ਸਵੇਰ ਦੇ 4:30 ਵਜੇ ਦਾ ਵੇਲ਼ਾ ਹੈ। ਅਜੇ ਚਿੜੀਆਂ ਨੇ ਚਹਿਕਣਾ ਸ਼ੁਰੂ ਨਹੀਂ ਕੀਤਾ, ਪਰ ਪਾਣੀ ਵਹਿਣ, ਸਟੀਲ ਅਤੇ ਪਲਾਸਟਿਕ ਦੀਆਂ ਬਾਲਟੀਆਂ ਦੇ ਆਪਸ ਵਿੱਚ ਟਕਰਾਉਣ ਦੀਆਂ ਅਵਾਜ਼ਾਂ ਆਉਣ ਲੱਗੀਆਂ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਆਇਯਾਸੀ ਗੋਰਾਵਾਸ ਦੀਆਂ ਔਰਤਾਂ ਜਾਗ ਚੁੱਕੀਆਂ ਹਨ।

ਸੁਮਿਤਰਾ (ਇੰਨਾ ਨਾਮ ਹੀ ਵਰਤਦੀ ਹਨ) ਮੁੱਖ ਸੜਕ ‘ਤੇ ਪੈਂਦੀ ਸਰਕਾਰੀ ਟੂਟੀ ਤੋਂ ਇੱਕ ਛੋਟੇ ਜਿਹੇ ਡੱਬੇ ਵਿੱਚ ਪਾਣੀ ਭਰ ਰਹੀ ਹਨ, ਫਿਰ ਇਸੇ ਡੱਬੇ ਨਾਲ਼ ਉਹ ਸਟੀਲ ਦੀਆਂ ਬਾਲਟੀਆਂ ਅਤੇ ਪਲਾਸਟਿਕ ਜਾਂ ਮਿੱਟੀ ਦੇ ਕੁਝ ਭਾਂਡਿਆਂ ਨੂੰ ਭਰਦੀ ਹਨ।

ਇੱਥੇ ਪਾਣੀ ਦੀ ਸਪਲਾਈ ਦਾ ਇੱਕੋ-ਇੱਕ ਜ਼ਰੀਆ ਸਰਕਾਰੀ ਟੂਟੀ ਹੀ ਹੈ, ਪਰ ਪਾਣੀ ਆਉਣ ਦਾ ਸਮਾਂ ਅੱਡ-ਅੱਡ ਹੋ ਸਕਦਾ ਹੈ। ਰੇਵਾੜੀ ਜ਼ਿਲ੍ਹੇ ਦੇ ਜਟੂਸਾਨਾ ਤਹਿਸੀਲ ਵਿਖੇ ਪਾਣੀ ਜਮ੍ਹਾ ਕਰਨ ਲਈ ਲੋਕਾਂ ਨੂੰ ਆਪਣਾ ਕਿਆਸ ਲਾਉਣ ਦੀ ਸਮਰੱਥਾ, ਆਪਣੀ ਕਿਸਮਤ ਅਤੇ ਗੁਆਂਢੀਆਂ ਦੀ ਮਦਦ ‘ਤੇ ਨਿਰਭਰ ਰਹਿਣਾ ਪੈਂਦਾ ਹੈ ਤਾਂਕਿ ਪਾਣੀ ਜਾਣ ਤੋਂ ਪਹਿਲਾਂ ਪਹਿਲਾਂ ਲੋੜੀਂਦਾ ਪਾਣੀ ਜਮ੍ਹਾ ਕੀਤਾ ਜਾ ਸਕੇ। ਸੁਮਿਤਰਾ ਘਰ ਦੇ ਬਾਕੀ ਕੰਮ ਨਬੇੜਨ ਦੇ ਨਾਲ਼ ਨਾਲ਼ ਪਾਣੀ ਢੋਹਣ ਦਾ ਕੰਮ ਵੀ ਕਰਦੀ ਹਨ ਫਿਰ ਭਾਵੇਂ ਰਾਤ ਦੇ 11 ਵੱਜੇ ਹੋਣ ਜਾਂ ਕਦੇ ਰਾਤ ਦੇ 2 ਜਾਂ ਸਵੇਰ ਦੇ 4 ਚਾਰ ਹੀ ਕਿਉਂ ਨਾ ਵੱਜੇ ਹੋਣ। ਉਨ੍ਹਾਂ ਨੇ ਕਦੋਂ ਪਾਣੀ ਜਮ੍ਹਾ ਕਰਨਾ ਹੈ ਇਹ ਪਾਣੀ ਦੀ ਸਪਲਾਈ ਆਉਣ ‘ਤੇ ਨਿਰਭਰ ਕਰਦਾ ਹੈ।

ਉਹ ਕਿਸੇ ਵੀ ਦਿਨ ਨਾਗਾ ਨਹੀਂ ਪਾਉਂਦੀ ਅਤੇ ਇਸ ਕੰਮ ਵਾਸਤੇ ਕਿਸੇ ਹੋਰ ‘ਤੇ ਨਿਰਭਰ ਵੀ ਨਹੀਂ ਰਹਿੰਦੀ। ਅਸਲ ਵਿੱਚ, ਮੇਰੀ ਮਾਂ ਕਮਾਈ ਕਰਨ, ਖਾਣਾ ਪਕਾਉਣ ਅਤੇ ਪਰਿਵਾਰ ਦਾ ਢਿੱਡ ਭਰਨ ਦੇ ਮਾਮਲੇ ਵਿੱਚ ਕਿਸੇ ਦੂਸਰੇ ‘ਤੇ ਨਿਰਭਰ ਰਹਿੰਦੀ ਹੀ ਨਹੀਂ।

“ਕਹਾਂ ਸੇ ਦਿਨ ਸ਼ੁਰੂ ਕਹਾਂ ਖ਼ਤਮ, ਹਮੇਂ ਕੋਈ ਅੰਦਾਜ਼ਾ ਨਹੀਂ ”, ਉਹ ਕਹਿੰਦੀ ਹਨ। ਉਨ੍ਹਾਂ ਦੇ ਦਿਨ ਅਤੇ ਰਾਤ ਦੇ ਕਦੇ ਨਾ ਮੁੱਕਣ ਵਾਲ਼ੇ ਕੰਮ, ਸਕੂਨ ਦਾ ਇੱਕ ਪਲ ਬਾਕੀ ਨਹੀਂ ਰਹਿਣ ਦਿੰਦੇ। ਮਾਂ ਦੀ ਉਮਰ 55 ਸਾਲ ਹੈ ਅਤੇ ਉਨ੍ਹਾਂ ਦੇ ਚਾਰ ਬੱਚੇ ਹਨ- ਮੇਰਾ ਸਭ ਤੋਂ ਵੱਡਾ ਭਰਾ ਹਰਿਰਾਮ 29 ਸਾਲ ਅਤੇ ਮੇਰੀਆਂ ਭੈਣਾਂ ਮੰਜੂ ਕੁਮਾਰੀ (26 ਸਾਲਾ) ਅਤੇ ਰਿਤੂ (23 ਸਾਲਾ) ਹਨ। ਮੈਂ ਸਭ ਤੋਂ ਛੋਟਾ (21 ਸਾਲ) ਹਾਂ।

ਇੱਕ ਵਾਰ ਪਾਣੀ ਭਰਨ ਅਤੇ ਜਮ੍ਹਾ ਕਰਨ ਤੋਂ ਬਾਅਦ, ਸੁਮਿਤਰਾ ਚੁੱਲ੍ਹੇ ‘ਤੇ ਹੀ ਆਪਣੇ 6 ਮੈਂਬਰੀ ਪਰਿਵਾਰ ਵਾਸਤੇ ਸਵੇਰ ਦੀ ਸਬਜ਼ੀ ਅਤੇ ਰੋਟੀ ਬਣਾਉਣ ਲੱਗਦੀ ਹਨ। ਉਸ ਤੋਂ ਬਾਅਦ, ਉਹ ਕੰਮ ‘ਤੇ ਜਾਣ ਤੋਂ ਪਹਿਲਾਂ ਫਟਾਫਟ ਘਰ ਦੇ ਬਾਕੀ ਕੰਮ ਨਿਬੇੜਦੀ ਹਨ।

