ਚੰਗੇ ਵਿਚਾਰ ਵੀ ਦਿੰਦੀ ਹਨ।