ਮੇਰੀ ਮਾਂ ਵਾਂਗਰ ਦਿਹਾੜੀ-ਧੱਪਾ ਕਰਨ ਵਾਲ਼ੇ ਮਜ਼ਦੂਰਾਂ ਦੇ ਇੱਕ ਇੱਕ ਮਿੰਟ ਦਾ ਹਿਸਾਬ ਰੱਖਿਆ ਜਾਂਦਾ ਹੈ, ਨਹੀਂ ਤਾਂ ਕੰਮ ਕਿਸੇ ਹੋਰ ਦੇ ਹੱਥ ਜਾਣ ਵਿੱਚ ਦੇਰ ਨਹੀਂ ਲੱਗਦੀ। ਇੱਥੋਂ ਤੱਕ ਕਿ ਉਹ ਆਪਣੇ ਲਈ ਬਣਾਈ ਚਾਹ ਨੂੰ ਵੀ ਇਕੋ ਡੀਕੇ ਪੀ ਜਾਂਦੀ ਹਨ। ਆਪਣੀਆਂ ਗੁਆਂਢਣਾਂ ਅਤੇ ਸਹਿ-ਕਰਮੀਆਂ ਨੂੰ ਅਵਾਜ਼ ਦਿੰਦੇ ਹੋਏ ਉਹ ਘਰੋਂ ਨਿਕਲ਼ ਜਾਂਦੀ ਹਨ, ਜਦੋਂਕਿ ਪਰਿਵਾਰ ਦੇ ਬਾਕੀ ਮੈਂਬਰ ਗਾਰੇ ਅਤੇ ਇੱਟਾਂ ਦੇ ਬਣੇ ਮਕਾਨ ਵਿੱਚ ਸੌਂ ਰਹੇ ਹੁੰਦੇ ਹਨ।

ਨਾਲ਼ ਵਾਲੇ ਘਰ ਵਿੱਚ 45 ਸਾਲਾ ਸ਼ਾਂਤਾ ਦੇਵੀ ਖਾਣਾ ਪਕਾ ਰਹੀ ਹਨ। ਪਰ ਮੇਰੀ ਮਾਂ ਦੀ ਅਵਾਜ਼ ਸੁਣਦਿਆਂ ਹੀ ਉਹ ਬਾਕੀ ਰਹਿੰਦਾ ਕੰਮ ਆਪਣੀ ਧੀ ਨੂੰ ਸੌਂਪ, ਭੱਜਦੀ ਹੋਈ ਟਕੈਰਟਰ ਕੋਲ਼ ਆ ਜਾਂਦੀ ਹਨ। ਟਰੈਕਟਰ ਜੋ ਜਿਮੀਂਦਾਰ ਨੇ ਇਨ੍ਹਾਂ ਮਜ਼ਦੂਰਾਂ ਨੂੰ ਲਿਆਉਣ ਲਈ ਭੇਜਿਆ ਹੈ। ਬੂਹੇ ਦੇ ਕੋਲ਼ ਠੁਕੇ ਕਿੱਲ ਤੋਂ ਆਪਣੀ ਮਰਦਾਂ ਦੀ ਕਮੀਜ਼ ਲਾਹ ਕੇ ਆਪਣੇ ਨਾਲ਼ ਰੱਖ ਲੈਂਦੀ ਹਨ, ਤਾਂਕਿ ਖੇਤਾਂ ਵਿੱਚ ਕੰਮ ਕਰਨ ਦੌਰਾਨ ਉੱਤੋਂ ਦੀ ਇਹ ਕਮੀਜ਼ ਪਾਈ ਜਾ ਸਕੇ ਅਤੇ ਘਰੋਂ ਬਾਹਰ ਜਾਂਦੇ ਵੇਲ਼ੇ ਚੁੰਨ੍ਹੀ ਨਾਲ਼ ਮੂੰਹ ਢੱਕ ਲੈਂਦੀ ਹਨ।

ਦੋਬਾਰਾ ਦੇਰੀ ਹੋ ਜਾਣ ਕਾਰਨ ਸ਼ਾਂਤਾ ਦਾ ਮੂਡ ਖ਼ਰਾਬ ਹੈ; ਅਜੇ ਤਾਂ ਪੂਰਾ ਦਿਨ ਹੱਡ-ਭੰਨ੍ਹਵੀਂ ਮਿਹਨਤ ਕਰਨੀ ਹੈ, ਉਹ ਆਪਣੀ ਕਿਸਮਤ ਨੂੰ ਕੋਸਦੀ ਹਨ। ”ਭਾਗੇ ਜਾਵੇਂ ਭਾਗੇ ਆਵੇਂ, ਨਾ ਖਾਨੇ ਕਾ ਟਾਈਮ ਨਾ ਪੀਨੇ ਕਾ ਟਾਈਮ,” ਬੁੜਬੁੜ ਕਰਦੀ ਉਹ ਹੋਰਨਾਂ ਔਰਤਾਂ ਨਾਲ਼ ਟਰੈਕਟਰ ਵਿੱਚ ਸਵਾਰ ਹੋ ਜਾਂਦੀ ਹਨ।

ਮੇਰੀ ਮਾਂ ਅਤੇ ਸ਼ਾਂਤਾ ਦੇ ਨਾਲ਼ ਸੰਨੋ, ਰਾਜਨ ਦੇਵੀ, ਆਰਤੀ ਅਤੇ ਲੀਲਾਵਤੀ ਹਨ। ਆਸਿਯਾਕੀ ਗੋਰਾਵਾਸ ਦੀਆਂ ਇਹ ਸਾਰੀਆਂ ਔਰਤਾਂ ਦਿਹਾੜੀ-ਧੱਪਾ ਲਾਉਂਦੀਆਂ ਹਨ। ਇਹ ਖੇਤ ਮਜ਼ਦੂਰ ਹਨ, ਵੱਡੇ ਕਿਸਾਨਾਂ ਦੇ ਖੇਤਾਂ ਵਿੱਚ ਦਿਹਾੜੀਆਂ ਲਾਉਣ ਵਾਲ਼ੀਆਂ ਅਤੇ ਆਪਣੇ ਪਰਿਵਾਰ ਦੇ ਢਿੱਡ ਭਰਨ ਵਾਲ਼ੀਆਂ। ਦਿਹਾੜੀ ਲੱਗਣੀ ਚਾਹੀਦੀ ਹੈ ਫਿਰ ਭਾਵੇਂ ਉਨ੍ਹਾਂ ਨੂੰ 100 ਕਿਲੋਮੀਟਰ ਦੂਰ ਹੀ ਕਿਉਂ ਨਾ ਜਾਣਾ ਪਵੇ।

ਮੇਰਾ ਪਿੰਡ ਆਸਿਯਾਕੀ ਗੋਰਾਵਾਸ ਦਿੱਲੀ ਦੇ ਦੱਖਣ ਵੱਲ ਕਰੀਬ 200 ਕਿ.ਮੀ. ਦੂਰ ਰੇਵਾੜੀ ਜ਼ਿਲ੍ਹੇ ਵਿੱਚ ਹੈ, ਜਿਹਦੀ ਅਬਾਦੀ 2,862 ਹੈ। ਇਸ ਵਿੱਚੋਂ 1049 ਲੋਕ ਦਲਿਤ ਹਨ, ਜੋ ਮੇਰੀ ਮਾਂ ਵਾਂਗਰ ਹੀ ਬੇਜ਼ਮੀਨੇ ਹਨ। 

ਮੇਰੇ ਪਿਤਾ 63 ਸਾਲਾ, ਲਿਖੀ ਰਾਮ ਫੇਰੀ ਵਾਲ਼ੇ ਹਨ ਜੋ ਘਰਾਂ ਵਿੱਚੋਂ ਪਲਾਸਿਟਕ ਦੀਆਂ ਪੁਰਾਣੀਆਂ ਵਸਤਾਂ, ਲੋਹੇ ਦਾ ਸਮਾਨ ਜਾਂ ਹੋਰ ਵਿਕਣ ਯੋਗ ਚੀਜ਼ਾਂ ਇਕੱਠੀਆਂ ਕਰਦੇ ਹਨ। ਉਹ ਜਟੁਸਾਨਾ ਬਲਾਕ ਦੇ ਨੇੜੇ-ਤੇੜੇ ਸਾਈਕਲ ਚਲਾਉਂਦੇ ਹੋਏ ਇਹ ਸਮਾਨ ਇਕੱਠਾ ਕਰਦੇ ਹਨ ਤੇ ਫਿਰ ਕਬਾੜੀਏ ਨੂੰ ਵੇਚ ਦਿੰਦੇ ਹਨ।

ਦੋ ਸਾਲ ਪਹਿਲਾਂ, ਉਹ ਪੌੜੀ ਤੋਂ ਡਿੱਗ ਗਏ ਅਤੇ ਉਨ੍ਹਾਂ ਦਾ ਗੋਡਾ ਠੁੱਕ ਗਿਆ। ਉਸ ਤੋਂ ਬਾਅਦ ਉਹ ਘਰੇ ਹੀ ਰਹਿੰਦੇ ਹਨ। ਮੇਰੀ ਮਾਂ ਦੀ ਇੱਛਾ ਹੈ ਕਿ ਘੱਟੋਘੱਟ ਉਹ ਕਿਸੇ ਦੁਕਾਨ ‘ਤੇ ਕੰਮ ਤਾਂ ਲੱਭ ਹੀ ਸਕਦੇ ਹਨ, ਤਾਂਕਿ ਘਰ ਦੇ ਗੁਜ਼ਾਰੇ ਵਿੱਚ ਕੁਝ ਕੁ ਤਾਂ ਯੋਗਦਾਨ ਪਾ ਸਕਣ।

ਜੇ ਮੇਰੀ ਮਾਂ ਦੀ ਕਿਸਮਤ ਸਾਥ ਦੇਵੇ ਤਾਂ ਮਹੀਨੇ ਦੇ 20 ਦਿਨ ਵੀ ਦਿਹਾੜੀਆਂ ਲੱਗ ਜਾਂਦੀਆਂ ਹਨ। ਪਰ ਕਦੇ-ਕਦੇ ਇੰਝ ਨਹੀਂ ਵੀ ਹੁੰਦਾ, ਉਦੋਂ ਦੋ ਦਿਹਾੜੀਆਂ ਲੱਗਣੀਆਂ ਤੱਕ ਮੁਸ਼ਕਲ ਹੋ ਜਾਂਦੀਆਂ ਹਨ। ਉਨ੍ਹੀਂ ਦਿਨੀਂ ਉਹ ਘਰ ਦੇ ਕੰਮਾਂ ਵਿੱਚ ਰੁਝੀ ਰਹਿੰਦੀ ਹਨ ਅਤੇ ਉਮੀਦ ਕਰਦੀ ਹਨ ਕਿ ਉਨ੍ਹਾਂ ਨੂੰ ਕੋਈ ਕੰਮ ਮਿਲ਼ ਜਾਊਗਾ।

ਉਨ੍ਹਾਂ ਜਿਹੀਆਂ ਔਰਤਾਂ ਮਹੀਨੇ ਵਿੱਚ 5,000 ਤੋਂ 6,000 ਰੁਪਏ ਤੱਕ ਕਮਾਉਂਦੀਆਂ ਹਨ। ਜਦੋਂ ਕਦੇ ਮੈਂ ਉਨ੍ਹਾਂ ਨੂੰ ਕੁਝ ਖਰੀਦ ਲੈਣ ਨੂੰ ਕਹਿੰਦਾ ਤਾਂ ਉਹ ਮੈਨੂੰ ਸਮਝਾਉਣ ਦੇ ਲਹਿਜੇ ਵਿੱਚ ਕਹਿੰਦੀ,”ਖਾਣ-ਪੀਣ, ਬਿਜਲੀ ਦਾ ਬਿੱਲ, ਫ਼ੀਸ, ਕਾਲਜ (ਸਕੂਲ) ਦੀਆਂ ਕਿਤਾਬਾਂ ਅਤੇ ਹੋਰਨਾਂ ਘਰੇਲੂ ਖਰਚਿਆਂ ਵਿੱਚ ਹੀ ਪੂਰੀ ਕਮਾਈ ਛੂ-ਮੰਤਰ ਹੋ ਜਾਂਦੀ ਹੈ। ਹੱਥ ਵਿੱਚ ਇੱਕ ਦਵਾਨੀ ਤੱਕ ਨਹੀਂ ਬਚਦੀ। ਸਾਡੇ ਕੋਲ਼ ਤਾਂ ਆਪਣੇ ਵਾਸਤੇ ਚੰਨ੍ਹੀ ਜਾਂ ਚੂੜੀਆਂ ਲੈਣ ਤੱਕ ਦੇ ਪੈਸੇ ਨਹੀਂ ਬਚਦੇ।”

ਮਾਂ ਆਪਣੀ 13 ਸਾਲ ਦੀ ਉਮਰ ਤੋਂ ਮਜ਼ਦੂਰੀ ਕਰਦੀ ਆਈ ਹਨ। 15 ਸਾਲ ਦੀ ਉਮਰੇ ਵਿਆਹ ਹੋਣ ਤੋਂ ਬਾਅਦ ਕਿਤੇ ਜਾ ਕੇ 2 ਮਹੀਨੇ ਕੰਮ ਛੱਡਿਆ ਹੋਣਾ। ਆਪਣੇ ਚਾਰੇ ਬੱਚਿਆਂ ਦੇ ਪੈਦਾ ਹੋਣ ਦੌਰਾਨ ਵੀ ਉਹ ਲਗਾਤਾਰ ਕੰਮ ਕਰਦੀ ਰਹੀ; ਇੱਥੋਂ ਤੱਕ ਕਿ ਉਹ ਆਪਣੇ ਪਹਿਲੇ ਬੇਟੇ (ਮੇਰੇ ਵੱਡੇ ਭਰਾ ਹਰਿਰਾਮ) ਨੂੰ ਆਪਣੇ ਨਾਲ਼ ਲੈ ਕੇ ਖੇਤਾਂ ਵਿੱਚ ਕੰਮ ਕਰਨ ਜਾਂਦੀ ਸਨ।

ਖੁੱਲ੍ਹੇ ਅਸਮਾਨੀਂ ਖੇਤਾਂ ਵਿੱਚ ਕਰਦਿਆਂ ਮੇਰੀ ਮਾਂ ਨੇ ਲੂੰਹਦੀ ਗਰਮੀ ਅਤੇ ਯਖ਼ ਕਰ ਸੁੱਟਣ ਵਾਲ਼ੀ ਠੰਡ ਵੀ ਝੱਲੀ। ਉਨ੍ਹਾਂ ਨੂੰ ਸਾਲ ਭਰ ਉਗਾਈ ਜਾਣ ਵਾਲ਼ੀ ਹਰ ਫ਼ਸਲ ਦਾ ਸਮਾਂ ਪਤਾ ਹੈ ਅਤੇ ਉਹ ਕਹਿੰਦੀ ਹਨ ਕਿ ਅਪ੍ਰੈਲ ਵਿੱਚ ਕਣਕ ਦੀ ਵਾਢੀ ਵੇਲ਼ੇ ਸੂਰਜ ਬੜਾ ਲੂੰਹਦਾ ਹੈ ਅਤੇ ਹਰਿਆਣੇ ਵਿੱਚ ਇਨ੍ਹੀਂ ਦਿਨੀਂ ਤਾਪਮਾਨ 45 ਡਿਗਰੀ ਤੱਕ ਅੱਪੜ ਜਾਂਦਾ ਹੈ ਜੋ ਕਾਸਨੀ ਦੀ ਫ਼ਸਲ ਵੱਢਣਾ ਹੋਰ ਹੋਰ ਮੁਸ਼ਕਲ ਬਣਾਉਂਦਾ ਜਾਂਦਾ ਹੈ। 

ਜੁਲਾਈ ਵਿੱਚ ਝੋਨੇ ਦੀ ਪਨੀਰੀ ਲਾਉਣ ਦੌਰਾਨ ਉਹ ਸਵੇਰੇ 7 ਵਜੇ ਤੋਂ ਸ਼ਾਮੀਂ 7 ਵਜੇ ਤੱਕ ਕੰਮ ਕਰਦੀ ਹਨ, ਰੋਟੀ ਖਾਣ ਲਈ ਸਿਰਫ਼ ਇੱਕ ਘੰਟੇ ਦੀ ਛੁੱਟੀ ਮਿਲ਼ਦੀ ਹੈ। 11 ਘੰਟੇ ਉਨ੍ਹਾਂ ਦੇ ਪੈਰ ਗਿੱਟਿਆਂ ਤੀਕਰ ਪਾਣੀ ਵਿੱਚ ਡੁੱਬੇ ਰਹਿੰਦੇ ਹਨ ਅਤੇ ਪੂਰਾ ਸਮਾਂ ਝੁਕੇ ਰਹਿਣ ਕਾਰਨ ਲੱਕ ਦੂਹਰਾ ਹੋ ਜਾਂਦਾ ਹੈ। ਉਹ ਆਪਣੇ ਕੰਮ ਬਾਰੇ ਦੱਸਦਿਆਂ ਕਹਿੰਦੀ ਹਨ,”ਜਿਸ ਪਾਣੀ ਵਿੱਚ ਮੈਂ ਪਨੀਰੀ ਲਾਉਂਦੀ ਹਾਂ, ਉਹ ਲਗਭਗ 2 ਫੁੱਟ ਤੱਕ ਡੂੰਘਾ ਅਤੇ ਘਸਮੈਲ਼ਾ ਹੁੰਦਾ ਹੈ, ਇਸਲਈ ਮੈਂ ਉਹਦੇ ਹੇਠਲੀ ਜ਼ਮੀਨ ਤਾਂ ਦੇਖ ਹੀ ਨਹੀਂ ਪਾਉਂਦੀ। ਸਿਰ ‘ਤੇ ਸੂਰਜ ਇੰਨੀ ਤਪਸ਼ ਵਰ੍ਹਾਉਂਦਾ ਹੈ, ਮੰਨੋ ਪਾਣੀ ਉਬਲ਼ ਹੀ ਜਾਵੇਗਾ।”

ਝੋਨੇ ਦੀ ਇੱਕ ਏਕੜ ਦੀ ਫ਼ਸਲ ਨੂੰ ਕਰੀਬ 8 ਤੋਂ 10 ਮਜ਼ਦੂਰਾਂ ਦੀ ਲੋੜ ਪੈਂਦੀ ਹੈ ਅਤੇ ਜ਼ਮੀਨ ਦਾ ਮਾਲਕ ਇਹਦੇ ਬਦਲੇ ਪੂਰੇ ਸਮੂਹ ਨੂੰ 3500 ਰੁਪਿਆ ਦਿੰਦਾ ਹੈ। ਯਾਨਿ ਕਿ ਇੱਕ ਮਜ਼ਦੂਰ ਦੇ ਪੱਲੇ 350-400 ਰੁਪਏ ਦਿਹਾੜੀ ਹੀ ਪੈਂਦੀ ਹੈ। ਮਾਂ ਕਹਿੰਦੀ ਹਨ ਕਿ ਪਿਛਲੇ ਵੀਹ ਸਾਲਾਂ ਦੇ ਮੁਕਾਬਲੇ ਹੁਣ ਕੰਮ ਦੇ ਮੌਕੇ ਘਟਦੇ ਜਾਂਦੇ ਹਨ ਅਤੇ ਇਹਦੇ ਮਗਰਲੇ ਕਾਰਨ ਉਹ ਦੱਸਦੀ ਹਨ,“ਪਹਿਲਾਂ ਤਾਂ ਵਾਢੀ ਲਈ ਮਸ਼ੀਨਾਂ ਆਈਆਂ ਫਿਰ ਹੁਣ ਬਿਹਾਰੋਂ ਪ੍ਰਵਾਸੀ ਮਜ਼ਦੂਰ ਵੀ ਆਉਣ ਲੱਗੇ ਜੋ ਘੱਟ ਮਜ਼ਦੂਰੀ ਲੈ ਕੇ ਕੰਮ ਕਰਨ ਨੂੰ ਰਾਜ਼ੀ ਹੋ ਜਾਂਦੇ ਹਨ।”

ਝੋਨੇ ਦੇ ਖੇਤਾਂ ਵਿੱਚ ਕੰਮ ਕਰਦੀਆਂ ਔਰਤਾਂ। ਤਸਵੀਰਾਂ:ਰਮਨ ਰੇਵਾਰਿਆ

ਰੇਵਾੜੀ ਵਿੱਚ ਅਕਤੂਬਰ ਕਾਫ਼ੀ ਰੁਝੇਵੇਂ ਭਰਿਆ ਮਹੀਨਾ ਹੁੰਦਾ ਹੈ। ਇਸ ਦੌਰਾਨ ਝੋਨੇ ਦੇ ਨਾਲ਼ੋ-ਨਾਲ਼ ਨਰਮਾ ਅਤੇ ਬਾਜਰੇ ਦੀ ਫ਼ਸਲ ਵੀ ਕੱਟੀ ਜਾਂਦੀ ਹੈ। ਕੁਝ ਮਹੀਨਿਆਂ ਬਾਅਦ, ਦਸੰਬਰ, ਜਨਵਰੀ ਅਤੇ ਫਰਵਰੀ ਵਿੱਚ ਮੇਰੀ ਮਾਂ ਦੂਸਰੇ ਖੇਤ ਮਜ਼ਦੂਰਾਂ ਵਾਂਗਰ ਬਾਥੂ (ਹਰੇ ਬੂਟੀ) ਪੁੱਟਣ ਦਾ ਕੰਮ ਕਰਦੀ ਹਨ ਜੋ ਨਦੀਨ ਵਾਂਗਰ ਕਣਕ ਅਤੇ ਸਰ੍ਹੋਂ ਦੇ ਖੇਤਾਂ ਵਿੱਚ ਉੱਗ ਆਉਂਦਾ ਹੈ। ਉਹਨੂੰ ਵੇਚ ਕੇ ਉਹ ਕਿਲੋ ਮਗਰ 3 ਤੋਂ 5 ਰੁਪਏ ਕਮਾ ਲੈਂਦੀ ਹਨ ਅਤੇ ਇੰਝ ਉਹ ਪੂਰਾ ਦਿਨ 30 ਕਿਲੋ ਤੱਕ ਬਾਥੂ ਵੇਚ ਲੈਂਦੀ ਹਨ। ਇਸ ਸੀਜ਼ਨ ਵਿੱਚ ਹੋਈ ਵਾਧੂ ਕਮਾਈ ਹੀ ਸਾਲ ਦੇ ਬਾਕੀ ਮਹੀਨਿਆਂ ਵਿੱਚ ਗੁਜ਼ਾਰਾ ਚਲਾਉਣ ਵਿੱਚ ਮਦਦ ਕਰਦੀ ਹੈ। 

ਪਰ ਅਜੇ ਜੁਲਾਈ ਦਾ ਮਹੀਨਾ ਚੱਲ ਰਿਹਾ ਹੈ ਅਤੇ ਝੋਨੇ ਦੀ ਬਿਜਾਈ ਚੱਲ ਰਹੀ ਹੈ। ਦੁਪਹਿਰ ਜਾਂ ਉਸ ਤੋਂ ਥੋੜ੍ਹੀ ਦੇਰ ਬਾਅਦ, ਔਰਤਾਂ ਨੇੜਲੇ ਕਿਸੇ ਰੁੱਖ ਛਾਵੇਂ ਬਹਿੰਦੀਆਂ ਹਨ ਅਤੇ ਖਾਣਾ ਖਾਣ ਲਈ ਘੰਟੇ ਕੁ ਦੀ ਛੁੱਟੀ ਲੈਂਦੀਆਂ ਹਨ। ਉਹ ਸਾਰੀਆਂ ਹੀ ਆਪਣੇ ਨਾਲ਼ ਟਿਫਿਨ ਬੰਨ੍ਹ ਲਿਆਉਂਦੀਆਂ ਹਨ। ਸਵੇਰੇ ਉੱਠ ਕੇ ਬਣਾਏ ਇਸ ਤਾਜ਼ੇ ਖਾਣੇ ਨੂੰ ਇੱਕ ਦੂਜੇ ਨਾਲ਼ ਸਾਂਝਾ ਕਰਦੀਆਂ ਹਨ। ਆਪਣੇ ਖਾਣੇ ਵਿੱਚੋਂ ਉਹ ਥੋੜ੍ਹਾ ਥੋੜ੍ਹਾ ਖਾਣਾ ਉਨ੍ਹਾਂ ਔਰਤਾਂ ਨੂੰ ਦਿੰਦੀਆਂ ਹਨ ਜੋ ਛੇਤੀ ਆਉਣ ਕਾਰਨ ਖਾਣਾ ਨਹੀਂ ਬਣਾ ਸਕੀਆਂ ਹੁੰਦੀਆਂ।

ਜੇ ਉਹ ਰੋਟੀ ਖਾਣ ਦਾ ਕੰਮ ਛੇਤੀ ਮੁਕਾ ਲੈਣ ਤਾਂ ਭੁੰਜੇ ਹੀ ਬਿੰਦ ਕੁ ਲੱਤਾਂ ਸਿੱਧੀਆਂ ਕਰਨ ਲਈ ਲੰਮੀਆਂ ਪੈ ਜਾਂਦੀਆਂ ਹਨ ਅਤੇ ਚੁੰਨ੍ਹੀ ਨੂੰ ਸਿਰਹਾਣੇ ਵਾਂਗ ਸਿਰ ਹੇਠਾਂ ਲੈ ਲੈਂਦੀਆਂ ਹਨ। ਉਹ ਆਪਸ ਵਿੱਚ ਗੱਲਾਂ ਕਰਦੀਆਂ ਇੱਕ ਦੂਜੇ ਦਾ ਹਾਲ ਪੁੱਛਦੀਆਂ ਹਨ। ਉਸ ਦਿਨ ਉਹ ਇੱਕ ਦਿਨ ਪਹਿਲਾਂ ਪਏ ਭਾਰੀ ਮੀਂਹ ਦੀਆਂ ਗੱਲਾਂ ਕਰ ਰਹੀਆਂ ਸਨ ਜਦੋਂ ਮੈਂ ਉਨ੍ਹਾਂ ਦੇ ਨਾਲ਼ ਗਿਆਂ ਸਾਂ। ਆਪਣੇ ਘਰ ਦੀ ਚੋਂਦੀ ਛੱਤ ਬਾਰੇ ਲੀਲਾਵਤੀ ਨੇ ਮਜ਼ਾਕ ਵਿੱਚ ਕਿਹਾ ਸੀ,“ਘਰ ਦੇ ਅੰਦਰ ਤੇ ਬਾਹਰ ਪੈਣ ਵਾਲ਼ੇ ਮੀਂਹ ਵਿੱਚ ਕੋਈ ਬਹੁਤਾ ਫ਼ਰਕ ਤਾਂ ਰਿਹਾ ਨਹੀਂ।”

55 ਸਾਲਾ ਲੀਲਾਵਤੀ ਵੀ 13 ਸਾਲ ਦੀ ਉਮਰ ਤੋਂ ਹੀ ਖੇਤਾਂ ਵਿੱਚ ਕੰਮ ਕਰਦੀ ਆਈ ਹਨ ਅਤੇ ਆਪਣੇ ਚਾਰ-ਮੈਂਬਰੀ ਪਰਿਵਾਰ ਦੀ ਇਕਲੌਤੀ ਕਮਾਊ ਮੈਂਬਰ ਹਨ। “ਮੇਰਾ ਪਤੀ ਘਰੇ ਹੀ ਰਹਿੰਦਾ ਹੈ ਤੇ ਮੁੰਡਾ ਵੀ ਕੁਝ ਨਹੀਂ ਕਰਦਾ। ਉਹ ਤਾਂ ਦਿਨੋਂ ਦਿਨ ਮੇਰਾ ਸਿਰ ਦਰਦ ਹੀ ਬਣਦਾ ਜਾਂਦਾ ਹੈ,”  ਲੀਲਾਵਤੀ ਕਹਿੰਦੀ ਹਨ। ਉਨ੍ਹਾਂ ਦੇ ਹਾਲਾਤ ਹੋਰਨਾਂ ਨਾਲ਼ੋਂ ਕੁਝ ਅੱਡ ਨਹੀਂ। ਇਸ ਇਲਾਕੇ ਦੇ ਨੌਜਵਾਨ ਪੁਰਸ਼ ਨਾ ਤਾਂ ਪੜ੍ਹਾਈ ਕਰਦੇ ਹਨ ਤੇ ਨਾ ਹੀ ਕੰਮ। ਜਦੋਂ ਮੈਂ ਉਨ੍ਹਾਂ (ਲੀਲਾਵਤੀ) ਨੂੰ ਪੁੱਛਿਆ ਕਿ ਉਨ੍ਹਾਂ ਨੇ ਇਹੀ ਕੰਮ ਕਿਉਂ ਚੁਣਿਆ ਤਾਂ ਜਵਾਬ ਵਿੱਚ ਉਨ੍ਹਾਂ ਕਿਹਾ,“ਅਸੀਂ ਗ਼ਰੀਬ ਲੋਕ ਹਾਂ, ਭੁੱਖੇ ਮਰਨ ਨਾਲ਼ੋਂ ਚੰਗਾ ਹੈ ਕੋਈ ਕੰਮ ਹੀ ਕਰ ਲਈਏ।”

ਸਾਡੀ ਗੁਆਂਢਣ, ਸੁਨੋ ਉਨ੍ਹਾਂ ਦੀ ਗੱਲਾਂ ਵਿੱਚ ਹਾਮੀ ਭਰਦਿਆਂ ਕਹਿੰਦੀ ਹਨ:“ਅਸੀਂ ਗ਼ਰੀਬ ਲੋਕ ਹਾਂ, ਭੁੱਖੇ ਮਰਨ ਨਾਲ਼ੋਂ ਚੰਗਾ ਹੈ ਕੋਈ ਕੰਮ ਹੀ ਕਰ ਲਈਏ?” ਉਹ ਵੀ ਆਪਣੇ ਘਰ ਦੀ ਇਕਲੌਤੀ ਕਮਾਊ ਮੈਂਬਰ ਹਨ। ਉਨ੍ਹਾਂ ਦੇ ਪਤੀ ਬਲਬੀਰ ਸਿੰਘ ਨੂੰ ਕਦੇ-ਕਦਾਈਂ ਚੌਕੀਦਾਰੀ ਦਾ ਕੰਮ ਮਿਲ਼ ਜਾਂਦਾ ਹੈ ਪਰ ਉਨ੍ਹਾਂ ਦੇ ਦੋ ਬੇਟੇ, ਜਿਨ੍ਹਾਂ ਦੀ ਉਮਰ 30 ਸਾਲ ਅਤੇ 26 ਸਾਲ ਹੈ, ਨਾ ਤਾਂ ਪੜ੍ਹਦੇ ਹਨ ਨਾ ਹੀ ਕੋਈ ਕੰਮ ਹੀ ਕਰਦੇ ਹਨ। ਉਨ੍ਹਾਂ ਦੇ ਘਰ 8 ਮੈਂਬਰ ਹਨ- ਉਨ੍ਹਾਂ ਦੇ ਪਤੀ, ਦੋ ਬੇਟੇ, ਦੋ ਨੂੰਹਾਂ ਅਤੇ ਦੋ ਪੋਤੇ-ਪੋਤੀਆਂ। ਇਨ੍ਹਾਂ ਸਾਰਿਆਂ ਦੀ ਜ਼ਿੰਮੇਦਾਰੀ ਉਨ੍ਹਾਂ ਇਕੱਲੀ ਦੇ ਸਿਰ ਹੀ ਹੈ। ਉਹ ਬੜੇ ਹਿਰਖੇ ਮਨ ਨਾਲ਼ ਕਹਿੰਦੀ ਹਨ,”ਕਾਸ਼, ਮੇਰੇ ਪੁੱਤ ਵੀ ਕੰਮ ਕਰਦੇ ਹੁੰਦੇ!”

34 ਸਾਲਾ ਰਾਜਨ ਬਾਕੀ ਔਰਤਾਂ ਦੇ ਮੁਕਾਬਲੇ ਛੋਟੀ ਉਮਰ ਦੀ ਹਨ। ਉਨ੍ਹਾਂ ਦੇ ਪਤੀ ਵੀ ਮੇਰੇ ਪਿਤਾ ਵਾਂਗਰ ਫੇਰੀ ਲਾਉਂਦੇ ਹੁੰਦੇ ਸਨ। ਕਰੀਬ ਪੰਜ ਸਾਲ ਪਹਿਲਾਂ ਲਕਵੇ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਉਹ ਆਪਣੇ ਪੰਜ ਸਾਲਾ ਬੇਟੇ ਦੇ ਨਾਲ਼ ਰਹਿੰਦੀ ਹਨ ਅਤੇ ਦਿਹਾੜੀ ਧੱਪਾ ਕਰਕੇ ਆਪਣਾ ਘਰ ਚਲਾਉਂਦੀ ਹਨ। ਉਹ ਕਹਿੰਦੀ ਹਨ,”ਅਸੀਂ ਸਿਰਫ਼ ਕਣਕ (ਜਨਤਕ ਵੰਡ ਪ੍ਰਣਾਲੀ ਤਹਿਤ, ਜਿਸ ਯੋਜਨਾ ਨੂੰ ਸਰਕਾਰੀ ਸਬਸਿਡੀ ਪ੍ਰਾਪਤ ਹੈ) ਖਾ ਕੇ ਹੀ ਗੁਜ਼ਾਰਾ ਤਾਂ ਨਹੀਂ ਕਰ ਸਕਦੇ ਨਾ। ਸਾਨੂੰ ਸਬਜ਼ੀਆਂ, ਮਸਾਲਾ, ਦੁੱਧ, ਤੇਲ ਅਤੇ ਗੈਸ ਵੀ ਤਾਂ ਚਾਹੀਦੀ ਹੈ।” ਜਦੋਂ ਉਹ ਦਿਹਾੜੀ ਲਾਉਣ ਜਾਂਦੀ ਹਨ ਤਾਂ ਉਨ੍ਹਾਂ ਦੀ ਚਚੇਰੀ ਭੈਣ ਬੱਚਿਆਂ ਦਾ ਖ਼ਿਆਲ ਰੱਖਦੀ ਹਨ।

ਅੱਜ ਖੇਤਾਂ ਵਿੱਚ 30 ਸਾਲਾ ਆਰਤੀ ਵੀ ਆਈ ਹੋਈ ਹਨ, ਜੋ ਆਪਣੇ ਮਗਰ ਘਰੇ 2 ਸਾਲ ਅਤੇ 6 ਸਾਲ ਦੇ ਬੱਚੇ ਛੱਡ ਕੇ ਦਿਹਾੜੀ ਲਾਉਣ ਆਈ ਹਨ। ਉਨ੍ਹਾਂ ਦੇ ਪਤੀ, ਲਕਸ਼ਮੀ, ਇੱਕ ਮੈਕੇਨਿਕ ਹਨ ਅਤੇ ਪਟੌਦੀ ਕਸਬੇ ਦੇ ਨੇੜੇ ਇੱਕ ਛੋਟੀ ਜਿਹੀ ਗੈਰੇਜ ਦੇ ਮਾਲਕ ਵੀ ਹਨ। ਉਨ੍ਹਾਂ ਨੂੰ ਦੋਵਾਂ ਬੱਚਿਆਂ ਦੇ ਨਾਮ ਸਕੂਲੋਂ ਕਟਵਾਉਣੇ ਪਏ ਕਿਉਂਕਿ ਪਿਛਲੇ ਸਾਲ ਪ੍ਰਾਈਵੇਟ ਸਕੂਲਾਂ ਨੇ ਫ਼ੀਸ ਬਹੁਤ ਵਧਾ ਦਿੱਤੀ ਅਤੇ ਉਹ ਹੁਣ ਇੰਨੀ ਫ਼ੀਸ ਦੇਣ ਦੇ ਯੋਗ ਨਹੀਂ ਰਹੇ। ਜਦੋਂ ਆਰਤੀ ਦਿਹਾੜੀ ਲਾਉਣ ਆਉਂਦੀ ਹਨ ਤਾਂ ਉਨ੍ਹਾਂ ਦੇ ਬੱਚੇ ਆਪਣੇ ਦਾਦਾ-ਦਾਦੀ ਦੀ ਦੇਖਭਾਲ਼ ਵਿੱਚ ਘਰੇ ਹੀ ਰਹਿੰਦੇ ਹਨ।

ਤਿਰਕਾਲੀਂ ਔਰਤਾਂ ਵਾਪਸ ਟਰੈਕਟਰ ਵਿੱਚ ਸਵਾਰ ਹੁੰਦੀਆਂ ਹਨ ਅਤੇ ਰਾਤੀਂ ਖਾਣੇ ਵਿੱਚ ਰਿੰਨ੍ਹੀ ਜਾਣ ਵਾਲ਼ੀ ਸਬਜ਼ੀ ਬਾਰੇ ਗੱਲਾਂ ਕਰਦੀਆਂ ਹਨ। ਮੇਰੀ ਮਾਂ ਵੀ 10-12 ਘੰਟੇ ਖੇਤਾਂ ਵਿੱਚੋਂ ਥੱਕੀ-ਹਾਰੀ ਮਿੱਟੀ ਨਾਲ਼ ਲਥਪਥ ਹੋ ਕੇ ਵਾਪਸ ਮੁੜਦੀ ਹਨ।

ਭਾਵੇਂ ਘਰ ਦਾ ਰੋਟੀ-ਟੁੱਕ ਉਨ੍ਹਾਂ ਦੇ ਸਿਰ ‘ਤੇ ਹੀ ਚੱਲਦਾ ਰਿਹਾ ਹੋਵੇ, ਪਰ ਫਿਰ ਵੀ ਇਨ੍ਹਾਂ ਔਰਤਾਂ ਨੂੰ ਘਰੇਲੂ ਕੰਮਾਂ ਤੋਂ ਵੀ ਛੁਟਕਾਰਾ ਨਹੀਂ ਮਿਲ਼ਦਾ। ਟਰੈਕਟਰ ਤੋਂ ਉਤਰਦਿਆਂ ਹੀ ਰਾਤ ਦੀ ਰੋਟੀ ਦੀ ਤਿਆਰੀ ਵਿੱਚ ਲੱਗ ਜਾਂਦੀਆਂ ਹਨ, ਜੂਠੇ ਭਾਂਡੇ ਮਾਂਜਦੀਆਂ ਹਨ, ਖਾਣਾ ਪਕਾਉਣ, ਬੱਚਿਆਂ ਤੋਂ ਪੂਰੇ ਦਿਨ ਦਾ ਵੇਰਵਾ ਲੈਂਦੀਆਂ ਹਨ, ਕੱਪੜੇ ਧੋਂਦੀਆਂ ਹਨ, ਰੋਟੀ ਤੋਂ ਬਾਅਦ ਇੱਕ ਵਾਰ ਫਿਰ ਜੂਠੇ ਭਾਂਡੇ ਮਾਂਜਦੀਆਂ ਹਨ ਅਤੇ ਫਿਰ ਉਡੀਕ ਕਰਦੀਆਂ ਹਨ ਸਰਕਾਰੀ ਟੂਟੀ ‘ਚੋਂ ਪਾਣੀ ਆਉਣ ਦੀ।

ਜਿਨ੍ਹਾਂ ਦੀਆਂ ਧੀਆਂ ਵੱਡੀਆਂ ਹਨ ਉਹ ਘਰ ਦੇ ਕੰਮਾਂ ਵਿੱਚ ਆਪਣੀਆਂ ਮਾਵਾਂ ਦੀ ਮਦਦ ਕਰਦੀਆਂ ਹਨ ਪਰ ਰਾਜਨ ਅਤੇ ਸੁਨੋ ਜਿਹੀਆਂ ਔਰਤਾਂ, ਜਿਨ੍ਹਾਂ ਦੀਆਂ ਧੀਆਂ ਨਹੀਂ ਜਾਂ ਅਜੇ ਛੋਟੀਆਂ ਹਨ, ਉਨ੍ਹਾਂ ਨੂੰ ਖ਼ੁਦ ਹੀ ਘਰ ਦੇ ਬਾਹਰ ਦੇ ਕੰਮ ਕਰਨੇ ਪੈਂਦੇ ਹਨ। ਪੁੱਤਾਂ ਤੋਂ ਤਾਂ ਮਦਦ ਦੀ ਤਵੱਕੋ ਕੀਤੀ ਨਹੀਂ ਜਾਂਦੀ। ਇਹੀ ਪਰੰਪਰਾ ਤੁਰੀ ਆਉਂਦੀ ਹੈ ਕਿ ”ਘਰ ਦੇ ਕੰਮ ਤਾਂ ਕੁੜੀਆਂ ਨੇ ਹੀ ਕਰਨੇ ਹੁੰਦੇ ਹਨ।”

ਮੇਰੀ ਮਾਂ ਇਹੀ ਉਮੀਦ ਕਰਦੀ ਹਨ ਕਿ ਸਾਡੇ ਚਾਰਾਂ ਭੈਣ-ਭਰਾਵਾਂ ਵਿੱਚੋਂ ਕਿਸੇ ਨੂੰ ਵੀ ਉਹਦੇ ਵਾਂਗਰ ਕੰਮ ਨਾ ਕਰਨਾ ਪਵੇ। ਉਹ ਚਾਹੁੰਦੀ ਹਨ ਕਿ ਸਾਨੂੰ ਸਰਕਾਰੀ ਨੌਕਰੀ ਮਿਲ਼ੇ। ਮੇਰਾ ਭਰਾ ਹਰਿਰਾਮ ਇੱਕ ਇੰਜੀਨਿਅਰ ਹੈ ਤੇ ਸਿਵਲ ਸੇਵਾ ਦੀ ਤਿਆਰੀ ਕਰ ਰਿਹਾ ਹੈ। ਮੇਰੀ ਵੱਡੀ ਭੈਣ ਨੇ ਹੁਣੇ-ਹੁਣੇ ਡਿਵਲੈਪਮੈਂਟ ਸਟੱਡੀਜ਼ ਵਿੱਚ ਆਪਣੀ ਐੱਮਏ ਦੀ ਪੜ੍ਹਾਈ ਪੂਰੀ ਕੀਤੀ ਹੈ ਅਤੇ ਮੱਧ ਪ੍ਰਦੇਸ਼ ਵਿੱਚ ਸਿੱਖਿਆ ਦੇ ਖੇਤਰ ਵਿੱਚ ਕੰਮ ਕਰਨ ਵਾਲ਼ੇ ਇੱਕ ਗੈਰ-ਸਰਕਾਰੀ ਸੰਗਠਨ ਨਾਲ਼ ਰਲ਼ ਕੇ ਕੰਮ ਕਰ ਰਹੀ ਹੈ। ਮੇਰੀ ਦੂਜੀ ਭੈਣ ਅਤੇ ਮੈਂ ਗ੍ਰੈਜੁਏਸ਼ਨ ਦੀ ਪੜ੍ਹਾਈ ਕਰ ਰਹੇ ਹਾਂ। ਮਾਂ ਚਾਹੁੰਦੀ ਹਨ ਕਿ ਸਾਨੂੰ ਦੋਵਾਂ ਨੂੰ ਵੀ ‘ਬਿਹਤਰੀਨ’ ਸਰਕਾਰੀ ਨੌਕਰੀ ਮਿਲ਼ੇ।

ਮੇਰੇ ਮਾਪਿਆਂ ਨੇ ਸਦਾ ਹੀ ਸਾਡੀ ਸਿੱਖਿਆ ਨੂੰ ਤਰਜੀਹ ਦਿੱਤੀ ਹੈ। ਅਸੀਂ ਉਦੋਂ ਤੋਂ ਨਿੱਜੀ ਸਕੂਲਾਂ ਵਿੱਚ ਪੜ੍ਹਦੇ ਰਹੇ ਹਾਂ ਜਦੋਂ ਤੱਕ ਪਿੰਡ ਵਿੱਚ ਕਿਸੇ ਨੂੰ ਨਿੱਜੀ ਸਕੂਲਾਂ ਦਾ ਪਤਾ ਵੀ ਨਹੀਂ ਸੀ ਹੁੰਦਾ। ਉਨ੍ਹਾਂ ਦੋਵਾਂ ਨੇ ਸਖ਼ਤ ਮਿਹਨਤ ਕੀਤੀ, ਤਾਂਕਿ ਉਹ ਸਾਨੂੰ ਚੰਗੇਰੀ ਸਿੱਖਿਆ ਦੇ ਸਕਣ ਅਤੇ ਇਹ ਸਾਰਾ ਕੁਝ ਸੌਖਾ ਨਹੀਂ ਸੀ, ਪਰ ਉਹ ਇਰਾਦੇ ਦੇ ਪੱਕੇ ਸਨ।

ਰਮਨ ਅਤੇ ਮਾਂ ਸੁਮਿਤਰਾ ਦੇ ਨਾਲ਼। ਤਸਵੀਰ: ਰਮਨ ਰੇਵਾਰਿਆ

ਚੌਥੀ ਜਮਾਤ ਵਿੱਚ ਪੜ੍ਹਦਿਆਂ ਮੇਰੇ ਭਰਾ ਨੇ ਕਈ ਦਿਨ ਸਕੂਲੋਂ ਛੁੱਟੀ ਕਰ ਲਈ। ਜਦੋਂ ਮੇਰੇ ਪਿਤਾ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਹ ਸਖ਼ਤ ਨਰਾਜ ਹੋਏ। ਮੇਰੇ ਪਿਤਾ ਨੇ ਭਰਾ ਦੀ ਝਾਂਬੜ ਲਾਹੁੰਦਿਆਂ ਕਿਹਾ ਕਿ ਸਕੂਲੋਂ ਛੁੱਟੀ ਕਰਨ ਬਾਰੇ ਸੋਚੀਂ ਵੀ ਨਾ। ਉਹ ਦਿਨ ਗਿਆ ਉਹਨੇ ਦੋਬਾਰਾ ਕਦੇ ਇੰਝ ਨਾ ਕੀਤਾ। ਜਦੋਂ ਉਹ ਪੰਜਵੀਂ ਵਿੱਚ ਹੋਇਆ ਤਾਂ ਸਰਕਾਰੀ ਸਕੂਲ ਦੇ ਇੱਕ ਟੀਚਰ ਨੇ ਮੇਰੇ ਮਾਪਿਆਂ ਨੂੰ ਰੇਵਾੜੀ ਦੇ ਨਵੋਦਿਆ ਸਕੂਲ ਵਿੱਚ ਉਹਦੇ ਐਡਮਿਸ਼ਨ ਦਾ ਫ਼ਾਰਮ ਭਰਨ ਲਈ ਕਿਹਾ। (ਜਵਾਹਰ ਨਵੋਦਿਆ ਵਿਦਿਆਲੇ, ਅਜਿਹੇ ਰਹਾਇਸ਼ੀ ਸਕੂਲ ਹਨ ਜੋ ਜ਼ਿਆਦਾਤਰ ਪੇਂਡੂ ਇਲਾਕਿਆਂ ਦੇ ਪ੍ਰਤਿਭਾਸ਼ਾਲੀ ਬੱਚਿਆਂ ਵਾਸਤੇ ਹਨ)। ਮੇਰੇ ਭਰਾ ਨੂੰ ਉੱਥੇ ਭੇਜ ਦਿੱਤਾ ਗਿਆ ਅਤੇ ਛੇਤੀ ਹੀ ਅਸੀਂ ਸਾਰੇ ਵੀ ਉੱਥੇ ਹੀ ਪਹੁੰਚ ਗਏ। 

ਮਾਂ ਅਕਸਰ ਕਿਹਾ ਕਰਦੀ ਕਿ ਜੇਕਰ ਉਹ ਵੀ ਪੜ੍ਹੇ-ਲਿਖੇ ਹੁੰਦੇ ਤਾਂ ਉਨ੍ਹਾਂ ਦਾ ਜੀਵਨ ਵੀ ਅੱਡ ਕਿਸਮ ਦਾ ਹੋਣਾ ਸੀ। ਮੇਰੇ ਪਿਤਾ 8ਵੀਂ ਤੀਕਰ ਪੜ੍ਹੇ ਅਤੇ ਉਸ ਤੋਂ ਬਾਅਦ ਪੜ੍ਹਾਈ ਛੱਡ ਦਿਹਾੜੀ-ਧੱਪਾ ਲਾਉਣ ਲੱਗੇ। ਇਹਦੇ ਬਾਵਜੂਦ, ਵੀ ਸਾਡੇ ਮਾਪਿਆਂ ਨੇ ਕਦੇ ਵੀ ਸਾਨੂੰ ਦਿਹਾੜੀ-ਮਜ਼ਦੂਰੀ ਕਰਨ ਨੂੰ ਨਹੀਂ ਕਿਹਾ ਨਾ ਹੀ ਕਦੇ ਮੈਨੂੰ ਇਹ ਚੇਤਾ ਆਉਂਦਾ ਕਿ ਉਨ੍ਹਾਂ ਕਦੇ ਸਾਨੂੰ ਅਧਿਐਨ ਕਰਨ ਦਾ ਕੋਈ ਆਦੇਸ਼ ਵੀ ਦਿੱਤਾ ਹੋਵੇ। ਪਰ ਅਸੀਂ ਸਮਝ ਗਏ ਸਾਂ ਕਿ ਪੜ੍ਹਾਈ ਕਰਨੀ ਜ਼ਰੂਰੀ ਹੈ ਅਤੇ ਅਸੀਂ ਕੀਤੀ ਵੀ। ਅਸੀਂ ਸਕੂਲੋਂ ਮੁੜਦਿਆਂ ਹੀ ਆਪੋ-ਆਪਣੇ ਸਕੂਲ ਦਾ ਕੰਮ ਕਰਨ ਵਿੱਚ ਰੁੱਝ ਜਾਂਦੇ।

ਕਈ ਸਾਲਾਂ ਤੱਕ ਮੇਰੀ ਮਾਂ ਨੇ ਸਾਡੇ ਜਾਟਵ ਭਾਈਚਾਰੇ (ਰਾਜ ਅੰਦਰ ਪਿਛੜੀ ਜਾਤੀ ਵਜੋਂ ਸੂਚੀਬੱਧ) ਦੇ ਲੋਕਾਂ ਅਤੇ ਰਿਸ਼ਤੇਦਾਰਾਂ ਦੀਆਂ ਨੁਕਤਾਚੀਨੀਆਂ ਅਤੇ ਊਲ-ਜਲੂਲ ਤਾਅਨੇ ਝੱਲੇ। ਉਨ੍ਹਾਂ ਮੁਤਾਬਕ ਮਾਂ ਨੇ ਆਪਣੇ ਬੱਚਿਆਂ ਨੂੰ ਬੜੀ ਛੋਟ ਦੇ ਰੱਖੀ ਸੀ; ਖ਼ਾਸ ਕਰਕੇ ਧੀਆਂ ਨੂੰ। ਉਹ ਕਦੇ ਵੀ ਇਨ੍ਹਾਂ ਗੱਲਾਂ ‘ਤੇ ਕੰਨ ਨਾ ਧਰਿਆ ਕਰਦੀ ਅਤੇ ਧੀਆਂ ਦਾ ਛੋਟੀ ਉਮਰੇ ਵਿਆਹ ਕਰਨ ਦੀ ਬਜਾਇ ਉਨ੍ਹਾਂ ਨੂੰ ਪੜ੍ਹਨ ਲਈ ਉਤਸ਼ਾਹਤ ਕਰਦੀ। ਹਾਲਾਂਕਿ ਉਹ ਖ਼ੁਦ ਕਦੇ ਸਕੂਲ ਨਹੀਂ ਗਈ ਪਰ ਇਹ ਉਨ੍ਹਾਂ ਦਾ ਸੁਪਨਾ ਹੀ ਹੈ ਜੋ ਸਾਨੂੰ ਜੀਵਨ ਵਿੱਚ ਕੁਝ ਨਾ ਕੁਝ ਬਣਨ ਲਈ ਹੱਲ੍ਹਾਸ਼ੇਰੀ ਦਿੰਦਾ ਰਹਿੰਦਾ ਹੈ।

ਖ਼ਾਸ ਕਰਕੇ ਰਾਤੀਂ ਜਦੋਂ ਅਸੀਂ ਪੂਰਾ ਪਰਿਵਾਰ ਇਕੱਠੇ ਬੈਠੇ ਹੁੰਦੇ ਤਾਂ ਉਹ ਕਹਿੰਦੀ ਰਹਿੰਦੀ ਹਨ ”ਮੇਰੀ ਹਯਾਤੀ ਤਾਂ ਹੁਣ ਹੰਢੀ ਸਮਝੋ। ਮੈਂ ਹੁਣ ਜੋ ਕੁਝ ਵੀ ਕਰਦੀ ਹਾਂ ਬੱਸ ਤੁਹਾਡੀ ਲਈ ਹੀ ਹੈ ਤਾਂਕਿ ਤੁਸੀਂ ਜੀਵਨ ਵਿੱਚ ਕੁਝ ਨਾ ਕੁਝ ਬਣ ਸਕੋ।”  

”ਮੇਰਾ ਜੀਵਨ ਤਾਂ ਹੁਣ ਤੁਹਾਡੇ ਨਾਲ਼ ਹੀ ਹੈ।”

Editor's note

ਰਮਨ ਰੇਵਾਰਿਆ, ਬੰਗਲੁਰੂ ਦੇ ਅਜ਼ੀਮ ਪ੍ਰੇਮਜੀ ਯੂਨੀਵਰਸਿਟੀ ਤੋਂ ਗ੍ਰੇਜੂਏਟ ਦੀ ਪੜ੍ਹਾਈ ਕਰ ਰਹੇ ਹਨ। ਜਦੋਂ ਉਨ੍ਹਾਂ ਨੇ ਇਹ ਲੇਖ ਲਿਖਿਆ ਸੀ ਤਦ ਉਹ ਪਾਰੀ ਦੇ ਨਾਲ਼ 2021 ਦੀਆਂ ਗਰਮੀਆਂ ਵਿੱਚ ਐਜੁਕੇਸ਼ਨ ਇੰਟਰਨ ਦੇ ਰੂਪ ਵਿੱਚ ਕੰਮ ਕਰ ਰਹੇ ਸਨ। ਉਹ ਕਹਿੰਦੇ ਹਨ,''ਪਿਛੜੇ ਤਬਕਿਆਂ ਦੀਆਂ ਔਰਤਾਂ ਦੇ ਸੰਘਰਸ਼ ਦੀਆਂ ਕਹਾਣੀਆਂ ਨੂੰ ਮੀਡੀਆ ਵਿੱਚ ਥਾਂ ਨਹੀਂ ਮਿਲ਼ਦੀ; ਉਨ੍ਹਾਂ ਦੀਆਂ ਜ਼ਿੰਦਗੀਆਂ ਬਹੁਤ ਮੁਖ਼ਤਲਿਫ਼ ਹਨ। ਇਹੀ ਸੋਚ ਮੈਂ ਆਪਣੀ ਮਾਂ ਦੀ ਕਹਾਣੀ ਲਿਖਣ ਦਾ ਇਰਾਦਾ ਕੀਤਾ ਅਤੇ ਪਾਰੀ ਨੇ ਮੈਨੂੰ ਇਹ ਮੌਕਾ ਦਿੱਤਾ ਕਿ ਮੈਂ ਇਹ ਕਹਾਣੀ ਲਿਖ ਸਕਾਂ।''  

ਤਰਜਮਾਨਿਰਮਲਜੀਤ ਕੌਰ 

ਨਿਰਮਲਜੀਤ ਕੌਰ ਪੰਜ ਤੋਂ ਹਨ। ਉਹ ਇੱਕ ਅਧਿਆਪਕਾ ਹਨ ਅਤੇ ਪਾਰਟ ਟਾਈਮ ਅਨੁਵਾਦਕ ਦਾ ਕੰਮ ਕਰਦੀ ਹਨ। ਉਹ ਸੋਚਦੀ ਹਨ ਕਿ ਬੱਚੇ ਹੀ ਸਾਡਾ ਆਉਣ ਵਾਲ਼ਾ ਕੱਲ੍ਹ ਹੈ ਸੋ ਉਹ ਬੱਚਿਆਂ ਨੂੰ ਪੜ੍ਹਾਈ ਦੇ ਨਾਲ਼ ਨਾਲ਼ ਚੰਗੇ ਵਿਚਾਰ ਵੀ ਦਿੰਦੀ ਹਨ।